Love Punjabi – Punjabi Blogger

Sarbhi Bhabi

ਇਹ ਕਹਾਣੀ ਪੰਜਾਬ ਦੇ ਸ਼ਹਿਰਾਂ ਕੋਲ ਵੱਸਦੇ ਪਿੰਡਾਂ ਦੀ ਹੈ। ਨਾ ਇਹ ਪਿੰਡ ਹੁਣ ਪਿੰਡ ਹੀ ਰਹੇ ਨਾ ਪੂਰੀ ਤਰ੍ਹਾਂ ਸ਼ਹਿਰ ਬਣ ਸਕੇ। ਇਹ ਕਹਾਣੀ ਪਿੰਡ ਸੁਹਾਣੇ ਦੀ ਹੈ। ਅੱਜ ਹੋਲੀ ਹੋਲੀ ਇਹ ਪਿੰਡ ਸਾਰੇ ਪਾਸਿਉਂ ਮੋਹਾਲੀ ਸ਼ਹਿਰ ਨੇ ਘੇਰ ਲਿਆ ਹੈ। ਪਿੰਡ ਦੀ ਜ਼ਮੀਨ ਅਤੇ ਪਿੰਡ ਵਿੱਚੋਂ ਜ਼ਿਮੀਂਦਾਰ ਖ਼ਤਮ ਹੋ ਗਏ ਹਨ। ਇਸ ਪਿੰਡ ਵਿੱਚ ਕੁੱਝ ਘਰ ਮਿਸਤਰੀਆਂ ਦੇ ਸਨ। ਉਹ ਲੋਕ ਅਜੇ ਵੀ ਇੱਥੇ ਓਵੇਂ ਹੀ ਵਸੇ ਹੋਏ ਹਨ। ਇਹ ਸਭ ਸਕੂਟਰ ਮੋਟਰਸਾਈਕਲ ਦੀ ਰਿਪੇਅਰ ਦੀਆਂ ਦੁਕਾਨਾਂ ਚਲਾਉਂਦੇ ਹਨ। ਛੋਟੇ ਛੋਟੇ ਘਰ ਅਤੇ ਤੰਗ ਗਲੀਆਂ ਵਾਲਾ ਮੁਹੱਲਾ ਮੁੱਦਤਾਂ ਤੋਂ ਜਿਸ ਭਾਈਚਾਰੇ ਨਾਲ ਰਹਿੰਦਾ ਆਇਆ ਅੱਜ ਵੀ ਓਵੇਂ ਹੀ ਰਹਿ ਰਿਹਾ ਹੈ।

ਇਸ ਕਹਾਣੀ ਦਾ ਮੁੱਖ ਕਿਰਦਾਰ ਹਰਜੀਤ ਹੈ। ਹਰਜੀਤ ਜਦੋਂ ਪੰਜ ਛੇ ਸਾਲ ਦਾ ਸੀ ਤਾਂ ਉਸ ਦੀ ਮਾਂ ਛੋਟੀ ਜਿਹੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ। ਉਸ ਦੀ ਮਾਂ ਦੇ ਤੁਰ ਜਾਣ ਤੋਂ ਦਸ ਕੂ ਦਿਨਾਂ ਬਾਅਦ ਹੀ ਹਰਜੀਤ ਦਾ ਪਿਓ ਹੋਰ ਤੀਵੀਂ ਵਿਆਹ ਕੇ ਘਰ ਲੈ ਆਇਆ ਸੀ। ਉਹ ਜਿਸ ਨੂੰ ਵਿਆਹ ਕੇ ਲਿਆਇਆ ਸੀ ਉਹ ਕਿਸੇ ਦੀ ਛੱਡੀ ਹੋਈ ਤੀਵੀਂ ਸੀ। ਉਸ ਦੀ ਇੱਕ ਪੰਜ ਸਾਲ ਦੀ ਬੇਟੀ ਵੀ ਨਾਲ ਹੀ ਆਈ ਸੀ।

ਹਰਜੀਤ ਨੂੰ ਅੱਜ ਵੀ ਯਾਦ ਹੈ ਕੇ ਮੁਹੱਲੇ ਵਿੱਚੋਂ ਇੱਕ ਬਜ਼ੁਰਗ ਔਰਤ ਜਿਸ ਨੂੰ ਸਾਰੇ ਤਾਈ ਕਹਿੰਦੇ ਸਨ ਉਨ੍ਹਾਂਂ ਦੇ ਘਰੇ ਆਈ ਸੀ ਤੇ ਬੋਲੀ ਸੀ,” ਭਲਾ ਐਨੀ ਵੀ ਕੀ ਆਖ਼ਰ ਆ ਗਈ ਸੀ ਪੁੱਤ, ਕੁੜੀ ਦਾ ਸਿਵਾ ਤਾਂ ਠੰਢਾ ਹੋ ਲੈਣ ਦੇਣਾ ਸੀ….. ਨਾ ਕਿਸੇ ਨਾਲ ਸਲਾਹ ਨਾ ਮਸ਼ਵਰਾ …..ਮਨ ਮਰਜ਼ੀ ਹੀ ਕਰ ਦਿੱਤੀ।”

ਹਰਜੀਤ ਦੇ ਪਿਤਾ ਬੋਲੇ ਸੀ,” ਬਹਿ ਜਾ ਤਾਈ….. ਹਰਜੀਤ ਦੀ ਮਾਂ ਦੇ ਜਾਣ ਨਾਲ ਸਭ ਕੁੱਝ ਬਦਲ ਗਿਆ ਸੀ। ਹੁਣ ਜੇ ਮੈਂ ਦੁਕਾਨ ਸਾਂਭਦਾ ਤਾਂ ਘਰੇ ਜਵਾਕ ਨੂੰ ਕੌਣ ਸਾਂਭਦਾ। ਔਖਾ ਹੋ ਗਿਆ ਸੀ ਤਾਈ। ਮਰਦੇ ਨੇ ਅੱਕ ਚੱਬਿਆ।”

” ਲੈ ਫੋਟ ! ਐਨੀਆਂ ਤਾਈਆਂ ਚਾਚੀਆਂ ਦੇ ਹੁੰਦਿਆਂ ਤੂੰ ਇਕੱਲਾ ਰਹਿ ਗਿਆ ਸੀ ਭਲਾ। ਵੇ ਤੈਂ ਤਾਂ ਜਮਾਂ ਬਿਗਾਨਿਆਂ ਕਰ ਦਿੱਤੀਆਂ। ਕਹਿੰਦਾ ਤਾਂ ਸਹੀ ਜਿੱਥੇ ਹੋਰ ਜਵਾਕ ਪਲਦੇ ਸੀ ਓਥੇ ਵਿੱਚ ਹੀ ਹਰਜੀਤ ਪਲ ਜਾਣਾ ਸੀ।” ਤਾਈ ਸੋਟੀ ਦਾ ਸਹਾਰਾ ਲੈ ਕੇ ਬੀਹੀ ਵੱਲ ਜਾਂਦੀ ਬੋਲੀ,” ਮਰਦ ਜਾਤ ਹੈ ਘੇਸੂ ਤਾਂ ਹੋਰ ਲੱਗਿਆ ਹੋਇਆ।” ਤਾਈ ਬੁੜ ਬੁੜ ਕਰਦੀ ਗਲੀ ਵਿੱਚ ਹਰਜੀਤ ਨੂੰ ਸਾਫ਼ ਸੁਣ ਰਹੀ ਸੀ।

ਤਾਈ ਦੇ ਜਾਣ ਤੋਂ ਬਾਅਦ ਨਵੀਂ ਲਿਆਂਦੀ ਵਹੁਟੀ ਜਿਸ ਦਾ ਨਾਮ ਪਰਕਾਸ਼ੋ ਹੈ ਬੋਲੀ ਸੀ,” ਨਾ ਜੀ ਹੁਣ ਮੈਂ ਅੱਕ ਹੋ ਗਈ। ਆਹ ਬੁੜ੍ਹੀ ਪਹਿਲਾਂ ਵੀ ਦੋ ਵਾਰ ਆਈ ਸੀ ਤੈਨੂੰ ਮਿਲਣ ਨਾ ਕੋਈ ਦੁਆ ਸਲਾਮ, ਨਾ ਕੋਈ ਗੱਲਬਾਤ, ਤੈਨੂੰ ਪੁੱਛ ਕੇ ਮੁੜ ਗਈ ਸੀ। ਮੈ ਤਾਂ ਓਦੋਂ ਹੀ ਸਮਝ ਗਈ ਸੀ ਕੋਈ ਫੱਫੋ ਕੁੱਟਣੀ ਲਗਦੀ ਹੈ। ਇਹਦਾ ਕੀ ਮਤਲਬ ਹੈ ਸਾਡੇ ਘਰ ਦੇ ਮਸਲੇ ਵਿੱਚ ਬੋਲਣ ਦਾ।”

ਹਰਜੀਤ ਨੂੰ ਯਾਦ ਹੈ ਜਵਾਬ ਵਿੱਚ ਉਸ ਦੇ ਪਿਤਾ ਬੋਲੇ ਸਨ,” ਮਰੇ ਤੋਂ ਸਾਰੇ ਵੈਦ ਬਣ ਜਾਂਦੇ ਨੇ ਪਰਕਾਸ਼ੋ । ਪ੍ਰਵਾਹ ਨਾ ਕਰ ਤੂੰ ਇਨ੍ਹਾਂ ਦੀ …. ਜਿੰਨੇ ਮੂੰਹ ਓਨੀਆਂ ਗੱਲਾਂ।”

” ਮੈਂ ਭਲਾ ਕੀ ਸਮਝਦੀ ਹਾਂ ਇਹੋ ਜਿਹੀਆਂ ਨੂੰ। ਆਵੇ ਸਹੀ ਦੁਬਾਰਾ ਮੈਂ ਵੀ ਦਿਖਾ ਦੇਵਾਂਗੀ ਕੇ ਮੇਰਾ ਨਾਮ ਵੀ ਪਰਕਾਸ਼ੋ ਹੈ।” ਹਰਖ ਕੇ ਬੋਲੀ ਸੀ ਪਰਕਾਸ਼ੋ

ਕਹਿੰਦੇ ਪਰਕਾਸ਼ੋ ਦੇ ਭੈੜੇ ਸੁਭਾਅ ਕਰਕੇ ਹੀ ਤਾਂ ਉਸ ਦੀ ਪਹਿਲਾਂ ਛੱਡ ਛਡਾਈ ਹੋਈ ਸੀ।

” ਨਾ ਨਾ ਕੁੱਝ ਨਾ ਬੋਲੀਂ ਤਾਈ ਨੂੰ ਸਾਰੇ ਪਿੰਡ ਵਿੱਚ ਭੰਡੀ ਕਰ ਦਿਉ ਆਪਣੀ …. ਚੁੱਪ ਹੀ ਭਲੀ ਆ।” ਪਿਤਾ ਜੀ ਬੋਲੇ ਸੀ

ਹਰਜੀਤ ਨੂੰ ਅੱਜ ਵੀ ਯਾਦ ਹੈ ਕਿਵੇਂ ਉਸ ਦਿਨ ਤੋਂ ਹੀ ਹਰਜੀਤ ਦੇ ਮਾੜੇ ਦਿਨ ਸ਼ੁਰੂ ਹੋ ਗਏ ਸਨ। ਮਤਰੇਈ ਮਾਂ ਵਾਲੇ ਸਾਰੇ ਰੰਗ ਦਿਖਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ ਪਰਕਾਸ਼ੋ ਨੇ।

ਜਦੋਂ ਹਰਜੀਤ ਨੇ ਸਕੂਲ ਤੋਂ ਪੜ੍ਹ ਕੇ ਆਉਣਾ ਤਾਂ ਆਉਂਦੇ ਨੂੰ ਰੋਟੀ ਵਾਲਾ ਡੱਬਾ ਫੜਾ ਦੇਣਾ ,” ਜਾ ਜਾ ਕੇ ਆਪਣੇ ਪਿਓ ਨੂੰ ਰੋਟੀ ਦੇ ਕੇ ਆ। ਕੋਈ ਲੋੜ ਨਹੀਂ ਵਾਪਸ ਘਰ ਆਉਣ ਦੀ ਉੱਥੇ ਰਹਿ ਕੇ ਆਪਣੇ ਪਿਓ ਨਾਲ ਕੰਮ ਵਿੱਚ ਹੱਥ ਵਟਾ। ਕੰਮ ਸਿੱਖ ਲੈ ਨਹੀਂ ਤਾਂ ਲੋਕ ਕਹਿਣਗੇ, ਮਤਰੇਈ ਸੀ ਮੁੰਡੇ ਨੂੰ ਕੰਮ ਵੀ ਨਹੀਂ ਸਿੱਖਣ ਦਿੱਤਾ।”

ਕੰਮ ਤੇ ਤੇਲ ਨਾਲ ਕੱਪੜੇ ਗੰਦੇ ਹੋ ਜਾਣੇ ਤਾਂ ਕਲੇਸ਼। ਸਿਰ ਨਵ੍ਹਾਉਣਾ ਤਾਂ ਕਲੇਸ਼,” ਮੇਰੇ ਤੋਂ ਨਹੀਂ ਧੋ ਹੁੰਦੇ ਐਨੇ ਭਾਰੇ ਵਾਲ। ਬਾਂਹਾਂ ਰਹਿ ਜਾਂਦੀਆਂ ਮੇਰੀਆਂ ਤਾਂ। ਆਪ ਤਾਂ ਮਰ ਗਈ ਆਹ ਸੰਧਾਰਾ ਛੱਡ ਗਈ ਮੇਰੀ ਜਾਨ ਨੂੰ।”

ਜਦੋਂ ਵੀ ਪਰਕਾਸ਼ੋ ਨੇ ਹਰਜੀਤ ਦੀ ਮਾਂ ਨੂੰ ਕੁੱਝ ਮਾੜਾ ਚੰਗਾ ਬੋਲਣਾ ਤਾਂ ਹਰਜੀਤ ਨੇ ਅੰਦਰ ਵੜ ਕੇ ਬਹੁਤ ਦੇਰ ਰੋਣਾ।

ਇੱਕ ਦਿਨ ਪਰਕਾਸ਼ੋ ਨੇ ਐਨਾ ਕਲੇਸ਼ ਕੀਤਾ ਕੇ ਹਰਜੀਤ ਦੇ ਪਿਤਾ ਜੀ ਉਸ ਨੂੰ ਨਾਈ ਕੋਲ ਲੈ ਗਏ, ਵਾਲ ਕਟਵਾਉਣ ਲਈ।

ਹਰਜੀਤ ਰੋਂਦਾ ਰੋਂਦਾ ਬੋਲਿਆ ਸੀ,” ਮੈਂ ਨਹੀਂ ਵਾਲ ਕਟਵਾਉਣੇ, ਇਹ ਵਾਲ ਮੇਰੀ ਮਾਂ ਨੇ ਪਿਆਰ ਨਾਲ ਗੁੰਦ ਗੁੰਦ ਕੇ ਵਧਾਏ ਸਨ। ਜਦੋਂ ਵੀ ਮੈਂ ਆਪਣੇ ਵਾਲ ਦੇਖਦਾ ਹਾਂ ਤਾਂ ਯਾਦ ਆ ਜਾਂਦਾ ਕਿਵੇਂ ਮਾਂ ਗੋਡਿਆਂ ਵਿੱਚ ਸਿਰ ਲੈ ਕੇ ਵਾਲ ਵਾਹੁੰਦੀ ਤੇ ਲਾਡ ਲਡਾਉਂਦੀ ਹੁੰਦੀ ਸੀ। ਮੇਰੇ ਕੋਲੋਂ ਮੇਰੀ ਮਾਂ ਦੀਆਂ ਯਾਦਾਂ ਨਾ ਖੋਹੋ।”

ਹਰਜੀਤ ਨੂੰ ਯਾਦ ਹੈ ਕੇ ਉਹ ਰੋਂਦਾ ਹੀ ਰਹਿ ਗਿਆ ਸੀ। ਉਸ ਦੇ ਪਿਤਾ ਨੇ ਕੁੱਝ ਨਹੀਂ ਸੀ ਸੁਣਿਆ ਤੇ ਨਾਈ ਨੇ…. । ਆਪਣੇ ਵਾਲ ਨਾਲ ਹੀ ਚੁੱਕ ਲਿਆਇਆ ਸੀ ਹਰਜੀਤ ਤੇ ਆਪਣੀ ਮਾਂ ਦੀ ਚੁੰਨੀ ਵਿੱਚ ਬੰਨ੍ਹ ਕੇ ਅਲਮਾਰੀ ਅੰਦਰ ਸੰਭਾਲ ਕੇ ਰੱਖ ਲਏ ਸਨ।

ਉਸ ਘਟਨਾ ਤੋਂ ਬਾਅਦ ਹਰਜੀਤ ਨੂੰ ਲੱਗਿਆ ਕੇ ਇਸ ਘਰ ਵਿੱਚ ਕੋਈ ਵੀ ਉਸ ਨੂੰ ਸਮਝਣ ਵਾਲਾ ਨਹੀਂ ਹੈ। ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਸੀ। ਆਪਣੇ ਸਾਰੇ ਕੰਮ ਛੋਟਾ ਹੁੰਦਾ ਹਰਜੀਤ ਆਪੇ ਕਰਨ ਲੱਗ ਪਿਆ ਸੀ। ਪਰਕਾਸ਼ੋ ਫੇਰ ਵੀ ਆਨੇ ਬਹਾਨੇ ਉਸ ਨਾਲ ਕਲੇਸ਼ ਕਰੀ ਰੱਖਦੀ ਸੀ। ਪਰਕਾਸ਼ੋ ਦੇ ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਹਰਜੀਤ ਦੇ ਪਿਤਾ ਰੋਜ਼ ਸ਼ਾਮ ਨੂੰ ਸ਼ਰਾਬ ਪੀਣ ਲੱਗ ਪਏ ਸਨ। ਸ਼ਰਾਬ ਦੇ ਨਸ਼ੇ ਵਿੱਚ ਉਹ ਵੀ ਹਰਜੀਤ ਨੂੰ ਹੀ ਮਾੜਾ ਚੰਗਾ ਬੋਲ ਜਾਂਦਾ ਸੀ।

ਪੂਰੇ ਘਰ ਵਿੱਚ ਜੇ ਕੋਈ ਹਰਜੀਤ ਨੂੰ ਪਿਆਰ ਕਰਦਾ ਸੀ ਤਾਂ ਉਹ ਸੀ ਪਰਕਾਸ਼ੋ ਨਾਲ ਆਈ ਉਸ ਦੀ ਕੁੜੀ ਸੁਖਮਨ। ਸੁਖਮਨ ਨੇ ਸਾਰਾ ਦਿਨ ਹਰਜੀਤ ਨੂੰ ” ਵੀਰ ਜੀ, ਵੀਰ ਜੀ” ਕਹਿੰਦੇ ਰਹਿਣਾ। ਜੇ ਕਦੇ ਪਰਕਾਸ਼ੋ ਨੇ ਕਲੇਸ਼ ਕਰਨਾ ਤੇ ਹਰਜੀਤ ਨੇ ਕਮਰੇ ਅੰਦਰ ਜਾ ਕੇ ਰੋਣਾ ਤਾਂ ਸੁਖਮਨ ਨੇ ਤੜਫ਼ ਉੱਠਣਾ। ਕਦੇ ਹਰਜੀਤ ਨੂੰ ਪਾਣੀ ਪਿਲਾਉਣਾ, ਕਦੇ ਛੋਟੇ ਛੋਟੇ ਹੱਥਾਂ ਨਾਲ ਉਸ ਦੇ ਹੰਝੂ ਸਾਫ ਕਰਨੇ। ਕਦੇ ਉਸ ਨੂੰ ਕਲਾਵੇ ਵਿੱਚ ਲੈ ਕੇ ਉਸ ਦਾ ਮੱਥਾ ਚੁੰਮਣਾ,” ਨਾ ਰੋ ਵੀਰੇ ਕੀੜੇ ਪੈਣਗੇ ਇਸ ਚੰਦਰੀ ਦੀ ਜ਼ੁਬਾਨ ਵਿੱਚ। ਤੂੰ ਬੈਠ ਵੀਰੇ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਂਦੀ ਹਾਂ।”

ਜਿੰਨਾ ਹਰਜੀਤ ਨੂੰ ਘਰੇ ਸੁਖਮਨ ਦਾ ਸਹਾਰਾ ਸੀ। ਉਨ੍ਹਾ ਹੀ ਉਸ ਨੂੰ ਦੁਕਾਨ ਤੇ ਆਸਿਫ਼ ਦਾ ਸਹਾਰਾ ਸੀ। ਆਸਿਫ , ਹਰਜੀਤ ਦੇ ਹਾਣ ਦਾ ਮੁਸਲਮਾਨਾਂ ਦਾ ਮੁੰਡਾ ਹੈ। ਉਹ ਵੀ ਕੰਮ ਸਿੱਖਣ ਆਉਂਦਾ ਹੈ। ਹਰਜੀਤ ਨਾਲ ਉਸ ਦਾ ਬਹੁਤ ਪਿਆਰ ਹੈ। ਦੋਵੇਂ ਦੋਸਤ ਆਪਣੇ ਮਨ ਦੀ ਇੱਕ ਦੂਸਰੇ ਨਾਲ ਬਚਪਨ ਤੋਂ ਕਰਦੇ ਆਏ ਹਨ।

ਹਰਜੀਤ ਅੱਜ ਵੀਹ ਸਾਲ ਦਾ ਹੈ। ਉਸ ਨੇ ਆਪਣੀ ਜ਼ਿੰਦਗੀ ਨੂੰ ਸਿਰਫ਼ ਸੁਖਮਨ ਤੇ ਆਸਿਫ ਤੱਕ ਹੀ ਸੀਮਤ ਕਰ ਲਿਆ ਹੈ। ਰਿਸ਼ਤਿਆਂ ਦੇ ਨਾਮ ਤੋਂ ਉਸ ਨੂੰ ਸਖ਼ਤ ਨਫ਼ਰਤ ਹੈ। ਜਦੋਂ ਸੁਖਮਨ ਉਸ ਨੂੰ ਹਰਜੀਤ ਵੀਰੇ ਕਹਿ ਕੇ ਬੁਲਾਉਂਦੀ ਹੈ ਤਾਂ ਉਹ ਉਸ ਨੂੰ ਅਕਸਰ ਕਹਿ ਦਿੰਦਾ ਹੈ,” ਨਿੱਕੀਏ ਮੈਨੂੰ ਚੰਗਾ ਲੱਗੂ ਮੈਨੂੰ ਹਰਜੀਤ ਹੀ ਕਹਿ ਦਿਆ ਕਰ ਆਹ ਵੀਰ ਸ਼ਬਦ ਨਾਲ ਲਾ ਦਿੰਦੀ ਹੈ ਨਾ ਐਵੇਂ ਲਗਦਾ ਜਿਵੇਂ ਆਪਣੇ ਪਿਆਰ ਵਿੱਚ ਕੁੜੱਤਣ ਭਰ ਜਾਂਦੀ ਹੈ।”

ਹਰਜੀਤ ਦੇ ਗਵਾਂਢ ਵਿੱਚ ਇੱਕ ਅਧਖੜ ਮਿਸਤਰੀ ਦਾ ਨਵਾਂ ਨਵਾਂ ਵਿਆਹ ਹੋਇਆ ਹੈ…… ਮਲੂਕੜੀ ਜਿਹੀ ਜਾਨ ਸਰਬਜੀਤ ਨੂੰ ਵਿਆਹ ਕੇ ਲਿਆਇਆ ਹੈ। ਉਸ ਦੇ ਹੁਸਨ ਦੀ ਪੂਰੇ ਮੁਹੱਲੇ ਵਿੱਚ ਚਰਚਾ ਹੈ।

ਸੁਖਮਨ ਵੀ ਦੇਖ ਕੇ ਆਈ ਹੈ ਸਰਬਜੀਤ ਨੂੰ ਤੇ ਬਹੁਤ ਖ਼ੁਸ਼ ਹੈ ਉਸ ਨੇ ਬਹੁਤ ਚਾਅ ਨਾਲ ਆ ਕੇ ਦੱਸਿਆ, ” ਹਰਜੀਤ ਵੀਰੇ, ਬਹੁਤ ਸੋਹਣੀ ਭਾਬੀ ਵਿਆਹ ਕੇ ਲਿਆਇਆ ਹੈ ਵੀਰ….. ਪਰੀਆਂ ਨਾਲੋਂ ਵੀ ਸੋਹਣੀ ਹੈ ….ਸਰਬੀ ਭਾਬੀ।”

ਜਦੋਂ ਦੀ ਸੁਖਮਨ, ਸਰਬਜੀਤ ਨੂੰ ਦੇਖ ਕੇ ਮੁੜੀ ਹੈ ਜਾਪਦਾ ਹੈ ਉਸ ਨੇ ਕੋਈ ਸੁਫ਼ਨੇ ਨੂੰ ਛੂਹ ਲਿਆ ਹੋਵੇ। ਬਹੁਤ ਖ਼ੁਸ਼ ਹੈ ਉਦੋਂ ਦੀ ਸੁਖਮਨ। ਉਸ ਦੇ ਦਿਲ ਵਿੱਚ ਇੱਕ ਉਮੰਗ, ਇੱਕ ਤਾਂਘ ਪੈਦਾ ਹੋ ਗਈ ਹੈ….. ਸੁਖਮਨ ਦਾ ਦਿਲ ਕਰਦਾ ਹੈ ਕੇ ਜਲਦੀ ਜਲਦੀ ਆਪਣੇ ਵੀਰ ਹਰਜੀਤ ਨੂੰ ਵਿਆਹ ਲਵੇ ਤੇ ਉਨ੍ਹਾਂ ਦੇ ਘਰ ਵੀ ਕੋਈ ਚੰਨ ਦਾ ਟੁਕੜਾ ਆ ਜਾਵੇ। ਬਹੁਤ ਸਾਰੀਆਂ ਖ਼ੁਸ਼ੀਆਂ ਲੈ ਕੇ…..

ਹਰਜੀਤ ਜਿਵੇਂ ਹੀ ਕੰਮ ਤੋਂ ਮੁੜਿਆ ਸੁਖਮਨ ਪਾਣੀ ਦਾ ਗਿਲਾਸ ਲੈ ਕੇ ਆਈ ,” ਵੀਰੇ ਤੂੰ ਨਾ ਛੇਤੀ ਦੇਣੀ ਹੱਥ ਮੂੰਹ ਧੋ ਲੈ ਅੱਜ ਆਪਾਂ ਦੋਵੇਂ ਇਕੱਠੇ ਬੈਠ ਕੇ ਰੋਟੀ ਖਾਵਾਂਗੇ, ਮੈਂ ਨਾ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ।”

ਹਰਜੀਤ ਪਾਣੀ ਪੀ ਕੇ ਖ਼ਾਲੀ ਗਿਲਾਸ ਫੜਾਉਂਦਾ ਬੋਲਿਆ,” ਬੜੀ ਖ਼ੁਸ਼ ਲੱਗ ਰਹੀ ਹੈਂ ਸੁੱਖ, ਮੈਂ ਹੁਣੇ ਆਇਆ ਤੂੰ ਰੋਟੀ ਪਾ ਕੇ ਰੱਖ। ਅੱਜ ਤਾਂ ਸੱਚੀਂ ਮੈਨੂੰ ਵੀ ਬਹੁਤ ਭੁੱਖ ਲੱਗੀ ਹੈ।”

ਜਿਵੇਂ ਹੀ ਹਰਜੀਤ ਹੱਥ ਮੂੰਹ ਧੋ ਕੇ ਮੁੜਿਆ ਉਹ ਆ ਕੇ ਫ਼ਰਸ਼ ਤੇ ਸੁਖਮਨ ਕੋਲ ਬੈਠ ਗਿਆ।

ਸੁਖਮਨ ਨੇ ਦਾਲ ਵਿੱਚ ਦੇਸੀ ਘਿਉ ਦਾ ਚਮਚਾ ਪਾਇਆ ਤੇ ਰੋਟੀ ਫੜਾਉਂਦੀ ਬੋਲੀ,” ਵੀਰੇ ਆਹ ਲੈ ਗਰਮ ਗਰਮ ਖਾ।”

” ਚੱਲ ਦੱਸ ਕੀ ਲੱਭ ਗਿਆ ਤੈਨੂੰ ਜੋ ਅੱਜ ਐਨਾ ਖ਼ੁਸ਼ ਹੈ।” ਹਰਜੀਤ ਮੂੰਹ ਵਿੱਚ ਬੁਰਕੀ ਪਾਉਂਦਾ ਬੋਲਿਆ,” ਉਮਮਮਮਮ ਅੱਜ ਤਾਂ ਬੜੀ ਸਵਾਦ ਦਾਲ ਬਣਾਈ ਹੈ ਸੁੱਖ।”

” ਵੀਰੇ, ਮੈਂ ਨਾ ਅੱਜ ਫੇਰ ਗਈ ਸੀ ਸਰਬੀ ਭਾਬੀ ਕੋਲ। ਵੀਰੇ ਤੂੰ ਦੇਖੇਂਗਾ ਤਾਂ ਤੂੰ ਵੀ ਕਹੇਂਗਾ ਕਿੰਨੀ ਸੋਹਣੀ ਆ। ਮੇਰੀ ਤਾਂ ਭੁੱਖ ਲੱਥ ਆਉਂਦੀ ਆ ਭਾਬੀ ਨੂੰ ਦੇਖ ਕੇ। ਜੀਅ ਕਰਦਾ ਬੱਸ ਉਸੇ ਨੂੰ ਦੇਖੀਂ ਜਾਵਾਂ।” ਸੁਖਮਨ ਆਪਣੀ ਖ਼ੁਸ਼ੀ ਜ਼ਾਹਿਰ ਕਰਦੀ ਬੋਲੀ

” ਸੁੱਖ ਰੋਜ਼ ਰੋਜ਼ ਥੋੜ੍ਹੀ ਨਾ ਜਾਈਦਾ ਹੁੰਦਾ ਕਿਸੇ ਦੇ….. ਕਮਲੀ ਨਾ ਹੋਵੇ ਤਾਂ।” ਹਰਜੀਤ ਸੁਖਮਨ ਦੇ ਸਿਰ ਤੇ ਪੋਲਾ ਜਿਹਾ ਧੱਫਾ ਮਾਰਦਾ ਬੋਲਿਆ

” ਵੀਰੇ ਮੈਂ ਨਾ ਜਦੋਂ ਦੀ ਸਰਬੀ ਭਾਬੀ ਦੇਖੀ ਆ ਸੱਚੀਂ ਕਮਲੀ ਹੋ ਗਈ ਹਾਂ। ਮੇਰਾ ਜੀਅ ਕਰਦਾ ….. ਮੇਰਾ ਜੀਅ ਕਰਦਾ ਵੀਰੇ ਤੇਰਾ ਵੀ ਵਿਆਹ ਕਰ ਦੇਈਏ। ਸਾਡੇ ਘਰੇ ਵੀ ਕੋਈ ਪਰੀ ਆ ਜਾਵੇ ਜਿਸ ਦੇ ਆਉਣ ਨਾਲ ਸਾਰਾ ਘਰ ਮਹਿਕ ਜਾਵੇ। ਸਰਬੀ ਨਾਲੋਂ ਵੀ ਸੋਹਣੀ ਭਾਬੀ ਲੱਭ ਲੈਣੀ ਹੈ ਮੈਂ ਆਪਣੇ ਵੀਰ ਲਈ।” ਸੁਖਮਨ ਆਪਣੀ ਗੱਲ ਸੁਣਾਉਂਦੀ ਬਹੁਤ ਖ਼ੁਸ਼ ਹੋ ਰਹੀ ਹੈ…. ਹਰਜੀਤ ਚੁੱਪ ਕਰਕੇ ਰੋਟੀ ਖਾ ਰਿਹਾ ਹੈ ਤੇ ਸੁਖਮਨ ਦੀਆਂ ਸੁਣ ਰਿਹਾ ਹੈ।

ਜਿਵੇਂ ਹੀ ਰੋਟੀ ਖ਼ਤਮ ਹੋਈ ਸੁਖਮਨ ਭਾਂਡੇ ਰਸੋਈ ਵਿੱਚ ਰੱਖ ਕੇ ਮੁੜ ਆਈ ਹੈ।

” ਤੇਰੇ ਵਿਆਹ ਤੇ ਨਾ ਵੀਰੇ ਮੈਂ ਸੂਹੇ ਸੂਹੇ ਰੰਗ ਦੇ ਕਿੰਨੇ ਸੂਟ ਸਵਾਉਂਗੀ। ਨਾਲੇ ਕੰਨਾਂ ਨੂੰ ਕਾਂਟੇ ਵੀ ਕਰਵਾਉਂਗੀ। ਵੀਰੇ ਕਦੋਂ ਆਉਣਾ ਉਹ ਦਿਨ ਜਦੋਂ ਮੈਂ ਤੇਰੀ ਪੱਗ ਤੇ ਸਿਹਰਾ ਸਜਾਵਾਂਗੀ। ਜਦੋਂ ਤੂੰ ਵਿਆਹ ਕੇ ਸ਼ਾਮ ਨੂੰ ਘਰੇ ਆਵੇਂਗਾ ਤਾਂ ਮੈਂ ਤੁਹਾਨੂੰ ਦਰਾਂ ਤੇ ਹੀ ਰੋਕ ਲੈਣਾ ਅੰਦਰ ਨਹੀਂਂ ਆਉਣ ਦੇਣਾ। ਪਹਿਲਾਂ ਇਕਵੰਜਾ ਸੌ ਰੁਪਏ ਲਵਾਂਗੀ ਤਾਂ ਦੇਹਲ਼ੀ ਚੜ੍ਹਨ ਦੇਵਾਂਗੀ ਭਾਗਾਂ ਵਾਲੀ ਨੂੰ। ਆਪਾਂ ਨਾ ਭਾਬੀ ਨੂੰ ਸਵਾ ਮਹੀਨਾ ਚੁੱਲ੍ਹੇ ਤੇ ਨਹੀਂ ਚੜ੍ਹਾਉਣਾ …… ਘਰ ਦਾ ਸਾਰਾ ਕੰਮ ਮੈਂ ਆਪੇ ਕਰ ਲਿਆ ਕਰਨਾ ਭਾਬੀ ਨੂੰ ਕਹਿਣਾ ਭਾਬੋ ਤੂੰ ਨਾ ਬੱਸ ਬੋਬੋ ਬਣ ਕੇ ਬੈਠ।” ਗੱਲਾਂ ਕਰਦੀ ਸੁਖਮਨ ਨੇ ਹੱਥ ਫੜਿਆ ਹੋਇਆ ਹੈ ਹਰਜੀਤ ਦਾ

ਹਰਜੀਤ ਸੁਖਮਨ ਤੋਂ ਆਪਣਾ ਹੱਥ ਛਡਾਉਂਦਾ ਬੋਲਿਆ,” ਨਿੱਕੀਏ ਖੁੱਲ੍ਹੀਆਂ ਅੱਖਾਂ ਨਾਲ ਸੁਫ਼ਨੇ ਨਹੀਂ ਹਕੀਕਤ ਦੇਖੀ ਦੀ ਐ। ਕਦੇ ਕਰੀਰ ਨੂੰ ਵੀ ਅੰਬ ਲੱਗੇ ਨੇ। ਪਿਓ ਸ਼ਰਾਬੀ, ਮਾਂ ਮਤਰੇਈ, ਆਹ ਥੇਹ ਹੋ ਚੱਲਿਆ ਘਰ, ਕੋਣ ਦੇਵੇਗਾ ਆਪਣੀ ਧੀ ਦਾ ਸਾਕ।”

” ਲੈ ਵੀਰ, ਜੇ ਆਹ ਅਧਖੜ ਨੂੰ ਐਨੀ ਸੋਹਣੀ ਬਹੂ ਮਿਲ ਸਕਦੀ ਹੈ ਤਾਂ ਆਪਾਂ ਕਿਹੜੇ ਰੱਬ ਦੇ ਮਾਂਹ ਮਾਰੇ ਨੇ। ਨਾਲੇ ਪੂਰੀ ਸਕੂਟਰ ਮਾਰਕਿਟ ਵਿੱਚ ਤੇਰਾ ਨਾਮ ਬੋਲਦਾ। ਸਭ ਨਾਲੋਂ ਸਿਆਣਾ ਮਿਸਤਰੀ ਆ ਮੇਰਾ ਵੀਰ। ਕਿੱਕ ਮਾਰ ਕੇ ਦੱਸ ਦਿੰਦਾ ਸਕੂਟਰ ਦੀ ਕਿਹੜੀ ਨਬਜ਼ ਖ਼ਰਾਬ ਐ। ਕੋਈ ਐਬ ਨਹੀਂ ਕਰਦਾ, ਕੋਈ ਵਲ ਛਲ ਵੀ ਨਹੀਂ। ਸੋਹਣਾ ਸੁਨੱਖਾ ਉਅਅਅ ਠੀਕ ਠੀਕ ਆ…. ਹਾ ਹਾ ਹਾ…..” ਸੁਖਮਨ ਹਰਜੀਤ ਤੇ ਮਾਣ ਜਤਾਉਂਦੀ …. ਮਜ਼ਾਕ ਕਰਦੀ ਹੱਸ ਕੇ ਬੋਲੀ।

” ਨਾਲੇ ਮੈਂ ਪਹਿਲਾਂ ਤੇਰਾ ਵਿਆਹ ਕਰਨਾ ਸੁੱਖ, ਨਹੀਂ ਤਾਂ ਲੋਕਾਂ ਨੇ ਕਹਿਣਾ ਸਕਾ ਵੀਰ ਨਹੀਂ ਨਾ ਸੀ, ਤਾਹੀਂ ਕੁੜੀ ਵਾਰੇ ਨਹੀਂ ਸੋਚਿਆ।” ਹਰਜੀਤ ਉੱਠ ਕੇ ਮੰਜੇ ਤੇ ਬੈਠਦਾ ਬੋਲਿਆ

ਸੁਖਮਨ ਨੇ ਹਰਜੀਤ ਦੀ ਗੱਲ ਸੁਣ ਕੇ ਅੱਖਾਂ ਭਰ ਲਈਆਂ, ” ਵੀਰੇ ਆਹ ਗੱਲ ਨਾ ਬੋਲਿਆ ਕਰ ਇਸ ਤਰ੍ਹਾਂ ਲਗਦਾ ਜਿਵੇਂ ਰੂਹ ਪੱਛ ਹੋ ਜਾਂਦੀ ਹੈ। ਸਾਹ ਰੁਕ ਜਾਂਦਾ।
ਵੀਰੇ ਵਿਆਹ ਤਾਂ ਪਹਿਲਾਂ ਤੇਰਾ ਹੀ ਕਰਨਾ। ਨਾ ਤਾਂ ਤੂੰ ਪਿਤਾ ਜੀ ਨਾਲ ਬੋਲਦਾ ਨਾ ਮਾਂ ਨਾਲ। ਜੇ ਮੈਂ ਵਿਆਹ ਕਰਵਾ ਕੇ ਚਲੇ ਗਈ ਤਾਂ ਤੈਨੂੰ ਤਾਂ ਕਿਸੇ ਨੇ ਰੋਟੀ ਵੀ ਨਹੀਂ ਪਾ ਕੇ ਦੇਣੀ। ਨਾ ਤੇਰੇ ਨਾਲ ਘਰ ਵਿੱਚ ਕੋਈ ਗੱਲ ਕਰਨ ਵਾਲਾ ਰਹਿਣਾ। ਮੈਨੂੰ ਤਾਂ ਤੇਰਾ ਹੀ ਫ਼ਿਕਰ ਵੱਢ ਵੱਢ ਕੇ ਖਾਈ ਜਾਇਆ ਕਰਨਾ।”

ਹਰਜੀਤ ਸੁਖਮਨ ਨੂੰ ਬਾਂਹ ਤੋਂ ਫੜ ਕੇ ਆਪਣੇ ਕੋਲ ਬਿਠਾ ਕੇ ਉਸ ਦੇ ਹੰਝੂ ਸਾਫ਼ ਕਰਦਾ ਬੋਲਿਆ,” ਨਿੱਕੀਏ,  ਕੌਣ ਕਹਿੰਦਾ ਮੇਰੀ ਮਾਂ ਮਰ ਗਈ, ਤੂੰ ਹੈ ਨਾ ਮੇਰੀ ਮਾਂ। ਤੇਰਾ ਦੇਣ ਤਾਂ ਮੈਂ ਸੱਤ ਜਨਮ ਨਹੀਂ ਦੇ ਸਕਦਾ। ਤੂੰ ਨਾ ਹੁੰਦੀ ਤਾਂ ਮੈਂ ਕਿੱਦਣ ਦਾ ਪਾਗਲ ਹੋ ਜਾਣਾ ਸੀ। ਚੱਲ ਰੋ ਨਾ, ਤੂੰ ਜਿਵੇਂ ਕਹੇਂਗੀ ਆਪਾਂ ਓਵੇਂ ਹੀ ਕਰ ਲਵਾਂਗੇ। “

” ਵੀਰੇ ਮੇਰੀ ਸੌਂ ਖਾ।” ਸੁਖਮਨ ਰੋਂਦੀ ਰੋਂਦੀ ਹੱਸ ਪਈ

” ਤੇਰੀ ਸੌਂ ਸੁੱਖ।” ਹਰਜੀਤ ਨੂੰ ਲੱਗਿਆ ਜਿਵੇਂ ਉਸ ਨੇ ਸੁਖਮਨ ਦਾ ਦਿਲ ਦੁਖਾਇਆ ਹੋਵੇ, ਉਹ ਬੋਲਿਆ,” ਨਿੱਕੀਏ ਅੱਜ ਨਾ ਤੂੰ ਮੇਰੇ ਕੋਲ ਹੀ ਪੈ ਜਾ। ਆਪਾਂ ਸਾਰੀ ਰਾਤ ਗੱਲਾਂ ਕਰਾਂਗੇ।

” ਠੀਕ ਆ ਵੀਰੇ।” , ਸੁਖਮਨ ਤੇ ਹਰਜੀਤ ਗੱਲਾਂ ਕਰਦੇ ਕਦੋਂ ਸੌਂ ਗਏ ਪਤਾ ਹੀ ਨਾ ਲੱਗਿਆ

ਅਗਲੀ ਸਵੇਰ ਹਰਜੀਤ ਦੀ ਅੱਖ ਸਾਝਰੇ ਹੀ ਖੁੱਲ੍ਹ ਗਈ, ਉਹ ਪਿਆ ਸੁਖਮਨ ਵੱਲ ਦੇਖ ਰਿਹਾ ਹੈ ਤੇ ਮਨ ਹੀ ਮਨ ਸੋਚ ਰਿਹਾ ਹੈ, ” ਕਿੰਨੀ ਪਵਿੱਤਰ, ਦਰਵੇਸ਼ ਆਤਮਾ ਹੈ ਸੁੱਖ ਦੀ। ਕਿੰਨਾ ਪਿਆਰ ਤੇ ਨਿੱਘ ਹੈ ਉਸ ਦੇ ਦਿਲ ਵਿੱਚ……..  ਰੱਬ ਸਾਰੀਆਂ ਖ਼ੁਸ਼ੀਆਂ ਪੂਰੀਆਂ ਕਰੇ ਇਸ ਦਿਆਂ।”

ਹਾਜ਼ਰੀ ਦੀ ਖਾ ਕੇ ਜਿਵੇਂ ਹੀ ਹਰਜੀਤ ਕੰਮ ਤੇ ਜਾਣ ਲੱਗਿਆ ਉਹ ਸੁੱਖ ਕੋਲ ਜਾ ਕੇ ਬੋਲਿਆ,” ਅੱਜ ਤਾਂ ਨਹੀਂ ਜਾਣਾ ਤੂੰ ਆਪਣੀ ਸੋਹਣੀ ਭਾਬੀ ਕੋਲ।”

” ਲੈ ਵੀਰੇ ਸਰਬੀ ਭਾਬੀ ਨੇ ਤਾਂ ਮੈਨੂੰ ਕੱਲ੍ਹ ਹੀ ਕਹਿ ਦਿੱਤਾ ਸੀ ਕੰਮ ਖ਼ਤਮ ਕਰਕੇ ਜਲਦੀ ਦੇਣੀ ਆ ਜਾਵੀਂ ਮੇਰੇ ਕੋਲੇ। ਭਾਬੀ ਨਾ ਮੇਰੀ ਪੱਕੀ ਸਹੇਲੀ ਬਣ ਗਈ ਹੈ।” ਸੁਖਮਨ ਚਾਅ ਨਾਲ ਆਪਣੀ ਗੱਲ ਦੱਸਦੀ ਬੋਲੀ

ਹਰਜੀਤ ਕੰਮ ਤੇ ਪਹੁੰਚ ਗਿਆ ਹੈ ਆਸਿਫ਼ ਵੀ ਆ ਗਿਆ ਹੈ। ਹਰਜੀਤ ਨੇ ਜਦੋਂ ਸੁਖਮਨ ਦੀਆਂ ਕਹੀਆਂ ਆਸਿਫ਼ ਨੂੰ ਸੁਣਾਈਆਂ ਤਾਂ ਆਸਿਫ ਬੋਲਿਆ,” ਯਾ ਖ਼ੁਦਾ, ਆਪਣੇ ਬੰਦਿਆਂ ਵਿੱਚ ਤੂੰ ਆਪ ਵੱਸਦੇ, ਆਪੇ ਰਵਾਉਂਦਾ ਆਪੇ ਹਸਾਉਂਦੇ।
ਬਹੁਤ ਕਰਮਾਂ ਵਾਲਾ ਤੂੰ ਹਰਜੀਤ ਜੋ ਪਰਵਰਦਿਗਾਰ ਨੇ ਤੈਨੂੰ ਸੁੱਖ ਭੈਣ ਵਰਗੀ ਭੈਣ ਦਿੱਤੀ ਹੈ। ਤੈਨੂੰ ਅੱਲਾ ਮੀਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਸੁੱਖ ਭੈਣ ਤੇਰੇ ਲਈ ਹਮੇਸ਼ਾ ਸੁੱਖ ਮੰਗਦੀ ਰਹਿੰਦੀ ਹੈ ਅੱਲਾ ਆਪ ਜੀ ਦੀ ਉਮਰ ਦਰਾਜ਼ ਕਰੇ…..ਆਮੀਨ।”

ਉਹ ਅੱਗੇ ਗੱਲ ਤੋਰਦਾ ਬੋਲਿਆ,” ਵੀਰ ਫੇਰ ਕੀ ਸੋਚਦਾ , ਕਰਵਾ ਲੈ ਵਿਆਹ, ਮੈਨੂੰ ਕੋਈ ਕਹੇ ਮੈਂ ਤਾਂ ਜਦੇ ਕਰਵਾ ਲਵਾਂ….. ਪਰ ਅਫਸੋਸ ਮੈਨੂੰ ਤਾਂ ਕੋਈ ਕਹਿੰਦਾ ਹੀ ਨਹੀ….. ਹਾ ਹਾ ਹਾ।”

ਦੁਪਹਿਰ ਹੁੰਦੇ ਹੁੰਦੇ ਹਰਜੀਤ ਨੂੰ ਲੱਗਿਆ ਜਿਵੇਂ ਉਸ ਨੂੰ ਬੁਖ਼ਾਰ ਹੋ ਰਿਹਾ ਹੋਵੇ। ਉਹ ਆਸਿਫ਼ ਨੂੰ ਕਹਿ ਕੇ ਘਰ ਆ ਗਿਆ। ਦਵਾਈ ਲੈ ਕੇ ਅੰਦਰ ਪਿਆ ਹੈ। ਹਰਜੀਤ ਹੁਣਾਂ ਦੇ ਵਿਹੜੇ ਵਿੱਚ ਸਾਂਝਾ ਤੰਦੂਰ ਪਿਆ ਹੈ। ਸ਼ਾਮ ਨੂੰ ਸਾਰੇ ਮੁਹੱਲੇ ਦੀਆਂ ਤੀਵੀਆਂ ਆਪੋ ਆਪਣੇ ਘਰੋਂ ਆਟਾ ਗੁੰਨ੍ਹ ਕੇ ਲਿਆਂਦੀਆਂ ਹਨ ਤੇ ਮਿਲ ਕੇ ਰੋਟੀ ਲਾਹੁੰਦੀਆਂ ਹਨ।

ਅੱਜ ਤੰਦੂਰ ਤੇ ਬਹੁਤ ਹਾਸਾ ਠੱਠਾ ਹੋ ਰਿਹਾ ਹੈ। ਹਰਜੀਤ ਨੂੰ ਅੰਦਰ ਪਏ ਨੂੰ ਸੁਣ ਰਿਹਾ ਹੈ। ਅੰਦਰ ਪਏ ਹਰਜੀਤ ਨੂੰ ਲੱਗਿਆ ਜਿਵੇਂ ਕੋਈ ਝਾਂਜਰ ਵਾਲੀ ਉਨ੍ਹਾਂ ਦੇ ਅੰਦਰ ਆਈ ਹੋਵੇ। ਜਿਵੇਂ ਹੀ ਹਰਜੀਤ ਨੇ ਉੱਠ ਕੇ ਦੇਖਿਆ ਤਾਂ ਕੋਈ ਨਵੀਂ ਵਿਆਹੀ ਬਰਾਂਡੇ ਵਿੱਚ ਕੁੱਝ ਰੱਖ ਕੇ ਮੁੜੀ ਸੀ। ਸ਼ਾਇਦ ਉਹ ਨਵੀਂ ਵਿਆਹ ਕੇ ਆਈ ਸਰਬਜੀਤ ਸੀ। ਹਰਜੀਤ ਉਸ ਦਾ ਚਿਹਰਾ ਨਹੀਂ ਸੀ ਦੇਖ ਪਾਇਆ ਪਰ ਉਸ ਦੀ ਮਹਿਕ ਨਾਲ ਸਾਰਾ ਘਰ ਭਰ ਗਿਆ ਸੀ। ਲਾਲ ਸੂਹਾ ਸੂਟ, ਹੱਥਾਂ ਵਿੱਚ ਪਾਇਆ ਚੂੜਾ, ਪੈਰਾਂ ਦੀਆਂ ਝਾਂਜਰਾਂ,  ਗੁੱਤ ਵਿੱਚ ਪਾਇਆ ਪਰਾਂਦਾ, ਕੰਨਾਂ ਵਿੱਚ ਪਾਏ ਵਾਲਿਆਂ ਦੇ ਪੱਤੇ ਹਵਾ ਵਿੱਚ ਕੋਈ ਗੀਤ ਬਿਖੇਰ ਰਹੇ ਸਨ। ਪੈਰ ਵਿੱਚ ਪਾਈ ਜੁੱਤੀ ਦੀ ਚੀਕੂ ਚੀਕੂ ਦੀ ਅਵਾਜ਼ ਵੀ ਬਹੁਤ ਮਿੱਠੀ ਲੱਗ ਰਹੀ ਸੀ।

ਇਸ ਤਰ੍ਹਾਂ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਸੀ ਹੋਇਆ ਹਰਜੀਤ ਨੂੰ। ਉਹ ਸੋਚ ਰਿਹਾ ਸੀ ਇਹ ਉਸ ਨੂੰ ਕੀ ਹੋ ਗਿਆ ਹੈ। ਰਾਤੀਂ ਸੁੱਖ ਉਸ ਨਾਲ ਵਿਆਹ ਦਿਆਂ ਗੱਲਾਂ ਕਰਦੀ ਰਹੀ ਸੀ…… ਸ਼ਾਇਦ ਇਹ ਸਭ ਉਸ ਦਾ ਅਸਰ ਸੀ ……

ਹਰਜੀਤ ਆਪਣੇ ਕਮਰੇ ਵਿੱਚ ਪਿਆ ਸੋਚ ਰਿਹਾ ਹੈ, ” ਉਹ ਸ਼ਖ਼ਸ ਜਿਸ ਦਾ ਪਰਛਾਵਾਂ ਐਨਾ ਹਸੀਨ, ਐਨਾ ਪਿਆਰਾ ਲੱਗਿਆ ਉਹ ਖ਼ੁਦ ਆਪ ਕਿੰਨਾ ਸੋਹਣਾ ਹੋਵੇਗਾ।”  ਉਹ ਹੈਰਾਨ ਸੀ ਉਸ ਨੂੰ ਸਰਬਜੀਤ ਦੀ ਇੱਕ ਅਧੂਰੀ ਝਲਕ ਨੇ ਹੀ ਕਿਵੇਂ ਮੋਹ ਲਿਆ ਸੀ। ਉਹ ਪਿਆ ਸੋਚ ਰਿਹਾ ਸੀ ਕਿ ਰੱਬ ਨੇ ਵੀ ਸਰਬਜੀਤ ਨੂੰ ਨਿਆਮਤ ਬਖ਼ਸ਼ੀ ਹੈ ਕੇ ਜਿੱਥੋਂ ਲੰਘ ਜਾਂਦੀ ਹੈ ਪੌਣਾਂ ਵੀ ਮਹਿਕਣ ਲੱਗ ਜਾਂਦੀਆਂ ਨੇ। ਸੁੱਖ ਤਾਹੀਂ ਤਾਂ ਤਾਰੀਫ਼ਾਂ ਕਰਦੀ ਨਹੀਂ ਸੀ ਥੱਕਦੀ। “

ਹਰਜੀਤ ਦੇ ਦਿਲ ਦੀ ਤਾਂਘ ਵਧ ਗਈ ਸੀ ਉਹ ਇੱਕ ਵਾਰ ਸਰਬਜੀਤ ਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਸੀ।

ਹਰਜੀਤ ਅਗਲੇ ਦਿਨ ਸਵੇਰੇ ਕੰਮ ਤੇ ਗਿਆ। ਕੰਮ ਤੇ ਵੀ ਸਾਰਾ ਦਿਨ ਪਤਾ ਨਹੀਂ ਕਿਹੜੇ ਖ਼ਿਆਲਾਂ ਵਿੱਚ ਖੋਇਆ ਰਿਹਾ। ਸਵੇਰ ਦਾ ਸਕੂਟਰ ਦਾ ਇੰਜਨ ਖੋਲ੍ਹਿਆ ਹੋਇਆ ਹੈ, ਸ਼ਾਮ ਪੈਣ ਵਾਲੀ ਹੈ ਅੱਜ ਕੁੱਝ ਵੀ ਕੰਮ ਨਹੀਂ ਸੀ ਨਿੱਬੜਿਆ।

ਹਰਜੀਤ ਆਸਿਫ਼ ਨੂੰ ਬੋਲਿਆ,” ਆ ਪੰਦਰਾਂ ਨੰਬਰ ਦੀ ਗੋਟੀ ਫੜਾਈਂ।”

ਇਸ ਤੋਂ ਪਹਿਲਾਂ ਆਸਿਫ਼ ਗੋਟੀ ਫੜਾਉਂਦਾ ਹਰਜੀਤ ਬੋਲ ਪਿਆ,” ਨਹੀਂ ਨਹੀਂ ਸਤਾਰਾਂ ਨੰਬਰ ਦੀ ਫੜਾ।”

ਆਸਿਫ਼ ਗੋਟੀ ਫੜਾਉਣ ਹੀ ਵਾਲਾ ਸੀ ਕੇ ਹਰਜੀਤ ਫੇਰ ਬੋਲ ਪਿਆ,” ਚਾਬੀ ਦੇ ਗੋਟੀ ਰਹਿਣ ਦੇ, ਪੰਦਰਾਂ ਸਤਾਰਾਂ ਦੀ ਚਾਬੀ ਦੇ ਦੇ।”

ਆਸਿਫ਼ ਹੈਰਾਨ ਸੀ ਉਸ ਨੇ ਕਦੇ ਵੀ ਹਰਜੀਤ ਨੂੰ ਇਸ ਤਰ੍ਹਾਂ ਬੌਂਦਲਿਆ ਹੋਇਆ ਨਹੀਂ ਸੀ ਦੇਖਿਆ, ਉਹ ਹਰਜੀਤ ਨੂੰ ਮਜ਼ਾਕ ਕਰਦਾ ਬੋਲਿਆ,” ਉਸਤਾਦ ਅੱਖਾਂ ਚੁੰਧਿਆ ਗਈਆਂ ਲਗਦੀਆਂ, ਤੂੰ ਤਾਂ ਹਨੇਰੇ ਵਿੱਚ ਵੀ ਛੂਹ ਕੇ ਢਿੰਬਰੀ ਦਾ ਨੰਬਰ ਦੱਸ ਦਿੰਦਾ ਸੀ ਅੱਜ ਕੀ ਹੋ ਗਿਆ।”

” ਸੱਚ ਹੀ ਕਹਿੰਦਾ ਤੂੰ ਵੀਰ ਆਸਿਫ਼, ਮੇਰੀਆਂ ਨਾ ਸੱਚੀਂ ਅੱਖਾਂ ਚੁੰਧਿਆ ਗਈਆਂ ਨੇ, ਲਿਸ਼ਕੋਰ ਤਾਂ ਕੱਲ੍ਹ ਦੀ ਪਈ ਹੋਈ ਹੈ ਦਿੱਖਣ ਅਜੇ ਤੱਕ ਨਹੀਂ ਲੱਗਿਆ।” ਹਰਜੀਤ ਮੁਸਕਰਾ ਕੇ ਬੋਲਿਆ

ਸਮਝ ਨਹੀਂ ਸੀ ਆਈ ਆਸਿਫ਼ ਨੂੰ ਕੀ ਕਹਿਣਾ ਚਾਹੁੰਦਾ ਸੀ ਹਰਜੀਤ, ਉਹ ਸਮਾਨ ਇਕੱਠਾ ਕਰਦਾ ਬੋਲਿਆ,” ਬੁਝਾਰਤਾਂ ਪਾਉਣੀਆਂ ਕਦੋਂ ਤੋਂ ਆ ਗਈਆਂ ਤੈਨੂੰ।”

” ਲਾ ਟਾਪਾ ਲਾ ਸਕੂਟਰ ਦਾ ਤੇ ਕਿੱਕ ਮਾਰ, ਕੰਮ ਨਬੇੜ ਕੇ ਘਰ ਜਾਣਾ ਹੈ…..” ਹਰਜੀਤ ਬੋਲਿਆ

ਆਸਿਫ਼ ਨੂੰ ਲੱਗਿਆ ਕੇ ਜਿਵੇਂ ਹਰਜੀਤ ਗੱਲ ਕਰਦਾ ਬਾਅਦ ਵਿੱਚ ਹੋਲੀ ਦੇਣੀ ਬੋਲਿਆ ਹੋਵੇ ,” ਘਰ ਜਾਣਾ ਹੈ….. ਇਸ ਤੋਂ ਪਹਿਲਾਂ ਕੇ ਤੰਦੂਰ ਠੰਢਾ ਹੋ ਜਾਵੇ।”

ਜਿਵੇਂ ਹੀ ਆਸਿਫ਼ ਨੇ ਸਕੂਟਰ ਦਾ ਟਾਪਾ ਚੁੱਕਿਆ ਤਾਂ ਟਾਪੇ ਵਿੱਚ ਪਈ ਪਿੰਨ ਦੇਖ ਕੇ ਹੈਰਾਨ ਹੋ ਗਿਆ,” ਓ ਤੇਰੀ !!! ਉਸਤਾਦ ਇੰਜਨ ਕਸ ਦਿੱਤਾ, ਆ ਪਿੰਨ ਤਾਂ ਬਾਹਰ ਹੀ ਪਈ ਰਹਿ ਗਈ। “

ਮੱਥੇ ਤੇ ਹੱਥ ਧਰ ਕੇ ਹੱਸ ਰਿਹਾ ਹੈ ਹਰਜੀਤ,” ਇਹ ਕੀ ਜਾਦੂ ਹੋ ਗਿਆ….. ਫੇਰ ਸਾਰਾ ਇੰਜਨ ਪੱਟਣਾ ਪੈਣਾ….. ਆਹ ਸਕੂਟਰ ਅੰਦਰ ਖੜ੍ਹਾ ਕਰਦੇ ਸਵੇਰੇ ਆਕੇ ਦੇਖਦੇ ਹਾਂ।”

ਇਸ ਤਰ੍ਹਾਂ ਪਹਿਲਾਂ ਤਾਂ ਕਦੇ ਨਹੀਂ ਸੀ ਹੋਇਆ , ਆਸਿਫ਼ ਨੂੰ ਲੱਗਿਆ ਕੱਲ੍ਹ ਹਰਜੀਤ ਨੂੰ ਬੁਖ਼ਾਰ ਹੋ ਗਿਆ ਸੀ ਸ਼ਾਇਦ ਇਹ ਸਭ ਉਸ ਦਾ ਅਸਰ ਹੈ, …… ਤੰਦੂਰ ਠੰਢਾ ਹੋ ਜਾਣਾ, ਜਾਦੂ ਹੋ ਗਿਆ….ਲਿਸ਼ਕੋਰ ਤਾਂ ਕੱਲ੍ਹ ਦੀ ਪਈ ਹੈ….. ਇਹ ਕੀ ਅਵਾ ਤਵਾ ਬੋਲੀ ਰਿਹਾ ਸੀ ਹਰਜੀਤ ….. ਆਸਿਫ਼ ਨੂੰ ਲੱਗਿਆ ਜਿਵੇਂ ਬੁਖ਼ਾਰ ਹਰਜੀਤ ਦੇ ਦਿਮਾਗ਼ ਨੂੰ ਚੜ੍ਹ ਗਿਆ ਹੋਵੇ।

ਹਰਜੀਤ ਬਗੈਰ ਕਿਸੇ ਨਾਲ ਗੱਲ ਕਰਿਆ ਕੰਮ ਵਾਲੀ ਡਾਂਗਰੀ ਬਦਲ ਕੇ ਘਰ ਚੱਲਿਆ ਗਿਆ। ਸਾਝਰੇ ਘਰ ਆਏ ਹਰਜੀਤ ਨੂੰ ਦੇਖ ਕੇ ਸੁਖਮਨ ਬੋਲੀ,” ਕੀ ਹੋਇਆ ਵੀਰ ਜੀ ਤਬੀਅਤ ਠੀਕ ਨਹੀਂ ਹੋਈ ਅੱਜ ਫੇਰ ਜਲਦੀ ਆ ਗਏ।”

” ਹਾਂ ਸੁੱਖ ਮੈਂ ਠੀਕ ਨਹੀਂ ਸੀ ਮਹਿਸੂਸ ਕਰ ਰਿਹਾ ਇਸ ਕਰਕੇ ਜਲਦੀ ਆ ਗਿਆ।” ਹਰਜੀਤ ਜਵਾਬ ਦਿੰਦਾ ਸੁਖਮਨ ਨਾਲ ਅੱਖ ਨਹੀਂ ਸੀ ਮਿਲਾ ਪਾ ਰਿਹਾ

ਸੁਖਮਨ ਬੋਲੀ,” ਵੀਰੇ ਤੁਸੀਂ ਪੈ ਜਾਵੋ ਮੈਂ ਤੁਹਾਡੇ ਲਈ ਤੁਲਸੀ ਪਾ ਕੇ ਚਾਹ ਬਣਾ ਕੇ ਲਿਆਂਦੀ ਹਾਂ।”

ਸੁਖਮਨ ਹਰਜੀਤ ਲਈ ਜਲਦੀ ਜਲਦੀ ਚਾਹ ਬਣਾ ਕੇ ਲਿਆਈ ਚਾਹ ਦਾ ਕੱਪ ਫੜਾ ਕੇ ਬੋਲੀ,” ਵੀਰੇ ਤੁਸੀਂ ਚਾਹ ਪੀ ਕੇ ਪੈ ਜਾਵੋ, ਜੇ ਤੁਹਾਡਾ ਸਿਰ ਦੁੱਖ ਦਾ ਤਾਂ ਮੈਂ
ਘੁੱਟ ਦਿੰਦੀ ਹਾਂ।”

” ਨਹੀਂ ਨਹੀਂ ਨਿੱਕੀਏ ਮੈਂ ਠੀਕ ਹਾਂ।” ਹਰਜੀਤ ਚਾਹ ਦਾ ਘੁੱਟ ਭਰਦਾ ਬੋਲਿਆ

” ਚੰਗਾ ਵੀਰੇ ਮੈਂ ਤੰਦੂਰ ਭਖਾ ਕੇ ਆਉਂਦੀ ਹਾਂ, ਸਾਰੀਆਂ ਆਉਣ ਵਾਲੀਆਂ ਨੇ।” ਸੁਖਮਨ ਹਰਜੀਤ ਦੇ ਮੱਥੇ ਤੇ ਹੱਥ ਰੱਖ ਕੇ ਬੁਖ਼ਾਰ ਟੋਹਿੰਦੀ ਬੋਲੀ

ਅੱਜ ਸੁਖਮਨ ਦੀ ਵਾਰੀ ਹੈ ਤੰਦੂਰ ਭਖਾਉਣ ਤੇ ਤੰਦੂਰ ਵਿੱਚ ਰੋਟੀਆਂ ਲਾਉਣ ਦੀ।

ਕੁੱਝ ਹੀ ਦੇਰ ਵਿੱਚ ਬੀਹੀ ਦੀਆਂ ਸਾਰੀਆਂ ਤੀਵੀਆਂ ਆਪੋ ਆਪਣੀਆਂ ਪਰਾਤਾਂ ਲੈ ਕੇ ਆਉਣ ਲੱਗ ਪਈਆਂ। ਜਿਸ ਦਾ ਹਰਜੀਤ ਨੂੰ ਇੰਤਜ਼ਾਰ ਸੀ ਉਹ ਅਜੇ ਤੱਕ ਵੀ ਨਹੀਂ ਸੀ ਆਈ।  ਜਿਵੇਂ ਜਿਵੇਂ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ ਹੋਣ ਲੱਗੀਆਂ ਹਰਜੀਤ ਦੀ ਬੇਚੈਨੀ ਵੱਧ ਗਈ ਸੀ। ਉਸ ਨੂੰ ਲੱਗਿਆ ਸ਼ਾਇਦ ਅੱਜ ਸਰਬਜੀਤ ਨੇ ਆਉਣਾ ਨਹੀਂ ….. ਉਹ ਜਿਵੇਂ ਹੀ ਉੱਠ ਕੇ ਰਸੋਈ ਵਿੱਚ ਪਾਣੀ ਪੀਣ ਗਿਆ ਪਿੱਛੋਂ ਤੰਦੂਰ ਤੇ ਸਰਬਜੀਤ ਆ ਗਈ।

ਜੱਫੀ ਪਾ ਕੇ ਮਿਲੀ ਹੈ ਸੁਖਮਨ ਸਰਬਜੀਤ ਨੂੰ, ” ਭਾਬੀ ਕਾਲੇ ਸੂਟ ਵਿੱਚ ਤਾਂ ਕਾਤਲ ਲੱਗ ਰਹੀ ਹੈ,  ਹਾਏ !!! ਕਿੰਨੀ ਸੋਹਣੀ ਲੱਗ ਰਹੀ ਹੈ ਮੇਰੀ ਭਾਬੀ।”

ਸਰਬਜੀਤ ਨੇ ਪਿਆਰ ਵਿੱਚ ਸੁਖਮਨ ਦੀ ਗੱਲੵ ਤੇ ਚੂੰਡੀ ਭਰ ਲਈ

” ਭਾਬੀ ਭਾਬੀ…. ਹਾੜਾ !!!! ਅੰਦਰੋਂ ਰਸੋਈ ਵਿੱਚੋਂ ਆਟੇ ਵਾਲੀ ਪ੍ਰਾਂਤ ਲੈ ਕੇ ਆਵੀ,  ਮੈਂ ਨਾ ਆਟਾ ਗੁੰਨ੍ਹ ਕੇ ਅੰਦਰ ਹੀ ਭੁੱਲ ਆਈ।” ਸੁਖਮਨ ਸਰਬਜੀਤ ਨੂੰ ਘੁੱਟ ਕੇ ਕਲਾਵੇ ਵਿੱਚ ਲੈਂਦੀ ਬੋਲੀ

ਜਿਵੇਂ ਹੀ ਸਰਬਜੀਤ ਰਸੋਈ ਵਿੱਚ ਗਈ ਅੰਦਰ ਪਾਣੀ ਪੀ ਰਿਹਾ ਹਰਜੀਤ, ਸਰਬਜੀਤ ਨੂੰ ਐਨੀ ਨੇੜਿਉਂ ਦੇਖ ਕੇ ਸੁੰਨ ਹੋ ਗਿਆ। ਸਰਬਜੀਤ ਨੇ ਵੀ ਹਰਜੀਤ ਨੂੰ ਦੇਖਿਆ ਤਾਂ ਆਪਣਾ ਮੂੰਹ ਚੁੰਨੀ ਨਾਲ ਢੱਕ ਲਿਆ। ਜਲਦੀ ਜਲਦੀ ਪ੍ਰਾਂਤ ਚੁੱਕ ਕੇ ਬਾਹਰ ਆ ਗਈ। ਹਰਜੀਤ ਅਜੇ ਵੀ ਰਸੋਈ ਵਿੱਚ ਹੀ ਖੜ੍ਹਾ ਹੈ।

ਉਸ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕੇ ਉਹ ਪਹਿਲੀ ਵਾਰ ਸਰਬਜੀਤ ਨੂੰ ਐਨੀ ਨੇੜਿਉਂ ਦੇਖੇਗਾ। ਹਰਜੀਤ ਨੇ ਬਹਾਰ ਦੇਖ ਲਈ ਸੀ। ਖ਼ੂਬਸੂਰਤੀ ਦਾ ਇਹੋ ਜਿਹਾ ਝਾਕਾ ਉਸ ਨੇ ਪਹਿਲਾਂ ਕਦੇ ਨਹੀਂ ਸੀ ਦੇਖਿਆ। ਜਿਸ ਤਰ੍ਹਾਂ ਹਰਜੀਤ ਨੂੰ ਇਕੱਲੇ ਰਸੋਈ ਵਿੱਚ ਦੇਖ ਕੇ ਸਰਬਜੀਤ ਨੇ ਆਪਣਾ ਮੂੰਹ ਢੱਕ ਲਿਆ ਸੀ ਇਸ ਅਦਾ ਨੇ ਤਾਂ ਉਸ ਨੂੰ ਪਾਗਲ ਕਰ ਦਿੱਤਾ ਸੀ।

ਹਰਜੀਤ ਇਕੱਲਾ ਬੈਠਾ ਸੋਚ ਰਿਹਾ ਹੈ,” ਅੱਖ ਸੋਹਣੀ, ਅੱਖ ਨਾਲੋਂ ਵੀ ਸੋਹਣਾ ਮੱਥਾ, ਮੱਥੇ ਤੇ ਬਿੰਦੀ ਕਿਸੇ ਚੰਨ ਦਾ ਭੁਲੇਖਾ ਪਾਉਂਦੀ,  ਉਸ ਭੁਲੇਖੇ ਨਾਲੋਂ ਵੀ ਹਸੀਨ ਕੰਨਾਂ ਦੇ ਵਾਲੇ, ਕੰਨਾਂ ਦੇ ਵਾਲਿਆਂ ਦਾ ਲਹਿਰਾਉਣਾ ਕਿਸੇ ਪਿੱਪਲ ਦੇ ਪੱਤ ਵਰਗਾ ਤੇ ਕੋਕਾ, ਕੋਕਾ ਤਾਂ ਜਮਾਂ ਕਾਤਲ ਨੱਕ ਵਰਗਾ ਤਿੱਖਾ ਤੇਜ਼ ਤਰਾਰ। ਬਾਂਹਾਂ ਵਾਲਾ ਚੂੜਾ ਤੇ ਪੈਰਾਂ ਦੀਆਂ ਝਾਂਜਰਾਂ ਤਾਂ ਕਿਸੇ ਗੀਤ ਦੇ ਸਾਜ਼ ਦੀ ਤਰ੍ਹਾਂ ਤਰੰਨਮ ਵਿੱਚ ਬੋਲਦੇ ਹਨ…….. ਮੱਥੇ ਤੇ ਲਟਾਂ ਦੇ ਛੱਲੇ……  ਕਾਲੇ ਰੰਗ ਦੀ ਚੁੰਨੀ ਪਿੱਛੇ ਜਿਵੇਂ ਹੀ ਸਰਬਜੀਤ ਨੇ ਚਿਹਰਾ ਢਕਿਆ ਸੀ , ਹਰਜੀਤ ਨੂੰ ਲੱਗਿਆ ਸੀ ਜਿਵੇਂ ਚੰਨ ਨੂੰ ਬੱਦਲਾਂ ਨੇ ਆਪਣੀ ਆਗੋਸ਼ ਵਿੱਚ ਲੈ ਲਿਆ ਹੋਵੇ।”

ਹੁਣ ਤਾਂ ਰੋਜ਼ ਦੀ ਆਦਤ ਹੋ ਗਈ ਹੈ ਹਰਜੀਤ ਦੀ, ਕੰਮ ਤੋਂ ਸ਼ਾਮ ਨੂੰ ਜਲਦੀ ਘਰ ਆ ਜਾਂਦਾ ਹੈ। ਸਰਬਜੀਤ ਦਾ ਇੱਕ ਝਾਕਾ ਉਸ ਦੀ ਰੂਹ ਨੂੰ ਸਕੂਨ ਦਿੰਦਾ ਹੈ। ਹਰਜੀਤ ਦੇ ਕਮਰੇ ਦੀ ਜਿਹੜੀ ਖਿੜਕੀ ਬੀਹੀ ਵਿੱਚ ਖੁੱਲ੍ਹਦੀ ਸੀ ਜੋ ਮੁੱਦਤਾਂ ਤੋਂ ਬੰਦ ਪਈ ਸੀ ਉਹ ਵੀ ਹਰਜੀਤ ਨੇ ਖੋਲ੍ਹ ਦਿੱਤੀ ਹੈ। ਉਸ ਦੀ ਬੀਆਬਾਨ ਜ਼ਿੰਦਗੀ ਨੇ ਅੰਗੜਾਈ ਲਿੱਤੀ ਹੈ। ਰੋਹੀ ਦੇ ਤੱਪੜਾਂ ਵਰਗੀ ਜ਼ਿੰਦਗੀ ਤੇ ਕੋਈ ਖ਼ੁਸ਼ੀ ਦਾ ਬੱਦਲ ਵਰ ਗਿਆ ਲਗਦਾ।

ਆਸਿਫ਼ ਹਰਜੀਤ ਵਿੱਚ ਆਏ ਇਸ ਬਦਲਾਅ ਤੋਂ ਬਹੁਤ ਹੈਰਾਨ ਹੈ ਪਰ ਉਸ ਨੂੰ ਸਮਝ ਨਹੀਂ ਆ ਰਹੀ ਕੇ ਇਸ ਸਭ ਪਿੱਛੇ ਕੀ ਕਾਰਨ ਹੈ। ਅੱਜ ਤੱਕ ਕਦੇ ਵੀ ਉਨ੍ਹਾਂ ਨੇ ਆਪਣੇ ਦਿਲ ਦੀ ਇੱਕ ਦੂਜੇ ਤੋਂ ਨਹੀਂ ਸੀ ਲੁਕਾਈ।

ਆਸਿਫ਼ ਨੇ ਹਿੰਮਤ ਕਰ ਕੇ ਹਰਜੀਤ ਨੂੰ ਪੁੱਛਿਆ, ” ਵੀਰ ਪਿਛਲੇ ਕਈ ਦਿਨਾਂ ਤੋਂ ਤੂੰ ਬਹੁਤ ਬਦਲਿਆ ਬਦਲਿਆ ਲੱਗ ਰਿਹਾ ….. ਤੂੰ ਠੀਕ ਤਾਂ ਹੈਂ ਵੀਰ “

ਆਸਿਫ਼ ਤੈਨੂੰ ਕੀ ਦੱਸਾਂ,” ਇਸ ਤਰ੍ਹਾਂ ਲਗਦਾ ਜਿਵੇਂ ਜਿਊਣਾ ਦਾ ਮਕਸਦ ਮਿਲ ਗਿਆ ਹੋਵੇ……. “

” ਕੀ ਮਤਲਬ ” ਆਸਿਫ਼ ਨੇ ਹੈਰਾਨ ਹੁੰਦਿਆਂ ਪੁੱਛਿਆ…….

ਆਸਿਫ਼ ਛੋਟਾ ਜਿਹਾ ਸੀ ਜਦੋਂ ਉਹ ਰਿਜ਼ਕ ਕਮਾਉਣ ਲੱਗ ਪਿਆ ਸੀ। ਉਦੋਂ ਉਹ ਬੂਟ ਪਾਲਿਸ਼ ਕਰਦਾ ਹੁੰਦਾ ਸੀ। ਗੱਲ ਪੁਰਾਣੀ ਹੈ ਜਦੋਂ ਕੇਰਾਂ ਹਰਜੀਤ ਦੇ ਪਿਤਾ ਨੇ ਆਸਿਫ਼ ਕੋਲੋਂ ਜੁੱਤੀ ਪਾਲਿਸ਼ ਕਰਵਾਈ ਸੀ। ਆਸਿਫ਼ ਨੇ ਜੁੱਤੀ ਪਾਲਿਸ਼ ਦੇ ਪੰਦਰਾਂ ਰੁਪਏ ਮੰਗੇ ਤੇ ਹਰਜੀਤ ਦੇ ਪਿਤਾ ਨੇ ਜੁੱਤੀ ਪਾਲਿਸ਼ ਕਰਵਾ ਕੇ ਉਸ ਨੂੰ ਵੀਹ ਦਾ ਨੋਟ ਫੜਾ ਦਿੱਤਾ।

ਆਸਿਫ਼ ਬੋਲਿਆ ਸੀ,” ਸਾਹਿਬ ਖੁੱਲ੍ਹੇ ਦੇ ਦੇਵੋ।”

ਹਰਜੀਤ ਦੇ ਪਿਤਾ ਖ਼ੁਸ਼ ਹੋ ਕੇ ਬੋਲੇ ਸੀ ,” ਬੱਚਿਆ ਸਾਰੇ ਰੱਖ ਲੈ।”

” ਨਹੀਂ ਸਾਹਿਬ ਮੈਂ ਬਖ਼ਸ਼ੀਸ਼ ਨਹੀਂ ਲੈਂਦਾ, ਮੇਰੇ ਅੱਬੂ ਕਹਿੰਦੇ ਹਨ ਬਖ਼ਸ਼ੀਸ਼ ਲੈਣ ਵਾਲੇ ਦਾ ਸਬਰ ਮੁੱਕ ਜਾਂਦਾ। ਤੁਸੀਂ ਰੁਕੋ ਮੈਂ ਨੋਟ ਤੁੜਵਾ ਕੇ ਲਿਆਂਦਾ।” ਆਸਿਫ਼ ਭੱਜ ਕੇ ਨੋਟ ਤੁੜਵਾ ਕੇ ਲਿਆਇਆ ਤੇ ਪੰਜ ਰੁਪਏ ਹਰਜੀਤ ਦੇ ਪਿਤਾ ਨੂੰ ਮੋੜ ਦਿੱਤੇ।

ਦਿਲ ਜਿੱਤ ਲਿਆ ਸੀ ਆਸਿਫ਼ ਨੇ ਹਰਜੀਤ ਦੇ ਪਿਤਾ ਦਾ ਉਨ੍ਹਾਂ ਨੇ ਪੁੱਛਿਆ, ” ਬੇਟਾ ਕੰਮ ਸਿੱਖਣਾ ਚਾਹੁੰਦਾ, ਹੁਨਰਮੰਦ ਬਣਾ ਦੇਵਾਂਗਾ ਤੈਨੂੰ।”

ਆਸਿਫ਼ ਬੋਲਿਆ ਸੀ,” ਸਾਹਿਬ ਜੇ ਨਾਲ ਮਿਹਨਤਾਨਾ  ਮਿਲੇਗਾ ਤਾਂ ਜ਼ਰੂਰ ਸਿੱਖਾਂਗਾ। ਮਾਂ ਦੀ ਬਿਮਾਰੀ ਤੇ ਬਹੁਤ ਖਰਚਾ ਹੋ ਜਾਂਦਾ ਸਾਹਿਬ।”

ਹਰਜੀਤ ਦੇ ਪਿਤਾ ਬੋਲੇ ,” ਦੇਵਾਂਗਾ ਕਿਉਂ ਨਹੀਂ ਦੇਵਾਂਗਾ। ਕੱਲ੍ਹ ਤੋਂ ਦੁਕਾਨ ਤੇ ਆ ਜਾਵੀਂ।”

ਇਸ ਤਰ੍ਹਾਂ ਆਸਿਫ਼ ਜੁੜ ਗਿਆ ਸੀ ਹਰਜੀਤ ਹੋਣਾ ਨਾਲ। ਹਰ ਦੁੱਖ ਸੁੱਖ ਵਿੱਚ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਹਰਜੀਤ ਹੋਣਾ ਨਾਲ ਅੱਜ ਤੱਕ ਖੜ੍ਹਾ ਹੈ……..

ਜਦੋਂ ਦਾ ਹਰਜੀਤ ਨੇ ਦੱਸਿਆ ਹੈ ਕੇ ਉਸ ਨੂੰ ਜਿਊਣ ਦੀ ਵਜ੍ਹਾ ਮਿਲ ਗਈ ਹੈ…..ਆਸਿਫ਼ ਦੀ ਉਤਸੁਕਤਾ ਵੱਧ ਗਈ ਹੈ। ਉਹ ਵੀ ਆਪਣੇ ਯਾਰ ਦੇ ਮੂੰਹ ਤੋਂ ਉਸ ਦੇ ਇਸ ਨਵੇਂ ਹਮਸਾਏ ਦਾ ਨਾਮ ਪੁੱਛਣਾ ਚਾਹੁੰਦਾ ਹੈ।

ਰੋਜ਼ੇ ਚੱਲ ਰਹੇ ਹਨ। ਆਸਿਫ਼ ਨੇ ਸਵੇਰੇ ਸਾਝਰੇ ਉੱਠ ਕੇ ਰੋਜ਼ਾ ਰੱਖਿਆ ਹੈ। ਉਸ ਦੇ ਘਰ ਦੇ ਨਜ਼ਦੀਕ ਕੋਈ ਮਸਜਿਦ ਨਾ ਹੋਣ ਕਰਕੇ, ਉਹ ਘਰੇ ਫਜ਼ਰ ਦੀ ਨਮਾਜ਼ ਅਦਾ ਕਰਕੇ ਗੁਰਦੁਆਰੇ ਚੱਲਿਆ ਆਇਆ ਹੈ। ਸਿਰ ਝੁਕਾ ਕੇ ਆਇਆ ਹੈ ਗ੍ਰੰਥ ਸਾਹਿਬ ਦੇ ਅੱਗੇ ਤੇ ਦੁਕਾਨ ਤੇ ਪਹੁੰਚ ਗਿਆ ਹੈ। ਅੱਜ ਮਹੀਨੇ ਦਾ ਆਖ਼ਰੀ ਸੋਮਵਾਰ ਹੈ ਇਸ ਦਿਨ ਦੁਕਾਨਾਂ ਬੰਦ ਰਹਿੰਦੀਆਂ ਹਨ। ਪਰ ਸ਼ੁਰੂ ਤੋਂ ਹੀ ਹਰਜੀਤ ਤੇ ਆਸਿਫ਼ ਇਸ ਦਿਨ ਵੀ ਆ ਕੇ ਦੁਕਾਨ ਦੇ ਬਾਹਰ ਬੈਠੇ ਰਹਿੰਦੇ ਹਨ…. ਅੱਜ ਵੀ ਦੋਵੇਂ ਦੋਸਤ ਬੈਠੇ ਹਨ ਤੇ ਆਸਿਫ਼ ਨੇ ਬਹੁਤ ਪਿਆਰ, ਇੱਜ਼ਤ, ਅਹਿਤਰਾਮ ਨਾਲ ਹਰਜੀਤ ਨੂੰ ਉਸ ਦੇ ਜ਼ਿੰਦਗੀ ਦੇ ਵਿੱਚ ਆਏ ਇਸ ਖ਼ੂਬਸੂਰਤ ਮੋੜ ਵਾਰੇ ਪੁੱਛਿਆ ਹੈ…..

ਹਰਜੀਤ ਨੇ ਬਹੁਤ ਖ਼ੁਸ਼ੀ ਨਾਲ ਆਪਣੀ ਗੱਲ ਸੁਣਾਉਣੀ ਸ਼ੁਰੂ ਕੀਤੀ….. ” ਯਾਰਾ ਉਹ ਤੁਰਦੀ ਹੈ ਨਾ ਤਾਂ ਇਸ ਤਰ੍ਹਾਂ ਲਗਦਾ ਹੈ ਕੋਈ ਅੱਲ੍ਹੜ ਨਦੀ ਪੂਰੇ ਜੋਬਨ ਤੇ ਹੋਵੇ…. ਉਸ ਦੇ ਹਾਸਿਆਂ ਵਿੱਚ ਸਵਰਗ ਦਾ ਝੂਟਾ ਹੈ…. ਉਸ ਨੂੰ ਨਜ਼ਰ ਭਰ ਕੇ ਦੇਖ ਲਵੋ ਤਾਂ ਉਮਰਾਂ ਦੀ ਥਕਾਵਟ ਦੂਰ ਹੋ ਜਾਂਦੀ ਹੈ….. ਇਸ ਤਰ੍ਹਾਂ ਲਗਦਾ ਹੈ ਜਿਵੇਂ ਅੰਬਰਾਂ ਦੀ ਕੋਈ ਹੂਰ ਪਰੀ ਜ਼ਮੀਨ ਤੇ ਉੱਤਰ ਆਈ ਹੋਵੇ………”

” ਮਾਸ਼ਾ ਅੱਲਾ ਕੌਣ ਹੈ ਮੇਰੇ ਯਾਰ ਦੀ ਇਹ ਨਵੀਂ ਖ਼ੁਸ਼ੀ ਕੀ ਮੈਂ ਨਾਮ ਜਾਣ ਸਕਦਾ ਹਾਂ ।” ਆਸਿਫ਼ ਖ਼ੁਸ਼ੀ ਜ਼ਾਹਿਰ ਕਰਦਾ ਬੋਲਿਆ

” ਸਰਬਜੀਤ…… !!!!”

ਜਿਵੇਂ ਹੀ ਹਰਜੀਤ ਨੇ ਹੁੱਬ ਕੇ ਨਾਮ ਦੱਸਿਆ,  ਆਸਿਫ਼ ਨੇ ਹੈਰਾਨ ਹੁੰਦਿਆਂ ਪੁੱਛਿਆ,” ਕੌਣ ਸਰਬਜੀਤ, ਉਹੀ ਜਿਹੜੀ ਤੁਹਾਡੇ ਮੁਹੱਲੇ ਵਿੱਚ ਵਿਆਹ ਕੇ ਆਈ ਹੈ।”

” ਹਾਂ ਹਾਂ ਉਹੀ ….ਉਹੀ ਸਰਬਜੀਤ।” ਹਰਜੀਤ ਨੇ ਇੱਕ ਦਮ ਖ਼ੁਸ਼ ਹੁੰਦਿਆਂ ਕਿਹਾ।

” ਲਾ ਹੌਲ ਵਿਲਾ…” ਕਹਿ ਕੇ ਆਸਿਫ਼ ਚੁੱਪ ਕਰ ਗਿਆ।

ਹਰਜੀਤ ਨੇ ਹੈਰਾਨ ਹੁੰਦੇ ਨੇ ਪੁੱਛਿਆ, ” ਕੀ ਹੋਇਆ….।”

ਬਹੁਤ ਦੇਰ ਚੁੱਪ ਕਰਨ ਤੋਂ ਬਾਅਦ ਆਸਿਫ਼ ਬੋਲਿਆ,” ਦੇਖ ਯਾਰਾ ਉਹ ਕਿਸੇ ਦੀ ਅਮਾਨਤ ਹੈ। ਕਿਸੇ ਦੀ ਬੇਗ਼ਮ ਹੈ। ਤੇਰਾ ਉਸ ਨੂੰ ਇਸ ਨਿਗਾਹ ਨਾਲ ਦੇਖਣਾ , ਉਸ ਦੇ ਹੁਸਨ ਦੀ, ਉਸ ਦੇ ਬਦਨ ਦੀ ਤਾਰੀਫ਼ ਕਰਨਾ ਜਾਇਜ਼ ਨਹੀਂ ਹੈ।”

ਹਰਜੀਤ ਇੱਕ ਦਮ ਆਪਣਾ ਪੱਖ ਰੱਖਦਾ ਬੋਲਿਆ,” ਸੁਖਮਨ ਵੀ ਤਾਂ ਸਾਰਾ ਦਿਨ ਉਸ ਦੀ ਤਾਰੀਫ਼ ਕਰਦੀ ਹੈ ….. ਜੇ ਮੈਂ ਕਰ ਦਿੱਤੀ ਕੀ ਨਜਾਇਜ਼ ਹੋ ਗਿਆ।”

” ਤੂੰ ਆਪਣੇ ਤੇ ਸੁਖਮਨ ਵਿੱਚ ਫ਼ਰਕ ਸਮਝਣ ਦੀ ਕੋਸ਼ਿਸ਼ ਕਰ। ਉਨ੍ਹਾਂ ਦਾ ਰਿਸ਼ਤਾ ਨਣਦ ਭਰਜਾਈ ਦਾ ਹੈ ਤੇ ਤੇਰਾ ਦਿਉਰ ਭਾਬੀ ਦਾ। ਹਰ ਰਿਸ਼ਤੇ ਦੀ ਆਪਣੀ ਮਰਿਆਦਾ, ਆਪਣੀ ਹੱਦ ਹੁੰਦੀ ਹੈ।” ਆਸਿਫ਼ ਹਰਜੀਤ ਨਾਲ ਅਸਹਿਮਤੀ ਜ਼ਾਹਿਰ ਕਰਦਾ ਬੋਲਿਆ।

” ਮੈਂ ਇਨ੍ਹਾਂ ਰਿਸ਼ਤਿਆਂ ਨੂੰ ਨਹੀਂ ਮੰਨਦਾ। ਮੈਨੂੰ ਤਾਂ ਸਿਰਫ਼ ਐਨਾ ਪਤਾ ਹੈ ਕੇ ਸਰਬਜੀਤ ਮੈਨੂੰ ਬਹੁਤ ਚੰਗੀ ਲਗਦੀ ਹੈ, ਉਸ ਨੂੰ ਦੇਖ ਲੈਂਦਾ ਹਾਂ ਤਾਂ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਹੈ। ਉਹ ਭਾਵੇਂ ਕੁੱਝ ਦਿਨਾਂ ਵਿੱਚ ਹੀ ਮੇਰੀ ਮਜਬੂਰੀ ਬਣ ਗਈ ਹੈ ਪਰ ਮੇਰਾ ਰੱਬ ਜਾਣਦਾ ਮੇਰੀ ਸੋਚ, ਮੇਰੀ ਨਜ਼ਰ ਵਿੱਚ ਕੋਈ ਮੈਲ ਨਹੀਂ ਹੈ। ਮੈਂ ਉਸ ਨੂੰ ਛੂਹਣਾ ਨਹੀਂ ਚਾਹੁੰਦਾ, ਮੈਂ ਉਸ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਮੈਂ ਨਹੀਂ ਚਾਹੁੰਦਾ ਕੇ ਉਹ ਮੇਰੇ ਨੇੜੇ ਆਵੇ ….. ਮੈਂ ਉਸ ਨੂੰ ਆਪਣੇ ਦਿਲ ਦੀ ਹਾਲਤ ਦੱਸਣਾ ਵੀ ਨਹੀਂ ਚਾਹੁੰਦਾ….. ਹਾਂ ਪਰ ਮੈਂ ਇਹ ਵੀ ਨਹੀਂ ਕਹਿੰਦਾ ਕੇ ਮੈਂ ਉਸ ਨੂੰ ਦੇਖੇ ਬਗੈਰ ਸਾਰ ਸਕਦਾ ਹਾਂ……।” ਹਰਜੀਤ ਆਪਣੇ ਮਨ ਦੀ ਕਹਿ ਰਿਹਾ ਹੈ

ਆਸਿਫ਼ ਹੈਰਾਨ ਪਰੇਸ਼ਾਨ ਬੈਠਾ ਹੈ, ਉਸ ਨੂੰ ਸਮਝ ਨਹੀਂ ਆ ਰਹੀ ਕੇ ਕਿੱਥੋਂ ਸ਼ੁਰੂ ਕਰੇ , ਫੇਰ ਉਹ ਬੋਲਿਆ,” ਦੇਖ ਹਰਜੀਤ ਸਾਡੇ ਮਾਸ਼ਰੇ ਵਿੱਚ ਨਾ ਖ਼ਾਤੂਨ ਨੂੰ ਬੁਰਕਾ ਲਾਜ਼ਮੀ ਹੈ, ਇਹ ਇਸ ਤਰ੍ਹਾਂ ਦੀਆਂ ਗ਼ਲਤ ਫਹਿਮੀਆਂ ਨੂੰ ਦੂਰ ਰੱਖਣ ਲਈ ਹੈ। ਜੇ ਸਰਬਜੀਤ ਦੇ ਚਿਹਰੇ ਤੇ ਬੁਰਕਾ ਨਹੀਂ ਸੀ ਤਾਂ ਲਾਜ਼ਮੀ ਸੀ ਤੂੰ ਆਪਣੀ ਨਜ਼ਰ ਤੇ ਨਕਾਬ ਰੱਖਦਾ….. ਇਸ ਤਰ੍ਹਾਂ ਦੀ ਸੋਚ ਹਰਾਮ ਹੈ।”

” ਦੇਖ ਆਸਿਫ਼ ਤੂੰ ਮੇਰੀ ਇਸ ਖ਼ੁਸ਼ੀ ਨੂੰ ਗ਼ਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ….ਇਹ ਤੇਰੇ ਲਈ ਠੀਕ ਨਹੀਂ ਹੈ…. ਤੈਨੂੰ ਤਾਂ ਪਤਾ ਹੈ ਮੈਂ ਅੱਜ ਤੱਕ ਕਿਸੇ ਨੂੰ ਵੀ ਮਾੜੀ ਨਜ਼ਰ ਨਾਲ ਨਹੀਂ ਤੱਕਿਆ …. ਮੈਂ ਮਜਬੂਰ ਹਾਂ ਮੇਰੇ ਵੱਸ ਦੀ ਗੱਲ ਨਹੀਂ … ਹੁਣ ਮੈਂ ਕੀ ਕਰਾਂ ਜੇ ਮੈਨੂੰ ਸਰਬਜੀਤ ਐਨੀ ਚੰਗੀ ਪਿਆਰੀ ਸੋਹਣੀ ਲੱਗਦੀ ਹੈ।” ਹਰਜੀਤ ਉਦਾਸ ਹੁੰਦਾ ਬੋਲਿਆ,” ਪਹਿਲੀ ਵਾਰ ਕੋਈ ਆਪਣਾ ਜਿਹਾ ਲੱਗਿਆ ਹੈ ਤੇ ਤੂੰ…..।”

ਆਸਿਫ਼ ਹਰਜੀਤ ਨੂੰ ਵਿੱਚੇ ਟੋਕਦਾ ਬੋਲਿਆ,” ਇਹ ਹੀ ਤਾਂ ਸਭ ਤੋਂ ਵੱਡੀ ਬੁਰਾਈ ਹੈ ਇਨਸਾਨ ਵਿੱਚ, ਜਦੋਂ ਉਸ ਨੂੰ ਕੁੱਝ ਚੰਗਾ ਲਗਦਾ ਹੈ ਫੇਰ ਉਸ ਨੂੰ ਉਸ ਤੇ ਆਪਣੀ ਮਲਕੀਅਤ ਵੀ ਚਾਹੀਦੀ ਹੁੰਦੀ ਹੈ।

ਦੇਖ ਮੈਂ ਜਦੋਂ ਛੋਟਾ ਜਿਹਾ ਸੀ ” ਤਾਰਾ ” ਮੇਰੀ ਬੁਲਬੁਲ ਨੇ ਸਾਡੇ ਘਰ ਦੇ ਬਾਹਰ ਦਰੱਖਤ ਤੇ ਆਲ੍ਹਣਾ ਪਾਇਆ। ਜਦੋਂ ਉਹ ਸਵੇਰੇ ਸਵੇਰੇ ਆਪਣੇ ਆਲ੍ਹਣੇ ਵਿੱਚ ਬੋਲਦੀ ਤਾਂ ਮੈਨੂੰ ਉਸ ਦੀ ਅਵਾਜ਼ ਬਹੁਤ ਸੋਹਣੀ ਲੱਗਦੀ।ਇਸ਼ਕ ਹੋ ਗਿਆ ਸੀ ਮੈਨੂੰ ਉਸ ਦੀ ਅਵਾਜ਼ ਨਾਲ। ਫੇਰ ਮੈਨੂੰ ਡਰ ਲੱਗਣ ਲੱਗ ਪਿਆ ਕੇ ਇੱਕ ਦਿਨ ਇਹ ਆਪਣੇ ਬੱਚੇ ਪਾਲ ਕੇ ਉੱਡ ਜਾਵੇਗੀ। ਮੈਂ ਉਸ ਨੂੰ ਖੋਣਾ ਨਹੀਂ ਸੀ ਚਾਹੁੰਦਾ। ਇੱਕ ਦਿਨ ਰਾਤ ਨੂੰ ਜਦੋਂ ਉਹ ਆਪਣੇ ਆਲ੍ਹਣੇ ਵਿੱਚ ਸੁੱਤੀ ਪਈ ਸੀ ਮੈਂ ਦੱਬੇ ਪੈਰੀਂ ਗਿਆ ਤੇ ਉਸ ਨੂੰ ਫੜ ਲਿਆਇਆ ਤੇ ਪਿੰਜਰੇ ਵਿੱਚ ਕੈਦ ਕਰ ਲਿਆ। ਹੋ ਗਈ ਨਾ ਮੇਰੀ ਮਲਕੀਅਤ। ਹੁਣ ਮੈਨੂੰ ਇਹ ਵੀ ਪਤਾ ਹੈ ਕੇ ਇਹ ਉਸ ਦੀ ਜ਼ਿੰਦਗੀ ਨਹੀਂ ਹੈ ਉਸ ਨੂੰ ਤਾਂ ਖੁੱਲ੍ਹੇ ਆਕਾਸ਼ ਅਤੇ ਦਰਖਤਾਂ ਦੀਆਂ ਛਾਵਾਂ ਚਾਹੀਦੀਆਂ ਹਨ, ਮੈਨੂੰ ਇਹ ਵੀ ਪਤਾ ਹੈ ਕੇ ਉਹ ਪਿੰਜਰੇ ਵਿੱਚ ਉਦਾਸ ਹੈ ਪਰ ਮੇਰੀ ਲਾਲਸਾ ਨੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਮੇਰੀ ਇੱਕਤਰਫ਼ਾ ਚਾਹਤ ਵਿੱਚ ਮੈਂ ਅੰਨ੍ਹਾ ਹੋ ਗਿਆ ਸੀ ਤੇ ਉਸ ਵਿਚਾਰੇ ਪਰਿੰਦੇ ਦੇ ਸਾਰਾ ਹਕੂਕ ਖੋਹ ਲਏ। ਜਦੋਂ ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇੱਕ ਦਿਨ ਮੈਂ ਉਸ ਨੂੰ ਅਜ਼ਾਦ ਕਰਨ ਲਈ ਉਸ ਦਾ ਪਿੰਜਰਾ ਖੋਲ੍ਹ ਦਿੱਤਾ। ਮੈਨੂੰ ਬਹੁਤ ਦੁੱਖ ਹੋਇਆ ਦੇਖ ਕੇ ਤਾਰਾ ਤਦ ਤੱਕ ਉੱਡਣਾ ਭੁੱਲ ਗਈ ਸੀ ਉਸ ਦੀ ਉਦਾਸ ਜ਼ਿੰਦਗੀ ਨੇ ਉਸ ਦੀ ਅਵਾਜ਼ ਵੀ ਬੰਦ ਕਰ ਦਿੱਤੀ ਸੀ। ਸ਼ਾਇਦ ਹੁਣ ਉਹ ਆਪਣੀ ਦੁਨੀਆ ਵਿੱਚ ਵਾਪਸ ਜਾਣ ਤੋਂ ਡਰਦੀ ਹੈ….. “

ਆਸਿਫ਼ ਅੱਗੇ ਗੱਲ ਤੋਰਦਾ ਬੋਲਿਆ,” ਜੇ ਤੂੰ ਅੱਜ ਹੁਣੇ ਪਿੱਛੇ ਨਹੀਂ ਮੁੜਿਆ ਤਾਂ ਤੂੰ ਵੀ ” ਤਾਰਾ ” ਵਾਂਗੂੰ ਸਰਬਜੀਤ ਤੋਂ ਉਸ ਦੀਆਂ ਖ਼ੁਸ਼ੀਆਂ,  ਹਾਸੇ ਖੇਡੇ, ਇੱਜ਼ਤ ਮਾਣ, ….. ਸਭ ਕੁੱਝ ਖੋਹ ਲਵੇਂਗਾ।
ਆਪਣੇ ਮਨ ਨੂੰ ਸਮਝਾ ਕਿਸੇ ਦੀ ਆਬਰੂ ਨਾਲ ਨਹੀਂ ਖੇਡੀ ਦਾ …… ਤੇਰੀ ਪਾਕ ਨਜ਼ਰ ਕਿਸੇ ਨੂੰ ਨਹੀਂ ਦਿੱਖਣੀ ਹਾਂ ਇੱਕ ਨਾਪਾਕ ਰਿਸ਼ਤਾ ਜ਼ਰੂਰ ਸਭ ਨੂੰ ਦਿੱਖਣ ਲੱਗ ਪਵੇਗਾ। ਉਸ ਵਿਚਾਰੀ ਦਾ ਸਭ ਕੁੱਝ ਲੁੱਟ ਜਾਵੇਗਾ। ਜੇ ਸੱਚੀਂ ਤੈਨੂੰ ਉਹ ਚੰਗੀ ਲਗਦੀ ਹੈ ਤਾਂ ਉਸ ਨੂੰ ਆਪਣੀ ਨਜ਼ਰ ਤੋਂ ਅਜ਼ਾਦ ਕਰ ਦੇ ….. ਨਹੀਂ ਤਾਂ ਤੇਰੀ ਇਸ ਖ਼ੁਸ਼ੀ ਦੇ ਇੱਕ ਦਿਨ ਬਹੁਤ ਗੰਭੀਰ ਨਤੀਜੇ ਨਿਕਲਣਗੇ।”

ਚੰਗਾ ਹਰਜੀਤ ਮੇਰਾ ਰੋਜ਼ਾ ਖੋਲ੍ਹਣ ਦਾ ਸਮਾਂ ਹੁੰਦਾ ਜਾ ਰਿਹਾ ਹੈ …. ਮਗ਼ਰਬ ਦੀ ਨਮਾਜ਼ ਵੀ ਅਦਾ ਕਰਨੀ ਹੈ। ਮੈਂ ਚੱਲਦਾ ਹਾਂ….. ਸੱਚਾ ਮੁਸਲਮਾਨ ਹਾਂ ਸੱਚ ਕਹਿਣੋਂ ਰਹਿ ਨਾ ਹੋਇਆ । ਜੇ ਤੇਰੇ ਦਿਲ ਨੂੰ ਠੇਸ ਲੱਗੀ ਹੋਵੇ ਤਾਂ ਹਰਜੀਤਿਆ ਮਾਫ਼ ਕਰੀਂ …..।”

ਉਸ ਮੰਜ਼ਿਲ ਦਾ ਸੁਫ਼ਨਾ ਨਹੀਂ ਦੇਖੀਦਾ ਜਿਸ ਦਾ ਰਸਤਾ ਦੋਜਕ ਵਿੱਚੋਂ ਦੀ ਹੋ ਕੇ ਲੰਘਦਾ ਹੋਵੇ ….. ਚੰਗਾ ਰੱਬ ਰਾਖਾ ਮੈਂ ਚਲਦਾ। ਖ਼ੁਦਾ ਹਾਫ਼ਿਜ਼ , ਸਤਿ ਸ਼੍ਰੀ ਅਕਾਲ।”

ਹਰਜੀਤ ਨੂੰ ਸਮਝ ਹੀ ਨਹੀਂ ਆਈ ਕੇ ਉਸ ਦੀ ਖ਼ੁਸ਼ੀ ਨਾਲ ਮਲਕੀਅਤ ਦਾ ਕੀ ਵਾਸਤਾ ਹੈ। ਪਰ ਆਸਿਫ਼ ਦੀ ਗੱਲ ਸੁਣਕੇ ਉਹ ਡਰ ਗਿਆ ਹੈ ਉਹ ਕਿਸੇ ਵੀ ਕੀਮਤ ਤੇ ਸਰਬਜੀਤ ਦੀ ਖ਼ੁਸ਼ਨੁਮਾ ਜ਼ਿੰਦਗੀ ਨੂੰ ਕੁਰਾਹੇ ਨਹੀਂ ਪਾ ਸਕਦਾ।

ਰਾਤ ਹੋ ਗਈ ਹੈ ਅਜੇ ਤੱਕ ਵੀ ਹਰਜੀਤ ਦੁਕਾਨ ਦੇ ਬਾਹਰ ਬੈਠਾ ਹੈ।

ਘਰ ਤੋਂ ਸੁਖਮਨ ਦਾ ਫ਼ੋਨ ਆਇਆ ਹੈ ,” ਵੀਰੇ ਕਿੱਥੇ ਹੋ, ਆਏ ਨਹੀਂ ਤੁਸੀਂ,  ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ,  ਜਲਦੀ ਆ ਜਾਓ ਬਹੁਤ ਭੁੱਖ ਲੱਗੀ ਹੈ ….।”

” ਆਇਆ ਸੁੱਖ ” ਭੁੱਖ ਮਰ ਗਈ ਹੈ ਹਰਜੀਤ ਦੀ …. ਉੱਠ ਕੇ ਘਰ ਵੱਲ ਤੁਰ ਪਿਆ ਹੈ…..

ਹਰਜੀਤ ਨੂੰ ਜਦੋਂ ਘਰੋਂ ਸੁਖਮਨ ਦਾ ਫ਼ੋਨ ਆਇਆ ਤਾਂ ਓਦੋਂ ਉਹ ਬੈਠਾ ਰਿਸ਼ਤਿਆਂ ਵਿੱਚ ਹੱਦਾਂ ਤੇ ਮਰਿਆਦਾ ਨੂੰ ਸਮਝਣ ਲੱਗਿਆ ਹੋਇਆ ਸੀ। ਉਹ ਬੈਠਾ ਸੋਚ ਰਿਹਾ ਸੀ ,” ਜੇ ਦਿਲ ਵਿੱਚ ਕੋਈ ਬੁਰਾਈ ਨਾ ਹੋਵੇ, ਨਜ਼ਰ ਵਿੱਚ ਕੋਈ ਮੈਲ ਨਾ ਹੋਵੇ ਕੀ ਤਾਂ ਵੀ ਹੱਦਾਂ ਬੰਨੇ ਜ਼ਰੂਰੀ ਹੁੰਦੇ ਨੇ……. ਕੀ ਜਿਹੜਾ ਰਿਸ਼ਤਾ ਸਮਾਜ ਨੇ ਐਲਾਨ ਦਿੱਤਾ ਉਹੀ ਨਿਭਾਉਣਾ ਜ਼ਰੂਰੀ ਹੁੰਦਾ ਹੈ।”

ਫੇਰ ਉਸ ਨੂੰ ਆਸਿਫ਼ ਦੀ ਕਹੀ ਗੱਲ ਡਰਾ ਜਾਂਦੀ,” ਤੇਰੀ ਪਾਕ ਨਜ਼ਰ ਕਿਸੇ ਨੂੰ ਨਹੀਂ ਦਿੱਖਣੀ ਹਾਂ ਇੱਕ ਨਾਪਾਕ ਰਿਸ਼ਤਾ ਜ਼ਰੂਰ ਸਭ ਨੂੰ ਦਿੱਖਣ ਲੱਗ ਪਵੇਗਾ। ਉਸ ਵਿਚਾਰੀ ਦਾ ਸਭ ਕੁੱਝ ਲੁੱਟ ਜਾਵੇਗਾ। ਜੇ ਸੱਚੀਂ ਤੈਨੂੰ ਉਹ ਚੰਗੀ ਲਗਦੀ ਹੈ ਤਾਂ ਉਸ ਨੂੰ ਆਪਣੀ ਨਜ਼ਰ ਤੋਂ ਅਜ਼ਾਦ ਕਰ ਦੇ ….. ਨਹੀਂ ਤਾਂ ਤੇਰੀ ਇਸ ਖ਼ੁਸ਼ੀ ਦੇ ਇੱਕ ਦਿਨ ਬਹੁਤ ਗੰਭੀਰ ਨਤੀਜੇ ਨਿਕਲਣਗੇ।”

” ਨਹੀਂ…. ਨਹੀਂ ਮੈਂ ਸਰਬਜੀਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ….. ਪਰ ਮੁਸੀਬਤ ਇਹ ਹੈ ਮੈਂ ਉਸ ਨੂੰ ਐਨੀ ਜਲਦੀ ਆਪਣੇ ਦਿਲ ਵਿੱਚੋਂ ਆਪਣੀ ਸੋਚ ਵਿੱਚੋਂ  ਕੱਢ ਵੀ ਨਹੀਂ ਸਕਦਾ  ….. ਸ਼ਾਇਦ ਆਸਿਫ਼ ਸਮਝ ਨਹੀਂ ਸਕਿਆ ਮੇਰੇ ਸਰਬਜੀਤ ਲਈ ਕੀ ਅਹਿਸਾਸ ਹਨ, ਮੈਨੂੰ ਵੀ ਪਤਾ ਹੈ ਕੇ ਉਹ ਕਿਸੇ ਦੀ ਅਮਾਨਤ ਹੈ ਪਰ ਜੇ ਉਹ ਮੈਨੂੰ ਐਨੀ ਚੰਗੀ ਲਗਦੀ ਹੈ, ਮੇਰੀ ਰੂਹ ਦਾ ਸਕੂਨ ਹੈ ਉਹ, ਤਾਂ ਇਸ ਵਿੱਚ ਮੇਰਾ ਵੀ ਕੀ ਕਸੂਰ ਹੈ।” ਸੋਚਾਂ ਨਾਲ ਜੱਦੋਜਹਿਦ ਕਰਦਾ ਹਰਜੀਤ ਘਰ ਪਹੁੰਚ ਗਿਆ

” ਆ ਗਿਆ ਵੀਰੇ, ਅੱਜ ਬਹੁਤ ਦੇਰ ਕਰ ਦਿੱਤੀ ਘਰ ਆਉਣ ਵਿੱਚ। ਰੋਟੀ ਪਾਵਾਂ ਵੀਰੇ।” ਸੁਖਮਨ ਨੇ ਹਰਜੀਤ ਨੂੰ ਪੁੱਛਿਆ

” ਪਾ ਲੈ, ਸੁੱਖ ਮੈਂ ਤੈਨੂੰ ਇੱਕ ਗੱਲ ਪੁੱਛਣੀ ਹੈ।” ਹਰਜੀਤ ਆਪਣੇ ਮਨ ਦੀ ਕਹਿਣਾ ਚਾਹੁੰਦਾ ਸੀ ਕੇ ਅੰਦਰੋਂ ਪਰਕਾਸ਼ੋ ਬੋਲ ਪਈ

” ਤੇਰਾ ਬਹਿ ਜਾਵੇ ਬੇੜਾ, ਫੁੱਲ ਭਰ ਜਵਾਕੜੀ ਨੂੰ ਅਰਾਮ ਨਾ ਕਰਨ ਦੇਈਓ, ਛੁੱਟੀ ਵਾਲੇ ਦਿਨ ਤਾਂ ਮਰ ਲਿਆ ਕਰੋ ਆਪੇ ਖਾ ਪਕਾ ਲਿਆ ਕਰੋ। ਗੋਲ਼ੀ ਹੋ ਗਈ ਮੇਰੀ ਬੱਚੀ ਤੁਹਾਡੀ ਪਿਓ ਪੁੱਤ ਦੀ….. ” ਆਦਤ ਤੋਂ ਮਜਬੂਰ ਚੁੱਪ ਹੀ ਨਹੀਂ ਕਰ ਰਹੀ ਪਰਕਾਸ਼ੋ

” ਬੋਲੀ ਜਾਣ ਦੇ ਵੀਰੇ ਇਸ ਨੇ ਨਹੀਂ ਚੁੱਪ ਹੋਣਾ….. ਤੂੰ ਕੁੱਝ ਪੁੱਛਣ ਲੱਗਿਆ ਸੀ।” ਸੁਖਮਨ ਹਰਜੀਤ ਨੂੰ ਰੋਟੀ ਵਾਲਾ ਛਿੱਕੂ ਫੜਾਉਂਦੀ ਬੋਲੀ ,” ਵੀਰੇ ਅੱਜ ਨਾ ਮੈਂ ਤੇਰੀ ਮਨਪਸੰਦ ਛੋਲਿਆਂ ਦੀ ਘੋਟਵੀਂ ਦਾਲ ਬਣਾਈ ਹੈ ਤੂੰ ਇਸ ਵਿੱਚ ਰੋਟੀ ਚੂਰ ਮੈਂ ਜਦ ਨੂੰ ਤੇਰੇ ਲਈ ਕੱਚੀ ਲੱਸੀ ਬਣਾ ਕੇ ਲਿਆਈ।” ਸੁਖਮਨ ਰਸੋਈ ਵਿੱਚ ਗਈ ਤੇ ਜੱਗ ਭਰ ਕੇ ਕੱਚੀ ਲੱਸੀ ਦਾ ਬਣਾ ਕੇ ਲੈ ਆਈ।

” ਹੱਦ ਹੋ ਗਈ ਵੀਰੇ ਤੂੰ ਅਜੇ ਰੋਟੀ ਖਾਣੀ ਸ਼ੁਰੂ ਵੀ ਨਹੀਂ ਕਰੀ, ਲਿਆ ਉਰੇ ਕਰ ਮੈਂ ਚੂਰ ਕੇ ਦਿੰਦੀ ਤੈਨੂੰ ਰੋਟੀ ਤੂੰ ਜਦ ਨੂੰ ਠੰਢੀ ਠੰਢੀ ਲੱਸੀ ਪੀ…..” ਹਰਜੀਤ ਨੂੰ ਲੱਸੀ ਦਾ ਗਿਲਾਸ ਭਰ ਕੇ ਦਿੰਦੀ ਸੁਖਮਨ ਬੋਲੀ

ਹਰਜੀਤ ਨੇ ਗਿਲਾਸ ਫੜ ਲਿਆ ਤੇ ਬੋਲਿਆ,” ਨਿੱਕੀਏ, ਕੀ ਰਿਸ਼ਤਿਆਂ ਦੇ ਨਾਮ ਰੱਖਣੇ ਜ਼ਰੂਰੀ ਹੁੰਦੇ ਨੇ, ਸਮਾਜਿਕ ਤੋਰ ਤੇ ਜਿਹੜਾ ਰਿਸ਼ਤਾ ਬਣ ਜਾਂਦਾ ਕੀ ਉਹੀ ਰਿਸ਼ਤਾ ਨਿਭਾਉਣਾ ਜ਼ਰੂਰੀ ਹੁੰਦਾ ਹੈ। ਕਿ ਇਨ੍ਹਾਂ ਰਿਸ਼ਤਿਆਂ ਦੀਆਂ ਕੰਧਾਂ ਨੂੰ ਟੱਪ ਕੇ ਆਪਣੀ ਮਨ ਮਰਜ਼ੀ ਨਹੀਂ ਕੀਤੀ ਜਾ ਸਕਦੀ, ਉਹ ਮਰਜ਼ੀ ਜੋ ਦਿਲ ਨੂੰ, ਰੂਹ ਨੂੰ ਖ਼ੁਸ਼ੀ ਦਿੰਦੀ ਹੋਵੇ ।”

ਰੋਟੀ ਚੂਰਦੀ ਸੁਖਮਨ ਹੈਰਾਨ ਬੈਠੀ ਸੀ, ਇਸ ਤਰ੍ਹਾਂ ਦੀਆਂ ਗੱਲ੍ਹਾਂ ਉਸ ਨੇ ਕਦੇ ਹਰਜੀਤ ਦੇ ਮੂੰਹੋਂ ਨਹੀਂ ਸਨ ਸੁਣੀਆਂ, ” ਵੀਰੇ ਰਿਸ਼ਤਿਆਂ ਦੇ ਨਾਮ ਹੀ ਤਾਂ ਵੱਖੋ ਵੱਖਰੇ ਹਾਵ ਭਾਵ ਪੈਦਾ ਕਰਦੇ ਨੇ। ਜਦੋਂ ਕੋਈ ਕਹਿੰਦਾ ਸੁਖਮਨ ਤੇਰਾ ਵੀਰਾ ਆਉਂਦਾ ਤਾਂ ਮਨ ਖ਼ੁਸ਼ੀ ਨਾਲ, ਪਿਆਰ ਨਾਲ ਭਰ ਜਾਂਦਾ, ਇੱਦਾਂ ਜੀਅ ਕਰਦਾ ਕੇ ਭੱਜ ਕੇ ਜਾ ਕੇ ਤੈਨੂੰ ਗਲਵੱਕੜੀ ਵਿੱਚ ਲਵਾਂ ਤੇਰੇ ਨਾਲ ਸ਼ਰਾਰਤਾਂ ਕਰਾਂ ਤੇ ਜਦੋਂ ਕੋਈ ਕਹਿੰਦਾ ਕੇ ਪਿਤਾ ਜੀ ਆਉਂਦੇ ਨੇ ਤਾਂ ਉਨ੍ਹਾਂ ਦੇ ਆਦਰ ਵਿੱਚ ਅੱਖ ਆਪੇ ਨੀਵੀਂ ਹੋ ਜਾਂਦੀ ਹੈ ਤੇ ਹੱਥ ਚੁੰਨੀ ਸੰਭਾਲਦੇ ਆਪੇ ਸਿਰ ਢੱਕ ਦਿੰਦੇ ਨੇ। ਇਹ ਰਿਸ਼ਤਿਆਂ ਦੇ ਨਾਮ ਹਨ ਜੋ ਅਲੱਗ ਅਲੱਗ ਭਾਵਨਾਵਾਂ ਪੈਦਾ ਕਰਦੇ ਹਨ।

ਇਹ ਮਰਿਆਦਾ ਪੁਰਖਿਆਂ ਦੀਆਂ ਬਣਾਈਆਂ ਹੋਈਆਂ ਨੇ ਵੀਰੇ ਜੋ ਹਮੇਸ਼ਾ ਤੋਂ ਚੱਲੀ ਆਉਂਦੀਆਂ ਨੇ। ਦੇਖ ਲੈ ਵੀਰੇ ਭਾਵੇਂ ਆਪਾਂ ਸਕੇ ਭੈਣ ਭਰਾ ਨਹੀਂ ਹਾਂ, ਬਗੈਰ ਰਿਸ਼ਤੇ ਦੇ ਨਾਮ ਤੋਂ ਸਮਾਜ ਨੇ ਆਪਾਂ ਨੂੰ ਇੱਕ ਛੱਤ ਥੱਲੇ ਇਕੱਠੇ ਨਹੀਂ ਸੀ ਰਹਿਣ ਦੇਣਾ ਪਰ ਇਸ ਵੀਰ ਸ਼ਬਦ ਵਿੱਚ, ਇਸ ਭੈਣ ਭਰਾ ਦੇ ਰਿਸ਼ਤੇ ਵਿੱਚ ਕਿੰਨਾ ਦਮ ਹੈ, ਕਿੰਨੀ ਪਵਿੱਤਰਤਾ ਲੁਕੀ ਹੋਈ ਹੈ ਅੱਜ ਤੱਕ ਕਿਸੇ ਦੀ ਜੁਰਅਤ ਨਹੀਂ ਪਈ ਕੇ ਉਹ ਆਪਾਂ ਤੇ ਉਂਗਲ ਚੱਕ ਸਕੇ।

ਵੀਰੇ ਕੀ ਹੋ ਗਿਆ , ਅੱਜ ਬਹੁਤ ਉਲਝਿਆ ਹੋਇਆ ਲੱਗ ਰਿਹਾ ਹੈਂ। ਰੋਟੀ ਵੀ ਨਹੀਂ ਖਾ ਰਿਹਾ ਕੀ ਸੋਚ ਰਿਹਾ ਵੀਰੇ…… ਕਿਸੇ ਨੇ ਕੁੱਝ ਕਿਹਾ ਹੈ ਤੈਨੂੰ।”

” ਨਹੀਂ ਨਹੀਂ …. ਤੇਰੀ ਰੋਟੀ ਕਿੱਥੇ ਹੈ ਸੁੱਖ।” ਹਰਜੀਤ ਗੱਲ ਬਦਲਦਾ ਬੋਲਿਆ

” ਮੈਨੂੰ ਨਾ ਥੋੜ੍ਹੀ ਦੇਰ ਪਹਿਲਾਂ ਸਰਬੀ ਭਾਬੀ ਨੇ ਬੁਲਾ ਲਿਆ ਸੀ। ਉਸ ਨੇ ਆਪਣੇ ਨਾਲ ਰੋਟੀ ਖਵਾ ਦਿੱਤੀ। ਅੱਜ ਬਜ਼ਾਰ ਬੰਦ ਹੋਣ ਕਰਕੇ ਵੀਰ ਵਿਹਲਾ ਸੀ ਤਾਂ ਉਹ ਮੁੜਵੀਂ ਗੱਡੀ ਗਏ ਸੀ। ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਜਾ ਕੇ ਆਈ ਹੈ ਤਾਂ ਕੁੱਝ ਉਦਾਸ ਹੋਈ ਹੋਈ ਸੀ ਭਾਬੀ।” ਸੁਖਮਨ ਅੱਗੇ ਗੱਲ ਤੋਰਦੀ ਬੋਲੀ

” ਵੀਰੇ ਵਿਆਹ ਤੋਂ ਬਾਅਦ ਭਾਵੇਂ ਨਵੇਂ ਰਿਸ਼ਤੇ ਬਣ ਜਾਂਦੇ ਨੇ ਪਰ ਆਪਣਿਆਂ ਨਾਲੋਂ ਵਿਛੜਣ ਦਾ ਦੁੱਖ ਮੈਂ ਪੜ੍ਹ ਕੇ ਆਈ ਹਾਂ ਭਾਬੀ ਦੀਆਂ ਅੱਖਾਂ ਵਿੱਚੋਂ।

ਮੈਨੂੰ ਭਾਬੀ ਕਹਿੰਦੀ,” ਮੈਂ ਨਾ ਰੋਜ਼ ਸੋਚਦੀ ਸੀ ਪਤਾ ਨਹੀਂ ਕਦੋਂ ਲੈ ਕੇ ਜਾਣਗੇ ਪੇਕੇ। ਜਦੋਂ ਤਰਸੇਮ ( ਸਰਬਜੀਤ ਦਾ ਘਰਵਾਲਾ) ਨੇ ਕਿਹਾ ਸਰਬਜੀਤ ਕੱਲ੍ਹ ਨੂੰ ਬਜ਼ਾਰ ਬੰਦ ਹੈ ਫੇਰ ਛੁੱਟੀ ਮਹੀਨੇ ਬਾਅਦ ਆਵੇਗੀ ਚੱਲ ਤੈਨੂੰ ਕੱਲ੍ਹ ਨੂੰ ਤੇਰੇ ਘਰ ਘੁੰਮਾ ਲਿਆਂਦਾ। ਮੈਨੂੰ ਨਾ ਬਹੁਤ ਚਾਅ ਚੜ੍ਹ ਗਿਆ ਸੀ। ਮੈਂ ਨਾ ਖ਼ੁਸ਼ੀ ਵਿੱਚ ਸਾਰੀ ਰਾਤ ਸੌਂ ਨਾ ਸਕੀ। ਸਵੇਰੇ ਸਾਝਰੇ ਉੱਠ ਕੇ ਤਿਆਰ ਹੋ ਗਈ ਸੀ। ਮੈਂ ਨਾ ਘਰੇ ਫ਼ੋਨ ਕਰਕੇ ਦੱਸ ਦਿੱਤਾ ਸੀ ਕੇ ਅਸੀਂ ਅੱਜ ਆ ਰਹੇ ਹਾਂ।

ਸੁੱਖ ਅਸੀਂ ਘਰੋਂ ਚੱਲੇ ਤਾਂ ਪਿੰਡ ਆਉਣ ਵਿੱਚ ਹੀ ਨਾ ਆਵੇ। ਇਸ ਤਰ੍ਹਾਂ ਲਗਦਾ ਸੀ ਜਿਵੇਂ ਪਿੰਡ ਦੀ ਵਾਟ ਲੰਮੀ ਹੋ ਗਈ ਹੋਵੇ।

ਜਦੋਂ ਪਿੰਡ ਪਹੁੰਚੇ ਤਾਂ ਮਾਂ ਤੇ ਛੋਟੀ ਭੈਣ ਦਰਾਂ ਵਿੱਚ ਖੜੀਆਂ ਉਡੀਕ ਰਹੀਆਂ ਸਨ। ਜਦੋਂ ਮਾਂ ਨੇ ਦਰਾਂ ਵਿੱਚ ਤੇਲ ਚੋਇਆ ਤੇ ਅੱਗੇ ਹੋ ਕੇ ਮੈਨੂੰ ਗਲ ਨਾਲ ਲਾਇਆ ਮੇਰਾ ਤਾਂ ਰੋਣਾ ਹੀ ਨਿਕਲ ਗਿਆ। ਮੈਂ ਵੀ ਮਾਂ ਨੂੰ ਘੁੱਟ ਕੇ ਜੱਫੀ ਪਾ ਲਈ। ਇੱਦਾਂ ਲੱਗਿਆ ਪਤਾ ਨਹੀਂ ਮੁੱਦਤਾਂ ਲੰਘ ਗਈਆਂ ਹੋਣ ਵਿੱਛੜਿਆਂ ਨੂੰ।
ਫੇਰ ਆਂਢ ਗਵਾਂਢ ਤੋਂ ਸਹੇਲੀਆਂ ਆ ਗਈਆਂ। ਸਭ ਨੇ ਕਿੰਨੀ ਖ਼ੁਸ਼ੀ ਮਨਾਈ। ਕੁੱਝ ਪਿੰਡ ਵਿੱਚੋਂ ਮਿਲਣ ਨੂੰ  ਮਾਈਆਂ ਵੀ ਆਈਆਂ , ਸਿਰ ਪਲੋਸ ਪਲੋਸ ਕੇ ਤਰਸੇਮ ਦੀ ਤਾਂ ਪੱਗ ਹਿਲਾ ਦਿੱਤੀ। ਮੈਨੂੰ ਜੱਫੀ ਵਿੱਚ ਲੈ ਕੇ ਕਿੰਨੀ ਦੇਰ ਨਹੀਂ ਸੀ ਛੱਡਦੀਆਂ, ਇੱਕੋ ਸਵਾਲ ਸਾਰੀਆਂ ਕੋਲੇ ਕੁੜੇ ਕੁੜੀਏ ਖ਼ੁਸ਼ ਹੈਂ ਧੀਏ…… ਤੇਰੀ ਸੱਸ ਦਾ ਸੁਭਾਅ ਕਿਹੋ ਜਿਹਾ ਹੈ। ਕਿੰਨੀ ਨਿੱਘੀ, ਕੋਮਲ ਤੇ ਮਮਤਾ ਭਰੀ ਜੱਫੀ ਸੀ ਉਨ੍ਹਾਂ ਚਾਚੀਆਂ ਤਾਈਆਂ ਦੀ। ਉਨ੍ਹਾਂ ਦੀ ਮਲਮਲ ਦੀ ਚੁੰਨੀ ਦੀ ਛੋਹ ਕਿੰਨੀ ਪਿਆਰੀ ਸੀ।

ਦੁਪਹਿਰੇ ਰੋਟੀ ਤੇ ਮਾਂ ਤੇ ਭੈਣ ਨੇ ਸਾਰਾ ਜ਼ੋਰ ਲਾ ਦਿੱਤਾ ਪਤਾ ਨਹੀਂ ਕੀ ਕੁੱਝ ਬਣਾਈ ਬੈਠੀਆਂ ਸਨ। ਮਾਂ ਦੇ ਹੱਥ ਦੀ ਰੋਟੀ ਖਾ ਕੇ ਸਭ ਕੁੱਝ ਯਾਦ ਆ ਗਿਆ। ਬਚਪਨ ਤੋਂ ਲੈ ਕੇ ਅੱਜ ਤੱਕ ਪਿਆਰ, ਘੂਰ, ਸ਼ਰਾਰਤਾਂ, ਲੜਨਾ ਰੁੱਸਣਾ ਸਭ ਕੁੱਝ ਯਾਦ ਆ ਗਿਆ ….. ਸਭ ਤੋਂ ਜ਼ਿਆਦਾ ਯਾਦ ਆਇਆ ਪਿਤਾ ਜੀ ਦਾ ਲਾਡ। ਐਨਾ ਕਹਿ ਕੇ ਬਹੁਤ ਰੋਈ ਸੀ ਸਰਬੀ

ਪਤਾ ਹੀ ਨਹੀਂ ਲੱਗਿਆ ਕਦੋਂ ਸ਼ਾਮ ਹੋ ਗਈ। ਵਾਪਸ ਤੁਰਨ ਦਾ ਵੇਲਾ ਹੋ ਗਿਆ ਸੀ। ਮਾਂ ਭਰੀਆਂ ਅੱਖਾਂ ਨਾਲ ਅੰਦਰ ਗਈ ਤੇ ਅੰਦਰੋਂ ਪੇਟੀ ਵਿੱਚੋਂ ਮੇਰੇ ਲਈ ਸੂਟ ਤੇ ਤਰਸੇਮ ਲਈ ਕੱਪੜੇ ਲੈ ਕੇ ਆਈ। ਕਿੰਨੇ ਸ਼ਗਨ ਮਨਾਏ ਮਾਂ ਨੇ। ਅਸੀਂ ਤੁਰਨ ਲੱਗੇ ਤਾਂ ਮੇਰੀ ਮੁੱਠੀ ਵਿੱਚ ਚੁਪਕੇ ਜਿਹੇ ਪੰਜ ਸੌ ਦਾ ਨੋਟ ਫੜਾ ਦਿੱਤਾ। ਛੋਟੀ ਭੈਣ ਤੇ ਵੀਰ ਜੱਫੀ ਪਾ ਕੇ ਮਿਲੇ ਤੇ ਦੁਬਾਰਾ ਜਲਦੀ ਆਉਣ ਲਈ ਕਿਹਾ।

ਸਰਬਜੀਤ ਕਹਿੰਦੀ ਆਹ ਜਿਉਂਦੇ ਜੀਅ ਵਿਛੋੜੇ ਵੀ ਕੁੜੀਆਂ ਦੇ ਲੇਖੇ ਆਏ ਨੇ। ਮੇਰੇ ਨਾ ਪਿਤਾ ਜੀ ਦਾ ਮਨ ਬਹੁਤ ਹੌਲਾ ਹੈ ਜਦੋਂ ਅਸੀਂ ਤੁਰਨ ਲੱਗੇ ਉਹ ਪਹਿਲਾਂ ਹੀ ਉੱਠੇ ਤੇ ਸਿਰ ਪਲੋਸ ਕੇ ਅੰਦਰ ਚਲੇ ਗਏ। ਮੈਨੂੰ ਪਤਾ ਸੀ ਉਹ ਨਾ ਅੰਦਰ ਖੜੇ ਰੋਂਦੇ ਹੋਣਗੇ।

ਰਾਹ ਵਿੱਚ ਨਾ ਮੈਂ ਮੁੱਠੀ ਖੋਲ੍ਹ ਕੇ ਕਿੰਨੀ ਵਾਰ ਉਹ ਨੋਟ ਦੇਖਿਆ। ਕਿੰਨਾ ਪਿਆਰ, ਦੁਆਵਾਂ ਲੁਕੀਆਂ ਨੇ ਉਸ ਕਾਗ਼ਜ਼ ਦੇ ਟੁਕੜੇ ਵਿੱਚ। ਉਹ ਨੋਟ ਨਾ ਮੈਂ ਸੰਭਾਲ ਕੇ ਰੱਖਣਾ ਕਦੇ ਨਹੀਂ ਖ਼ਰਚਾਂਗੀ। “

ਵੀਰੇ ਮੈਨੂੰ ਨਾ ਬਹੁਤ ਚੰਗੀਆਂ ਲਗਦੀਆਂ ਨੇ ਸਰਬੀ ਭਾਬੀ ਦੀਆਂ ਗੱਲਾਂ।”

ਸੁਖਮਨ ਜਿਵੇਂ ਹੀ ਹਰਜੀਤ ਨੂੰ ਰੋਟੀ ਖਵਾ ਕੇ ਗਈ, ਉਹ ਬੈਠਾ ਸੋਚ ਰਿਹਾ ਹੈ ਕੇ ਨਿੱਕੀ ਨੂੰ ਕਹਿ ਦੇਣਾ ਉਸ ਕੋਲ ਸਰਬਜੀਤ ਦੀ ਗੱਲ ਨਾ ਕਰਿਆ ਕਰ। ਜੇ ਉਹ ਐਵੇਂ ਹੀ ਉਸ ਦੀਆਂ ਗੱਲਾਂ ਸੁਣਾਉਂਦੀ ਰਹੀ ਤਾਂ ਸਰਬਜੀਤ ਨੂੰ ਦੂਰ ਕਰਨਾ ਉਸ ਲਈ ਹੋਰ ਮੁਸ਼ਕਿਲ ਹੋ ਜਾਣਾ………

ਅੱਜ ਜਿਵੇਂ ਹੀ ਸਰਬਜੀਤ ਅਤੇ ਤਰਸੇਮ ਆ ਕੇ ਮੁੜੇ ਹਨ ਸਰਬਜੀਤ ਦੇ ਪਿਤਾਂ ਨੂੰ ਅਚਵੀ ਲੱਗੀ ਪਈ ਹੈ। ਇੱਕ ਖ਼ਿਆਲ ਉਨ੍ਹਾਂ ਦੇ ਮਨ ਨੂੰ ਬਹੁਤ ਪ੍ਰੇਸ਼ਾਨ ਕਰ ਰਿਹਾ ਹੈ। ਸਰਬਜੀਤ ਦੀ ਮਾਂ, ਭੈਣ ਤੇ ਵੀਰ ਥੱਕ ਗਏ ਹਨ। ਉਹ ਸਾਰੇ ਪੈ ਗਏ ਹਨ। ਸਰਬਜੀਤ ਦੇ ਪਿਤਾ ਜੀ ਸਰਬਜੀਤ ਦੇ ਵਿਆਹ ਦੀ ਐਲਬਮ ਦੇਖ ਰਹੇ ਹਨ।

ਸੁੱਤੀ ਪਈ ਸਰਬਜੀਤ ਦੀ ਮਾਂ ਨੇ ਪਾਸਾ ਲਿਆ ਤਾਂ ਦੇਖ ਕੇ ਪੁੱਛਣ ਲੱਗੀ,” ਗਈ ਰਾਤ ਹੋ ਗਈ ਸਰਬਜੀਤ ਦੇ ਪਾਪਾ, ਤੁਸੀਂ ਸੁੱਤੇ ਨਹੀਂ।”

” ਨਹੀਂ ….!! ਨੀਂਦ ਨਹੀਂ ਆ ਰਹੀ।” ਸਰਬਜੀਤ ਦੇ ਪਾਪਾ ਐਲਬਮ ਦਾ ਵਰਕਾ ਥੱਲਦੇ ਬੋਲੇ

ਸਰਬਜੀਤ ਦੀ ਮਾਂ ਨੂੰ ਲੱਗਿਆ ਜਿਵੇਂ ਸਰਬਜੀਤ ਦੇ ਪਿਤਾ ਦੀ ਅਵਾਜ਼ ਗ਼ਮਗੀਨ ਹੋਈ ਹੋਵੇ। ਉਹ ਉੱਠ ਕੇ ਕੋਲ ਆਈ ਤੇ ਬੋਲੀ,” ਸਰਬੀ ਦੇ ਪਾਪਾ, ਧੀਆਂ ਨੇ ਇੱਕ ਦਿਨ ਆਪਣੇ ਘਰੇ ਜਾਣਾ ਹੀ ਹੁੰਦਾ , ਇਹੋ ਦਸਤੂਰ ਹੈ ਦੁਨੀਆ ਦਾ। ਮੈਂ ਵੀ ਤਾਂ ਆਈ ਸੀ ਇੱਕ ਦਿਨ ਤੁਹਾਡਾ ਘਰ ਵਸਾਉਣ। ਰੱਖ ਦੋ ਐਲਬਮ ਤੇ ਪੈ ਜਾਵੋ।”

” ਆਜਾ ਬਹਿ ਜਾ ” ਸਰਬਜੀਤ ਦੇ ਪਿਤਾ ਮੰਜੇ ਤੇ ਥਾਂ ਬਣਾਉਂਦੇ ਬੋਲੇ,” ਤੂੰ ਸਰਬੀ ਨੂੰ ਚੰਗੀ ਤਰ੍ਹਾਂ ਪੁੱਛ ਲਿਆ ਸੀ ਨਾ ਉਹ ਖ਼ੁਸ਼ ਵੀ ਹੈ।”

” ਲੈ ਭਲਾ ਇਹ ਕਿਵੇਂ ਹੋ ਸਕਦਾ, ਧੀ ਪਹਿਲੀ ਵਾਰ ਆਈ ਹੋਵੇ ਤੇ ਮਾਂ ਉਸ ਨੂੰ ਉਸ ਦੀ ਸੁੱਖ ਸਾਂਦ ਨਾ ਪੁੱਛਦੀ। ਉਹ ਤਾਂ ਬਹੁਤ ਖ਼ੁਸ਼ ਸੀ ਤੁਸੀਂ ਆਪ ਵੀ ਤਾਂ ਦੇਖਿਆ ਕਿਵੇਂ ਹੱਸ ਹੱਸ ਗੱਲਾਂ ਕਰਦੀ ਸੀ।” ਸਰਬਜੀਤ ਦੀ ਮਾਂ ਮੰਜੇ ਤੇ ਬੈਠਦੀ ਬੋਲੀ

” ਸਰਬੀ ਵਰਗੀ ਧੀ ਰੱਬ ਸਭ ਨੂੰ ਦੇਵੇ। ਜਦੋਂ ਦੀ ਜੰਮੀ ਮੈਨੂੰ ਯਾਦ ਹੈ ਕਦੇ ਕੁੱਝ ਨਹੀਂ ਮੰਗਿਆ। ਪਤਾ ਨਹੀਂ ਉਸ ਨੂੰ ਸਾਡੀ ਗ਼ਰੀਬੀ ਦਾ ਜੰਮਦਿਆਂ ਹੀ ਅਹਿਸਾਸ ਹੋ ਗਿਆ ਸੀ। ਆ ਦੇਖ ਲੈ ਜਿੱਥੇ ਕਹਿ ਦਿੱਤਾ ਚੁੱਪ ਕਰਕੇ ਵਿਆਹ ਕਰਵਾ ਲਿਆ। ਮੈਥੋਂ ਜੋ ਸਰਿਆ ਉਹੀ ਚਾਰ ਨਗ ਲੈ ਕੇ ਚਲੀ ਗਈ। ਮੈਂ ਕਿੱਥੇ ਦੇਣ ਦੇਵਾਂਗਾ ਉਸ ਕੰਨਿਆ ਦਾ। ਰੱਬਾ ਤੂੰ ਜਿੰਨਾ ਨੂੰ ਧੀਆਂ ਦਿੰਦਾ ਉਨ੍ਹਾਂ ਨੂੰ ਰੱਜਵੇਂ ਵਸੀਲੇ ਵੀ ਦੇਇਆ ਕਰ। ਬਾਪ ਦੇ ਦਿਲ ਤੇ ਕੀ ਬੀਤਦੀ ਹੈ ਜਦੋਂ ਉਹ ਆਪਣੇ ਚਾਅ ਪੂਰੇ ਨਹੀਂ ਕਰ ਸਕਦਾ, ਰੱਬਾ ਤੇਰੇ ਘਰੇ ਧੀ ਹੋਵੇ ਤਾਂ ਤੈਨੂੰ ਪਤਾ ਲੱਗੇ।” ਗੱਲਾਂ ਕਰਦੇ ਸਰਬੀ ਦੇ ਪਿਤਾ ਦੀਆਂ ਅੱਖਾਂ ਵਿੱਚੋਂ ਅੱਥਰੂ ਬੂੰਦ ਬੂੰਦ ਕਰਕੇ ਟਪਕ ਰਹੇ ਹਨ

” ਉਹ ਹੋ !!!! ਕੀ ਹੋ ਗਿਆ ਕਿਉਂ ਐਨਾ ਦਿਲ ਛੋਟਾ ਕਰਿਆ।” ਸਰਬਜੀਤ ਦੀ ਮਾਂ ਉਸ ਦੇ ਪਿਤਾ ਦੇ ਮੋਢੇ ਤੇ ਹੱਥ ਰੱਖਦੀ ਬੋਲੀ,” ਤੁਸੀਂ ਕਿਹੜਾ ਕੁੱਝ ਲੁਕੋ ਕੇ ਰੱਖਿਆ। ਸਰਬੀ ਜਾਣਦੀ ਹੈ ਤੁਸੀਂ ਆਪਣੀ ਹੁੱਬ ਤੋਂ ਵੱਧ ਹੀ ਦਿੱਤਾ। ਉਸ ਨਿਆਣੀ ਨੂੰ ਆਹ ਗੱਲਾਂ ਤਾਂ ਚਿੱਤ ਚੇਤੇ ਵੀ ਨਹੀਂ….. ਤੁਸੀਂ ਐਵੇਂ ਮਨ ਤੇ ਭਾਰ ਬਣਾਇਆ ਹੋਇਆ। “

” ਜਿਹੜਾ ਮੇਰੇ ਦਿਲ ਤੇ ਬੋਝ ਬਣਿਆ ਹੋਇਆ ਉਹ ਤਾਂ ਹੋਰ ਹੀ ਗੱਲ ਹੈ। ਮੈਨੂੰ ਲਗਦਾ ਆਪਾਂ ਨਾ ਰਿਸ਼ਤਾ ਕਰਨ ਲੱਗੇ ਕਾਹਲੀ ਕਰ ਗਏ। ਆਪਾਂ ਮੁੰਡੇ ਦਾ ਮੁਹਾਲੀ, ਪਿੰਡ ਸੁਹਾਣੇ ਵਿੱਚ ਆਪਣਾ ਘਰ, ਮੁੰਡੇ ਦੀ ਆਪਣੀ ਦੁਕਾਨ ਹੀ ਦੇਖੀ, ਆਪਾਂ ਮੁੰਡੇ ਦੀ ਉਮਰ ਨਹੀਂ ਵਿਚਾਰੀ। ਵਿਆਹ ਦੀ ਭੱਜ ਨੱਠ ਵਿੱਚ ਤਾਂ ਮੇਰਾ ਧਿਆਨ ਨਹੀਂ ਗਿਆ ਪਰ ਅੱਜ ਜਦੋਂ ਸਰਬੀ ਨੂੰ ਤਰਸੇਮ ਨਾਲ ਖੜੀ ਦੇਖਿਆ ਮੈਨੂੰ ਲੱਗਿਆ ਜਿਵੇਂ ਆਪਾਂ ਪਾਪ ਕਮਾ ਲਿਆ ਹੋਵੇ। ਮੈਨੂੰ ਲੱਗਿਆ ਆਪਾਂ ਸਰਬੀ ਲਈ ਇਸ ਤੋਂ ਵਧੀਆ ਰਿਸ਼ਤਾ ਲੱਭ ਸਕਦੇ ਸੀ।” ਸਰਬਜੀਤ ਦੇ ਪਿਤਾ ਨੂੰ ਜੋ ਝੋਰਾ ਲੱਗਿਆ ਹੋਇਆ ਸੀ ਉਹ ਉਨ੍ਹਾਂ ਦੀ ਅਵਾਜ਼ ਵਿੱਚ ਵੀ ਸੁਣ ਰਿਹਾ ਸੀ

” ਸੰਯੋਗ ਲਿਖੇ ਸੀ ਉੱਥੇ ਕਿਵੇਂ ਹੋਰ ਜਗ੍ਹਾ ਵਿਆਹ ਦਿੰਦੇ ਨਾਲੇ ਐਨਾ ਕੂ ਫ਼ਰਕ ਤਾ ਪਹਿਲਾਂ ਆਮ ਹੀ ਹੋਇਆ ਕਰਦਾ ਸੀ। ਮੁੰਡਾ ਕੁੱਝ ਖਾਂਦਾ ਪੀਂਦਾ ਨਹੀਂ …. ਕਮਾਉਂਦਾ ਵੀ ਵਧਿਆ ਹੈ …. ਸੁਭਾਅ ਦਾ ਵੀ ਮੈਨੂੰ ਚੰਗਾ ਲੱਗਿਆ। ਹੁਣ ਸਭ ਕੁੱਝ ਤਾਂ ਨਹੀਂ ਮਿਲਦਾ ਹੁੰਦਾ, ਐਨਾ ਥੋੜ੍ਹਾ। ਐਵੇਂ ਦਿਮਾਗ਼ ਤੇ ਵਜ਼ਨ ਪਾਇਆ। ਚਲੋ ਪੈ ਜਾਵੋ।” ਸਰਬਜੀਤ ਦੀ ਮਾਂ ਐਲਬਮ ਲੈ ਕੇ ਰੱਖਦੀ ਬੋਲੀ

” ਨਹੀਂ ਤੂੰ ਨਾ ਪਹਿਲਾਂ ਸਰਬਜੀਤ ਨੂੰ ਦੁਬਾਰਾ ਪੁੱਛ, ਉਹ ਖ਼ੁਸ਼ ਵੀ ਹੈ…… ” ਸਰਬਜੀਤ ਦੇ ਪਿਤਾ ਫ਼ੋਨ ਫੜਾਉਂਦੇ ਬੋਲੇ

” ਹੁਣ ਇਸ ਵੇਲੇ, ਸਵੇਰੇ ਕਰ ਲਵਾਂਗੇ ਫ਼ੋਨ ।” ਸਰਬਜੀਤ ਦੀ ਮਾਂ ਆਪਣੇ ਮੰਜੇ ਤੇ ਬੈਠਣ ਤੋਂ ਪਹਿਲਾਂ ਬੱਤੀ ਬੰਦ ਕਰਦੀ ਬੋਲੀ

ਅਗਲੇ ਦਿਨ ਸਵੇਰੇ ਹੀ ਸਰਬਜੀਤ ਦੇ ਪਿਤਾ ਫੇਰ ਕਹਿਣ ਲੱਗ ਪਏ ਸਰਬਜੀਤ ਨੂੰ ਫ਼ੋਨ ਕਰਨ ਲਈ। ਜਿਵੇਂ ਹੀ ਸਰਬਜੀਤ ਦੀ ਮਾਂ ਨੇ ਸਰਬਜੀਤ ਨਾਲ ਗੱਲ ਸ਼ੁਰੂ ਕਰੀ ਕੋਲ ਖੜੇ ਸਰਬਜੀਤ ਦੇ ਪਿਤਾ ਵਾਰ ਵਾਰ ਕਹੀ ਜਾਂਦੇ ਹਨ ,” ਤੂੰ ਸਰਬੀ ਨੂੰ ਪੁੱਛ ਉਸ ਨੂੰ ਸਾਡਾ ਲੱਭਿਆ ਸਾਕ ਪਸੰਦ ਆਇਆ, ਉਹ ਖ਼ੁਸ਼ ਵੀ ਹੈ ਨਾ, ਉਹ ਕਿਸੇ ਗੱਲੋਂ ਮੇਰੇ ਨਾਲ ਨਰਾਜ਼ ਤਾਂ ਨਹੀਂ।”

ਸਰਬਜੀਤ ਦੀ ਮਾਂ ਨੇ ਫ਼ੋਨ ਥੱਲੇ ਕਰਕੇ ਕਿਹਾ,” ਤਰਸੇਮ ਦੀ ਉਮਰ ਵਾਲੀ ਗੱਲ ਪੁੱਛਣ ਨੂੰ ਰਹਿਣ ਦੇਵੋ। ਬੱਚੀ ਦੇ ਦਿਲ ਵਿੱਚ ਗ਼ਲਤ ਖ਼ਿਆਲ ਜਾਵੇਗਾ। ਹੁਣ ਕੀ ਸਾਕ ਬਦਲ ਦੇਵਾਂਗੇ। ਇਹ ਖ਼ਿਆਲ ਤਾਂ ਤੁਹਾਨੂੰ ਵਿਆਹ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ।”

ਆਪਣੇ ਜਾਣੇ ਤਾਂ ਸਰਬਜੀਤ ਦੀ ਮਾਂ ਨੇ ਫ਼ੋਨ ਕੱਟ ਦਿੱਤਾ ਸੀ ਪਰ ਉਹ ਕੱਟਿਆ ਨਹੀਂ ਸੀ। ਸਰਬਜੀਤ ਨੇ ਮਾਂ ਦੀ ਸਾਰੀ ਗੱਲ ਸੁਣ ਲਈ ਸੀ। ਉਹ ਭੱਜ ਕੇ ਸੁਖਮਨ ਕੋਲ ਆਈ ” ਸੁੱਖ ਸੁੱਖ ਤੈਨੂੰ ਇੱਕ ਗੱਲ ਪੁੱਛਾਂ, ਸੱਚੀਂ ਸੱਚੀਂ ਦੱਸੀਂ, ਕੀ ਤਰਸੇਮ ਨਾਲ ਮੇਰੀ ਜੋੜੀ ਫਬਦੀ ਨਹੀਂ।”

” ਕੀ ਹੋ ਗਿਆ ਭਾਬੀ।” ਸੁਖਮਨ ਸਰਬਜੀਤ ਦਾ ਹੱਥ ਫੜਕੇ ਅੰਦਰ ਲਿਜਾਂਦੀ ਬੋਲੀ।

” ਮੈਂ ਜੋ ਪੁੱਛਿਆ ਪਹਿਲਾਂ ਉਸ ਦਾ ਜਵਾਬ ਦੇ, ਤੈਨੂੰ ਵੀ ਲਗਦਾ ਕੇ ਸਾਡੀ ਉਮਰਾਂ ਵਿੱਚ ਜੋ ਫ਼ਰਕ ਹੈ ਉਹ ਦਿਸਦਾ ਵੀ ਹੈ ।”  ਸਰਬਜੀਤ ਨੇ ਆਪਣੀ ਭੋਲੀ ਅਵਾਜ਼ ਵਿੱਚ ਪੁੱਛਿਆ।

” ਲੈ ਭਾਬੀ !!!! ਐਨੀ ਸੋਹਣੀ ਜੋੜੀ ਆ ਤੁਹਾਡੀ। ਜੇ ਕੋਈ ਵਾਹਵਾ ਗੋਰ ਨਾਲ ਦੇਖੇ ਤਾਂ ਸ਼ਾਇਦ ਕੋਈ ਕਹਿ ਸਕੇ, ਵੈਸੇ ਮੈਨੂੰ ਤਾਂ ਨਹੀਂ ਲੱਗਦਾ। ਸੁਖਮਨ ਗੱਲ ਦੱਬਦੀ ਬੋਲੀ ।

” ਮੈਨੂੰ ਲੱਗਦਾ ਤੂੰ ਨਾ ਮੇਰਾ ਦਿਲ ਰੱਖਣ ਲਈ ਬੋਲੀ ਜਾਂਦੀ ਐਂ , ਫੇਰ ਮਾਂ ਤੇ ਬਾਪੂ ਜੀ ਕਿਉਂ ਤਰਸੇਮ ਦੀ ਉਮਰ ਦੀਆਂ ਗੱਲਾਂ ਕਰ ਰਹੇ ਸਨ।” ਸਰਬਜੀਤ ਆਪਣਾ ਹੱਥ ਛਡਾਉਂਦੀ ਬੋਲੀ

” ਸੱਚ ਤਾਂ ਇਹ ਹੈ ਭਾਬੀ ਜਿੰਨੀ ਤੂੰ ਸੋਹਣੀ ਸੁਨੱਖੀ ਹੈਂ ਨਾ ਤਰਸੇਮ ਵੀਰ ਉਨ੍ਹਾਂ ਸੋਹਣਾ ਨਹੀਂ ਠੀਕ ਠੀਕ ਆ। ਜੇ ਕਿਤੇ ਤੈਨੂੰ ਹਰਜੀਤ ਵੀਰੇ ਵਰਗਾ ਸਾਕ ਮਿਲਿਆ ਹੁੰਦਾ ਨਾ ਤੁਹਾਡੀ ਜੋੜੀ ਦੇਖ ਦੇਖ ਕੇ ਦੁਨੀਆ ਨੇ ਸੜਿਆ ਕਰਨਾ ਸੀ। ” ਇਹ ਕੀ ਬੋਲ ਦਿੱਤਾ ਸੀ ਸੁਖਮਨ ਨੇ ਹਰਜੀਤ ਨੇ ਅੰਦਰ ਪਏ ਨੇ ਸਭ ਕੁੱਝ ਸੁਣ ਲਿਆ ਸੀ।

” ਨਹੀਂ ਨਹੀਂ ਹੁਣ ਤਾਂ ਤਰਸੇਮ ਹੀ ਮੇਰੀ ਜ਼ਿੰਦਗੀ ਹੈ …..  ਮੈਂ ਮਾਂ ਨੂੰ ਦੱਸ ਦਿੰਦੀ ਹਾਂ ਕੇ ਮੈਂ ਉਨ੍ਹਾਂ ਦੀ ਸਾਰੀ ਗੱਲ ਸੁਣ ਲਈ ਸੀ ਤੇ ਮੈਂ….. ਮੈਂ ਨਾ ਤਰਸੇਮ ਨਾਲ ਬਹੁਤ ਖ਼ੁਸ਼ ਹਾਂ। ਦੁਨੀਆ ਨੂੰ ਭਾਵੇਂ ਕੁੱਝ ਵੀ ਦਿਸਦਾ ਹੋਵੇ, ਮੈਨੂੰ ਨਾ ਉਹ ਬਹੁਤ ਸੋਹਣਾ ਲੱਗਦਾ ਹੈ। ਮੈਂ ਆਪਣੇ ਪਿਤਾ ਜੀ ਦੀ ਪਸੰਦ ਨੂੰ ਹੁਣ ਮਾੜਾ ਕਿਵੇਂ ਕਹਿ ਸਕਦੀ ਹਾਂ, ਮੈਂ ਉਨ੍ਹਾਂ ਦੇ ਦਿਲ ਤੇ ਕੋਈ ਵਜ਼ਨ ਨਹੀਂ ਪਾਉਣਾ ਚਾਹੁੰਦੀ ….. ਨਾਲੇ ਮੇਰੇ ਤਾਂ ਦਿਲ ਵਿੱਚ ਇਹੋ ਜਿਹੀ ਕਦੇ ਕੋਈ ਗੱਲ ਨਹੀਂ ਆਈ। ਸੱਚੀਂ ….. !!!! ” ਬੋਲਦੀ ਬੋਲਦੀ ਸਰਬਜੀਤ ਆਪਣੇ ਘਰ ਮੁੜ ਗਈ

ਹਰਜੀਤ ਉੱਠਿਆ ਤਾਂ ਸੁਖਮਨ ਨੇ ਹਰਜੀਤ ਨੂੰ ਸਰਬੀ ਦੀ ਸਾਰੀ ਗੱਲ ਦੱਸੀ ਤਾਂ ਉਹ ਬੋਲਿਆ,” ਬਹੁਤੀਆਂ ਸੋਹਣੀਆਂ ਦੇ ਪਤਾ ਨਹੀਂ ਕਿਉਂ ਦਾਤਾ ਲੇਖ ਚੰਦਰੇ ਲਿਖ ਦਿੰਦਾ।”

” ਇਨ੍ਹਾਂ ਨੂੰ ਹੁਣ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਈ ਗ਼ਲਤੀਆਂ ਨੂੰ ਗ਼ਲਤੀ ਕਹਿਣਾ ਵੀ ਦਰੁਸਤ ਨਹੀਂ ਹੁੰਦਾ। ਜੋ ਹੈ ਸਭ ਠੀਕ ਹੈ। ਨਾਲੇ ਨਾ ਸੁੱਖ ਤੂੰ ਮੇਰੇ ਕੋਲ ਸਾਰਾ ਦਿਨ ਸਰਬੀ ਦੀਆਂ ਗੱਲਾ ਨਾ ਕਰਿਆ ਕਰ। ਨਿੱਕੀਏ ਆਪਾਂ ਨਾ ਆਪਣੇ ਘਰੇ ਆਪਣੀਆਂ ਗੱਲਾਂ ਕਰਿਆ ਕਰੀਏ।”

ਸੁਖਮਨ ਹੈਰਾਨ ਹੋਈ ਹਰਜੀਤ ਦੀ ਅਵਾਜ਼ ਸੁਣ ਰਹੀ ਸੀ ਉਹ ਸੋਚ ਰਹੀ ਸੀ ਕੇ ਹਰਜੀਤ ਐਨਾ ਚਿੜਿਆ ਹੋਇਆ ਕਿਉਂ ਹੈ…….

ਸਰਬੀ ਨੂੰ ਵਿਆਹ ਕੇ ਆਈ ਨੂੰ ਛੇ ਮਹੀਨੇ ਹੋ ਗਏ। ਅੱਜ ਤੱਕ ਸਭ ਕੁੱਝ ਠੀਕ ਠਾਕ ਚੱਲ ਰਿਹਾ ਹੈ। ਆਸਿਫ਼ ਨੂੰ ਲਗਦਾ ਜਿਹੜਾ ਸਰਬੀ ਨੂੰ ਦੇਖ ਕੇ ਹਰਜੀਤ ਨੂੰ ਬੁਖ਼ਾਰ, ਝੱਲ ਚੜ੍ਹਿਆ ਸੀ ਉਹ ਕਿਸੇ ਦੁੱਧ ਤੇ ਆਏ ਉਬਾਲ ਵਾਂਗੂੰ ਸੀ, ਜਿੰਨੀ ਜਲਦੀ ਆਇਆ ਓਨੀ ਜਲਦੀ ਹੀ ਉੱਤਰ ਗਿਆ। ਉਸ ਨੂੰ ਲਗਦਾ ਹੈ ਉਸ ਦੀ ਦਿੱਤੀ ਨਸੀਹਤ ਨੇ ਹਰਜੀਤ ਨੂੰ ਸਹੀ ਰਸਤੇ ਪਾ ਦਿੱਤਾ। ਪਰ ਅਸਲ ਵਿੱਚ ਸੱਚ ਕੁੱਝ ਹੋਰ ਹੈ। ਹਰਜੀਤ ਅੱਜ ਵੀ ਸਰਬਜੀਤ ਨੂੰ ਦੇਖ ਦੇਖ ਕੇ ਵਕਤ ਲੰਘਾ ਰਿਹਾ ਹੈ। ਹਾਂ ਠਹਿਰਾਓ ਸਿਰਫ਼ ਐਨਾ ਆਇਆ ਹੈ ਕੇ ਹੁਣ ਉਹ ਦੁਕਾਨ ਤੋਂ ਘਰ ਨੂੰ ਨਹੀਂ ਭੱਜਦਾ, ਬੱਸ ਜਦੋਂ ਕਦੇ ਅਚਾਨਕ ਸਰਬਜੀਤ ਦਿੱਖ ਜਾਂਦੀ ਹੈ ਤਾਂ ਉਹ ਉਸ ਨੂੰ ਜੀਅ ਭਰ ਕੇ ਦੇਖ ਲੈਂਦਾ ਹੈ। ਹੁਣ ਉਹ ਆਪਣੇ ਦਿਲ ਦੀ ਕਿਸੇ ਨਾਲ ਸਾਂਝੀ ਨਹੀਂ ਕਰਦਾ। ਆਸਿਫ਼ ਨਾਲ ਵੀ ਨਹੀਂ।

ਸਰਬਜੀਤ ਨੂੰ ਵੀ ਥੋੜ੍ਹਾ ਥੋੜ੍ਹਾ ਅਹਿਸਾਸ ਹੋਣ ਲੱਗ ਪਿਆ ਹੈ ਕੇ ਹਰਜੀਤ ਉਸ ਨੂੰ ਬਹੁਤ ਗ਼ੌਰ ਨਾਲ ਤੱਕਦਾ ਹੈ। ਪਰ ਉਸ ਨੇ ਇਸ ਗੱਲ ਤੇ ਕੋਈ ਬਹੁਤਾ ਧਿਆਨ ਨਹੀਂ ਦਿੱਤਾ।

ਅੱਜ ਸਵੇਰੇ ਸਵੇਰੇ ਕੋਈ ਘਰੇ ਆਇਆ ਹੈ। ਉਸ ਨੇ ਆ ਕੇ ਫ਼ਤਿਹ ਬੁਲਾਈ,” ਸਤਿ ਸ੍ਰੀ ਅਕਾਲ ਭਾਈ ਘਰੇ ਹੋ।”

ਸੁਖਮਨ ਨੇ ਬੈਠਣ ਲਈ ਕੁਰਸੀ ਦਿੱਤੀ ਤੇ ਅੰਦਰ ਹਰਜੀਤ ਕੋਲ ਗਈ ,” ਵੀਰੇ ਬਾਹਰ ਕੋਈ ਤੈਨੂੰ ਮਿਲਣ ਆਇਆ।”

ਹਰਜੀਤ ਨੇ ਆ ਕੇ ਪੁੱਛਿਆ, ” ਹਾਂ ਜੀ ਦੱਸੋ।”

ਉਸ ਬੰਦੇ ਨੇ ਦੱਸਿਆ ਕੇ,” ਮੇਰਾ ਨਾਮ ਸਰਵਣ ਹੈ। ਮਨੀਮਾਜਰੇ ਤੋਂ ਆਇਆ ਹਾਂ। ਅਸਲ ਵਿੱਚ ਮੈਂ ਸੁਖਮਨ ਲਈ ਰਿਸ਼ਤਾ ਲੈ ਕੇ ਆਇਆ ਹਾਂ। ਮੁੰਡੇ ਵਾਲਿਆ ਨੇ ਸੁਖਮਨ ਨੂੰ ਮਨੀਮਾਜਰੇ ਵਿਆਹ ਵਿੱਚ ਦੇਖਿਆ ਸੀ ਉਹ ਨਾ ਉਨ੍ਹਾਂ ਨੂੰ ਬਹੁਤ ਪਸੰਦ ਆ ਗਈ ਹੈ। ਉਨ੍ਹਾਂ ਨੇ ਆਪ ਭੇਜਿਆ ਭਾਈ ਮੈਨੂੰ ਗੱਲ ਕਰਨ ਲਈ। ਤੁਸੀਂ ਆਪਣਾ ਸੋਚ ਵਿਚਾਰ ਲਵੋ। ਆਹ ਮੁੰਡੇ ਦੀ ਫ਼ੋਟੋ ਹੈ। ਮੁੰਡਾ ਦੁਬਈ ਵਿੱਚ ਕੰਮ ਕਰਦਾ ਹੈ। ਜੇ ਦੇਖ ਦਿਖਾਈ ਕਰਨੀ ਹੋਵੇ ਤਾਂ ਆਹ ਮੇਰਾ ਨੰਬਰ ਹੈ ਦੱਸ ਦੇਣਾ।”

ਚਾਹ ਪਾਣੀ ਪੀ ਕੇ ਸਰਵਣ ਚਲਾ ਗਿਆ।

ਸੁਖਮਨ ਨੇ ਰਸੋਈ ਵਿੱਚ ਖੜੀ ਨੇ ਸਾਰੀ ਗੱਲ ਸੁਣ ਲਈ ਸੀ। ਜਿਵੇਂ ਹੀ ਹਰਜੀਤ ਸੁਖਮਨ ਨੂੰ ਗੱਲ ਦੱਸਣ ਲੱਗਿਆ ਉਹ ਬੋਲ ਪਈ, ” ਉ ਹੂੰ, ਪਹਿਲਾਂ ਵੀਰੇ ਤੇਰਾ ਵਿਆਹ ਕਰਨਾ  ….. ਮੈਂ ਨਾ ਸਰਬੀ ਭਾਬੀ ਨਾਲ ਗੱਲ ਕਰੀ ਸੀ ਉਸ ਦੀ ਛੋਟੀ ਭੈਣ ਨਾਲ ਤੇਰਾ ਰਿਸ਼ਤਾ ਕਰ ਦੇਣਾ। ਦੋਵੇਂ ਭੈਣਾਂ ਭੈਣਾਂ ਨੇੜੇ ਨੇੜੇ ਹੋ ਜਾਣਗੀਆਂ…. ਨਾਲੇ ਵੀਰੇ ਭਾਬੀ ਕਹਿੰਦੀ ਸੀ ਉਸ ਦੀ ਛੋਟੀ ਭੈਣ ਉਸ ਤੋਂ ਵੀ ਸੁਨੱਖੀ ਆ।”

ਸੁਖਮਨ ਦੀ ਗੱਲ ਸੁਣ ਕੇ ਹਰਜੀਤ ਇੱਕ ਦਮ ਬੋਲ ਪਿਆ,” ਕਮਲੀ ਨਾ ਬਣ ਅਗਲਿਆਂ ਨੇ ਮੰਗ ਕੇ ਰਿਸ਼ਤਾ ਲਿੱਤਾ। ਆਹ ਲੈ ਫੜ ਮੁੰਡੇ ਦੀ ਫ਼ੋਟੋ ਦੇਖ ਲੈ। ਜੇ ਤੈਨੂੰ ਪਸੰਦ ਹੋਵੇ ਤਾਂ ਦੱਸ ਦੇਵੀਂ। ਫੇਰ ਮੈਂ ਆਸਿਫ਼ ਨੂੰ ਨਾਲ ਲੈ ਕੇ ਮੁੰਡਾ ਅਤੇ ਉਸ ਦਾ ਘਰ ਬਾਰ ਦੇਖ ਆਵਾਂਗਾ।”

ਅੰਦਰ ਜਾ ਕੇ ਹਰਜੀਤ ਆਪਣੇ ਆਪ ਨਾਲ ਗੱਲਾਂ  ਕਰਦਾ ਬੋਲਿਆ,” ਕੋਈ ਸਰਬੀ ਨਾਲੋਂ ਵੀ ਸੋਹਣੀ ਹੋ ਸਕਦੀ ਹੈ…. ਆਹ ਤਾਂ ਸਰਾਸਰ ਝੂਠ ਐ।”

ਅੰਦਰੋਂ ਪਰਕਾਸ਼ੋ ਬੋਲੀ,” ਵੇ ਔਂਤਰਿਓ! ਕੁੱਝ ਮੈਨੂੰ ਵੀ ਦੱਸੋ ਕੀ ਕਹਿੰਦਾ ਸੀ ਆਹ ਭਾਈ….. ਦੋਵੇਂ ਘਿਉ ਖਿਚੜੀ ਹੋਏ ਰਹਿੰਦੇ ਹੋ …. ਇਸ ਘਰ ਵਿੱਚ ਕੋਈ ਹੋਰ ਵੀ ਰਹਿੰਦਾ।”

ਹੁਣ ਮੁਸ਼ਕਿਲ ਇਹ ਬਣ ਆਈ ਕੇ ਪਰਕਾਸ਼ੋ ਨਾਲ ਕੋਣ ਗੱਲ ਕਰੇ। ਹਰਜੀਤ ਉਸ ਨਾਲ ਬੋਲਦਾ ਨਹੀਂ ਤੇ ਸੁਖਮਨ ਆਪਣੇ ਵਿਆਹ ਦੀ ਗੱਲ ਆਪੇ ਕਿਵੇਂ ਕਰੇ। ਹਰਜੀਤ ਤਾਂ ਆਪਣੇ ਪਿਓ ਨਾਲ ਵੀ ਗੱਲ ਨਹੀਂ ਸੀ ਕਰਦਾ ਇਸ ਕਰਕੇ ਉਹ ਜਲਦੀ ਤਿਆਰ ਹੋ ਕੇ ਆਸਿਫ਼ ਦੇ ਘਰ ਚੱਲਿਆ ਗਿਆ। ਹਰਜੀਤ ਨੇ ਆਸਿਫ਼ ਦੇ ਪਿਤਾ ਕੋਲ ਜਾ ਕੇ ਸਲਾਮ ਬੁਲਾਈ ਤੇ ਕਿਹਾ, ” ਅੱਬੂ ਤੁਹਾਨੂੰ ਤਾਂ ਪਤਾ ਸਾਡੇ ਘਰ ਦੇ ਹਾਲਾਤ, ਮੈਂ ਨਹੀਂ ਚਾਹੁੰਦਾ ਇਨ੍ਹਾਂ ਹਾਲਤਾਂ ਦੀ ਭੇਂਟ ਸੁਖਮਨ ਚੜ੍ਹ ਜਾਵੇ, ਅੱਜ ਰਿਸ਼ਤਾ ਆਇਆ ਸੁਖਮਨ ਲਈ ਮੈਂ ਚਾਹੁੰਦਾ ਤੁਸੀਂ ਮੂਹਰੇ ਹੋ ਕੇ ਸਾਡੇ ਘਰੇ ਤੇ ਮੁੰਡੇ ਵਾਲਿਆਂ ਨਾਲ ਗੱਲ ਕਰੋ।”

” ਹਰਜੀਤ ਮੀਆਂ, ਜਿਹੜੇ ਘਰਾਂ ਵਿੱਚ ਇਤਫ਼ਾਕ ਪਿਆਰ, ਮੁਹੱਬਤ ਨਹੀਂ ਹੁੰਦਾ ਉਹ ਨਰਕ ਬਣ ਜਾਂਦੇ ਨੇ । ਮਾਸ਼ਾ ਅੱਲਾ ਹੁਣ ਤੂੰ ਵੱਡਾ ਹੋ ਗਿਆ ਹੈਂ ਤੈਨੂੰ ਹੁਣ ਘਰ ਦੇ ਹਾਲਾਤ ਬਦਲਣੇ ਚਾਹੀਦੇ ਹਨ। ਖ਼ੁਸ਼ੀ ਦੀ ਗੱਲ ਏ, ਖ਼ੁਦਾ ਨੇ ਰਹਿਮਤ ਕਰੀ ਹੈ ਸੁਖਮਨ ਆਪਣੇ ਘਰ ਚਲੇ ਜਾਵੇਗੀ ਪਰ ਅੱਲਾ ਕਸਮ ਮੈਂ ਅਕਸਰ ਇਹ ਸੋਚਦਾ ਹੁੰਦਾ ਕੇ ਜਦੋਂ ਸੁਖਮਨ ਚਲੇ ਗਈ ਤਾਂ ਤੁਹਾਡੇ ਘਰ ਦੇ ਹਾਲਾਤ ਬਹੁਤ ਤਰਸਯੋਗ ਹੋ ਜਾਣਗੇ। ਉਸ ਬੱਚੀ ਦੀ ਅੱਲਾ ਪਾਕ ਉਮਰ ਦਰਾਜ਼ ਕਰੇ ਰਹਿਮਤਾਂ ਬਣਾਈ ਰੱਖੇ ਜਿਸ ਨੇ ਐਨੇ ਮਾੜੇ ਹਾਲਾਤਾਂ ਵਿੱਚ ਵੀ ਘਰ ਨੂੰ ਜੋੜੀ ਰੱਖਿਆ। ਮੈਂ ਦੁਕਾਨ ਤੇ ਆਵਾਂਗਾ ਤੇਰੇ ਵਾਲਦ ਨਾਲ ਗੱਲ ਕਰਨ ਲਈ।”

ਆਸਿਫ਼ ਦੇ ਪਿਤਾ ਨੇ ਹਰਜੀਤ ਦੇ ਪਿਓ ਨਾਲ ਗੱਲ ਕਰੀ। ਪਰਕਾਸ਼ੋ ਨੂੰ ਵੀ ਪਤਾ ਲੱਗ ਗਿਆ। ਜਦੋਂ ਪਰਕਾਸ਼ੋ ਨੇ ਸੁਖਮਨ ਤੋਂ ਉਸ ਦੀ ਹਾਂ ਨਾ ਵਾਰੇ ਪੁੱਛਿਆ ਤਾ ਉਹ ਬੋਲੀ,” ਦੇਖ ਮਾਂ ਪਹਿਲਾਂ ਹਰਜੀਤ ਵੀਰੇ ਦਾ ਵਿਆਹ ਕਰ ਦੇਵੋ। ਫੇਰ ਮੈਨੂੰ ਜਿੱਥੇ ਕਹੋਗੇ ਵਿਆਹ ਕਰਾ ਲਵਾਂਗੀ। ਜੇ ਤੁਸੀਂ ਮੇਰਾ ਪਹਿਲਾਂ ਵਿਆਹ ਕਰਵਾ  ਦਿੱਤਾ, ਵੀਰੇ ਦਾ ਤਾਂ ਰੋਟੀ ਦਾ ਵੀ ਔਖਾ ਹੋ ਜਾਣਾ।”

” ਫੋਟ ! ਸਿਧਰੀ ਨਾ ਹੋਵੇ ਤਾਂ ਅਖੇ ਰੋਟੀ ਦਾ ਔਖਾ ਹੋ ਜਾਣਾ। ਮਾਂ ਬੈਠੀ ਆ ਅਜੇ , ਮੈਂ ਰਹਿਣ ਦਿੰਦੀ ਹਾਂ ਭੁੱਖਾ ਮੇਰੇ ਪੁੱਤ ਨੂੰ। ਤੂੰ ਸਾਡਾ ਭੋਰਾ ਫ਼ਿਕਰ ਨਾ ਕਰ ਧੀਏ ਤੂੰ ਆਪਣੇ ਵਾਰੇ ਸੋਚ। ਤੇਰੀ ਜ਼ਿੰਮੇਵਾਰੀ ਪੂਰੀ ਹੋ ਜਾਵੇ ਮੈਂ ਵੀ ਗੰਗਾ ਨਹਾ ਆਵਾਂ।” ਸੁਖਮਨ ਬੈਠੀ ਸੋਚ ਰਹੀ ਹੈ ਇਹ ਅਚਾਨਕ ਮਾਂ ਨੂੰ ਕੀ ਹੋ ਗਿਆ, ਇਸ ਨੂੰ ਹਰਜੀਤ ਵੀਰੇ ਦਾ ਹੇਜ ਕਿਵੇਂ ਜਾਗ ਪਿਆ।” ਸ਼ਾਇਦ ਘਰੋਂ ਮੇਰੇ ਜਾਣ ਨਾਲ ਹੀ ਇਨ੍ਹਾਂ ਵਿੱਚ ਬੋਲ ਚਾਲ ਸ਼ੁਰੂ ਹੋ ਜਾਵੇ। ਇਹ ਸੋਚ ਕੇ ਸੁਖਮਨ ਨੇ ਮਾਂ ਨੂੰ ਹਾਂ ਕਰ ਦਿੱਤੀ।”

ਜਿਵੇਂ ਹੀ ਹਾਂ ਬੋਲ ਕੇ ਸੁਖਮਨ ਅੰਦਰ ਗਈ ਪਰਕਾਸ਼ੋ ਬੋਲੀ,” ਸਵਾਦ ਤਾਂ ਹੁਣ ਆਉਣਾ। ਕੇਰਾਂ ਸੁਖਮਨ ਆਪਣੇ ਘਰੇ ਚਲੀ ਜਾਵੇ ਫੇਰ ਨਾਸੀਂ ਧੂੰਆਂ ਨਾ ਕੱਢ ਦਿੱਤਾ ਪਿਓ ਪੁੱਤ ਦੇ। ਰੋਟੀ ਤਾਂ ਦੂਰ ਪਾਣੀ ਨੂੰ ਵੀ ਤਰਸਣ ਲਾ ਦਿਓ। ਬਥੇਰੀ ਸੇਵਾ ਕਰ ਦਿੱਤੀ ਮੇਰੀ ਧੀ ਨੇ ਖ਼ਸਮਾਂ ਖਾਣਿਆਂ ਦੀ। ਦੇਖ ਤਾਂ ਪੁੱਤ ਮੂੰਹ ਬਣਾਈ ਰੱਖਦਾ ਤੇ ਪਿਓ ਦਾਰੂ ਡੱਫੀ ਰੱਖਦਾ। ਸਬਕ ਨਾ ਸਿਖਾ ਦਿੱਤਾ ਚਾਰ ਦਿਨਾਂ ਵਿੱਚ ਤਾਂ ਮੈਨੂੰ ਵੀ ਪਰਕਾਸ਼ੋ ਕਿਸ ਨੇ ਕਹਿਣਾ।”

ਕੁੱਝ ਦਿਨਾਂ ਵਿੱਚ ਹੀ ਸੁਖਮਨ ਦਾ ਵਿਆਹ ਹੋ ਗਿਆ। ਆਸਿਫ਼ ਦੇ ਅੱਬੂ ਨੇ ਸੁਖਮਨ ਦੇ ਕੰਨ ਵਿੱਚ ਕੁਰਾਨ ਦੀ ਆਇਤ ਪੜ੍ਹ ਕੇ ਸੁਖਮਨ ਨੂੰ ਵਿਦਾ ਕੀਤਾ। ਸਹੁਰੇ ਜਾਂਦੀ ਜਾਂਦੀ ਸੁਖਮਨ ਸਰਬਜੀਤ ਨੂੰ ਕਹਿ ਗਈ,” ਸਰਬੀ ਭਾਬੀ ਮੈਨੂੰ ਪਤਾ ਮੇਰੇ ਜਾਣ ਬਾਅਦ ਹਰਜੀਤ ਵੀਰ ਨੇ ਬਿਲਕੁਲ ਇਕੱਲੇ ਰਹਿ ਜਾਣਾ। ਤੈਨੂੰ ਤਾਂ ਪਤਾ ਹੈ ਸਾਡੇ ਘਰ ਦਾ। ਹਰਜੀਤ ਵੀਰ ਨਾ ਬਚਪਨ ਤੋਂ ਹੀ ਚੁੱਪ ਹੋ ਗਿਆ ਸੀ। ਉਸ ਨੇ ਤਸੀਹੇ ਸਹੀ ਜਾਣੇ ਨੇ ਪਰ ਉਜ਼ਰ ਨਹੀਂ ਕਰਨਾ। ਭਾਬੀ ਰੱਬ ਤੈਨੂੰ ਪੁੱਤ ਦੇਊ ਜਦੋਂ ਤੰਦੂਰ ਤੇ ਰੋਟੀ ਲਾਹਿਆ ਕਰੇਂਗੀ ਤਾਂ ਗਿਣ ਕੇ ਚਾਰ ਰੋਟੀਆਂ ਵੀਰ ਦੀਆਂ ਵੀ ਲਾਹ ਦਿਆਂ ਕਰੀਂ।”

” ਠੀਕ ਹੈ ਸੁੱਖ ਤੂੰ ਹਰਜੀਤ ਦਾ ਜਮਾਂ ਫ਼ਿਕਰ ਨਾ ਕਰ ਅਸੀਂ ਸਾਰੇ ਹੈਗੇ ਆਂ, ਤੂੰ ਖ਼ੁਸ਼ੀ ਖ਼ੁਸ਼ੀ ਆਪਣਾ ਨਵਾਂ ਸਫ਼ਰ ਸ਼ੁਰੂ ਕਰ।” ਸਰਬਜੀਤ ਬੋਲੀ

ਅੱਜ ਸੁਖਮਨ ਨੂੰ ਵਿਆਹ ਕੇ ਗਈ ਨੂੰ ਦੋ ਹਫ਼ਤੇ ਹੋ ਚੱਲੇ ਹਨ। ਹਰਜੀਤ ਹੈਰਾਨ ਹੈ ਜਦੋਂ ਸ਼ਾਮ ਨੂੰ ਉਹ ਘਰ ਆਉਂਦਾ ਹੈ ਤਾਂ ਥਾਲ਼ੀ ਵਿੱਚ ਉਸ ਲਈ ਰੋਟੀ ਦਾਲ ਸਬਜ਼ੀ ਢੱਕ ਕੇ ਰੱਖੀ ਪਈ ਹੁੰਦੀ ਹੈ। ਉਹ ਬਹੁਤ ਹੈਰਾਨ ਹੈ ਕੇ ਪਰਕਾਸ਼ੋ ਉਸ ਲਈ ਰੋਟੀ ਬਣਾ ਕੇ ਰੱਖ ਰਹੀ ਹੈ।

ਅੱਜ ਮਹੀਨੇ ਦਾ ਆਖ਼ਰੀ ਸੋਮਵਾਰ ਹੈ ਦੁਕਾਨ ਬੰਦ ਰਹਿਣੀ ਹੈ। ਆਸਿਫ਼ ਤੇ ਹਰਜੀਤ ਦੁਕਾਨ ਦੇ ਬਾਹਰ ਬੈਠੇ ਹਨ। ਆਸਿਫ਼ ਨੇ ਕਿਤੇ ਜਾਣਾ ਹੈ ਇਸ ਕਰਕੇ ਹਰਜੀਤ ਵੀ ਜਲਦੀ ਘਰ ਮੁੜ ਆਇਆ ਹੈ।

ਉਹ ਦੇਖ ਕੇ ਹੈਰਾਨ ਰਹਿ ਗਿਆ ,” ਸਰਬਜੀਤ ਉਸ ਲਈ ਰਸੋਈ ਵਿੱਚ ਰੋਟੀ ਰੱਖ ਕੇ ਮੁੜੀ ਹੈ। ਉਸ ਨੂੰ ਹੁਣ ਸਮਝ ਆਈ ਕੇ ਰੋਟੀ ਕੋਈ ਹੋਰ ਨਹੀਂ ਸਰਬੀ ਰੱਖ ਰਹੀ ਸੀ।”

ਰੋਟੀ ਵਾਲੀ ਥਾਲ਼ੀ ਧੋ ਕੇ ਰੱਖ ਦਿੱਤੀ ਹਰਜੀਤ ਨੇ ਤੇ ਵਿੱਚ ਇੱਕ ਕਾਗ਼ਜ਼ ਦੇ ਟੁਕੜੇ ਤੇ ਲਿਖ ਦਿੱਤਾ, ” ਆਪ ਜੀ ਦਾ ਬਹੁਤ ਸ਼ੁਕਰੀਆ ….. ਤੁਸੀਂ ਬਹੁਤ ਸਵਾਦ ਰੋਟੀ ਭਾਜੀ ਬਣਾਉਂਦੇ ਹੋ।”

ਅਗਲੇ ਦਿਨ ਸਰਬਜੀਤ ਭਾਂਡੇ ਚੁੱਕਣ ਆਈ ਤਾਂ ਉਸ ਨੇ ਪਰਚੀ ਪਈ ਦੇਖੀ। ਜਦੋਂ ਉਸ ਨੇ ਪੜ੍ਹੀ ਤਾਂ ਉਸ ਨੂੰ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ। ਤਰਸੇਮ ਨੇ ਤਾਂ ਅੱਜ ਤੱਕ ਕਦੇ ਤਾਰੀਫ ਨਹੀਂ ਸੀ ਕਰੀ ਉਸ ਦੀ।

ਉਹ ਰੋਟੀ ਬਣਾ ਕੇ ਰੱਖ ਗਈ ਤੇ ਇੱਕ ਪਰਚੀ ਤੇ ਲਿਖ ਕੇ ਰੱਖ ਗਈ, ” ਅੱਛਾ ਜੀ  !!!!! ਭਾਬੀ ਨੂੰ ਮਸਕੇ ਲਾਏ ਜਾ ਰਹੇ ਨੇ ਜਾਂ ਫੇਰ ਸੱਚੀਂ ਸਵਾਦ ਲੱਗੀ।”

ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ। ਜਿਨ੍ਹਾਂ ਨੇ ਕਦੇ ਇੱਕ ਦੂਜੇ ਨੂੰ ਬੁਲਾਇਆ ਨਹੀਂ ਸੀ ਉਨ੍ਹਾਂ ਦੀ ਦੁਨੀਆ ਤੋਂ ਚੋਰੀ ਚੋਰੀ ਗੱਲ ਬਾਤ ਸ਼ੁਰੂ ਹੋ ਗਈ ਸੀ….

ਜਦੋਂ ਦੀ ਹਰਜੀਤ ਨੂੰ ਸਰਬੀ ਦੀ ਪਰਚੀ ਮਿਲੀ ਹੈ ਉਹ ਖ਼ੁਸ਼ ਵੀ ਹੈ ਤੇ ਉਦਾਸ ਵੀ। ਖ਼ੁਸ਼ੀ ਇਸ ਗੱਲ ਦੀ ਹੈ, ਉਸ  ਨੇ ਤਾਂਂ ਸੋਚਿਆ ਹੀ ਨਹੀਂ ਸੀ ਕਿ ਸਰਬੀ ਐਨੀ ਜਲਦੀ ਜਵਾਬ ਦੇਵੇਗੀ, ਪਰ ਦੁੱਖ ਉਸ ਨੂੰ ਇਸ ਗੱਲ ਦਾ ਹੈ ਕੇ ਸਰਬੀ ਨੇ ਇਹ ਪਰਚੀ ਭਾਬੀ ਵਜੋਂ ਲਿਖੀ ਸੀ। ਰਿਸ਼ਤਿਆਂ ਤੋਂ ਉਸ ਨੂੰ ਸਖ਼ਤ ਨਫ਼ਰਤ ਹੈ। ਬਹੁਤ ਦੇਰ ਸੋਚ ਵਿਚਾਰ ਕੇ ਉਸ ਨੇ ਕਲਮ ਚੁੱਕੀ ਤੇ ਲਿਖਣ ਬੈਠ ਗਿਆ।

” ਸਰਬੀ, ਇਸ ਕਾਗ਼ਜ਼ ਦੇ ਟੁਕੜੇ ਨੇ ਮੈਨੂੰ ਜੋ ਖ਼ੁਸ਼ੀ ਦਿੱਤੀ ਹੈ ਮੈਂ ਕਿਵੇਂ ਬਿਆਨ ਕਰਾਂ। ਇਹ ਚਾਰ ਅੱਖਰਾਂ ਦੀ ਮੇਰੇ ਲਈ ਜੋ ਅਹਿਮੀਅਤ ਹੈ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਖ਼ਤ ਹੈ, ਜੋ ਕਿਸੇ ਨੇ ਮੈਨੂੰ ਭੇਜਿਆ ਹੈ। ਮੈਨੂੰ ਇਹ ਖ਼ੁਸ਼ੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਸਰਬੀ ਜਦੋਂ ਤੋਂ ਮੇਰੀ ਮਾਂ ਮਰੀ ਹੈ ਨਾ, ਬੱਸ ਇਨ੍ਹਾਂ ਰਿਸ਼ਤੇਦਾਰੀਆਂ ਦੀ ਅਸਲੀਅਤ ਨੂੰ ਹੀ ਸਮਝਣ ਵਿੱਚ  ਲੱਗਿਆ ਹੋਇਆ ਹਾਂ। ਮੇਰਾ ਬਾਪ, ਜਿਸ ਨੂੰ ਮੇਰੀ ਮਾਂ ਮਰੀ ਦਾ ਸਭ ਤੋਂ ਵੱਧ ਦੁੱਖ ਹੋਣਾ ਚਾਹੀਦਾ ਸੀ, ਜਿਸ ਨੂੰ ਮੈਨੂੰ ਚੁੱਕ ਕੇ ਕਾਲਜੇ ਨਾਲ ਲਾਉਣਾ ਚਾਹੀਦਾ ਸੀ , ਉਹ ਮੈਨੂੰ, ਮੇਰੀ ਮਾਂ ਨੂੰ ਭੁੱਲ ਕੇ ਦਸਵੇਂ ਦਿਨ ਨਵੀਂ ਤੀਵੀਂ ਵਿਆਹ ਲਿਆਇਆ ਸੀ। ਮੇਰੇ ਪਿਓ ਨੇ ਉਸ ਦਿਨ ਤੋਂ ਬਾਅਦ ਕਦੇ ਮੇਰੀ ਨਹੀਂ ਸੁਣੀ….. ਮੇਰੇ ਵੀ ਮਨੋਂ ਲਹਿ ਗਿਆ ਇਹ ਬੰਦਾ। ਹੋਲੀ ਹੋਲੀ ਸਾਡੀ ਬੋਲ ਚਾਲ ਬੰਦ ਹੋ ਗਈ…… ਜਿਹੜੀ ਤੀਵੀਂ ਉਹ ਵਿਆਹ ਕੇ ਲਿਆਇਆ ਉਸ ਨੂੰ ਤਾਂ ਮੇਰੀ ਰੂਹ ਨੇ ਸਵੀਕਾਰ ਹੀ ਨਹੀਂ ਕਰਿਆ। ਜਦੋਂ ਮੇਰਾ ਪਿਓ ਨਵੀਂ ਤੀਵੀਂ ਲੈ ਆਇਆ ਉਸ ਦਿਨ ਤੋਂ ਬਾਅਦ ਮੇਰੇ ਮਾਮਿਆਂ ਨੇ ਕਦੇ ਮੁੜ ਕੇ ਪਿੱਛੇ ਨਹੀਂ ਦੇਖਿਆ….ਸ਼ਾਇਦ ਮਾਮੇ, ਮਾਸੀਆਂ, ਨਾਨਾ-ਨਾਨੀ ਦਾ ਰਿਸ਼ਤਾ ਵੀ ਓਨੀ ਦੇਰ ਦਾ ਸੀ ਜਿੰਨੀ ਦੇਰ ਮਾਂ ਬੈਠੀ ਸੀ। ਸੁਖਮਨ, ਜਿਸ ਨਾਲ ਮੇਰਾ ਖ਼ੂਨ ਦਾ ਕੋਈ ਰਿਸ਼ਤਾ ਨਹੀਂ ਸੀ ਬੱਸ ਉਹ ਹੀ ਸਮਝ ਸਕੀ ਕੇ ਮੈਂ ਕਿੰਨਾ ਇਕੱਲਾ ਹਾਂ….. ਖ਼ੂਨ ਦੇ ਰਿਸ਼ਤੇ ਤਾਂ ਮੂੰਹ ਮੋੜ ਗਏ ਪਰ ਸੁਖਮਨ ਨੇ ਆਪਣਾ ਫ਼ਰਜ਼ ਤਹਿ ਦਿਲੋਂ ਨਿਭਾਇਆ। ਜੇ ਅੱਜ ਮੈਂ ਜ਼ਿੰਦਾ ਹਾਂ ਤਾ ਉਸ ਦਾ ਸਿਹਰਾ ਸੁਖਮਨ ਸਿਰ ਜਾਂਦਾ ਹੈ। ਚਾਚੇ, ਤਾਏ, ਉਨ੍ਹਾਂ ਦੇ ਟੱਬਰਾਂ ਨਾਲ ਪਰਕਾਸ਼ੋ ਨੇ ਆਉਂਦਿਆਂ ਹੀ ਕਲੇਸ਼ ਸ਼ੁਰੂ ਕਰ ਲਿਆ। ਇਸ ਕਲੇਸ਼ ਦੀ ਆੜ ਵਿੱਚ ਉਹ ਵੀ ਅਰਾਮ ਨਾਲ ਪਰੇ ਹੋ ਗਏ। ਨਫ਼ਰਤ ਹੋ ਗਈ ਹੈ ਮੈਨੂੰ ਇਨ੍ਹਾਂ ਦੁਨਿਆਵੀ ਰਿਸ਼ਤਿਆਂ ਨਾਲ।

ਚੰਗਾ ਹੋਵੇਗਾ ਜੇ ਤੁਸੀਂ ਵੀ ਆਹ ਭਾਬੀ ਦਿਉਰ ਵਾਲਾ ਰਿਸ਼ਤਾ ਖ਼ਤਮ ਕਰ ਦੇਵੋ…..ਕੀ ਇਨ੍ਹਾਂ ਰਿਸ਼ਤਿਆਂ ਦਿਆਂ ਝਮੇਲਿਆਂ ਨੂੰ ਭੁੱਲ ਕੇ ਆਪਾਂ ਦੋਸਤ, ਸਿਰਫ਼ ਦੋਸਤ ਨਹੀਂ ਹੋ ਸਕਦੇ। ਰਿਸ਼ਤਿਆਂ ਪਿੱਛੇ ਮਤਲਬ ਲੁਕੇ ਹੁੰਦੇ ਨੇ, ਉਹ ਦੋਸਤੀ ਹੈ ਜੋ ਬਿਨਾਂ ਸਵਾਰਥ ਦੇ ਰੱਖੀ ਜਾ ਸਕਦੀ ਹੈ।

ਮੈਨੂੰ ਉਮੀਦ ਹੈ ਤੁਸੀਂ ਮੈਨੂੰ ਗ਼ਲਤ ਨਹੀਂ ਸਮਝੋਗੇ, ਭਾਵੇਂ ਮੇਰੀ ਤੇ ਸੁਖਮਨ ਦਾ ਬਹੁਤ ਪਿਆਰ ਹੈ ਉਹ ਹਮੇਸ਼ਾ ਮੈਨੂੰ ਹਰਜੀਤ ਵੀਰੇ, ਹਰਜੀਤ ਵੀਰੇ ਕਹਿੰਦੀ ਰਹਿੰਦੀ ਹੈ। ਪਰ ਮੈਂ ਕਦੇ ਉਸ ਨੂੰ ਭੈਣ ਨਹੀਂ ਕਿਹਾ, ਮੈਨੂੰ ਉਸ ਨੂੰ ਭੈਣ ਨਾਲੋਂ ਜ਼ਿਆਦਾ ਚੰਗਾ ਲਗਦਾ ਸੀ ਨਿੱਕੀਏ ਜਾਂ ਫੇਰ ਸੁੱਖ ਕਹਿਣਾ। ਬੇਸ਼ੱਕ ਤੁਸੀਂ ਸੁੱਖ ਨੂੰ ਪੁੱਛ ਲੈਣਾ। ਪਰ ਉਸ ਨੂੰ ਇਸ ਖ਼ਤ ਤੇ ਆਪਣੀ ਦੋਸਤੀ ਵਾਰੇ ਨਾ ਦੱਸਣਾ।”

“” ਹਰਜੀਤ “”

ਦੂਜੇ ਪਾਸੇ ਸਰਬਜੀਤ ਜੋ ਕੇ ਰੋਜ਼ ਸ਼ਾਮ ਨੂੰ ਤਰਸੇਮ ਦੇ ਆਉਣ ਤੋਂ ਪਹਿਲਾਂ ਸਜ ਧਜ ਕੇ ਬੈਠਦੀ ਹੈ, ਅੱਜ ਵੀ ਤਿਆਰ ਹੋ ਕੇ ਦਰਾਂ ਵਿੱਚ ਬੈਠੀ ਤਰਸੇਮ ਦੀ ਕੰਮ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੀ ਹੈ।

ਜਿਵੇਂ ਹੀ ਤਰਸੇਮ ਆਇਆ ਉਸ ਨੇ ਪਾਣੀ ਦਾ ਗਿਲਾਸ ਲਿਆ ਕੇ ਦਿੱਤਾ ਹੈ ,” ਆ ਲੋ ਜੀ ਪਾਣੀ ਪੀ ਲਵੋ।”
ਰੋਜ਼ ਉਸ ਨੂੰ ਉਡੀਕ ਰਹਿੰਦੀ ਹੈ ਕੇ ਸ਼ਾਇਦ ਕਿਸੇ ਦਿਨ ਤਰਸੇਮ ਉਸ ਦੇ ਹੁਸਨ ਦੀ ਤਾਰੀਫ਼਼ ਵਿੱਚ ਕੋਈ ਕਸੀਦਾ ਪੜ੍ਹੇਗਾ। ਪਰ ਇੰਝ ਅੱਜ ਤੱਕ ਤਾਂ ਕਦੇ ਨਹੀਂ ਹੋਇਆ। ਖ਼ੁਸ਼ਕ ਜਿਹੇ ਸੁਭਾਅ ਦਾ ਹੈ ਤਰਸੇਮ। ਹਾਸੇ ਮਜ਼ਾਕ ਤੋਂ ਕੋਹਾਂ ਦੂਰ, ਚੁੱਪ ਚੁੱਪ ਰਹਿੰਦਾ ਹੈ ਤਰਸੇਮ। ਚੋਚਲੇ ਮੋਚਲੇ ਜੋ ਉਹ ਅਕਸਰ ਰੋਮਾਂਟਿਕ ਫ਼ਿਲਮਾਂ ਵਿੱਚ ਦੇਖਿਆ ਕਰਦੀ ਸੀ ਸ਼ਾਇਦ ਉਹ ਤਾਂ ਤਰਸੇਮ ਨੂੰ ਆਉਂਦੇ ਹੀ ਨਹੀਂ। ਕਈ ਵਾਰ ਤਾਂ ਸਰਬਜੀਤ ਨੂੰ ਲੱਗਿਆ ਜਿਵੇਂ ਉਹ ਤਰਸੇਮ ਨੂੰ ਪਸੰਦ ਨਹੀਂ ਆਈ।

ਅੱਜ ਤਰਸੇਮ ਨਾਲ ਬੈਠੀ, ਰੋਟੀ ਖਾਂਦਿਆਂ ਸਰਬਜੀਤ ਸੋਚ ਰਹੀ ਹੈ,” ਕਿੰਨਾ ਚੰਗਾ ਹੋਵੇ ਜੇ ਤਰਸੇਮ ਵੀ ਹਰਜੀਤ ਦੀ ਤਰ੍ਹਾਂ ਉਸ ਦੀ ਬਣਾਈ ਰੋਟੀ ਦੀ ਤਾਰੀਫ ਕਰਦਾ। ਕੋਈ ਦੋ ਪਿਆਰ ਭਰੇ ਸ਼ਬਦ ਬੋਲਦਾ, ਸੋਚਦੀ ਸੋਚਦੀ ਸਰਬਜੀਤ ਨੇ ਪੁੱਛ ਹੀ ਲਿਆ, ਕਿਵੇਂ ਲੱਗੀ ਜੀ ਰੋਟੀ।”

” ਠੀਕ ਹੈ ਰੋਜ਼ ਦੀ ਤਰ੍ਹਾਂ ” ਤਰਸੇਮ ਬੋਲਿਆ

” ਬੱਸ ਸਿਰਫ ਠੀਕ ਹੈ ” ਸਰਬਜੀਤ ਬੋਲੀ, ਸ਼ਾਇਦ ਉਹ ਇਸ ਤੋਂ ਕੁੱਝ ਚੰਗਾ ਸੁਣਨਾ ਚਾਹੁੰਦੀ ਸੀ।

” ਠੀਕ ਹੈ…. ਮਤਲਬ ਸਵਾਦ ਹੈ, ਬਹੁਤ ਸਵਾਦ ਹੈ”, ਤਰਸੇਮ ਹਲਕੀ ਜਿਹੀ ਮੁਸਕਰਾਹਟ ਨਾਲ ਬੋਲਿਆ

ਤਰਸੇਮ ਰੋਟੀ ਖਾ ਕੇ ਹਟਿਆ ਤਾਂ ਭਾਂਡੇ ਇਕੱਠੇ ਕਰਦੀ ਸਰਬਜੀਤ ਸੋਚ ਰਹੀ ਹੈ,” ਕਹਿ ਕੇ ਤਾਰੀਫ਼ ਕਰਵਾਈ ਕੀ ਕਰਵਾਈ।”

” ਚਲੋ ਆਪਾਂ ਸਿੰਘ ਸ਼ਹੀਦਾਂ ਗੁਰੂ ਘਰ ਚੱਲ ਕੇ ਮੱਥਾ ਟੇਕ ਆਉਂਦੇ ਹਾਂ ।” ਸਰਬਜੀਤ ਤਰਸੇਮ ਦੇ ਕੋਲ ਆ ਕੇ ਬੋਲੀ

” ਨਹੀਂ ਅੱਜ ਨਹੀਂ,  ਅੱਜ ਬਹੁਤ ਕੰਮ ਸੀ ਮੈਂ ਨਾ ਥੱਕ ਗਿਆ ਹਾਂ। ਫੇਰ ਕਿਸੇ ਦਿਨ ਚੱਲਾਂਗੇ।” ਟੈਲੀਵਿਜ਼ਨ ਤੇ ਖ਼ਬਰਾਂ ਸੁਣਦਾ ਸੁਣਦਾ ਸੋਫ਼ੇ ਤੇ ਹੀ ਪੈ ਗਿਆ ਤਰਸੇਮ  ਤੇ ਉਸ ਦੀ ਅੱਖ ਲੱਗ ਗਈ।

ਸਰਬਜੀਤ ਨੇ ਧਿਆਨ ਹੋਰ ਪਾਸੇ ਪਾਉਣ ਲਈ ਸੁਖਮਨ ਨੂੰ ਫ਼ੋਨ ਕਰ ਲਿਆ,” ਹੈਲੋ !!! ਸੁੱਖ ਕਿਵੇਂ ਹੈਂ।”

” ਭਾਬੀ ਮੈਂ ਠੀਕ ਹਾਂ ਖ਼ੁਸ਼ ਬਹੁਤ ਖ਼ੁਸ਼। ਭਾਬੀ ਮੈਂ ਨਾ ਤੈਨੂੰ ਸਵੇਰੇ ਫ਼ੋਨ ਕਰਾਂਗੀ ਅਸੀਂ ਨਾ ਬਾਹਰ ਫ਼ਿਲਮ ਦੇਖਣ ਆਏ ਹੋਏ ਹਾਂ…..ਠੀਕ ਆ ਭਾਬੀ ਤੈਨੂੰ ਸਵੇਰੇ ਫ਼ੋਨ ਕਰਦੀ ਹਾਂ।” ਕਹਿ ਕੇ ਸੁਖਮਨ ਨੇ ਫ਼ੋਨ ਕੱਟ ਦਿੱਤਾ

ਸੁੱਤੇ ਪਏ ਤਰਸੇਮ ਵੱਲ ਦੇਖ ਰਹੀ ਹੈ ਸਰਬਜੀਤ, ਬੈਠੀ ਬੈਠੀ ਦੇ ਹਰਜੀਤ ਦੀ ਪਰਚੀ ਯਾਦ ਆ ਗਈ। ਦੁਬਾਰਾ ਚੁੱਕ ਕੇ ਪੜ੍ਹੀ ਹੈ ਤੇ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਹਰਜੀਤ ਆਪਣੇ ਕਮਰੇ ਵਿੱਚ ਬੈਠਾ ਕੁੱਝ ਲਿਖਦਾ ਦਿਖਾਈ ਦਿੱਤਾ। ਉਸ ਦੇ ਮਨ ਵਿੱਚ ਖ਼ਿਆਲ ਆਇਆ ,” ਸ਼ਾਇਦ ਮੇਰੀ ਪਰਚੀ ਦਾ ਜਵਾਬ ਲਿਖ ਰਿਹਾ ਹੈ।

ਖਿੜਕੀ ਬੰਦ ਕੀਤੀ ਤੇ ਉਹ ਵੀ ਪੈ ਗਈ। ਤਰਸੇਮ ਵੀ ਸੋਫ਼ੇ ਤੋਂ ਉੱਠ ਕੇ ਅੰਦਰ ਆ ਕੇ ਕੋਲ ਪੈ ਗਿਆ ,” ਪੈ ਗਈ ਤੂੰ।”

” ਹਾਂ ਜੀ ” ਤਰਸੇਮ ਨੂੰ ਲੱਗਿਆ ਜਿਵੇਂ ਸਰਬਜੀਤ ਉਦਾਸ ਹੋਵੇ

ਉਹ ਕਹਿਣ ਹੀ ਲੱਗਿਆ ਸੀ ,” ਚੱਲਾਂਗੇ, ਗੁਰੂ ਘਰ ਚੱਲਾਂਗੇ ਤੂੰ ਤਾਂ ਦਿਲ ਨੂੰ ਹੀ ਲਾ ਲਈ।”

ਇਸ ਤੋਂ ਪਹਿਲਾਂ ਤਰਸੇਮ ਕੁੱਝ ਬੋਲਦਾ ਸਰਬਜੀਤ ਬੋਲ ਪਈ,” ਤਰਸੇਮ ਜੀ ਮੈਨੂੰ ਲਗਦਾ ਮੈਂ ਨਾ ਤੁਹਾਨੂੰ ਪਸੰਦ ਨਹੀਂ ਆਈ।”

” ਕੀ ਹੋ ਗਿਆ ਸਰਬਜੀਤ ।” ਤਰਸੇਮ ਸਰਬਜੀਤ ਨੂੰ ਕਲਾਵੇ ਵਿੱਚ ਲੈਂਦਾ ਬੋਲਿਆ। ” ਲੈ ਤੂੰ ਤਾਂ ਬਾਤ ਦਾ ਬਤੰਗੜ ਬਣਾ ਲਿਆ, ਇਹੋ ਜਿਹੀ ਤਾਂ ਕੋਈ ਗੱਲ ਨਹੀਂ। ਜੇ ਪਸੰਦ ਨਾ ਹੁੰਦੀ ਤਾਂ ਵਿਆਹ ਕਿਉਂ ਕਰਵਾਉਂਦਾ।”

” ਮੈਨੂੰ ਲੱਗਿਆ, ਤਾਂ ਹੀ ਕਿਹਾ ਜੀ…..”, ਗੱਲਾਂ ਕਰਦੀ ਦੇ ਹੰਝੂ ਵਹਿ ਤੁਰੇ ਨੇ ,” ਜਿਸ ਦਿਨ ਦਾ ਆਪਣਾ ਵਿਆਹ ਹੋਇਆ ਤੁਹਾਡੇ ਪਿਆਰ ਦਾ ਸਫ਼ਰ ਮੇਰੇ ਜਿਸਮ ਤੇ ਆ ਕੇ ਮੁੱਕ ਜਾਂਦਾ ਕਦੇ ਬੈਠ ਕੇ ਆਪਾਂ ਨੇ ਕੋਈ ਪਿਆਰ ਮੁਹੱਬਤ ਦੀ ਗੱਲ ਨਹੀਂ ਕਰੀ। ਖੋਖਲਾ ਖੋਖਲਾ ਜਿਹਾ ਲੱਗਣ ਲੱਗ ਪਿਆ ਮੈਨੂੰ ਆਪਣਾ ਰਿਸ਼ਤਾ। ਬੱਸ ਮੇਰੇ ਘਰ ਗਏ ਹਾਂ ਆਪਾਂ ਉਸ ਤੋਂ ਬਾਅਦ   ਵਿੱਚ ਤੁਸੀਂ ਤਾਂ ਕਿਤੇ ਘੁਮਾਉਣ ਵੀ ਨਹੀਂ ਲੈ ਕੇ ਗਏ।

” ਓ ਹੋ ਐਨੇ ਇਤਰਾਜ਼, ਕਹਿ ਦੇਣਾ ਸੀ ਰੋਣ ਦੀ ਕੀ ਲੋੜ ਸੀ।” ਤਰਸੇਮ ਜਿਵੇਂ ਹੀ ਖਿੱਚ ਕੇ ਸਰਬਜੀਤ ਨੂੰ ਕੋਲ ਨੂੰ ਕਰਨ ਲੱਗਿਆ ਉਹ ਉੱਠ ਕੇ ਪਰਾਂ ਹੁੰਦੇ ਬੋਲੀ ,” ਨਹੀਂ ਅੱਜ ਨਹੀਂ ….. ਅੱਜ ਨਾ ਮੇਰੀ ਰੂਹ ਠੀਕ ਨਹੀਂ। ਪਿਆਰ, ਮੁਹੱਬਤ ਜਜ਼ਬਾਤ ਕਹਿ ਕੇ ਨਹੀਂ ਪੈਦਾ ਕਰਵਾਏ ਜਾਂਦੇ ਇਹ ਤਾਂ ਤੁਹਾਨੂੰ ਆਪ ਧਿਆਨ ਰੱਖਣਾ ਚਾਹੀਦਾ ਸੀ ਮੇਰਾ, ਮੇਰੀਆਂ ਸੱਧਰਾਂ ਦਾ।”

ਨੋਕ ਝੋਕ ਕਰਦੇ ਕਰਦੇ ਦੋਵੇਂ ਸੌਂ ਗਏ

ਅਗਲੀ ਸਵੇਰ ਤਰਸੇਮ ਕੰਮ ਤੇ ਜਾਣ ਲੱਗਿਆ ਕਹਿ ਗਿਆ ,” ਤੂੰ ਨਾ ਤਿਆਰ ਹੋ ਕੇ ਰਹੀਂ ਆਪਾਂ ਸ਼ਾਮ ਨੂੰ ਬਾਹਰ ਚੱਲਾਂਗੇ। ਖ਼ੁਸ਼ …..ਹੁਣ ਤਾਂ ਖ਼ੁਸ਼ ਹੈ ਨਾ।”

ਸ਼ਾਮ ਦਾ ਇੰਤਜ਼ਾਰ ਹੈ ਸਰਬਜੀਤ ਨੂੰ, ” ਹਰਜੀਤ ਵੱਲੋਂ ਵੀ ਕੁੱਝ ਸੁਣਨ ਨੂੰ ਮਿਲੇਗਾ ….. ਤਰਸੇਮ ਨਾਲ ਵੀ ਜਾਣਾ ਹੈ ਘੁੰਮਣ ਨੂੰ। ਦੁਪਹਿਰਾ ਹੋ ਗਿਆ ਹੈ , ਕਦੋਂ ਸ਼ਾਮ ਹੋਵੇਗੀ ਤੇ ਤੰਦੂਰ ਭਖੇਗਾ ਇਹੋ ਸੋਚ ਰਹੀ ਹੈ ਬੈਠੀ ਸਰਬਜੀਤ।

ਸਵੇਰ ਤੋਂ ਦੁਪਹਿਰ ਮਸਾਂ ਹੋਈ ਹੈ ਤੇ ਦੁਪਹਿਰ ਤੋਂ ਸ਼ਾਮ ਤਾਂ ਹੋਣ ਵਿੱਚ ਹੀ ਨਹੀਂ ਆ ਰਹੀ। ਤੰਦੂਰ ਭਖਾਉਣਾ ਹੈ, ਰੋਟੀਆਂ ਲਾਉਣੀਆਂ ਹਨ। ਅੱਜ ਇਸ ਕੰਮ ਦੀ ਸਰਬਜੀਤ ਦੀ ਵਾਰੀ ਹੈ। ਨਾਲੇ ਇਹ ਵੀ ਤਾਂ ਦੇਖਣਾ ਹੈ ਕੇ ਹਰਜੀਤ ਨੇ ਕੀ ਕੁੱਝ ਨਵਾਂ ਲਿਖਿਆ ਹੈ ਕਿ ਨਹੀਂ। ਜੇ ਲਿਖਿਆ ਵੀ ਹੈ ਤੇ ਕੀ ਲਿਖਿਆ ਹੈ। ਰੋਟੀ ਲਾਹ ਕੇ ਤਿਆਰ ਵੀ ਤਾਂ ਹੋਣਾ ਹੈ ਤਰਸੇਮ ਵੀ ਜਲਦੀ ਆਉਣ ਲਈ ਕਹਿ ਕੇ ਗਿਆ ਹੈ, ਕਹਿ ਕੇ ਗਿਆ ਹੈ ,” ਸ਼ਾਮ ਨੂੰ ਤਿਆਰ ਰਹੀਂ ਸਰਬੀ …. ਆਪਾਂ ਘੁੰਮਣ ਚੱਲਾਂਗੇ।”

” ਆਹ ਖ਼ਸਮਾਂ ਖਾਣੀ ਸ਼ਾਮ ਹੀ ਨਹੀਂ ਹੋਣ ਵਿੱਚ ਆਉਂਦੀ।” ਸਰਬਜੀਤ ਆਪੇ ਗੱਲਾਂ ਕਰਦੀ ਬੋਲੀ। ਸਮੇਂ ਤੋਂ ਪਹਿਲਾਂ ਹੀ ਚਲੇ ਗਈ ਹੈ ਤੰਦੂਰ ਭਖਾਉਣ। ਜਾ ਕੇ ਪਰਕਾਸ਼ੋ ਨੂੰ ਬੋਲੀ,” ਮਾਸੀ ਭੋਰਾ ਮਿੱਟੀ ਦਾ ਤੇਲ ਚਾਹੀਦਾ ਸੀ ਅਖ਼ਬਾਰਾਂ ਨਾਲ ਤਾਂ ਬਹੁਤ ਦੇਰ ਲੱਗ ਜਾਂਦੀ ਹੈ।”

” ਅੰਦਰ ਰਸੋਈ ਵਿੱਚ ਦੇਖ ਲੈ ਕਿਸੇ ਪੀਪੀ ਵਿੱਚ ਪਿਆ ਹੋਣਾ, ਨਹੀਂ ਤਾਂ ਸਟੋਵ ਮੱਚਣੇ ਵਿੱਚੋਂ ਕੱਢ ਲੈ ਭੋਰਾ।” ਪਰਕਾਸ਼ੋ ਅੰਦਰੋਂ ਪਈ ਪਈ ਬੋਲੀ।

ਜਾਣਾ ਤਾਂ ਰਸੋਈ ਵਿੱਚ ਸੀ, ਤੇਲ ਦਾ ਤਾਂ ਬਹਾਨਾ ਸੀ। ਕੱਲ੍ਹ ਵਾਲੇ ਭਾਂਡੇ ਧੋ ਕੇ ਰੱਖੇ ਪਏ ਹਨ। ਜਿਵੇਂ ਹੀ ਬਾਟੀ ਚੁੱਕੀ ਉਸ ਦੇ ਥੱਲਿਓਂ ਹਰਜੀਤ ਦਾ ਲਿਖਿਆ ਕਾਗ਼ਜ਼ ਮਿਲ ਗਿਆ। ਜਲਦੀ ਜਲਦੀ ਰਸੋਈ ਵਿੱਚ ਖੜੀ ਨੇ ਸਾਰਾ ਖ਼ਤ ਪੜ੍ਹ ਲਿਆ ਤੇ ਉਸ ਨੂੰ ਆਪਣੇ ਸੂਟ ਅੰਦਰ   ਲੁਕੋ ਲਿਆ। ਜਦ ਨੂੰ ਪਰਕਾਸ਼ੋ ਬੋਲ ਪਈ, ” ਬਹੂ ਮਿਲਿਆ ਨਹੀਂ ਤੇਲ ਤੈਨੂੰ।”

” ਮਿਲ ਗਿਆ ਮਾਸੀ।” ਸਰਬਜੀਤ ਸਟੋਵ ਵਿੱਚ ਲੀਰ ਭਿਉਂਦੀ ਬੋਲੀ, ਖ਼ਤ ਪੜ੍ਹ ਕੇ ਉਸ ਦੇ ਮਨ ਨੂੰ ਚੈਨ ਆ ਗਿਆ ਸੀ । ਤੰਦੂਰ ਵਿੱਚ ਅੱਗ ਬਾਲਦੀ ਉਹ ਹਰਜੀਤ ਵਾਰੇ ਹੀ ਸੋਚ ਰਹੀ ਸੀ ਕੇ ਖ਼ਤ ਦਾ ਕੀ ਜਵਾਬ ਦੇਣਾ ਹੈ।

ਮੁਹੱਲੇ ਵਿੱਚੋਂ ਹੋਰ ਵੀ ਤੀਵੀਆਂ ਆ ਗਈਆਂ ਨੇ, ਸਭ ਨੇ ਮਿਲ ਕੇ ਰੋਟੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ।

ਜਿਸ ਨੂੰ ਪਰਕਾਸ਼ੋ ਫੱਫੋ ਬੁੜ੍ਹੀ ਦੱਸਦੀ ਸੀ ਅੱਜ ਉਹ ਵੀ ਘੁੰਮਦੀ ਫਿਰਦੀ ਆ ਗਈ। ਉਹ ਕੋਲ ਆ ਕੇ ਬੋਲੀ,” ਖ਼ੂਬ ਰੌਣਕਾਂ ਲਾਗ ਰਹੀਆਂ ਕੁੜੀਓ। ਜਬ ਮੈਂ ਵਿਆਹ ਕੇ ਆਈ ਥੀ ਤਬ ਸੁਹਾਣਾ ਪਿੰਡ ਹੋਇਆ ਕਰੇ। ਤਬ ਕਾ ਯੁਹ ਤੰਦੂਰ ਰੋਜ਼ ਸ਼ਾਮ ਕੋ ਨਿਉਂ ਹੀ ਭਖਦਾ। ਇਸ ਤੰਦੂਰ ਕੇ ਬਹਾਨੇ ਕਈਆਂ ਕੇ ਅੱਖ ਮਟੱਕੇ ਚਲਿਆ ਕਰੇ। ਕਿੰਨੀਆਂ ਕਹਾਣੀ ਬਣ ਗਈਆਂ ਇਸ ਤੰਦੂਰ ਕੇ ਕਾਰਨ।”

“ਤਾਈ ਤੇਰੇ ਤੇ ਵੀ ਕਿਸੇ ਬੁਢੜੇ ਨੇ ਡੋਰੇ ਸੁੱਟੇ ਕੇ ਤੇਰੀ ਜਵਾਨੀ ਸੁੱਕੀ ਹੀ ਲੰਘ ਗਈ ….. ਹਾ ਹਾ ਹਾ।” ਵਿੱਚੋਂ ਕੋਈ ਮਸ਼ਕਰੀ ਕਰਦੀ ਬੋਲੀ

” ਲੈ ਮੈਂ ਨਾ ਦੀਖਿਆ ਕਰਾਂ ਤਾਂ ਕਈਆਂ ਨੂੰ ਤਾਂ ਸ਼ਰਾਬ ਨਾ ਚੜ੍ਹਿਆ ਕਰੇ ।” ਗੱਲਾਂ ਕਰਦੀ ਤਾਈ ਕੋਲ ਆਈ ਤੇ ਸਰਬਜੀਤ ਕੋਲ ਆ ਕੇ ਖੜ ਗਈ। ਫੇਰ ਸਰਬਜੀਤ ਵੱਲ ਦੇਖ ਕੇ ਬੋਲੀ,” ਯੁਹ ਤਾਂ ਮੈਨੂੰ ਤਰਸੇਮ ਕੀ ਬਹੂ ਲਾਗੇ।”

ਸਰਬਜੀਤ ਸਿਰ ਢੱਕ ਕੇ ਪੈਰੀਂ ਹੱਥ ਲਾਉਂਦੀ ਬੋਲੀ,” ਸਤਿ ਸ਼੍ਰੀ ਅਕਾਲ ਬੀ ਜੀ। ਹਾਂ ਜੀ ਤੁਸੀਂ ਠੀਕ ਪਹਿਚਾਣਿਆ।”

” ਲੈ ਬਹੂ ਕਿਆ ਬਾਤ, ਨਾਲ ਨਹੀਂ ਪੈਂਦੀ ਤੂੰ ਤਰਸੇਮ ਦੇ ਮੈਨੂੰ ਤਾਂ ਕੁੱਝ ਨਜ਼ਰ ਨਹੀਂ ਆ ਰਿਹਾ।” ਸਰਬਜੀਤ ਦੇ ਢਿੱਡ ਤੇ ਹੱਥ ਫੇਰਦੀ ਤਾਈ ਬੋਲੀ।

” ਯੂਹ ਅੱਜ ਕੱਲ੍ਹ ਕੀ ਛੋਕਰੀਆਂ ਲਵ ਯੂ ਲਵ ਯੂ ਤਾਂ ਬਹੁਤ ਕਰੇ ਪਰ ਮਾਰੇ ਵਾਲੀ ਬਾਤ ਕਹਾਂ। ਮਾਰੇ ਤਾਂ ਕਰੀਬ ਸੇ ਤੇਰਾ ਤਾਇਆ ਲੰਘ ਜਾਇਆ ਕਰਿਆ ਕਰੇ ਤਾਂ ਖ਼ੁਸ਼ਖ਼ਬਰੀ ਹੋ ਜਾਇਆ ਕਰੇ ।” ਤਾਈ ਦੀ ਗੱਲ ਸੁਣਕੇ ਸਾਰੀਆਂ ਤਿੜ ਤੜਾ ਕੇ ਹੱਸ ਪਈਆਂ,” ਤਾਹੀਂ ਤਾਈ ਤੂੰ ਆਏ ਸਾਲ ਪੰਜੀਰੀ ਰਲਾਈ ਰੱਖਦੀ ਸੀ” ਵਿੱਚੋਂ  ਕੋਈ ਬੋਲੀ। ਪਿੰਡ ਵਿੱਚ ਬਾਂਸੋਂ ਤੋਂ ਬਾਅਦ ਤਾਈ ਦੇ ਹੀ ਸਭ ਤੋਂ ਜ਼ਿਆਦਾ ਜਵਾਕ ਹਨ।

” ਬਹੂ ਤੈਨੂੰ ਇੱਕ ਪਤੇ ਕੀ ਬਾਤ ਬਤਾਊਂ ਪਹਿਲੀ ਵਧਾਈ ਤੋ ਪਹਿਲੇ ਸਾਲ ਮਾ ਹੀ ਹੋ ਜਾਣੀ ਚਾਹੀਏ, ਨਹੀਂ ਤਾਂ ਸਮਝ ਲੋ ….ਮਾਮਲਾ ਗੜਬੜ ਹੈ।” ਜਿਵੇਂ ਹੀ ਫੱਫੋ  ਬੁੜ੍ਹੀ ਉੱਠ ਕੇ ਗਈ ਵਿੱਚੋਂ ਕੋਈ ਬੋਲੀ,” ਸਰਬੀ ਐਵੇਂ ਨਾ ਸੋਚਣ ਲੱਗ ਜਾਵੀਂ….. ਇਨ੍ਹਾਂ ਬੂੜੀਆਂ ਦਾ ਤਾਂ ਇਹੋ ਕੰਮ ਹੈ ਕਦੇ ਘਰ, ਕਦੇ ਕੁੱਖਾਂ ਟੋਹਿੰਦੀਆਂ ਰਹਿੰਦੀਆਂ ਨੇ……. ਵਿਹਲੜਾਂ।

ਜਿਵੇਂ ਹੀ ਰੋਟੀ ਦਾ ਕੰਮ ਖ਼ਤਮ ਹੋਇਆ। ਸਰਬੀ ਪਰਕਾਸ਼ੋ ਤੇ ਹਰਜੀਤ ਦੇ ਪਿਤਾ ਦੀ ਰੋਟੀ ਪਰਕਾਸ਼ੋ ਕੋਲ ਰੱਖ ਗਈ। ਹਰਜੀਤ ਦੀ ਰੋਟੀ ਢੱਕ ਸਵਾਰ ਕੇ ਰਸੋਈ ਵਿੱਚ ਰੱਖ ਗਈ।

ਸਰਬਜੀਤ ਘਰ ਆ ਕੇ ਜਿਵੇਂ ਹੀ ਨਹਾਉਣ ਲਈ ਗ਼ੁਸਲਖ਼ਾਨੇ ਵਿੱਚ ਗਈ, ਉਸ ਨੇ ਅੰਦਰ ਬੈਠੀ ਨੇ ਕਈ ਵਾਰ ਹਰਜੀਤ ਦਾ ਖ਼ਤ ਪੜ੍ਹਿਆ ਤੇ ਬੋਲੀ,” ਵਿਚਾਰਾ ਹਰਜੀਤ, ਵਕਤ ਦਾ ਮਾਰਿਆ।”
ਖ਼ਤ ਪਾੜ ਕੇ ਨਾਲੀ ਵਿੱਚ ਵਹਾ ਛੱਡਿਆ।

ਨਹਾ ਕੇ ਸਰਬਜੀਤ ਤਿਆਰ ਹੋ ਰਹੀ ਹੈ ਕੇ ਤਰਸੇਮ ਵੀ ਆ ਪਹੁੰਚਿਆ। ਕੱਲ੍ਹ ਦੀ ਨੋਕ ਝੋਕ ਤੋਂ ਬਾਅਦ ਉਸ ਦੇ ਮਿਜ਼ਾਜ ਵੀ ਬਦਲੇ ਬਦਲੇ ਲੱਗ ਰਹੇ ਹਨ। ਉਹ ਕੋਲ ਆ ਕੇ ਬੋਲਿਆ,” ਹਾਂ ਜੀ ਕੀ ਹੋ ਰਿਹਾ।”

” ਜੀ ਤਿਆਰ ਹੋ ਰਹੀ ਹਾਂ।” ਸੁਰਮੇਦਾਨੀ ਵਿੱਚੋਂ ਸੁਰਮਚੂ ਕੱਢ ਕੇ ਅੱਖ ਵਿੱਚ ਸੁਰਮਾ ਪਾਉਂਦੀ ਬੋਲੀ

” ਕਿਸ ਨੂੰ ਕਤਲ ਕਰਨ ਦਾ ਇਰਾਦਾ ਹੈ ਅੱਜ।” ਤਰਸੇਮ ਬੋਲਿਆ

” ਤੁਹਾਨੂੰ ” ਸਰਬਜੀਤ ਹੱਸ ਕੇ ਬੋਲੀ,” ਦੇਖੋ ਤਾਂ ਠੀਕ ਲੱਗ ਰਹੀ ਹਾ।”

” ਮੇਰੇ ਖ਼ੁਸ਼ ਨਸੀਬ ਹੁਸਨ ਦੀ ਮਲਿਕਾ ਮੇਰੀ ਰਾਣੀ ਹੈ।” ਤਰਸੇਮ ਸਰਬਜੀਤ ਨੂੰ ਕਲਾਵੇ ਵਿੱਚ ਲੈਂਦਾ ਬੋਲਿਆ

” ਛੱਡੋ ਕੋਈ ਆ ਜਾਵੇਗਾ, ਚਲੋ ਚੱਲੀਏ।” ਇਹੋ ਪਿਆਰ ਦੀ ਦਰਕਾਰ ਸੀ ਸਰਬਜੀਤ ਨੂੰ,  ਬਹੁਤ ਖ਼ੁਸ਼ ਹੈ ਉਹ, ਪਰ ਕਦੇ ਕਦੇ ਹਰਜੀਤ ਦੇ ਖ਼ਤ ਵਿਚਲੇ ਬੋਲ ਯਾਦ ਆ ਜਾਂਦੇ ਨੇ ਤਾਂ ਦਿਲ ਵਿੱਚ ਇੱਕ ਚੀਸ ਜਿਹੀ ਉੱਠਦੀ ਹੈ

ਨਵੇਂ ਸੂਟ, ਪੰਜਾਬੀ ਜੁੱਤੀ, ਪਰਾਂਦੇ ਚੂੜੀਆਂ, ਬਹੁਤ ਕੁੱਝ ਲੈ ਕੇ ਦਿੱਤਾ ਹੈ ਤਰਸੇਮ ਨੇ। ਪੰਜਾਬੀ ਜੁੱਤੀ ਤਾਂ ਉਸ ਨੇ ਆਪ ਸਰਬਜੀਤ ਦੇ ਪੈਰੀਂ ਪਾ ਕੇ ਪਸੰਦ ਕਰਵਾਈ ਹੈ। ਉਹ ਸਰਬਜੀਤ ਦੇ ਪੈਰੀਂ ਜੁੱਤੀ ਪਾਉਂਦਾ ਬੋਲਿਆ,” ਐਨੇ ਗੋਰੇ ਪੈਰ ਮੈਂ ਤਾਂ ਚਿਹਰਾ ਹੀ ਦੇਖਦਾ ਰਿਹਾ ਪੈਰਾਂ ਵੱਲ ਤਾਂ ਕਦੇ ਮੇਰਾ ਧਿਆਨ ਹੀ ਨਹੀਂ ਗਿਆ।”

ਚੰਡੀਗੜ੍ਹ ਖ਼ੂਬ ਮੌਜ ਮਸਤੀ ਕਰਕੇ ਮੁੜੇ ਹਨ। ਜਦੋਂ ਸਰਬਜੀਤ ਨੇ ਘਰ ਆਕੇ ਪੁੱਛਿਆ ਤੁਸੀਂ ਮੈਨੂੰ ਤਾਂ ਐਨਾ ਕੁੱਝ ਲੈ ਕੇ ਦਿੱਤਾ ਆਪਣੇ ਲਈ ਕੁੱਝ ਕਿਉਂ ਨਹੀਂ ਲਿੱਤਾ ਤਾਂ ਤਰਸੇਮ ਬੋਲਿਆ ,” ਸਾਡਾ ਸਾਧੂਆਂ ਦਾ ਕੀ ਹੈ।”

” ਸਾਧੂ ਕੋਣ ਤੁਸੀਂ, ਸਭ ਕੁੱਝ ਹੀ ਇਸ ਸਾਧੂ ਦਾ ਹੈ।” ਜਿਵੇਂ ਹੀ ਤਰਸੇਮ ਨੇ ਸਰਬਜੀਤ ਨੂੰ ਕਲਾਵੇ ਵਿੱਚ ਲੈ ਕੇ ਬੱਤੀ ਬੰਦ ਕੀਤੀ ਸਰਬਜੀਤ ਬੋਲੀ ,” ਬਦਮਾਸ਼ ਸਾਧੂ।”

ਸਰਬਜੀਤ ਤਰਸੇਮ ਦੇ ਮੋਢੇ ਤੇ ਸਿਰ ਰੱਖੀ ਪਈ ਹੈ ਤੇ ਉਹ ਬੋਲੀ,” ਅੱਜ ਨਾ ਮੈਨੂੰ ਜਗਤ ਤਾਈ ਮਿਲੀ ਸੀ ਉਹ ਕਹਿੰਦੀ ਜੇ ਪਹਿਲੇ ਸਾਲ ਵਿੱਚ ਕੋਈ ਖ਼ੁਸ਼ਖ਼ਬਰੀ ਨਾ ਹੋਵੇ ਤਾਂ ਸਮਝ ਲਵੋ….. ਮਾਮਲਾ ਗੜਬੜ ਹੈ।”

ਕੀ ਇਹ ਸੱਚ ਹੈ….

” ਪਤਾ ਨਹੀਂ ਤੂੰ ਕਿਸ ਦਾ ਕਿਹਾ ਮੰਨ ਲਿਆ, ਉਸ ਦੀ ਗੱਲ ਤੂੰ ਇੱਕ ਕੰਨ ਰਾਹੀਂ ਸੁਣਿਆ ਕਰ ਦੂਜੇ ਰਾਹੀਂ ਬਾਹਰ ਕੱਢ ਦਿਆ ਕਰ।” ਤਰਸੇਮ ਬੋਲਿਆ

” ਆਪਣੇ ਕਦੋਂ ਆਉਣਾ ਛੋਟਾ ਤਰਸੇਮ” ਸਰਬਜੀਤ ਨੇ ਅੱਖਾਂ ਤੇ ਹੱਥ ਰੱਖਦੀ ਨੇ ਪੁੱਛਿਆ……

ਓਧਰ ਹਰਜੀਤ ਨੇ ਕੰਮ ਤੋਂ ਆ ਕੇ ਸਭ ਤੋਂ ਪਹਿਲਾਂ ਭਾਂਡੇ ਫਰੋਲੇ ਤੇ ਦੇਖ ਕੇ ਖ਼ੁਸ਼ ਹੋਇਆ । ਉਸ ਦਾ ਲਿਖਿਆ ਖ਼ਤ ਸਰਬਜੀਤ ਲੈ ਗਈ ਸੀ।

ਹੁਣ ਹਰਜੀਤ ਨੂੰ ਕੱਲ੍ਹ ਸ਼ਾਮ ਦਾ ਇੰਤਜ਼ਾਰ ਸ਼ੁਰੂ ਹੋ ਗਿਆ ਹੈ। ਉਸ ਨੂੰ ਕਾਹਲੀ ਲੱਗੀ ਹੋਈ ਹੈ ਕਦੋਂ ਰਾਤ ਢਲੇ ਅਗਲੇ ਦਿਨ ਦੀ ਸ਼ਾਮ ਹੋਵੇ ਤੇ ਸਰਬਜੀਤ ਦਾ ਖ਼ਤ ਮਿਲ ਜਾਵੇ ਪੜ੍ਹਨ ਨੂੰ …….

ਹਾਸੇ ਖੇਡੀਆਂ ਕਰਦੇ ਸਰਬਜੀਤ ਤੇ ਤਰਸੇਮ ਆਖ਼ਿਰ ਸੌਂ ਗਏ ਹਨ। ਚੰਨ ਪੂਰੇ ਜੋਬਨ ਤੇ ਹੈ ਤਾਰੇ ਵੀ ਝਿਲ ਮਿਲ ਝਿਲ ਮਿਲ ਕਰਦੇ ਪਏ ਹਨ, ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਚੰਨ ਮਾਹੀ ਨਾਲ ਲੁਕਣ ਮੀਟੀ ਖੇਡ ਰਹੇ ਹੋਣ। ਪੌਣ ਵੀ ਰੁਮਕ ਰੁਮਕ ਕੇ ਠੁਮਕ ਠੁਮਕ ਕੇ ਚੱਲ ਰਹੀ ਹੈ। ਵਿਹੜੇ ਵਿੱਚ ਲੱਗੀ ਰਾਤ ਦੀ ਰਾਣੀ ਨੇ ਪੂਰੇ ਵਿਹੜੇ ਵਿੱਚ ਮਹਿਕ ਖਿਲਾਰੀ ਹੋਈ ਹੈ। ਤਰਸੇਮ ਦੇ ਕਲਾਵੇ ਵਿੱਚ ਪਈ ਸਰਬਜੀਤ ਇਸ ਤਰ੍ਹਾਂ ਕਹਿੰਦੀ ਨਜ਼ਰ ਆ ਰਹੀ ਹੈ,” ਕੁੱਲੀ ਯਾਰ ਦੀ ਸੁਰਗ ਦਾ ਝੂਟਾ…… ਚੰਨ ਚਾਨਣੀ ਵਿੱਚ ਨਹਾ ਪੂਰੀ ਕਾਇਨਾਤ ਹੀ ਇਸ਼ਕ ਵਿੱਚ ਡੁੱਬੀ ਨਜ਼ਰ ਆ ਰਹੀ ਹੈ।

ਸੁੱਤੀ ਪਈ ਸਰਬਜੀਤ ਸੁਫ਼ਨਾ ਦੇਖ ਰਹੀ ਹੈ, ਉਸ ਦੀ ਜੁੱਤੀ ਜੋ ਤਰਸੇਮ ਨੇ ਅੱਜ ਹੀ ਲੈ ਕੇ ਦਿੱਤੀ ਸੀ, ਉਸ ਵਿੱਚੋਂ ਮੜ੍ਹੇ ਹੋਏ ਸ਼ੀਸ਼ੇ ਨਿਕਲ ਗਏ ਹਨ। ਜੁੱਤੀ ਦਾ ਤਿੱਲਾ ਵੀ ਕਾਲਾ ਪੈ ਗਿਆ ਹੈ। ਉਹ ਜੁੱਤੀ ਤਰਸੇਮ ਨੂੰ ਦਿਖਾਉਣਾ ਚਾਹੁੰਦੀ ਹੈ ਪਰ ਜੁੱਤੀ ਦਾ ਇੱਕ ਪੈਰ ਨਹੀਂ ਲੱਭ ਨਹੀਂ ਰਿਹਾ। ਕਮਲੀ ਹੋਈ ਇੱਧਰ ਓਧਰ ਭੱਜ ਰਹੀ ਹੈ ਪਰ ਉਸ ਕੋਲੋਂ ਭੱਜ ਵੀ ਨਹੀਂ ਹੋ ਰਿਹਾ……ਡਰ ਕੇ ਉੱਠ ਖੜੀ ਹੈ ਸਰਬਜੀਤ। ਕੋਲ ਪਿਆ ਪਾਣੀ ਦਾ ਗਿਲਾਸ ਚੁੱਕਿਆ ਤੇ ਦੋ ਘੁੱਟ ਪੀ ਕੇ ਰੱਖ ਦਿੱਤਾ। ਉਹ ਸਮਝ ਨਹੀਂ ਸਕੀ ਕੁਦਰਤ ਕੀ ਇਸ਼ਾਰਾ ਕਰ ਰਹੀ ਹੈ।

ਫੇਰ ਉਸ ਨੇ ਘੜੀ ਵੱਲ ਦੇਖਿਆ ਸਵੇਰ ਦੇ ਚਾਰ ਵੱਜਣ ਵਾਲੇ ਹਨ। ” ਬਹੁਤਾ ਸਵਖ਼ਤਾ ਹੈ” , ਇਹ ਸੋਚ ਕੇ ਦੁਬਾਰਾ ਪੈ ਗਈ ਹੈ। ਪਈ ਪਈ ਨੂੰ ਯਾਦ ਆਇਆ ਅੱਜ ਤਾਂ ਹਰਜੀਤ ਦੇ ਖ਼ਤ ਦਾ ਜਵਾਬ ਵੀ ਲਿਖਣਾ ਹੈ। ਫੇਰ ਉਸ ਨੇ ਕੋਲ ਪਏ ਤਰਸੇਮ ਵੱਲ ਦੇਖਿਆ ਤੇ ਮਨ ਹੀ ਮਨ ਸੋਚਿਆ,” ਰਹਿਣ ਦਿੰਦੀ ਹਾਂ ਜਵਾਬ ਦੇਣ ਨੂੰ, ਐਵੇਂ ਨਾ ਕੋਈ ਨਵਾਂ ਝਮੇਲਾ ਖੜ੍ਹਾ ਹੋ ਜਾਵੇ।” ਫੇਰ ਥੋੜ੍ਹੀ ਦੇਰ ਬਾਅਦ ਮਨ ਹੀ ਮਨ ਬੋਲੀ ,” ਅੱਜ ਵਾਲੀ ਚਿੱਠੀ ਦਾ ਜਵਾਬ ਦੇ ਦਿੰਦੀ ਹਾਂ ਨਾਲ ਹੀ ਕਹਿ ਦੇਵਾਂਗੀ, ਮੇਰਾ ਖ਼ਤ ਪੜ੍ਹ ਕੇ ਜਵਾਬ ਦੇਣ ਦੀ ਲੋੜ ਨਹੀਂ। ਮੈਂ ਤੇਰੇ ਹੋਰ ਕਿਸੇ ਖ਼ਤ ਦਾ ਜਵਾਬ ਨਹੀਂ ਦੇ ਸਕਦੀ।”

ਸਵੇਰ ਹੋਈ ਤਾਂ ਸਰਬਜੀਤ ਨੇ ਉੱਠ ਕੇ ਸਭ ਤੋਂ ਪਹਿਲਾਂ ਲਿਫ਼ਾਫ਼ੇ ਵਿੱਚੋਂ ਜੁੱਤੀ ਕੱਢ ਕੇ ਦੇਖੀ ਤੇ ਬੋਲੀ,” ਸ਼ੁਕਰ ਹੈ ਸਭ ਠੀਕ ਹੈ।”

” ਕੀ ਹੋਇਆ ਬਿੱਲੋ “, ਤਰਸੇਮ ਬੋਲਿਆ

” ਨਹੀਂ ਜੀ ਕੁੱਝ ਨਹੀਂ ਰਾਤੀਂ ਨਾ ਸੁਫ਼ਨੇ ਵਿੱਚ ਜੁੱਤੀ ਦਾ ਇੱਕ ਪੈਰ ਖੋ ਗਿਆ ਸੀ।” ਝਿਜਕਦੀ ਹੋਈ ਸਰਬਜੀਤ ਬੋਲੀ

” ਮੇਰੀ ਜਾਨ ਨੂੰ ਜੁੱਤੀਆਂ ਦਾ ਤੋੜਾ। ਐਵੇਂ ਨਾ ਦਿਲ ਛੋਟਾ ਕਰ ਲਿਆ ਕਰ।” ਤਰਸੇਮ ਮੰਜੇ ਵਿੱਚੋਂ ਉੱਠਦਾ  ਬੋਲਿਆ,” ਨਾਲੇ ਸੁਫ਼ਨੇ ਵੀ ਕਦੇ ਸੱਚ ਹੋਏ ਨੇ।”

“ਕਹਿੰਦੇ ਨੇ ਸਵੇਰੇ ਸਵੇਰੇ ਦੇਖਿਆ ਸੁਫ਼ਨਾ ਸੱਚ ਹੋ ਜਾਂਦਾ ਹੈ।” ਸਰਬਜੀਤ ਡਰੇ ਜਿਹੇ ਦਿਲ ਨਾਲ ਬੋਲੀ

” ਦੇਖੀਂ ਕਿਤੇ ਸੁਫ਼ਨੇ ਵਿੱਚ ਸਾਨੂੰ ਨਾ ਖੋ ਦੇਵੀਂ …ਸਵੇਰੇ ਸਵੇਰੇ।” ਤਰਸੇਮ ਟਿੱਚਰ ਕਰਦਾ ਬੋਲਿਆ

” ਰਹਿਣ ਦੋ, ਐਵੇਂ ਅਨਾਬਸ਼ਨਾਬ ਨਾ ਬੋਲੋ। ਭਲਾ ਤੁਹਾਡੇ ਬਗੈਰ ਮੇਰਾ ਕਾਹਦਾ ਜਿਊਣ।” ਅੱਖ ਭਰ ਆਈ ਸਰਬਜੀਤ ਦੀ

” ਇੱਕ ਤਾਂ ਤੂੰ ਨਾ ਛੋਟੀ ਜਿਹੀ ਗੱਲ ਤੇ ਵੀ ਰੋਣ ਲੱਗ ਪੈਂਦੀ ਹੈ…..ਮਜ਼ਾਕ ਵੀ ਨਹੀਂ ਸਮਝਦੀ।” ਤਰਸੇਮ ਸਿਰ ਤੇ ਪਰਨਾ ਬੰਨ੍ਹਦਾ ਬੋਲਿਆ

ਰੇਡੀਉ ਤੇ ਤਰਸੇਮ ਨੇ ਸ਼ਬਦ ਕੀਰਤਨ ਲਗਾ ਦਿੱਤੇ। ਨਹਾ ਕੇ ਤਿਆਰ ਹੋ ਗਿਆ ਹੈ। ਵਿਵਦਭਾਰਤੀ ਦਾ ਔਲ਼ ਇੰਡੀਆ ਰੇਡੀਉ ਸਟੇਸ਼ਨ ਲਾਇਆ ਹੋਇਆ ਹੈ। ਪ੍ਰੋਗਰਾਮ ਬਨਾਕਾ ਗੀਤ ਮਾਲਾ ਚੱਲ ਪਿਆ ਹੈ ….. ਪੁਰਾਣੇ ਹਿੰਦੀ ਗੀਤ ਆ ਰਹੇ ਹਨ। ਤਰਸੇਮ ਰਾਤ ਦਾ ਬਹੁਤ ਖ਼ੁਸ਼ ਹੈ ਰੇਡੀਉ ਦੇ ਨਾਲ ਨਾਲ ਗਾ ਰਿਹਾ ਹੈ।

ਤਿਆਰ ਹੋ ਕੇ ਤਰਸੇਮ ਨੇ ਰੋਟੀ ਖਾਧੀ ਹੈ ਤੇ ਕੰਮ ਤੇ ਜਾਣ ਲੱਗਿਆ ਹੈ। ਸਰਬਜੀਤ ਰੋਟੀ ਵਾਲਾ ਡੱਬਾ ਫੜਾ  ਕੇ ਬੂਹਾ ਢੋਹਣ ਲਈ ਖੜੀ ਹੈ। ਤਰਸੇਮ ਬੋਲਿਆ,” ਅੱਜ ਨਾ ਕੰਮ ਤੇ ਜਾਣ ਨੂੰ ਜੀਅ ਨਹੀਂ ਕਰਦਾ।”

” ਸਿੱਧੇ ਹੋ ਕੇ ਕੰਮ ਤੇ ਜਾਓ, ਤੁਹਾਡੇ ਜੀਅ ਦੀਆਂ ਮੈਂ ਸਭ ਜਾਣਦੀ ਹਾਂ।” ਸਰਬਜੀਤ ਹੱਸਦੀ ਬੋਲੀ

” ਕੀ ਜਾਣਦੇ ਹੋ ਮਾਲਕੋ।” ਤਰਸੇਮ ਸਕੂਟਰ ਬੰਦ ਕਰਦਾ ਬੋਲਿਆ

” ਜਾਓ ਜਾਓ, ਸਿੱਧੇ ਕੰਮ ਤੇ ਜਾਓ।” ਸਰਬਜੀਤ ਬੂਹਾ ਬੰਦ ਕਰਦੀ ਬੋਲੀ

ਹਾਰ ਕੇ ਕੌੜਾ ਘੁੱਟ ਭਰ ਕੇ ਤਰਸੇਮ ਕੰਮ ਤੇ ਚੱਲਿਆ ਗਿਆ। ਸਰਬਜੀਤ ਵੀ ਅੰਦਰ ਆ ਕੇ ਬੈਠ ਗਈ ਅਤੇ  ਸੋਚ ਰਹੀ ਹੈ,” ਤਰਸੇਮ ਨੂੰ ਕੀ ਕਹਿ ਦਿੱਤਾ ਉਹ ਤਾਂ ਬਹੁਤ ਹੀ ਰੁਮਾਂਟਿਕ ਹੋ ਗਿਆ।” ਖ਼ੁਸ਼ ਹੈ ਉਹ ਤਰਸੇਮ ਦੇ ਵਿੱਚ ਆਏ ਇਸ ਬਦਲਾਅ ਤੋਂ। ਇਕੱਲੀ ਦਾ ਸਮਾਂ ਨਹੀਂ ਲੰਘ ਰਿਹਾ। ਉਸ ਨੇ ਸੋਚਿਆ ਹਰਜੀਤ ਦੇ ਖ਼ਤ ਦਾ ਜਵਾਬ ਲਿਖ ਦਿੰਦੀ ਹਾਂ । ਉਹ ਕਾਗ਼ਜ਼ ਕਲਮ ਲੈ ਕੇ ਬੈਠ ਗਈ ਤੇ ਲਿਖਣ ਲੱਗੀ

” ਦਿਉਰਾ ਤੂੰ ਕਹੇਂਗਾ ਮਨਾ ਕਰਿਆ ਸੀ ਰਿਸ਼ਤੇਦਾਰੀਆਂ ਤੋਂ ਮੈਂ ਫੇਰ ਦਿਉਰ ਲਿਖ ਦਿੱਤਾ। ਅਸਲ ਵਿੱਚ ਮਾਂਹ ਕਿਸੇ ਨੂੰ ਬਾਦੀ ਕਿਸੇ ਨੂੰ ਸਵਾਦੀ। ਬਈ ਮੈਨੂੰ ਤਾਂ ਰਿਸ਼ਤੇਦਾਰੀਆਂ ਬਹੁਤ ਚੰਗੀਆਂ ਲਗਦੀਆਂ। ਇਹ ਤੇਰੇ ਖ਼ਤ ਦਾ ਜਵਾਬ ਵੀ ਮੈਂ ਤਾਂ ਹੀ ਦੇ ਰਹੀ ਹਾਂ ਕੇ ਤੇਰਾ ਮੇਰਾ ਕੋਈ ਰਿਸ਼ਤਾ ਹੈਗਾ। ਅਣਜਾਣ ਬੰਦੇ ਦੇ ਤਾਂ ਮੈਂ ਵੀ ਮੂੰਹ ਨਹੀਂ ਲਗਦੀ।

ਤੇਰੀ ਮਾਤਾ ਜੀ ਦਾ ਦੁਨੀਆ ਤੋਂ ਤੇਰੇ ਛੋਟੇ ਹੁੰਦੇ ਤੁਰ ਜਾਣਾ ਹੀ ਤੇਰੀਆਂ ਨਫ਼ਰਤ ਦਾ ਸਬੱਬ ਬਣਿਆ ਹੈ। ਮੈਨੂੰ ਅਫ਼ਸੋਸ ਹੈ ਉਸ ਤੋਂ ਬਾਅਦ ਜਿਵੇਂ ਤੇਰੇ ਤਾਣੇ ਬਾਣੇ ਉਲਝਦੇ ਚਲੇ ਗਏ। ਭੈਣ ਸੁਖਮਨ ਦੱਸਦੀ ਸੀ ਕੇ ਤੂੰ ਕਿਸੇ ਨਾਲ ਨਹੀਂ ਬੋਲਦਾ। ਪਰ ਤੂੰ ਤਾਂ ਘਸੁੰਨ ਜਿਹਾ ਬਹੁਤ ਮੀਸਣਾ ਨਿਕਲਿਆ ਭਾਬੀ ਨੂੰ ਤਾਂ ਬਹੁਤ ਜਲਦੀ ਖ਼ਤ ਲਿਖ ਦਿੱਤਾ…..

ਤੂੰ ਅੱਗੇ ਲਿਖਿਆ ਹੈ ਕੀ ਆਪਾਂ ਦੋਸਤ ਨਹੀਂ ਹੋ ਸਕਦੇ।  ਵੇ ਦਿਉਰਾ ਆਪਾਂ ਸਿਰਫ਼ ਦੋਸਤ ਕਦੇ ਨਹੀਂ ਹੋ ਸਕਦੇ, ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ  ,” A brother can be a friend but a friend cannot be a brother.” ਠੀਕ ਉਸੇ ਤਰ੍ਹਾਂ ਮੈਂ ਤੇਰੀ ਪਹਿਲਾਂ ਭਾਬੀ ਫੇਰ ਸਹੇਲੀ ਬਣ ਸਕਦੀ ਹਾਂ ਪਰ ਇਕੱਲੀ  ਦੋਸਤ ਇਹ ਕੁੱਝ ਅਜੀਬ ਜਿਹਾ ਲੱਗ ਰਿਹਾ ਹੈ। ਵਿਆਹੀ ਵਰ੍ਹੀਆਂ ਦੇ ਦਿਉਰ ਹੁੰਦੇ ਨੇ ਯਾਰ ਨਹੀਂ ਹੁੰਦੇ।

ਇੱਕ ਗੱਲ ਹੋਰ ਇਹ ਨਾ ਮੇਰਾ ਆਖ਼ਰੀ ਖ਼ਤ ਹੈ ਮੈਂ ਤਰਸੇਮ ਤੋਂ ਚੋਰੀ ਚੋਰੀ ਤੇਰੇ ਖ਼ਤ ਦਾ ਜਵਾਬ ਜ਼ਰੂਰ ਦੇ ਰਹੀ ਹਾਂ ਪਰ ਮੈਨੂੰ ਚੰਗਾ ਜਿਹਾ ਨਹੀਂ ਲੱਗ ਰਿਹਾ। ਦੁਨੀਆ ਤੋਂ ਚੋਰੀ ਜਿਹੜੇ ਰਿਸ਼ਤੇ ਪਲਦੇ ਨੇ ਉਨ੍ਹਾਂ ਦਾ ਅੰਜਾਮ ਬਹੁਤ ਮਾੜਾ ਹੁੰਦਾ। ਡਰ ਲਗਦਾ ….ਬੜੀ ਮੁਸ਼ਕਿਲ ਨਾਲ ਤਰਸੇਮ ਤੇ ਮੇਰੀ ਸੋਚ ਮਿਲਣ ਲੱਗੀ ਹੈ। ਤੂੰ ਨਾ ਖ਼ੁਸ਼ ਰਿਹਾ ਕਰ ਸਭ ਨਾਲ ਬੋਲਿਆ ਕਰ ਮੇਰੇ ਨਾਲ ਵੀ। ਜੋ ਹੋ ਗਿਆ ਸੋ ਹੋ ਗਿਆ ਆਪਣੇ ਆਉਣ ਵਾਲੇ ਕੱਲ੍ਹ ਨੂੰ ਜ਼ਰੂਰ ਖ਼ੁਸ਼ਨੁਮਾ ਬਣਾਉਣ ਦੀ ਕੋਸ਼ਿਸ਼ ਕਰ।

ਮੈਂ ਤੇਰੇ ਲਈ ਰੋਟੀ ਬਣਾ ਕੇ ਜਾਂਦੀ ਹਾਂ ਉਸ ਦਾ ਤੂੰ ਕੋਈ ਗ਼ਲਤ ਮਤਲਬ ਨਾ ਕੱਢ ਲਵੀ….. ਉਹ ਤਾਂ ਸੁਖਮਨ ਭੈਣ ਕਹਿ ਕੇ ਗਈ ਸੀ ਤੇਰਾ ਖ਼ਿਆਲ ਰੱਖਣ ਨੂੰ।

ਚੰਗਾ ਦਿਉਰਾ
ਤੇਰੀ ਭਾਬੀ
ਸਰਬਜੀਤ।

ਸ਼ਾਮ ਹੋਈ ਤਾਂ ਸਰਬਜੀਤ ਰੋਟੀ ਦੇ ਨਾਲ ਖ਼ਤ ਵੀ ਰਸੋਈ ਵਿੱਚ ਰੱਖ ਗਈ। ਹਰਜੀਤ ਘਰ ਪਹੁੰਚਿਆ ਸਭ ਤੋਂ ਪਹਿਲਾਂ ਉਸ ਨੇ ਘਰ ਆ ਕੇ ਖ਼ਤ ਪੜ੍ਹਿਆ ….. ਖ਼ਤ ਪੜ੍ਹ ਕੇ ਉਸ ਨੂੰ ਲੱਗਿਆ ਜਿਵੇਂ ਇਹ ਖਤ ਆਸਿਫ਼ ਨੇ ਕੋਲ ਬੈਠ ਕੇ ਲਿਖਾਇਆ ਹੋਵੇ। ਉਸ ਦੀ ਤਮੰਨਾ ਹੋਰ ਸੀ ਉਸ ਨੂੰ ਲਗਦਾ ਸੀ ਕੇ ਉਸ ਦੇ ਹਾਲਾਤ ਤੇ ਤਰਸ ਖਾ ਕੇ ਸਰਬੀ ਉਸ ਦੀ ਦੋਸਤੀ ਕਬੂਲ ਲਵੇਗੀ। ਉਸ ਨੂੰ ਆਪਣੇ ਆਪ ਤੇ ਗ਼ੁੱਸਾ ਆ ਰਿਹਾ ਸੀ….. ਉਸ ਦੀ ਸੋਚ ਕਿਸੇ ਨੂੰ ਕਿਉਂ ਨਹੀਂ ਸਮਝ ਆ ਰਹੀ ਸੀ। ਉਹ ਮਨ ਹੀ ਮਨ ਵਿੱਚ ਬੋਲਿਆ,” ਉਹ ਕੀ ਕਹਿੰਦਾ ਸੀ ਆਸਿਫ਼ ….. ਹਾਂ ਮਲਕੀਅਤ ….ਮੈਂ ਕੋਈ ਮਲਕੀਅਤ ਥੋੜ੍ਹੀ ਨਾ ਮੰਗੀ ਸੀ। ਸਾਥ ਮੰਗਿਆ ਸੀ, ਨੇੜਤਾ ਮੰਗੀ ਸੀ…..ਰਿਸ਼ਤਿਆਂ ਦੇ ਦਾਇਰੇ ਤੋਂ ਉੱਪਰ ਉੱਠ ਕੇ ਦੋਸਤੀ ਮੰਗੀ ਸੀ। ਕਿਉਂ ਕਿਉਂ ….. ਸਰਬੀ ਤੂੰ ਕਿਉਂ ਨਹੀਂ ਹੋ ਸਕਦੀ ਸਿਰਫ ਮੇਰੀ ਦੋਸਤ….. ਮੈਂ ਵੀ ਦੇਖਾਂਗਾ ਤੂੰ ਆਪਣੇ ਆਪ ਨੂੰ ਕਿੰਨੀ ਦੇਰ ਰੋਕ ਕੇ ਰੱਖ ਸਕਦੀ ਹੈਂ।

ਰੋਟੀ ਖਾਧੇ ਬਗੈਰ ਹੀ ਪੈ ਗਿਆ ਹੈ ਹਰਜੀਤ ……

ਅਗਲੇ ਦਿਨ ਜਦੋਂ ਸਰਬਜੀਤ ਰੋਟੀ ਰੱਖਣ ਆਈ ਤਾਂ ਥਾਲ਼ੀ ਵਿੱਚ ਰਾਤ ਵਾਲੀ ਰੋਟੀ ਦੇਖ ਕੇ ਬੋਲੀ,” ਇਸ ਮੁੰਡੇ ਦਾ ਵੀ ਸਰਿਆ ਪਿਆ।”

ਰੋਟੀ ਰੱਖ ਕੇ ਬੋਲੀਆਂ ਗਾਉਂਦੀ ਗਾਉਂਦੀ ਘਰ ਨੂੰ ਮੁੜ ਗਈ ਸਰਬਜੀਤ।

” ਉੱਚਾ ਬੁਰਜ ਬਰਾਬਰ ਮੋਰੀ, ਦੀਵਾ ਕਿੱਥੇ ਧਰੀਏ
ਚਾਰੇ ਨੈਣ ਕਟਾ ਵੱਢ ਹੋਗੇ , ਹਾਮੀ ਕੀਹਦੀ ਭਰੀਏ
ਨਾਰ ਬਿਗਾਨੀ ਦੀ ਬਾਂਹ ਨਾ ਮੂਰਖਾ ਫੜੀਏ।
ਨਾਰ ਬਿਗਾਨੀ ਦੀ……..’

ਬਾਰੀ ਬਰਸੀ ਖੱਟਣ ਗਿਆ ਸੀ
ਖਟਕੇ ਲਿਆਂਦੀ ਕੰਘੀ
ਦਿਉਰ ਵੇ ਸ਼ੌਕੀਨਾਂ ਮੈਂ ਤੈਨੂੰ ਕਿਉਂ ਨਾ ਮੰਗੀ……

ਅੰਬ ਦੀ ਟਾਹਣੀ ਤੋਤਾ ਬੈਠਾ,
ਅੰਬ ਪੱਕਣ ਨਾ ਦੇਵੇ,
ਸੋਹਣੀ ਭਾਬੋ ਨੂੰ, ਦਿਉਰ ਵੱਸਣ ਨਾ ਦੇਵੇ,
ਸੋਹਣੀ ਭਾਬੋ ਨੂੰ………,

ਸਭ ਜਾਣਦੀ ਹੈ ਸਰਬਜੀਤ ਕੇ ਮੁੱਦਤਾਂ ਤੋਂ ਹਰਜੀਤ ਦੀ ਵੱਟੀ ਚੁੱਪ ਉਸ ਨੂੰ ਦੇਖ ਕੇ ਕਿਉਂ ਟੁੱਟ ਗਈ ਸੀ। ਉਸ ਨੂੰ ਪਤਾ ਹੈ ਕੇ ਉਹ ਬਹੁਤ ਸੋਹਣੀ ਸੁਨੱਖੀ ਹੈ। ਉਸ ਨੂੰ ਲਗਦਾ ਉਸ ਦੇ ਹੁਸਨ ਨੇ ਮੋਹ ਲਿਆ ਹੈ ਹਰਜੀਤ ਨੂੰ। ਅੰਦਰੋਂ ਅੰਦਰੀਂ ਸਰਬੀ ਵੀ ਖ਼ੁਸ਼ ਹੈ ਕੇ ਕੋਈ ਉਸ ਤੇ ਫ਼ਿਦਾ ਹੈ। ਪਰ ਉਹ ਆਪਣੀ ਇਹ ਖ਼ੁਸ਼ੀ ਕਿਸੇ ਨੂੰ ਜ਼ਾਹਿਰ ਨਹੀਂ ਸੀ ਕਰ ਸਕਦੀ। ਕਿਤੇ ਡਰਦੀ ਵੀ ਹੈ ਉਹ……

ਜਦੋਂ ਦਾ ਸਰਬਜੀਤ ਦਾ ਖ਼ਤ ਮਿਲਿਆ ਹੈ ਹਰਜੀਤ ਪ੍ਰੇਸ਼ਾਨ ਹੋਇਆ ਹੋਇਆ ਹੈ। ਪ੍ਰੇਸ਼ਾਨੀ ਇਸ ਗੱਲ ਦੀ ਨਹੀਂ ਹੈ ਕੇ ਸਰਬਜੀਤ ਨੇ ਦੋਸਤੀ ਤੋਂ ਇਨਕਾਰ ਕਰ ਦਿੱਤਾ, ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਉਸ ਮੁਤਾਬਿਕ ਸਰਬਜੀਤ ਨੇ ਉਸ ਨੂੰ ਗ਼ਲਤ ਸਮਝਿਆ ਹੈ। ਉਹ ਕਮਰੇ ਵਿੱਚ ਇਕੱਲਾ ਬੈਠਾ ਲਿਖ ਰਿਹਾ ਹੈ।

” ਸਰਬਜੀਤ, ਇਹ ਜ਼ਰੂਰੀ ਨਹੀਂ ਕੇ ਤੁਸੀਂ ਉਹੀ ਕਰੋ ਜੋ ਮੈਂ ਕਹਿੰਦਾ ਹਾਂ, ਉਹੀ ਸੋਚੋ ਜਿਵੇਂ ਮੈਂ ਸੋਚਦਾ ਹਾਂ। ਦੋ ਜਾਣਿਆਂ ਦੀ ਸੋਚ ਵਿੱਚ ਫ਼ਰਕ ਹੋਣਾ ਸੁਭਾਵਿਕ ਹੈ। ਹੁਣ ਦੇਖੋ ਨਾ ਪਤੰਗਾ ਵੀ ਤਾਂ ਲੋਅ ਕੋਲ ਦਿਲ ਦੇ ਜਜ਼ਬਾਤਾਂ ਦਾ ਮਾਰਿਆ ਜਾਂਦਾ ਅੱਗਿਓਂ ਲੋਅ ….. ਲੋਅ  ਕੀ ਕਰਦੀ ਹੈ ਮਚਾ ਸੁੱਟਦੀ ਹੈ ਪਤੰਗੇ ਨੂੰ ……ਪਰ ਪਤੰਗਾ ਮੱਚ ਕੇ ਵੀ ਦੂਰ ਨਹੀਂ ਭੱਜਦਾ, ਉਹ ਆਪਣੇ ਆਪ ਨੂੰ ਨਿਛਾਵਰ ਕਰਕੇ ਲੋਅ ਦੇ ਕੋਲ ਹੀ ਗਿਰ ਜਾਂਦਾ ਹੈ। ਕਿਤੇ ਦੁਨੀਆ ਵਿੱਚ ਇੱਕੋ ਤਰ੍ਹਾਂ ਦਾ ਪਿਆਰ ਥੋੜ੍ਹੀ ਨਾ …… ਇਸ ਪਿਆਰ ਦੀਆਂ ਵੀ ਕਈ ਤਾਸੀਰਾਂ ਨੇ…..ਔਰਤ ਅਤੇ ਮਰਦ ਵਿਚਾਲੇ ਦੋਸਤੀ ਜ਼ਰੂਰੀ ਨਹੀਂ ਕਿਸੇ ਆੜ ਵਾਲੀ ਦੋਸਤੀ ਹੀ ਹੋਵੇ ਜੋ ਜਿਸਮਾਂ ਤੇ ਜਾ ਕੇ ਮੁੱਕ ਜਾਂਦੀ ਹੋਵੇ, ਝੂਠੀ ਪੈ ਜਾਂਦੀ ਹੋਵੇ ….. ਕਿਤੇ ਇਸ ਸੋਚ ਤੋਂ ਉੱਪਰ ਉੱਠ ਕੇ ਦੇਖਦੀ ਸਰਬਜੀਤ ਤਾਂ ਮੈਂ ਤੈਨੂੰ ਜ਼ਰੂਰ ਖੜ੍ਹਾ ਦਿੱਖਣਾ ਸੀ। ਅਫ਼ਸੋਸ ਇਸ ਗੱਲ ਦਾ ਹੈ ਤੁਸੀਂ ਮੈਨੂੰ ਭੀੜ ਨਾਲ ਮਿਲਾ ਛੱਡਿਆ।

ਮੈਂ ਵੀ ਪਤੰਗੇ ਵਾਂਗੂੰ ਪਿਆਰ ਕਰਦਾ ਹਾਂ ਤੈਨੂੰ। ਕੁਦਰਤੀ ਤੈਨੂੰ ਦੇਖ ਕੇ ਮੇਰੀ ਰੂਹ ਨੂੰ ਤੇਰੇ ਨਾਲ ਜਿਹੜਾ ਰਿਸ਼ਤਾ ਮਹਿਸੂਸ ਹੁੰਦਾ ਹੈ ਜੇ ਉਸ ਦਾ ਕੋਈ ਨਾਮ ਹੁੰਦਾ ਤਾਂ ਮੈਂ ਤੈਨੂੰ ਜ਼ਰੂਰ ਦੱਸਦਾ। ਮੈਂ ਜਿਸਮਾਂ ਦਾ ਨਹੀਂ ਰੂਹ ਦਾ ਹਾਣੀ ਬਣਨਾ ਚਾਹੁੰਦਾ ਸੀ। ਪਰ ਸ਼ਾਇਦ ਇਹ ਦੋਸਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਈ ਹੈ, ਖ਼ਤਮ ਨਹੀਂ ਕਹਿ ਸਕਦੇ ਬਲਕਿ ਇੱਕ ਤਰਫ਼ਾ ਹੋ ਗਈ ਹੈ। ਸਰਬਜੀਤ ਤੂੰ ਬੇਸ਼ੱਕ ਮੈਨੂੰ ਸਮਝਣ ਦੀ ਕੋਸ਼ਿਸ਼ ਨਾ ਕਰ ਮੈਨੂੰ ਕੋਈ ਅਫ਼ਸੋਸ ਨਹੀਂ, ਮੈਂ ਤੇਰੇ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਾਂਗਾ, ਪਿਆਰ ਨਿਭਾਉਂਦਾ ਰਹਾਂਗਾ। ਇਹ ਜਿਹੜਾ ਮੇਰਾ ਪਿਆਰ ਹੈ ਨਾ ਇਹ ਤਿਆਗ ਦਾ ਹੀ ਨਾਮ ਹੈ। ਮੇਰੀ ਹਰ ਖ਼ੁਸ਼ੀ ਕੁਰਬਾਨ ਤੇਰੀ ਖ਼ੁਸ਼ੀਆਂ ਤੋਂ। ਮੈਂ ਵੀ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਕੋਈ ਤੈਨੂੰ ਗ਼ਲਤ ਸਮਝੇ….ਤੇਰੇ ਤੇ ਕੋਈ ਤੁਹਮਤ ਆਵੇ। ਮੈਂ ਸਮਝਦਾ ਹਾਂ ਕੇ ਇਨ੍ਹਾਂ ਰਿਸ਼ਤਿਆਂ ਵਿੱਚ ਬੱਝੇ ਲੋਕਾਂ ਨੇ ਸਮਾਜ ਕਿੰਨਾ ਗੁੰਝਲਦਾਰ ਬਣਾ ਛੱਡਿਆ ਹੈ…….”

ਖ਼ਤ ਲਿਖਦਾ ਲਿਖਦਾ ਹਰਜੀਤ ਬਹੁਤ ਉਦਾਸ ਹੋ ਗਿਆ ਹੈ। ਪੈ ਗਿਆ ਹੈ ਹਰਜੀਤ। ਪਏ ਪਏ ਨੂੰ ਲੱਗਿਆ ਜਿਵੇਂ ਮਾਂ ਨੇ ਆ ਕੇ ਸਿਰ ਪਲੋਸਿਆ ਤੇ ਕਿਹਾ ਹੋਵੇ,” ਹਰਜੀਤ ਪੁੱਤ, ਸੱਚੇ ਨੂੰ ਸੱਚ ਸਾਬਿਤ ਕਰਨਾ ਹੀ ਸਭ ਤੋਂ ਵੱਧ ਮੁਸ਼ਕਿਲ ਹੋ ਜਾਂਦਾ । ਇਹ ਜਿਹੜੇ ਜਜ਼ਬਾਤ ਇਕੱਲੇ ਪਨ ਨੇ ਤੇਰੀ ਜ਼ਿੰਦਗੀ ਵਿੱਚ ਭਰ ਦਿੱਤੇ ਹਨ ਅਸਲ ਵਿੱਚ ਸਮਾਜ ਇਨ੍ਹਾਂ ਨੂੰ ਨਹੀਂ ਸਮਝਦਾ, ਇਹ ਉਨ੍ਹਾਂ ਲਈ ਬੇਮਾਅਨੇ ਨੇ। ਤੂੰ ਉਦਾਸ ਨਾ ਹੋ ਪੁੱਤ।”

ਹਰਜੀਤ ਇਕ ਦਮ ਉੱਠਿਆ ਤੇ ਦੀਵਾਰ ਤੇ ਟੰਗੀ ਮਾਂ ਦੀ ਤਸਵੀਰ ਲਾਹ ਕੇ ਉਸ ਨਾਲ ਗੱਲੀਂ ਪੈ ਗਿਆ ਇਹ ਇੱਕੋ ਤਸਵੀਰ ਹੈ ਉਸ ਕੋਲ ਮਾਂ ਦੀ ਕਿੰਨੇ ਲਾਡ ਨਾਲ ਦੁੱਧ ਦੀ ਭਰੀ ਬਾਲਟੀ ਮੂੰਹ ਨੂੰ ਲਾਈ ਹੋਈ ਹੈ ਹਰਜੀਤ ਦੇ ,” ਮਾਂ ਕੀ ਇਹ ਮੁਨਾਸਬ ਨਹੀਂ ਸੀ ਤੂੰ ਮੇਰੇ ਕੋਲ ਹੀ ਰਹਿੰਦੀ । ਜੇ ਨਹੀਂ ਸੀ ਤਾਂ ਮੈਨੂੰ ਵੀ ਆਪਣੇ ਨਾਲ ਕਿਉਂ ਨਹੀਂ ਲੈ ਗਈ। ਤੇਰੇ ਜਾਣ ਤੋਂ ਬਾਅਦ ਕੋਈ ਨਹੀਂ ਜੋ ਮੈਨੂੰ ਸਮਝਦਾ ਹੋਵੇ। ਮੈਂ ਆਪਣੇ ਹਿੱਸੇ ਦੇ ਪਿਆਰ ਨੂੰ ਤਰਸ ਗਿਆ ਹਾਂ। ਮੈਂ ਕਿਸੇ ਲਈ ਬੋਝ ਹਾਂ, ਕਿਸੇ ਲਈ ਨਫ਼ਰਤ ਦਾ ਪਾਤਰ ਹਾਂ। ਮਾਂ ਅੱਜ ਤੋਂ ਨਾ ਮੇਰਾ ਘਰ ਆਉਣ ਨੂੰ ਵੀ ਦਿਲ ਨਹੀਂ ਕਰਿਆ ਕਰਨਾ। ਮੇਰਾ ਕੋਈ ਨਹੀਂ ਜਿਸ ਨੂੰ ਸ਼ਾਮ ਨੂੰ ਮੇਰਾ ਇੰਤਜ਼ਾਰ ਹੋਵੇ। ਇਸ ਘਰ ਦੀਆਂ ਬਰੂੰਹਾਂ ਅੱਜ ਤੋਂ ਮਤਰੇਈਆਂ ਹੋ ਗਈਆਂ ਲਗਦੀਆਂ। ਇਨ੍ਹਾਂ ਦੀਵਾਰਾਂ ਵਿੱਚੋਂ ਜਿਹੜਾ ਸਰਨਾਟਾ ਬੋਲਦਾ ਹੈ ਨਾ ਉਹ ਬਹੁਤ ਤੰਗ ਕਰਦਾ ਹੈ। ਮਾਂ ਤੇਰੇ ਜਾਣ ਨਾਲ ਜੋ ਸਭ ਤੋਂ ਵੱਡਾ ਘਾਟਾ ਪਿਆ ਹੈ ਉਹ ਇਹ ਹੈ ਮੇਰਾ ਇਕੱਲੇ ਦਾ ਕੋਈ ਇਤਬਾਰ ਨਹੀਂ ਕਰਦਾ। ਆਹ ਦੇਖ ਲੈ ਸਰਬਜੀਤ ਵੀ ਮੈਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੀ ਹੈ। ਮੈਂ ਕਿਵੇਂ ਸਮਝਾਵਾਂ ਉਸ ਨੂੰ ਕਿ ਉਹ ਮੈਨੂੰ ਆਪਣੀ ਜਿਹੀ ਲਗਦੀ ਹੈ। ਮੇਰੀ ਨੀਅਤ ਵਿੱਚ ਕੋਈ ਖੋਟ ਨਹੀਂ ਮੈਂ ਤਾਂ ……” ਹਰਜੀਤ ਨੇ ਮਾਂ ਦੀ ਤਸਵੀਰ ਜੱਫੀ ਵਿੱਚ ਲੈ ਲਈ ਅਤੇ ਮਾਂ ਨਾਲ ਗੱਲਾਂ ਕਰਦੇ ਦੇ ਹੰਝੂ ਵਹਿ ਤੁਰੇ ਹਨ,” ਮਾਂ ਜਲਦੀ ਚਲੇ ਗਈ ਮਾਂ….. ਸੋਚਿਆ ਹੁੰਦਾ, ਕਿਤੇ ਮੇਰੇ ਵਾਰੇ…. ਸੋਚਿਆ ਹੁੰਦਾ। ਮੈਨੂੰ ਤਾਂ ਅੱਜ ਤੱਕ ਕਿਸੇ ਨੇ ਮੇਰੇ ਬਚਪਨ ਦੀ ਕੋਈ ਗੱਲ ਨਹੀਂ ਸੁਣਾਈ। ਸੁਣਾਵੇ ਵੀ ਕਿਵੇਂ ਮੈਂ ਬਚਪਨ ਤਾਂ ਹੰਢਾਇਆ ਹੀ ਨਹੀਂ …. ਮਾਂ ਮੇਰੇ ਹਾਣੀ ਜਦੋਂ ਗਲੀ ਵਿੱਚ ਖੇਡਦੇ ਹੁੰਦੇ ਸੀ ਮੈਂ ਉਨ੍ਹਾਂ ਨੂੰ ਖਿੜਕੀ ਵਿੱਚ ਬੈਠਾ ਦੇਖਦਾ ਹੁੰਦਾ ਸੀ। ਤੂੰ ਸੋਚਦੀ ਹੋਵੇਗੀ ਮੈਂ ਕਿਉਂ ਨਹੀਂ ਸੀ ਜਾਂਦਾ ਖੇਡਣ, ਮੇਰਾ ਨਾ…..ਮੇਰਾ ਨਾ ….. ਕੋਈ ਸਿਰ ਨਹੀਂ ਸੀ ਵਹਾਉਂਦਾ, ਖੁੱਲ੍ਹੇ ਵਾਲਾਂ ਨਾਲ ਨਾ ਮਾਂ ਖੇਡ ਨਹੀਂ ਸੀ ਹੁੰਦਾ…….।”

ਮਾਂ ਨਾਲ ਗੱਲਾਂ ਕਰਦਾ ਹੰਝੂ ਕੇਰਦਾ ਸੌਂ ਗਿਆ ਹੈ ਹਰਜੀਤ। ਪੂਰੀ ਰਾਤ ਕਮਰੇ ਦੀ ਲਾਈਟ ਚਲਦੀ ਰਹੀ। ਸਵੇਰੇ ਉੱਠ ਕੇ ਹਰਜੀਤ ਨੇ ਮਾਂ ਦੀ ਤਸਵੀਰ ਦੁਬਾਰਾ ਕੰਧ ਤੇ ਟੰਗ ਦਿੱਤੀ ਤੇ ਚਿੱਠੀ ਅਲਮਾਰੀ ਵਿੱਚ ਧਰਦਾ ਬੋਲਿਆ,” ਇਹ ਸਭ ਮੈਂ ਕਿਉਂ ਲਿਖਿਆ ਮਨਾ ਕਰਿਆ ਸੀ ਨਾ ਦੋਸਤ ਨੇ।”

ਕੰਮ ਤੇ ਚੱਲਿਆ ਗਿਆ ਹੈ। ਅੱਜ ਹਰਜੀਤ ਦਾ ਚਿਹਰਾ ਦੇਖ ਕੇ ਆਸਿਫ਼ ਪ੍ਰੇਸ਼ਾਨ ਹੈ, ਉਸ ਨੇ ਹਰਜੀਤ ਨੂੰ ਗਲ ਨਾਲ ਲਾ ਕੇ ਪੁੱਛਿਆ, ” ਮੀਆਂ ਕੀ ਗੱਲ ਹੈ ਜੋ ਲੁਕਾਈ ਜਾ ਰਹੀ ਹੈ।”

” ਨਹੀਂ ਕੋਈ ਨਹੀਂ।” ਹਰਜੀਤ ਇਕਦਮ ਬੋਲਿਆ

” ਬੱਚੇ ਦਾ ਖਿਡੌਣਾ ਤੇ ਜਵਾਨ ਦਾ ਸੁਫ਼ਨਾ ਟੁੱਟ ਜਾਵੇ ਤਾਂ ਦਰਦ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਹੈ।” ਆਸਿਫ਼ ਬੋਲਿਆ

” ਨਹੀਂ ਵੀਰ ਆਸਿਫ਼ ਕੋਈ ਗੱਲ ਨਹੀਂ।” ਹਰਜੀਤ ਆਸਿਫ਼ ਨੂੰ ਸਰਬਜੀਤ ਵਾਰੇ ਦੱਸਣਾ ਨਹੀਂ ਸੀ ਚਾਹੁੰਦਾ ਉਸ ਨੂੰ ਪਤਾ ਹੈ ਆਸਿਫ਼ ਨਰਾਜ਼ ਹੋਵੇਗਾ

ਕੁੱਝ ਦੇਰ ਚੁੱਪ ਰਹਿਣ ਬਾਅਦ ਆਸਿਫ਼ ਬੋਲਿਆ,” ਹਰਜੀਤ ਰੋਣ ਨੂੰ ਜੀਅ ਕਰਦਾ ਹੋਵੇ ਤਾਂ ਮੋਢਾ ਹਾਜ਼ਰ ਹੈ ਦੋਸਤ। ਇਨ੍ਹਾਂ ਹੰਝੂਆਂ ਵਿੱਚ ਬਹੁਤ ਵਜ਼ਨ ਹੁੰਦਾ ਇਨ੍ਹਾਂ ਨੂੰ ਰੋਕਣਾ ਨਹੀਂ ਚਾਹੀਦਾ ਵਰਨਾ ਹਾਲਾਤ ਨਾਸਾਰ ਹੋ ਜਾਂਦੇ ਹਨ।”

ਜਿਵੇਂ ਹੀ ਹਰਜੀਤ ਕੋਲ ਨੂੰ ਹੋਇਆ ਆਸਿਫ਼ ਨੇ ਖਿੱਚ ਕੇ ਗਲਵੱਕੜੀ ਵਿੱਚ ਲੈ ਲਿਆ। ਹਰਜੀਤ ਵੀ ਆਪਣੇ ਆਪ ਨੂੰ ਰੋਕ ਨਾ ਪਾਇਆ। ਉਸ ਨੇ ਵੀ ਆਸਿਫ਼ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਮਨ ਹੌਲਾ ਕਰ ਲਿਆ।

ਆਸਿਫ਼ ਬੋਲਿਆ,” ਕੀ ਹੋਇਆ ਦੱਸ ਨਾ।”

” ਕੁੱਝ ਨਹੀਂ, ਰਾਤੀਂ ਮਾਂ ਬਹੁਤ ਯਾਦ ਆਈ।” ਹਰਜੀਤ ਬੋਲਿਆ,” ਅੱਜ ਨਾ ਮੈਂ ਸੁਖਮਨ ਕੋਲ ਜਾਣਾ ਚਾਹੁੰਦਾ ਉਹ ਨਾ ਮੈਨੂੰ ਬਹੁਤ ਯਾਦ ਆ ਰਹੀ ਹੈ। ਜਦੋਂ ਦੀ ਵਿਆਹ ਕੇ ਗਈ ਹੈ ਮੈਂ ਕਦੇ ਨਹੀਂ ਗਿਆ ਉਸ ਕੋਲ। ਤੂੰ ਇਕੱਲਾ ਕੰਮ ਸੰਭਾਲ ਲਵੇਂਗਾ ਤਾਂ ਮੈਂ ਜਾ ਆਵਾਂ ਉਸ ਕੋਲ।”

” ਕੰਮ ਦੀ ਪ੍ਰਵਾਹ ਨਾ ਕਰ , ਮੈਂ ਆਪੇ ਸੰਭਾਲ ਲਵਾਂਗਾ । ਜਾ ਤੂੰ  ਜਾ ਆ।” ਜਿਵੇਂ ਹੀ ਹਰਜੀਤ ਗਿਆ ਆਸਿਫ਼ ਬੋਲਿਆ,” ਯਾ ਅੱਲਾ ਆਪਣੇ ਬੰਦੇ ਨੂੰ ਮਾਫ਼ ਕਰਨਾ, ਝੂਠ ਬੋਲਣ ਲਈ ਇਸ ਨੂੰ ਮਾਫ ਕਰਨਾ। ਜਦੋਂ ਦਿਲ ਚੋਟ ਖਾਂਦਾ ਇਹ ਵਿੱਛੜੇ ਹੋਏ ਓਦੋਂ ਹੀ ਯਾਦ ਆਉਂਦੇ ਨੇ। ਪਾਗਲ ਜਿਹਾ ਕਿੱਥੇ ਮੁਹੱਬਤ ਕਰ ਬੈਠਾ ਜਿੱਥੇ ਇਜ਼ਹਾਰ- ਏ- ਮੁਹੱਬਤ ਵੀ ਨਹੀਂ ਕਰ ਸਕਦਾ। ਮਾਫ ਕਰਨਾ ਪਰਵਰਦਿਗਾਰ ਇਸ ਨੂੰ ਇਸ ਗੁਸਤਾਖ਼ੀ ਲਈ ਮਾਫ ਕਰਨਾ। ਪਾਗਲ ਹੈ …. ਸੋਚਦਾ ਹੈ ਕੇ ਸ਼ਾਇਦ ਮੈਨੂੰ ਕੋਈ ਇਲਮ ਨਹੀਂ ਕੇ ਮਾਜਰਾ ਕੀ ਹੈ। ਦੋਸਤ ਹਾਂ ….. ਸਭ ਜਾਣਦਾ ਹਾਂ ।”

ਪਹੁੰਚ ਗਿਆ ਹੈ ਹਰਜੀਤ ਸੁਖਮਨ ਕੋਲ। ਜਾ ਕੇ ਬੂਹਾ ਖੜਕਾਇਆ ਹੈ, ਅੰਦਰੋਂ ਸੁਖਮਨ ਨਿਕਲੀ ਹਰਜੀਤ ਨੂੰ ਦਰਾਂ ਵਿੱਚ ਖੜ੍ਹਾ ਦੇਖ ਕੇ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਭੱਜ ਕੇ ਆ ਕੇ ਜੱਫੀ ਪਾ ਲਈ ਉਸ ਨੇ। ਹਰਜੀਤ ਸੁਖਮਨ ਨੂੰ ਜੱਫੀ ਵਿੱਚ ਲੈ ਕੇ ਬੋਲਿਆ,” ਨਿੱਕੀਏ ਕਿਵੇਂ ਹੈਂ…… ਸੁੱਖ ਅੱਜ ਨਾ ਮੇਰਾ ਜੀਅ ਕਰਦਾ ਮੈਂ ਤੈਨੂੰ ਭੈਣ ਕਹਾਂ।”

” ਕਹਿ ਨਾ ਵੀਰੇ, ਮੈਂ ਤੇਰੀ ਭੈਣ ਹੀ ਤਾਂ ਹਾਂ।” ਸੁਖਮਨ ਦੀਆਂ ਅੱਖਾਂ ਭਰ ਆਈਆਂ ਹਰਜੀਤ ਦੀ ਗੱਲ ਸੁਣ ਕੇ

ਹਰਜੀਤ ਦੇ ਵੀ ਹੰਝੂ ਵਹਿ ਤੁਰੇ,” ਭੈਣ ਯਾਦ ਨਹੀਂ ਆਉਂਦੀ ਤੈਨੂੰ ਵੀਰ ਦੀ। ਕਿੰਨੇ ਕਿੰਨੇ ਦਿਨ ਫ਼ੋਨ ਨਹੀਂ ਕਰਦੀ।”

” ਕੀ ਹੋ ਗਿਆ ਵੀਰੇ , ਦਿਲ ਹੌਲਾ ਕਰੀ ਫਿਰਦਾ…..”

ਆਜਾ ਵੀਰੇ ਅੰਦਰ ਆ ਜਾ ….. ਸੁਖਮਨ ਹੱਥ ਫੜ ਕੇ ਹਰਜੀਤ ਨੂੰ ਅੰਦਰ ਲਿਜਾਂਦੀ ਬੋਲੀ

ਚਾਅ ਚੜ੍ਹਿਆ ਹੋਇਆ ਹੈ ਸੁਖਮਨ ਨੂੰ, ਹਰਜੀਤ ਵੀਰ ਪਹਿਲੀ ਵਾਰ ਜੋ ਉਸ ਦੇ ਸਹੁਰੇ ਆਇਆ ਹੈ। ਵੀਰ ਨੂੰ ਬਿਠਾ ਕੇ ਪੱਖਾ ਲਾ ਕੇ ਬਾਹਰ ਚਲੇ ਗਈ ਹੈ। ਜਿਵੇਂ ਹੀ ਕੁੱਝ ਸਮੇਂ ਬਾਅਦ ਸੁਖਮਨ ਮੁੜ ਕੇ ਆਈ ਹਰਜੀਤ ਨੇ ਪੁੱਛਿਆ, ” ਨਿੱਕੀਏ,  ਕਿੱਥੇ ਚਲੇ ਗਈ ਸੀ।”

” ਵੀਰੇ ਮੈਨੂੰ ਯਾਦ ਹੈ ਤੈਨੂੰ ਛੋਟੇ ਹੁੰਦੇ ਤੋਂ ਦੁੱਧ ਸੋਢਾ ਬਹੁਤ ਸਵਾਦ ਲਗਦਾ ਹੈ, ਆ ਆਪਣੇ ਗਵਾਂਢ ਵਿੱਚ ਦੁਕਾਨ ਹੈ ਸੋਢਾ ਲੈਣ ਗਈ ਸੀ। ਵੀਰੇ ਤੂੰ ਬੈਠ ਮੈਂ ਜਲਦੀ ਦੇਣੀ ਬਣਾ ਕੇ ਲਿਆਈ।” ਸੁਖਮਨ ਦੇ ਚਿਹਰੇ ਦੀ ਮੁਸਕਰਾਹਟ ਤੋਂ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਲੱਗ ਸਕਦਾ ਹੈ।

ਸੁਖਮਨ ਫ਼ਰਿਜ ਵਿੱਚੋਂ ਬਰਫ਼ ਕੱਢਦੀ ਬੋਲੀ,” ਵੀਰੇ ਘਰੇ ਸਭ ਠੀਕ ਸੀ। ਆਸਿਫ਼ ਵੀਰੇ ਦਾ ਕੀ ਹਾਲ ਹੈ। ਆਸਿਫ਼ ਵੀਰੇ ਨੂੰ ਵੀ ਨਾਲ ਹੀ ਲੈ ਆਉਣਾ ਸੀ।”

” ਦੁਕਾਨ ਤੇ ਕੰਮ ਦਾ ਔਖਾ ਹੋ ਜਾਣਾ ਸੀ ਨਹੀਂਂ ਤਾਂ ਜ਼ਰੂਰ ਲੈ ਕੇ ਆਉਂਦਾ ਉਸ ਨੂੰ ਵੀ। ਘਰੇ ….. ਘਰੇ ਸਭ ਕੁੱਝ ਓਵੇਂ ਹੀ ਹੈ ਜਿਵੇਂ ਤੂੰ ਛੱਡ ਕੇ ਆਈ ਸੀ।” ਹਰਜੀਤ ਉੱਠ ਕੇ ਰਸੋਈ ਵਿੱਚ ਸੁਖਮਨ ਕੋਲ ਜਾਂਦਾ ਬੋਲਿਆ

ਆਪਣੇ ਵੀਰ ਦੇ ਚਿਹਰੇ ਵੱਲ ਦੇਖਦੀ ਸੁਖਮਨ ਬੋਲੀ,” ਵੀਰੇ ਫੇਰ ਤੇਰੀ ਰੋਟੀ ਦਾ ਕਿਵੇਂ ਸਰਦਾ।”

” ਦੁਪਹਿਰ ਦੀ ਰੋਟੀ ਰੋਜ਼ ਆਸਿਫ਼ ਦੇ ਘਰੋਂ ਬਣ ਕੇ ਆ ਜਾਂਦੀ ਹੈ। ਸ਼ਾਮ ਦੀ ਸਰਬੀ ਬਣਾ ਕੇ ਰੱਖ ਜਾਂਦੀ ਹੈ।”  ਹਰਜੀਤ ਸੁਖਮਨ ਵੱਲ ਦੇਖਦਾ ਬੋਲਿਆ,” ਤੂੰ ਕਹਿ ਕੇ ਆਈ ਹੋਵੇਂਗੀ ਸਰਬੀ ਨੂੰ ਮੇਰਾ ਧਿਆਨ ਰੱਖਣ ਲਈ।”

ਸਰਬੀ ਦਾ ਨਾਮ ਸੁਣ ਕੇ ਸੁਖਮਨ ਬੋਲੀ,” ਲੈ ਵੀਰੇ, ਕੁੱਝ ਦਿਨ ਪਹਿਲਾਂ ਸਰਬੀ ਭਾਬੀ ਦਾ ਫ਼ੋਨ ਆਇਆ ਸੀ। ਮੈਂ ਤਾਂ ਭੁੱਲ ਹੀ ਗਈ ਉਸ ਨੂੰ ਫ਼ੋਨ ਕਰਨਾ। ਪਤਾ ਨਹੀਂ ਕੀ ਸੋਚਦੀ ਹੋਊ ਮੇਰੇ ਵਾਰੇ। ਚੱਲ ਵੀਰੇ ਬਾਹਰ ਪੱਖੇ ਥੱਲੇ ਬਹਿ ਕੇ ਪੀਂਦਾ ਆ ਇੱਥੇ ਰਸੋਈ ਵਿੱਚ ਵਾਹਵਾ ਗਰਮੀ ਆ।”

” ਤੇਰੇ ਭਾਜੀ ਵੀ ਆਉਂਦੇ ਹੀ ਹੋਣਗੇ ਸ਼ਹਿਰ ਗਏ ਨੇ ਸਮਾਨ ਲੈਣ। ਵਾਪਸ ਦੁਬਈ ਜਾਣ ਦੀ ਤਿਆਰੀ ਕਰ ਰਹੇ ਨੇ। ਵੀਰੇ ਆਹ ਅਖ਼ਬਾਰ ਵਿੱਚ ਕੀ ਲਪੇਟਿਆ ਹੋਇਆ ਹੈ।” ਸੁਖਮਨ ਹਰਜੀਤ ਨੂੰ ਗਿਲਾਸ ਫੜਾਉਂਦੀ ਬੋਲੀ

” ਸੁੱਖ ਇਹ ਨਾ ਤਸਵੀਰ ਹੈ, ਦੀਵਾਰ ਤੇ ਲਾ ਲਵੀ। ਇਹ ਨਾ ਤੈਨੂੰ ਮੇਰੀ ਯਾਦ ਦਿਵਾਉਂਦੀ ਰਹੇਗੀ, ਫੇਰ ਤੂੰ ਫ਼ੋਨ ਕਰਨਾ ਨਹੀਂ ਭੁੱਲੇਂਗੀ।” ਹਰਜੀਤ ਬੋਲਿਆ

” ਵੀਰੇ ਤੇਰੀ ਯਾਦ ਤਾਂ ਆਵੇ ਜੇ ਮੈਂ ਤੈਨੂੰ ਕਦੇ ਭੁੱਲੀ ਹੋਵਾਂ। ਆਹ ਨਾ ਸਹੁਰਿਆਂ ਵਿੱਚ ਭਾਵੇਂ ਕਿੰਨਾ ਵੀ ਸੁੱਖ ਹੋਵੇ, ਆਪਣਿਆਂ ਦਾ ਵਿਛੋੜਾ ਬਹੁਤ ਤੰਗ ਕਰਦਾ ਇੱਥੇ। ਆਹ ਦੇਖ ਮੈਂ ਆਪਣੇ ਕਮਰੇ ਵਿੱਚ ਵੀ ਤੇਰੀਆਂ ਫ਼ੋਟੋਆਂ ਲਾਈਆਂ ਹੋਈਆਂ ਨੇ। ਆਹ ਤਸਵੀਰ ਵੀ ਤੂੰ ਨਾ ਵੀਰੇ ਇਨ੍ਹਾਂ ਦੇ ਨਾਲ ਹੀ ਟੰਗ ਦੇ।” ਹਰਜੀਤ ਤਸਵੀਰ ਤੋਂ ਅਖ਼ਬਾਰ ਉਤਾਰਦੀ ਬੋਲੀ,” ਕਿੰਨੀ ਸੋਹਣੀ ਤਸਵੀਰ ਹੈ , ਵੀਰੇ ਕਾਸ਼ ਆਪਾਂ ਵੀ ਵੱਡੇ ਨਾ ਹੁੰਦੇ, ਨਿੱਕੇ ਨਿੱਕੇ ਰਹਿੰਦੇ…… ਕਿੰਨੇ ਸੋਹਣੇ ਦਿਨ ਸਨ ਬਚਪਨ ਦੇ ਅੱਖ ਦੇ ਫੋਰੇ ਵਿੱਚ ਹੀ ਖ਼ਤਮ ਹੋ ਗਏ।”

” ਵੀਰੇ ਦੱਸ ਤੇਰਾ ਦੁਪਹਿਰੇ ਕੀ ਖਾਣ ਨੂੰ ਜੀਅ ਕਰਦਾ , ਜੋ ਤੂੰ ਕਹੇਂਗਾ ਉਹੀ ਬਣਾਵਾਂਗੀ।” ਜਿਵੇਂ ਹੀ ਸੁਖਮਨ ਨੇ ਪੁੱਛਿਆ ਹਰਜੀਤ ਬੋਲਿਆ,” ਭੈਣ ਛੋਲਿਆਂ ਦੀ ਘੋਟਵੀਂ ਦਾਲ ਬੜੀਆਂ ਵਾਲੀ ਵਿੱਚ ਰੋਟੀ ਚੂਰ ਕੇ।” ਹਰਜੀਤ ਤੇ ਸੁਖਮਨ ਹੱਸ ਰਹੇ ਹਨ ਗੱਲ ਕਰਕੇ,” ਨਾਲ ਕੱਚੀ ਲੱਸੀ ਲੂਣ ਵਾਲੀ ਹੇਣਾ ਵੀਰੇ ।” ਸੁਖਮਨ ਹੱਸਦੀ ਹੱਸਦੀ ਬੋਲੀ

ਸੁਖਮਨ ਰਸੋਈ ਅੰਦਰ ਜਾ ਕੇ ਦਾਲ ਚੜ੍ਹਾ ਰਹੀ ਹੈ। ਬੈਠਕ ਵਿੱਚ ਇਕੱਲੇ ਵੀਰ ਨੂੰ ਬੈਠਾ ਦੇਖ ਕੇ ਉਸ ਨੂੰ ਬਹੁਤ ਤਰਸ ਆਇਆ। ਦਾਲ ਧਰਦੀ ਨੇ ਸਰਬਜੀਤ ਨੂੰ ਫ਼ੋਨ ਲਾ ਲਿਆ ਹੈ,” ਭਾਬੀ ਮੇਰੀ ਬਿੱਲੋ, ਮੇਰੀ ਜਾਨ ਕਿਵੇਂ ਹੈ। “

” ਠੀਕ ਆ ਸੁੱਖ ਤੂੰ ਕਿਵੇਂ ਆ।” ਸਰਬੀ ਬੋਲੀ

” ਭਾਬੀ ਮੈਂ ਤੈਨੂੰ ਦੱਸਣ ਲਈ ਫ਼ੋਨ ਕੀਤਾ, ਅੱਜ ਨਾ ਵੀਰ ਦੀ ਰੋਟੀ ਨਾ ਬਣਾਈ। ਉਹ ਮੇਰੇ ਕੋਲ ਆਇਆ ਹੋਇਆ। ਵੀਰਾ ਦੱਸਦਾ ਸੀ ਰੋਜ਼ ਸ਼ਾਮ ਦੀ ਰੋਟੀ ਬਣਾ ਦਿੰਦੀ ਹੈ ਸਰਬੀ। ਹੋਰ ਕਿੰਨੀ ਦੇਰ ਵੀਰੇ ਦੀ ਰੋਟੀਆਂ ਬਣਾਵੇਂਗੀ ਭਾਬੀ, ਆਪਣੀ ਛੋਟੀ ਭੈਣ ਨਾਲ ਰਿਸ਼ਤਾ ਕਰਵਾ ਦੇ ਮੇਰੇ ਵੀਰ ਦਾ। ਫੇਰ ਤੁਸੀਂ ਦੋਵੇਂ ਭੈਣਾਂ ਗਵਾਂਢਣਾਂ ਬਣ ਜਾਵੋਂਗੀਆਂ। ਨਾਲੇ ਹਰਜੀਤ ਵੀਰ ਦਾ ਇਕੱਲਾਪਣ ਖ਼ਤਮ ਹੋ ਜਾਵੇਗਾ।”

” ਚੱਲ ਠੀਕ ਹੈ ਸੁੱਖ ਮੈਂ ਘਰੇ ਗੱਲ ਕਰੂੰ।” ਸਰਬਜੀਤ ਬੋਲੀ

” ਭਾਬੀ ਤੋਂ ਸਾਲੀ ਬਣ ਜਾ ਭਾਬੀ, ਦੋ ਦੋ ਰਿਸ਼ਤੇ ਹੋ ਜਾਣਗੇ ਵੀਰੇ ਨਾਲ।” ਹੱਸਦੀ ਹੋਈ ਸੁਖਮਨ ਮਜ਼ਾਕ ਕਰਦੀ ਬੋਲੀ

ਫ਼ੋਨ ਕੱਟ ਕੇ ਜਿਵੇਂ ਹੀ ਸੁਖਮਨ ਰਸੋਈ ਵਿੱਚੋਂ ਬਾਹਰ ਆਈ ਉਹ ਗੀਤ ਗਾ ਰਹੀ ਹੈ,” ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ, ਪੇਕੇ ਦੋਵੇਂ ਭੈਣਾਂ ਨੱਚੀਆਂ …. ਸਹੁਰੇ ਨੱਚੀਆਂ……”

ਸੁਖਮਨ ਦਾ ਘਰਵਾਲਾ ਵੀ ਆ ਗਿਆ ਹੈ ਸ਼ਹਿਰ ਤੋਂ….

ਓਧਰ ਸਰਬਜੀਤ ਦੇ ਦਿਲ ਵਿੱਚ ਆਇਆ ,” ਦੇਖ ਕੇ ਆਵਾਂ ਸ਼ਾਇਦ ਹਰਜੀਤ ਨੇ ਖ਼ਤ ਦਾ ਜਵਾਬ ਲਿਖਿਆ ਹੋਵੇਗਾ।” ਉਹ ਜਿਵੇਂ ਹੀ ਹਰਜੀਤ ਦੇ ਘਰ ਗਈ ਜਾ ਕੇ ਭਾਂਡੇ ਦੇਖੇ ਤਾਂ ਭਾਂਡਿਆਂ ਵਿੱਚੋਂ ਕੁੱਝ ਨਹੀਂ ਮਿਲਿਆ। ਖ਼ਾਲੀ ਭਾਂਡੇ ਦੇਖ ਕੇ ਸਰਬਜੀਤ ਦਾ ਮਨ ਉਦਾਸ ਹੋ ਗਿਆ, ਭਾਵੇਂ ਆਪ ਹੀ ਮਨਾ ਕਰਿਆ ਸੀ ਖ਼ਤ ਲਿਖਣ ਤੋਂ ਹਰਜੀਤ ਨੂੰ, ਪਰ ਫੇਰ ਵੀ ਦਿਲ ਦੇ ਕਿਸੇ ਖੂੰਜੇ ਵਿੱਚ ਇੰਤਜ਼ਾਰ ਵੀ ਹੈ ਹਰਜੀਤ ਦੇ ਖ਼ਤ ਦਾ। ਘਰ ਨੂੰ ਵਾਪਸ ਮੁੜਨ ਲੱਗੀ ਤਾਂ ਹਰਜੀਤ ਦੇ ਕਮਰੇ ਵਿੱਚ ਸਮਾਨ ਖਿੱਲਰਿਆ ਪਿਆ ਦੇਖ ਕੇ ਸਮਾਨ ਟਿਕਾਣਾ ਲੱਗ ਪਈ। ਜਿਵੇਂ ਹੀ ਹਰਜੀਤ ਦਾ ਕੁੜਤਾ ਪਜਾਮਾ ਅਲਮਾਰੀ ਵਿੱਚ ਟੰਗਣ ਲੱਗੀ ਤਾਂ ਹਰਜੀਤ ਦਾ ਲਿਖਿਆ ਖ਼ਤ ਨਜ਼ਰੀਂ ਪੈ ਗਿਆ, ਜਲਦੀ ਜਲਦੀ ਪੜ੍ਹ ਕੇ ਖ਼ਤ ਉੱਥੇ ਹੀ ਰੱਖ ਦਿੱਤਾ ਤੇ ਘਰ ਮੁੜ ਆਈ। ਘਰ ਨੂੰ ਜਾਂਦੀ ਆਪੇ ਬੋਲ ਰਹੀ ਹੈ,” ਚੰਦਰਾ ਆਸ਼ਕ, ਪਤਾ ਨਹੀਂ ਕਿਹੜੇ ਪਿਆਰ ਦੀਆਂ ਗੱਲਾਂ ਕਰਦਾ ਹੈ ਮੇਰੇ ਤਾਂ ਕੁੱਝ ਸਮਝ ਨਹੀਂ ਆਉਂਦਾ। ਸੁਖਮਨ ਤਾਂ ਕਹਿੰਦੀ ਹੈ ਦੋ ਦੋ ਰਿਸ਼ਤੇ ਬਣਾਉਣ ਨੂੰ ਇਹ ਤਾਂ ਬਗੈਰ ਨਾਮ ਵਾਲਾ ਇੱਕ ਰਿਸ਼ਤਾ ਪਹਿਲਾਂ ਹੀ ਜੋੜੀ ਬੈਠਾ।”

ਸਰਬਜੀਤ ਆਪੇ ਬੈਠੀ ਸੋਚ ਰਹੀ ਹੈ,” ਜੇ ਮੈਂ ਹਰਜੀਤ ਨੂੰ ਆਪਣੀ ਭੈਣ ਦਾ ਰਿਸ਼ਤਾ ਕਰਵਾ ਦਿੱਤਾ ਤੇ ਉਸ ਨੂੰ ਕਿਤੇ ਇਹ ਸਭ ਪਤਾ ਲੱਗ ਗਿਆ ਪਤਾ ਨਹੀਂ ਕੀ ਸੋਚੇਗੀ ਮੇਰੀ ਭੈਣ ਮੇਰੇ ਵਾਰੇ।

ਮੁੰਡਾ ਤਾਂ ਚੰਗਾ ਹੈ, ਪਰ ਆਹ ਜਿਹੜਾ ਉਸ ਦੇ ਦਿਲ ਵਿੱਚ ਮੇਰੇ ਪ੍ਰਤੀ …… ਦਿਲ ਵਿੱਚ ਤਾਂ ਉੱਤਰਦਾ ਸੋਹਣਾ ਸੁਨੱਖਾ ਵੀ ਹੈ ਕੋਈ ਐਬ ਨਹੀਂ ਕਰਦਾ ….. ਦੇਖਦੀ ਹਾਂ ਘਰੇ ਗੱਲ ਚਲਾ ਕੇ। ਜਦੋਂ ਵਿਆਹਾ ਗਿਆ ਨਾ, ਆ ਜਿਹੜਾ ਭਰਜਾਈ ਦਾ ਇਸ਼ਕ ਲੱਗਿਆ ਆਪੇ ਉੱਤਰ ਜਾਊ।”

ਸੁਖਮਨ, ਹਰਜੀਤ ਅਤੇ ਸੁਖਮਨ ਦੇ ਘਰ ਵਾਲੇ ਨੇ ਜਿਵੇਂ ਹੀ ਦੁਪਹਿਰ ਦੀ ਰੋਟੀ ਖਾਧੀ ਹਰਜੀਤ ਬੋਲਿਆ, ” ਚੰਗਾ ਸੁੱਖ ਹੁਣ ਮੈਂ ਚੱਲਦਾ।”

” ਲੈ ਵੀਰੇ ਐਵੇਂ ਕਿਵੇਂ ਚੱਲਦਾ, ਅੱਜ ਨਹੀ ਮੈਂ ਤੈਨੂੰ ਜਾਣ ਦੇਣਾ।” ਸੁਖਮਨ ਜੂਠੇ ਭਾਂਡੇ ਚੁੱਕਦੀ ਬੋਲੀ

” ਸੁੱਖ ਮੇਰੇ ਬਗੈਰ ਕੰਮ ਤੇ ਔਖਾ ਹੋ ਜਾਣਾ।” ਹਰਜੀਤ ਬਹਾਨਾ ਬਣਾਉਂਦਾ ਬੋਲਿਆ

” ਵੀਰੇ , ਮੈਂ ਤੈਨੂੰ ਸਵੇਰੇ ਸਾਝਰੇ ਭੇਜ ਦੂੰ। ਮੈਂ ਤਾਂ ਅਜੇ ਤੇਰੇ ਨਾਲ ਰੱਜ ਕੇ ਗੱਲਾਂ ਵੀ ਨਹੀਂ ਕਰੀਆਂ।” ਸੁਖਮਨ ਤਰਲਾ ਕੱਢਦੀ ਬੋਲੀ

” ਰੁਕ ਜਾਓ ਸਾਲਾ ਸਾਹਿਬ ਕੰਮ ਤਾਂ ਸਾਰੀ ਉਮਰ ਕਰਨਾ ਹੈ। ਜੇ ਸੁਖਮਨ ਕਹਿੰਦੀ ਹੈ ਤਾਂ ਰੁਕ ਜਾਓ।” ਸੁਖਮਨ ਦਾ ਘਰਵਾਲਾ ਰੁਕਣ ਲਈ ਜ਼ੋਰ ਪਾਉਂਦਾ ਬੋਲਿਆ।

ਹਰਜੀਤ ਵੀ ਮੰਨ ਗਿਆ,” ਸੁੱਖ ਸਰਬੀ ਨੂੰ ਫ਼ੋਨ ਕਰ ਦੇ ਮੇਰੀ ਰੋਟੀ ਨਹੀਂ ਬਣਾਵੇਗੀ।

” ਵੀਰੇ ਮੈਂ ਤਾਂ ਪਹਿਲਾਂ ਹੀ ਫ਼ੋਨ ਕਰ ਦਿੱਤਾ, ਦੱਸ ਦਿੱਤਾ ਤੂੰ ਅੱਜ ਸਾਡੇ ਕੋਲ ਹੀ ਰਹੇਂਗਾ। ਮੈਂ ਤਾਂ ਸਰਬੀ ਭਾਬੀ ਨਾਲ ਅੱਜ ਫੇਰ ਦੁਬਾਰਾ ਤੇਰੇ ਵਿਆਹ ਦੀ ਗੱਲ ਵੀ ਕਰੀ ਹੈ।” ਸੁਖਮਨ ਦੀ ਗੱਲ ਵਿੱਚੇ ਟੋਕਦਾ ਉਸ ਦਾ ਘਰਵਾਲਾ ਬੋਲਿਆ,” ਜੋ ਵੀ ਕਰਨਾ ਜਲਦੀ ਜਲਦੀ ਕਰ ਲਵੋ, ਜੇ ਮੈਂ ਦੁਬਈ ਚੱਲਿਆ ਗਿਆ, ਫੇਰ ਸਾਲ ਸਾਰਾ ਨਹੀਂ ਮੁੜ ਹੋਣਾ। ਬਈ ਇੱਕੋ ਸਾਲਾ ਹੈ ਮੇਰਾ, ਮੈਂ ਵੀ ਤਾਂ ਆਪਣੇ ਚਾਅ ਪੂਰੇ ਕਰਨੇ ਹਨ।

ਕੁੱਝ ਕੂ ਦਿਨਾਂ ਵਿੱਚ ਸਰਬੀ ਨੇ ਆਪਣੇ ਘਰੇ ਗੱਲ ਚਲਾਈ। ਸਰਬੀ ਦਾ ਪਿਤਾ ਬੋਲਿਆ,” ਇਸ ਤੋਂ ਉੱਪਰ ਹੋਰ ਕੀ ਹੋਵੇਗਾ ਧੀਏ। ਤੇਰਾ ਦੇਖਿਆ ਭਾਲਿਆ ਮੁੰਡਾ ਹੈ, ਤੂੰ ਰਿਸ਼ਤਾ ਕਰਵਾ ਵੇਂ ਤਾਂ ਸਾਡੀ ਬੇਫ਼ਿਕਰੀ ਹੈ ਬਈ ਸਾਡੇ ਵੱਲੋਂ ਤਾਂ ਹਾਂ ਹੈ।”

ਦੇਖ ਦਿਖਾਈ ਤੋਂ ਬਾਅਦ ਰਿਸ਼ਤੇ ਦੀ ਤਰੀਕ ਤਹਿ ਹੋ ਗਈ ਹੈ…….

ਭਾਵੇਂ ਸੁਖਮਨ ਦੇ ਕਹਿਣ ਤੇ ਸਰਬਜੀਤ ਨੇ ਆਪ ਮੁਹਾਰੇ ਹੋ ਕੇ ਆਪਣੀ ਛੋਟੀ ਭੈਣ ਜਸਮੀਤ ਲਈ ਹਰਜੀਤ ਦੇ ਰਿਸ਼ਤੇ ਦੀ ਗੱਲ ਚਲਾਈ ਸੀ। ਦੇਖ ਦਿਖਾਈ ਵੀ ਬਹੁਤ ਚਾਅ ਨਾਲ ਕਰਵਾਈ ਸੀ। ਹੁਣ ਜਦੋਂ ਕੱਲ੍ਹ ਨੂੰ ਸ਼ਗਨਾਂ ਦਾ ਦਿਨ ਆਇਆ ਹੈ, ਹਰਜੀਤ ਹੁਣਾਂ ਨੇ ਰੋਕਾ ਕਰਨ ਜਾਣਾ ਹੈ ਤਾਂਂ ਬੈਠੀ ਸਰਬਜੀਤ ਸੋਚ ਰਹੀ ਹੈ,” ਆਹ ਤਾਂ ਮੈਂ ਆਪਣਾ ਖੰਡ ਦਾ ਖੇਡਣਾ ਆਪੇ ਤੋੜ ਲਿਆ। ਮਰਜਾਣੇ ਨੇ ਦਿਲ ਦੀਆਂ ਦੀਵਾਰਾਂ ਖੁਰਚ ਖੁਰਚ ਕੇ ਆਪਣੇ ਜੋਗੀ ਜਗ੍ਹਾ ਬਣਾ ਹੀ ਲਈ ਸੀ। ਔਖਾ ਜਿਹਾ ਲੱਗ ਰਿਹਾ ਆਪਣੀ ਚੀਚੀ ਦਾ ਛੱਲਾ ਲਾਹ ਕੇ ਕਿਸੇ ਹੋਰ ਨੂੰ ਦੇਣਾ।”

ਫੇਰ ਸਰਬਜੀਤ ਉੱਠ ਕੇ ਹਰਜੀਤ ਦੇ ਘਰ ਚਲੇ ਗਈ। ਸੁਖਮਨ, ਹਰਜੀਤ, ਆਸਿਫ਼, ਆਸਿਫ਼ ਦੀ ਭੈਣ, ਸਭ ਬੈਠੇ ਹਨ, ਕੱਲ੍ਹ ਦੀ ਤਿਆਰੀ ਵਿੱਚ ਲੱਗੇ ਹੋਏ ਨੇ। ਜਿਵੇਂਂਂ ਹੀ ਹਰਜੀਤ ਇਕੱਲਾ ਮਿਲਿਆ ਸਰਬਜੀਤ ਉਸ ਕੋਲ ਜਾ ਖੜੀ ਹੋ ਗਈ,” ਨਾ ਦਿਉਰਾ ਤੂੰ ਤਾਂ ਕਹਿੰਦਾ ਸੀ ਤੈਨੂੰ ਰਿਸ਼ਤਿਆਂ ਨਾਲ ਨਫ਼ਰਤ ਹੈ ਆਹ ਹੁਣ ਤਾਂ ਦੋ ਦੋ ਰਿਸ਼ਤੇ ਪੈ ਗਏ ਤੇਰੇ ਨਾਲ। ਹੁਣ ਤੂੰ ਹੀ ਦੱਸ ਕਿਹੜਾ ਰਿਸ਼ਤਾ ਰੱਖਣਾ ਭਾਬੀ ਜ਼ਿਆਦਾ ਪਸੰਦ ਹੈ ਕੇ ਸਾਲੀ ਬਣਾ ਕੇ ਰੱਖਣਾ।”

ਹਰਜੀਤ ਚੁੱਪ ਖੜ੍ਹਾ ਸੁਣ ਰਿਹਾ ਹੈ, ਉਸ ਦੀਆਂ ਨਜ਼ਰਾਂ ਸਰਬਜੀਤ ਦੇ ਚਿਹਰੇ ਤੋਂ ਹਟਦੀਆਂ ਹੀ ਨਹੀਂ , ਉਹ ਉਸ ਦੇ ਚਿਹਰੇ ਵਿੱਚ ਇਸ ਤਰ੍ਹਾਂ ਖੋ ਗਿਆ ਉਸ ਨੂੰ ਤਾਂ ਇਹ ਵੀ ਯਾਦ ਨਹੀਂ, ਰਿਹਾ ਕੇ ਸਰਬਜੀਤ ਨੇ ਕੀ ਪੁੱਛਿਆ ਹੈ….. ਉਸ ਨੇ ਸਰਬਜੀਤ ਨਾਲ ਕਦੇ ਗੱਲ ਨਹੀਂ ਸੀ ਕਰੀ। ਚੁੱਪ ਖੜ੍ਹਾ ਸੋਚੀਂ ਪਿਆ ਹੈ, ਕੀ ਅਤੇ ਕਿਵੇਂ ਜਵਾਬ ਦੇਵੇ।

ਸਰਬਜੀਤ ਨੇ ਫੇਰ ਉਲਟਾ ਕੇ ਪੁੱਛਿਆ,” ਬੋਲਦਾ ਨਹੀਂ ਕੀ ਹੋਇਆ,  ਚਿੱਠੀ ਵਿੱਚ ਤਾਂ ਬੜੀਆਂ ਵੱਡੀਆਂ ਵੱਡੀਆਂ ਔਖੀਆਂ ਔਖੀਆਂ ਗੱਲਾਂ ਲਿਖਦਾ ਸੀ ….. ਚੂੜੇ ਵਾਲੀ ਬਾਂਹ ਫੜਦਾ ਹੀ ਭੁੱਲ ਗਿਆ ਭਾਬੀ ਨੂੰ।”

” ਮੇਰੇ ਦਿਲ ਵਿੱਚ ਜਿਹੜੀ ਜਗ੍ਹਾ ਤੁਹਾਡੇ ਲਈ ਹੈ ਉਸ ਨੂੰ ਕੋਈ ਨਹੀਂ ਲੈ ਸਕਦਾ…ਜਸਮੀਤ ਵੀ ਨਹੀਂ।” ਹਰਜੀਤ ਬੋਲਿਆ

” ਹਾਏ ਮੈਂ ਮਰ ਜਾਂ , ਦੇਖਾਂਗੇ , ਤੂੰ ਵੀ ਬਚੂੰਗੜਾ ਜਿਹਾ ਜ਼ਿੱਦੀ ਹੋ ਗਿਆ ਲਗਦਾ। ਵਿਆਹ ਹੋ ਜਾਣ ਦੇ ਦਿਉਰਾ, ਆਹ ਜਿਹੜਾ ਤੂੰ ਤਾਪ ਚੜ੍ਹਾਈਂ ਫਿਰਦਾ ਦੇਖੀਂ ਕਿਵੇਂ ਲਹਿੰਦਾ।” ਸਰਬਜੀਤ ਬੋਲ ਹੀ ਰਹੀ ਸੀ ਕੇ ਕੋਲ ਸੁਖਮਨ ਆਉਂਦੀ ਦੇਖ ਕੇ ਚੁੱਪ ਹੋ ਗਈ

ਸੁਖਮਨ ਛੇੜਦੀ ਹੋਈ ਬੋਲੀ,” ਕੀ ਚੱਲ ਰਿਹਾ ਦਿਉਰ ਭਰਜਾਈ ਵਿੱਚ, ਦੇਖ ਮੈਨੂੰ ਦੇਖਦੇ ਸਾਰ ਕਿਵੇਂ ਸੁਸਰੀ ਵਾਂਗੂੰ ਚੁੱਪ ਕਰ ਗਈ….. ਆਹੋ ਭਾਈ ਹੁਣ ਅਸੀਂ ਕੋਣ ਹਾਂ ਤੁਹਾਡਾ ਮੁਲਾਹਜ਼ਾ ਭਾਰੀ ਹੋ ਗਿਆ।”

” ਨਹੀਂ ਨਿਕਈਏ ਇਹੋ ਜਿਹੀ ਤਾਂ ਕੋਈ ਗੱਲ ਨਹੀਂ।” ਹਰਜੀਤ ਜਲਦੀ ਜਲਦੀ ਸਫ਼ਾਈ ਦਿੰਦਾ ਬੋਲਿਆ

ਸੁਖਮਨ ਫੇਰ ਬੋਲੀ,” ਸਰਬੀ ਭਾਬੀ ਤੁਸੀਂ ਪਿੰਡ ਨਹੀਂ ਜਾਣਾ ਅਸੀਂ ਭਾਈ ਤੁਹਾਡੇ ਘਰੇ ਸਵੇਰੇ ਢੁੱਕਣਾ ਵਾ ਕੋਈ ਫ਼ਿਕਰ ਨਹੀਂ ਤੈਨੂੰ ।”

” ਸੁਖਮਨ, ਤਰਸੇਮ ਤਾਂ ਕਹਿੰਦੇ ਸੀ ਅੱਜ ਜਾਣ ਲਈ ਮੈਂ ਹੀ ਰੋਕ ਦਿੱਤੇ। ਮੈਂ ਸੋਚਿਆ ਜੇ ਮੈਂ ਚਲੇ ਗਈ ਤਾਂ ਮੇਰੇ ਛੋਟੇ ਲਾਡਲੇ ਦਿਉਰ ਦੇ ਸੁਰਮਾ ਕੌਣ ਪਾਊ ਇੱਕ ਤਾਂ ਪਿਆਰੀ ਭਾਬੀ ਹਾਂ ਲੈ ਦੇ ਕੇ। ਸਵੇਰੇ ਪਹਿਲਾਂ ਮੈਂ ਆਪਣੇ ਦਿਉਰ ਦੇ ਸੁਰਮਾ ਪਾਉਣਾ, ਫੇਰ ਪਿੰਡ ਨੂੰ ਜਾਣਾ।” ਸਰਬਜੀਤ ਹਰਜੀਤ ਦੇ ਕੋਲ ਨੂੰ ਹੋ ਕੇ ਬੋਲੀ,” ਇਕਵੰਜਾ ਸੌ ਲੈਣਾ ਦਿਉਰਾ ਸੁਰਮਾ ਪਵਾਈ ਦਾ। ਬਲੌਰ ਵਰਗੀ ਦਾ ਰਿਸ਼ਤਾ ਕਰਵਾਇਆ….. ਹੱਕ ਬਣਦਾ।”

ਸਰਬਜੀਤ ਘਰ ਜਾਣ ਲੱਗੀ ਤਾਂ ਸੁਖਮਨ ਬੋਲੀ , ਭਾਬੀ ਸ਼ਾਮ ਨੂੰ ਰੋਟੀ ਇੱਧਰ ਆ ਤਰਸੇਮ ਵੀਰ ਨੂੰ ਵੀ ਨਾਲ ਲੈ ਆਵੀ।

ਅਗਲੇ ਦਿਨ ਸਵੇਰੇ ਹਰਜੀਤ ਉੱਠ ਕੇ ਆਪਣੀ ਮਾਂ ਦੀ ਤਸਵੀਰ ਕੋਲ ਚੱਲਿਆ ਗਿਆ, ” ਦੇਖ ਲੈ ਮਾਂ ਤੇਰੇ ਬਗੈਰ ਵੀ ਸਭ ਕੁੱਝ ਹੋਈ ਜਾ ਰਿਹਾ। ਅੱਜ ਤੇਰੇ ਪੁੱਤ ਦਾ ਸ਼ਗਨ ਲੱਗਣਾ, ਜੇ ਕਿਤੇ ਅੱਜ ਤੂੰ ਵੀ ਨਾਲ ਹੁੰਦੀ ਤਾਂ ਗੱਲ ਹੋਰ ਹੋਣੀ ਸੀ। ਚੱਲਿਆ ਤਾਂ ਹਾਂ ਪਰ ਅੰਦਰੋਂ ਰੂਹ ਖ਼ੁਸ਼ ਜਿਹੀ ਨਹੀਂ ਹੈ। ਤੇਰੀ ਨਾ ਬਹੁਤ ਯਾਦ ਆ ਰਹੀ ਹੈ ਮਾਂ।” ਗੱਚ ਭਰ ਆਇਆ ਹੈ ਹਰਜੀਤ ਦਾ ਗੱਲਾਂ ਕਰਦੇ ਦਾ,” ਆਹ ਦੇਖ ਤਾਂ ਮਾਂ ਤੂੰ ਕਹਿੰਦੀ ਹੁੰਦੀ ਸੀ ਵੱਡਾ ਹੋਇਆ ਮੇਰਾ ਪੁੱਤ ਪੱਗ ਬੰਨ੍ਹਿਆ ਕਰੂ। ਦੇਖ ਤਾਂ ਮਾਂ ਸੋਹਣਾ ਲੱਗਦਾ ਮੈਂ ਪੱਗ ਵਿੱਚ।”

ਸੁਖਮਨ ਹਰਜੀਤ ਦੀ ਰੋਂਦੇ ਦੀ ਅਵਾਜ਼ ਸੁਣ ਕੇ ਅੰਦਰ ਆ ਗਈ,” ਵੀਰੇ ਕਮਲਾ ਨਹੀਂ ਬਣੀਦਾ, ਅੱਜ ਸ਼ਗਨਾਂ ਵਾਲੇ ਦਿਨ ਨਹੀਂ ਰੋਣਾ। ਬਾਹਰ ਸਰਬਜੀਤ ਭਾਬੀ ਤੈਨੂੰ ਉਡੀਕਦੀ ਆ ਉਸ ਨੇ ਤੇਰੇ ਸੁਰਮਾ ਪਾਉਣਾ। ਆ ਚੱਲੀਏ ਵੀਰੇ।”

” ਆ ਦੇਖ ਲੈ ਮਾਂ, ਆ ਗਈ ਮੱਤਾਂ ਦੇਣ ਵਾਲੀ ਬੇਬੇ। ਮੈਨੂੰ ਲਗਦਾ ਤੇਰੀ ਰੂਹ ਹੈ ਇਸ ਦੇ ਵਿੱਚ। ਇਹੋ ਜਿਹੀ ਭੈਣ ਰੱਬਾ ਸਭ ਨੂੰ ਦੇਵੀਂ।” ਹਰਜੀਤ ਸੁਖਮਨ ਨੂੰ ਜੱਫੀ ਵਿੱਚ ਲੈਂਦਾ ਬੋਲਿਆ,” ਮਾਂ ਅਗਲੀ ਵਾਰ ਜਨਮ ਦੇਣ ਤੋਂ ਪਹਿਲਾਂ ਦੋ ਵਾਅਦੇ ਕਰਨੇ ਪੈਣੇ ਤੈਨੂੰ, ਇੱਕ ਤਾਂ ਮੈਨੂੰ ਮੇਰੀ ਭੈਣ ਸੁਖਮਨ ਹੀ ਚਾਹੀਦੀ ਹੈ ਤੇ ਦੂਜਾ ਤੂੰ ਸਾਨੂੰ ਇੰਝ ਇਕੱਲੇ ਛੱਡ ਕੇ ਨਹੀਂ ਜਾਵੇਂਗੀ।” ਸੁਖਮਨ ਦੀਆਂ ਵੀ ਅੱਖਾਂ ਭਰ ਆਈਆਂ ,” ਆ ਜਾ ਵੀਰੇ ….”
ਅੱਖਾਂ ਪੂੰਝਦੀ ਸੁਖਮਨ ਬੋਲੀ

ਸਰਬਜੀਤ ਨੇ ਹਰਜੀਤ ਦੇ ਸੁਰਮਾ ਪਾਇਆ। ਹਰਜੀਤ ਨੇ ਇਕਵੰਜਾ ਸੌ ਰੁਪਏ ਕੱਢੇ ਤਾਂ ਸਰਬਜੀਤ ਵਿੱਚੋਂ ਸੌ ਦਾ ਨੋਟ ਚੱਕ ਦੀ ਬੋਲੀ,” ਮੈਂ ਤਾਂ ਹਾਸੇ ਖੇਡੀਆਂ ਕਰਦੀ ਨੇ ਕਿਹਾ ਸੀ ਦਿਉਰਾ ਤੈਂ ਤਾਂ ਸੱਚ ਮੰਨ ਲਿਆ।” ਫੇਰ ਸਿਰ ਪਲੋਸਦੀ ਬੋਲੀ,” ਜਵਾਨੀਆਂ ਮਾਣੇਂ, ਰੱਬ ਖ਼ੁਸ਼ੀਆਂ ਦੇਵੇ, ਤੇਰੇ ਘਰ ਨੂੰ ਭਾਗ ਲੱਗਣ ਦਿਉਰਾ।”

ਪਹੁੰਚ ਗਏ ਨੇ ਸਾਰੇ ਸਰਬਜੀਤ ਦੇ ਪੇਕੇ।

ਸ਼ਗਨ ਪੈਣ ਤੋਂ ਬਾਅਦ ਹਰਜੀਤ ਦਾ ਜੀਜਾ ਬੋਲਿਆ,” ਦੇਖੋ ਜੀ ਸਾਡੀ ਤਾਂ ਇਹੋ ਟੱਬਰੀ ਹੈ। ਜਿਸ ਦਿਨ ਵਿਆਹੁਣ ਆਉਣਾ ਉਸ ਦਿਨ ਵੀ ਇਹੋ ਸੱਤ ਜੀਅ ਆਉਣਗੇ। ਫੇਰ ਕਿਉਂ ਦੋ ਦੋ ਵਾਰ ਖ਼ਰਚੇ ਕਰਨੇ ਨੇ। ਮੈਂ ਤਾਂ ਕਹਿੰਦਾ ਤੁਸੀਂ ਅੱਜ ਹੀ ਕੁੜੀ ਸਾਡੇ ਨਾਲ ਤੋਰ ਦਿਓ ….. ਕਿਉਂ ਖ਼ੁਸ਼ ਹੋ ਸਾਲਾ ਸਾਹਿਬ ਜੀਅ ਕਰਦਾ ਤਾ ਲੈ ਚੱਲੀਏ ਫੇਰ ਨਾਲ ਹੀ।”

ਸਰਬਜੀਤ ਦੇ ਪਿਤਾ ਹੱਥ ਜੋੜਦੇ ਬੋਲੇ,” ਇਸ ਤਰ੍ਹਾਂ ਕਿਵੇਂ ਤੋਰ ਦੇਈਏ ਖ਼ਾਲੀ ਹੱਥ। ਅਸੀਂ ਤਾਂ ਵਿਆਹ ਦੀ ਅਜੇ ਕੋਈ ਤਿਆਰੀ ਨਹੀਂ ਕਰੀ। ਸਾਨੂੰ ਤਾਂ ਚਿੱਤ ਚੇਤੇ ਵੀ ਨਹੀਂ ਸੀ। ਜਿੰਨਾ ਮੈਂ ਵੱਡੀ ਲਈ ਕਰਿਆ ਉਨ੍ਹਾਂ ਤਾਂ ਜ਼ਰੂਰ ਕਰੂੰ ਗਾ ਛੋਟੀ ਲਈ। ਥੋੜ੍ਹਾ ਵਕਤ ਦੇਵੋ ਜੀ। ਮੇਰੀ ਆਤਮਾ ਨਹੀਂ ਮੰਨਦੀ ਮੈਂ ਦੋਵੇਂ ਧੀਆਂ ਵਿੱਚ ਫ਼ਰਕ ਨਹੀਂ ਰੱਖ ਸਕਦਾ।”

” ਸਾਨੂੰ ਕੁੱਝ ਨਹੀਂ ਚਾਹੀਦਾ ਜੀ, ਤੁਸੀਂ ਮੰਨ ਜਾਵੋ ਅੱਜ ਹੀ ਕੰਮ ਨਿਬੇੜੋ ਵਿੱਚੋਂ।” ਜੀਜਾ ਫੇਰ ਬੋਲਿਆ

ਹੱਥ ਜੋੜ ਦਿੱਤੇ ਸਰਬਜੀਤ ਦੇ ਪਿਤਾ ਨੇ ਤੇ ਕਿਹਾ, ” ਧੰਨਭਾਗ ਸਾਨੂੰ ਐਨੇ ਚੰਗੇ ਸਾਕ ਮਿਲੇ ਨੇ। ਸਾਨੂੰ ਵੀ ਦਿਲ ਦੀਆਂ ਰੀਝਾਂ ਪੂਰੀਆਂ ਕਰ ਲੈਣ ਦੋ, ਥੋੜ੍ਹਾ ਵਕਤ ਦੇ ਦੇਵੋ।”

ਖ਼ੂਬ ਹੱਸ ਖੇਡ ਰਹੇ ਨੇ ਸਾਰੇ। ਸਰਬਜੀਤ ਆਈ ਤੇ ਹਰਜੀਤ ਦਾ ਹੱਥ ਫੜਦੀ ਬੋਲੀ,” ਆ ਜਾ ਦਿਉਰਾ ਆਜਾ ਨੱਚ ਲੈ ਵਿਚੋਲਣ ਨਾਲ।” ਖਿੱਚ ਕੇ ਲੈ ਗਈ ਹਰਜੀਤ ਨੂੰ ਗਿੱਧੇ ਵਿੱਚ

ਜਸਮੀਤ, ਸਰਬਜੀਤ, ਸੁਖਮਨ ਤੇ ਸਹੇਲੀਆਂ,ਬੋਲੀਆਂ ਪਾ ਪਾ ਕੇ ਨੱਚ ਰਹੀਆਂ ਨੇ

ਆ ਵਣਜਾਰਿਆ ਬਹਿ ਵਣਜਾਰਿਆ,
ਕਿੱਥੇ ਨੇ ਤੇਰੇ ਘਰ ਵੇ,
ਭੀੜੀ ਵੰਗ ਬਚਾ ਕੇ ਚਾੜ੍ਹੀ,
ਮੈ ਜਾਉਗੀ ਮਰ ਵੇ,
ਮੇਰਾ ਉੱਡੇ ਡੋਰੀਆ ਮਹਿਲਾ ਵਾਲੇ ਘਰ ਵੇ,
ਮੇਰਾ ਉਦੇ ਡੋਰੀਆ ……

ਸੁਣ ਵੇ ਮੁੰਡਿਆਂ ਕੈਂਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ ………

ਸਹੁਰਿਆਂ ਮੇਰਿਆਂ ਅੱਡ ਕਰ ਦਿੱਤਾ,
ਦੇ ਕੇ ਛੱਪੜੀਂ ਤੇ ਘਰ ਵੇ,
ਰਾਤੀਂ ਡੱਡੂ ਬੋਲਦੇ,
ਮੈਨੂੰ ਲਗਦਾ ਡਰ ਵੇ,
ਰਾਤੀਂ ਡੱਡੂ …….

ਸਾਡੇ ਪਿੰਡ ਇੱਕ ਛੜਾ ਸੁਣੀਦਾ,
ਨਾਂ ਉਹਦਾ ਕਰਤਾਰੀ,
ਰਾਤੀ ਮੈਥੋਂ ਦਾਲ ਲੈ ਗਿਆ,
ਲੱਗੀ ਬੜੀ ਕਰਾਰੀ,
ਨੀ ਚੰਦਰੇ ਨੇ ਹੋਰ ਮੰਗ ਲੀ,
ਮੈ ਵੀ ਕੜਛੀ ਬੁੱਲ੍ਹਾਂ ਤੇ ਮਾਰੀ,
ਨੀ ਚੰਦਰੇ ……,

ਫੇਰ ਸਰਬਜੀਤ ਨੇ ਬੋਲੀਆਂ ਪਾਈਆਂ ਤਾਂ ਸਾਰੇ ਬਹੁਤ ਹੱਸੇ ਕਹਿੰਦੀ….

ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇਂ ਸੜਕ ਤੇ ਚਲਦਾ ਭਿੱਟਭੂਟਿਯਾ,
ਜਿਵੇਂ ਸੜਕ……….

ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ,
ਜੀ ਟੀ ਰੋਡ ਤੇ ਪਕੌੜੇ ਵੇਚਦਾ,
ਜੀ ਟੀ……..

ਆ ਵੇ ਦਿਉਰਾ ਬਹਿ ਵੇ ਦਿਉਰਾ,
ਘਰ ਨਾ ਬਗਾਨੇ ਜਾਈਏ,
ਜੇ ਰੱਬ ਦੇਵੇ ਤਾਂ ਘਰ ਦੇ ਲਾਲ ਖਿਡਾਈਏ
ਜੇ ਰੱਬ ਦੇਵੇ ਤਾਂ……..

ਖ਼ੂਬ ਰੌਣਕ ਮੇਲਾ ਲੱਗਿਆ….. ਸ਼ਾਮ ਦੀ ਰੋਟੀ ਤੋਂ ਬਾਅਦ ਵਾਪਸ ਆ ਗਏ ਹਰਜੀਤ ਹੋਰੀਂ।

ਜੇ ਕੱਲ੍ਹ ਜਸਮੀਤ ਦਾ ਪਿਓ ਜਸਮੀਤ ਨੂੰ ਹਰਜੀਤ ਦੇ ਨਾਲ ਚੁੰਨੀ ਚੜ੍ਹਾ ਕੇ ਤੋਰ ਦਿੰਦਾ ਤਾਂ ਸ਼ਾਇਦ ਇਹ ਕਹਾਣੀ ਇੱਥੇ ਹੀ ਖ਼ਤਮ ਹੋ ਜਾਂਦੀ। ਹਰਜੀਤ ਦੀ ਦੁਨੀਆ ਬਦਲ ਜਾਂਦੀ, ਜਸਮੀਤ ਜੋ ਆ ਜਾਂਦੀ ਘਰੇ। ਸਰਬਜੀਤ ਦੀ ਵੀ ਖ਼ਤ ਦੀ ਝਾਕ ਸਮਾਪਤ ਹੋ ਜਾਂਦੀ। ਸਭ ਆਪੋ ਆਪਣੀ ਜਗ੍ਹਾ ਆਪੋ ਆਪਣੇ ਗੁੱਡੀਆਂ ਪਟੋਲਿਆਂ ਨਾਲ ਮਸਤ ਹੋ ਜਾਂਦੇ….. ਪਰ ਅਫ਼ਸੋਸ ਇਸ ਤਰ੍ਹਾਂ ਨਹੀਂਂ ਹੋਇਆ…..ਲੇਖਾਂ ਦਾ ਲਿਖਿਆ ਕੋਣ ਮੋੜੇ। ਹਰਜੀਤ ਦਾ ਜੀਜਾ ਕੱਲ੍ਹ ਸਰਬਜੀਤ ਦੇ ਘਰੋਂ  ਆਉਣ ਲੱਗਿਆ ਬੋਲਿਆ,” ਜਸਮੀਤ ਹੁਣ ਸਾਡੀ ਅਮਾਨਤ ਹੈ ਜੀ ਤੁਹਾਡੇ ਘਰੇ। ਅਗਲੇ ਸਾਲ ਛੁੱਟੀ ਆਵਾਂਗਾ ਤਾਂ ਬੈਂਡ ਬਾਜੇ ਨਾਲ ਸਾਲਾ ਸਾਹਿਬ ਨੂੰ ਲੈ ਕੇ ਆਵਾਂਗੇ ਤੇ ਜਸਮੀਤ ਨੂੰ ਵਿਆਹ ਕੇ ਲੈ ਜਾਵਾਂਗੇ। ਚੰਗਾ ਜੀ ਤਦ ਤੱਕ ਲਈ ਇਜਾਜ਼ਤ ਦਿਓ। ਅਲਵਿਦਾ ਰੱਬ ਰਾਖਾ।

ਹਰਜੀਤ ਆਉਂਦਾ ਆਉਂਦਾ ਜਸਮੀਤ ਨੂੰ ਇੱਕ ਡੱਬੀ ਫੜਾ ਕੇ ਆਇਆ ਸੀ। ਜਸਮੀਤ ਨੇ ਰਾਤ ਨੂੰ ਸਭ ਤੋਂ ਚੋਰੀ ਚੋਰੀ ਉਹ ਡੱਬੀ ਖੋਲ੍ਹ ਕੇ ਦੇਖੀ ਤੇ ਦੇਖਣ ਸਾਰ ਬੋਲੀ,” ਹਾਏ !!! ਕਿੰਨੀਆਂ ਸੋਹਣੀਆਂ ਝਾਂਜਰਾਂ। ਚੰਗਾ ਹੁੰਦਾ ਜੇ ਹਰਜੀਤ ਨੇ ਮੇਰੇ ਪੈਰੀਂ ਆਪ ਪਾਈਆਂ ਹੁੰਦੀਆਂ।” ਝਾਂਜਰਾਂ ਨੂੰ ਚੁੰਮ ਕੇ ਸੀਨੇ ਨਾਲ ਲਾਉਂਦੀ ਬੋਲੀ,” ਜਨਾਬ ਸਵੇਰੇ ਅੱਡੀਆਂ ਕੂਚ ਕੂਚ ਕੇ ਪਾਊਂ “

ਸਰਬਜੀਤ ਤੇ ਹਰਜੀਤ ਵੀ ਵਿਆਹ ਵਿੱਚ ਇੱਕ ਦੂਜੇ ਨਾਲ ਕਾਫ਼ੀ ਖੁੱਲ ਗਏ ਨੇ, ਅਗਲੇ ਦਿਨ ਸਰਬਜੀਤ  ਹਰਜੀਤ ਕੋਲ ਆਈ ਤੇ ਬੋਲੀ,” ਆਹ ਕੀ !! ਮੂੰਹ ਕਾਹਤੋਂ ਬਣਾਈ ਬੈਠਾ ਦਿਉਰਾ। ਹੁਣ ਜੀਅ ਨਹੀਂ ਲਗਦਾ ਹੋਣਾ ਜਸਮੀਤ ਬਗੈਰ। ਦੇਖ ਤਾਂ ਕਿਵੇਂ ਰੋਣ ਹੱਕਾ ਹੋਇਆ ਪਿਆ… ਹਾ ਹਾ ਹਾ। ਜਦੋਂ ਤੇਰਾ ਜੀਜਾ ਬੋਲਿਆ ਸੀ ਜਸਮੀਤ ਨੂੰ ਨਾਲ ਹੀ ਲੈ ਜਾਂਦੇ ਹਾਂ, ਤਾਂ ਤੂੰ ਕੁੱਝ ਬੋਲਿਆ ਕਿਉਂ ਨਹੀਂ ਝੁੱਡੂ ਜਿਹਾ ਬਣ ਕੇ ਕਿਉਂ ਬੈਠਾ ਰਿਹਾ …. ਜੇ ਤੂੰ ਵੀ ਕੁੱਝ ਬੋਲਦਾ ਤਾਂ ਹੋ ਸਕਦਾ  ਕੁੜੀ ਤੇਰੇ ਨਾਲ ਹੀ ਤੋਰ ਦਿੰਦੇ। ਅੱਜ ਚੂੜੇ ਵਾਲੀ ਬਾਂਹ ਦਾ ਸਰਾਹਨਾ ਬਣਾ ਕੇ ਸੌਂਦਾ। ਮਾੜੀ ਹੋਈ ਤੇਰੇ ਨਾਲ ਤਾਂ…… ਹੱਥ ਆਈ ਬੇਗੀ ਹੱਥੋਂ ਤਿਲਕ ਗਈ। ਚੱਲ ਤੂੰ ਉਦਾਸ ਨਾ ਹੋ ਤੈਨੂੰ ਮੈਂ ਖ਼ੁਸ਼ ਕਰ ਦਿੰਦੀ ਹਾਂ ….।”

” ਉਹ ਕਿਵੇਂ ” ਹਰਜੀਤ ਨੇ ਪੁੱਛਿਆ

” ਆਹ ਲੈ ਚੱਕ ਤੇਰੀ ਜਾਨ ਦਾ ਨੰਬਰ, ਜਦੋਂ ਚਿੱਤ ਕਰੇ ਗੱਲ ਕਰ ਲਿਆ ਕਰ। ਖ਼ੁਸ਼ ਹੈਂ ਰਾਂਝਿਆ, ਭਾਬੀ ਨੂੰ ਤਾਂ ਕਦੇ ਮਿਸ ਕਾਲ ਨਹੀਂ ਮਾਰੀ, ਇੱਕੋ ਚਿੱਠੀ ਲਿਖੀ, ਦੂਜੀ ਲਿਖੀ ਲਿਖ ਕੇ ਕੋਲ ਹੀ ਰੱਖ ਲਈ। ਸਾਡੇ ਨਾਲ ਵੀ ਗੱਲ ਕਰ ਲਿਆ ਕਰੀਂ ਦਿਉਰਾ। ਨਵੇਂ ਪੀਂਘ ਤੇ ਬੈਠ ਕੇ ਪੁਰਾਣੀ ਦੇ ਹੁਲਾਰੇ ਨਹੀਂ ਭੁੱਲ ਜਾਈਦੇ।” ਸਰਬਜੀਤ ਹਰਜੀਤ ਨੂੰ ਪਰਚੀ ਤੇ ਲਿਖਿਆ ਨੰਬਰ ਫੜਾਉਂਦੀ ਬੋਲੀ

” ਤੁਹਾਨੂੰ ਕਿਵੇਂ ਪਤਾ ਲੱਗਿਆ ਦੂਜੇ ਖ਼ਤ ਦਾ।” ਹਰਜੀਤ ਨੇ ਹੈਰਾਨ ਹੋ ਕੇ ਪੁੱਛਿਆ

” ਲੈ ਤਾਂ !!! ਪੁੱਛਦਾ ਕਿਵੇਂ ਪਤਾ ਲੱਗਿਆ। ਸਭ ਜਾਣਦੀ ਭਾਬੀ ਤੇਰੇ ਦਿਲ ਦੀਆਂ ਰਮਜ਼ਾਂ  ….. ਮੀਸਣਾ ਜਿਹਾ ਨਾ ਹੋਵੇ ਤਾਂ।” ਸਰਬਜੀਤ ਮਸ਼ਕਰੀ ਕਰਦੀ ਬੋਲੀ

” ਕਿੰਨੀ ਵਾਰ ਪੁੱਛ ਚੁੱਕੀ ਹੈ ਜਸਮੀਤ ਸਵੇਰ ਦੀ ਭੈਣ ਨੰਬਰ ਦੇ ਦਿੱਤਾ ਹਰਜੀਤ ਨੂੰ …..ਜਾ ਜਾ ਕੇ ਪਹਿਲਾਂ ਆਪਣੀ ਬਿੱਲੋ ਨੂੰ ਫ਼ੋਨ ਕਰ ਲੈ , ਉਹ ਵੀ ਉਡੀਕਦੀ ਆ।” ਸਰਬਜੀਤ ਮੁੜ ਗਈ ਹੈ ਨੰਬਰ ਦੇ ਕੇ

ਹਰਜੀਤ ਨੇ ਜਿਵੇਂ ਹੀ ਨੰਬਰ ਮਿਲਾਇਆ ਪਹਿਲੀ ਘੰਟੀ ਤੇ ਹੀ ਫ਼ੋਨ ਚੁੱਕ ਲਿਆ ਜਸਮੀਤ ਨੇ,” ਕਿੰਨੀ ਦੇਰ ਲਾ ਦਿੱਤੀ ਤੁਸੀਂ ਫ਼ੋਨ ਕਰਨ ਨੂੰ, ਪਤਾ ਮੈਂ ਕਦੋਂ ਦੀ ਇੰਤਜ਼ਾਰ ਕਰ ਰਹੀ ਸੀ। ਤੁਸੀਂ ਨਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਮੈਨੂੰ ਫ਼ੋਨ ਕਰਿਆ ਕਰਨਾ….ਠੀਕ ਹੈ।
ਜਿਹੜੀਆਂ ਤੁਸੀਂ ਝਾਂਜਰਾਂ ਦੇ ਗਏ ਸੀ ਮੈਨੂੰ ਬਹੁਤ ਸੋਹਣੀਆਂ ਲੱਗੀਆਂ। ਮੈਂ ਪਾ ਵੀ ਲਈਆਂ। Thankyou….. love you.

ਇੱਕ ਗੱਲ ਹੋਰ, ਤੁਸੀਂ ਨੱਚਦੇ ਬਹੁਤ ਸੋਹਣਾ ਹੋ। ਤੁਸੀਂ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਏ, ਮੇਰਾ ਬਹੁਤ ਜੀਅ ਕਰਦਾ ਸੀ ਤੁਹਾਡੇ ਨਾਲ, ਤੁਹਾਡਾ ਹੱਥ ਫੜ ਕੇ ਨੱਚਣ ਨੂੰ। ਤੁਸੀਂ ਤਾਂ ਮੇਰੇ ਵੱਲ ਦੇਖਿਆ ਵੀ ਨਹੀਂ। ਤੁਸੀਂ ਤਾਂ ਭੈਣ ਸਰਬਜੀਤ ਨਾਲ ਹੀ ਨੱਚੀ ਗਏ। ਮੈਨੂੰ ਬਹੁਤ ਗ਼ੁੱਸਾ ਆ ਰਿਹਾ ਸੀ ਦੇਖ ਦੇਖ ਕੇ।

Sorry sorry , ਮੈਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਹੀ ਭੁੱਲ ਗਈ। ਮੈਂ ਤਾਂ ਆਪਣੀਆਂ ਹੀ ਸੁਣਾਉਣ ਲੱਗ ਪਈ…. ਤੁਹਾਡਾ ਹਾਲ ਵੀ ਨਹੀਂ ਪੁੱਛਿਆ। ਤੁਹਾਡਾ ਮੇਰੇ ਬਗੈਰ ਘਰ ਆ ਕੇ ਦਿਲ ਲੱਗ ਗਿਆ ਸੀ। ਮੇਰੀ ਯਾਦ ਨਹੀਂ ਆਈ ਤੁਹਾਨੂੰ। ਮੈਂ ਤਾਂ ਸਾਰੀ ਰਾਤ ਨਹੀ ਸੁੱਤੀ , ਪੂਰੀ ਰਾਤ ਝਾਂਜਰਾਂ ਨਾਲ ਗੱਲਾਂ ਕਰਦੀ ਰਹੀ। ਤੁਸੀਂ ਮੈਨੂੰ ਨਹੀਂ ਪੁੱਛਿਆ ਬਈ ਜਸਮੀਤ ਤੇਰਾ ਦਿਲ ਲੱਗ ਗਿਆ , ਤੂੰ ਉਦਾਸ ਤਾਂ ਨਹੀਂ ….. ।”

” ਜਸਮੀਤ ਤੁਸੀਂ ਮੈਨੂੰ ਬੋਲਣ ਦਾ ਮੌਕਾ ਦੇਵੋਂਗੇ ਤਾਂ ਹੀ ਤਾਂ ਪੁੱਛਾਂਗਾ।” ਹਰਜੀਤ ਹੱਸਦਾ ਹੋਇਆ ਬੋਲਿਆ

” ਹਾਏ ਕਿੰਨਾ ਸੋਹਣਾ ਲੱਗਦਾ ਤੁਹਾਡੇ ਮੂੰਹ ਤੇ ਮੇਰਾ ਨਾਮ ….. ਤੁਹਾਡੀ ਅਵਾਜ਼ ਵੀ ਕਿੰਨੀ ਸੋਹਣੀ ਆ।” ਬਹੁਤ ਖ਼ੁਸ਼ ਹੈ ਜਸਮੀਤ

” ਤੁਹਾਡੇ ਜੀਜਾ ਜੀ ਨੂੰ ਪਹਿਲਾਂ ਛੁੱਟੀ ਨਹੀਂ ਮਿਲ ਸਕਦੀ।” ਜਸਮੀਤ ਨੇ ਸੰਗਦੀ ਨੇ ਪੁੱਛਿਆ

” ਕਿਉਂ ਕੀ ਹੋਇਆ।” ਹਰਜੀਤ ਨੇ ਹੱਸਦੇ ਨੇ ਜਵਾਬ ਦਿੱਤਾ

” ਜਾਓ ਮੈਂ ਨਹੀਂ ਬੋਲਦੀ, ਤੁਹਾਨੂੰ ਨਹੀਂ ਪਤਾ ਮੈਂ ਕਿਉਂ ਪੁੱਛ ਰਹੀ ਹਾਂ….” ਜਸਮੀਤ ਤੇ ਹਰਜੀਤ ਬਹੁਤ ਦੇਰ ਤੋਂ ਗੱਲਾਂ ਕਰ ਰਹੇ ਨੇ ਹਰਜੀਤ ਵੀ ਜਸਮੀਤ ਦੀ ਜਿੰਦਾ ਦਿਲੀ ਨਾਲ ਬਹੁਤ ਖ਼ੁਸ਼ ਹੈ,

” ਚੰਗਾ ਜਸਮੀਤ ਹੁਣ ਮੈਂ ਕੰਮ ਤੇ ਜਾਣਾ ਤੂੰ ਫ਼ੋਨ ਕੱਟ ਦੇ।” ਹਰਜੀਤ ਬੋਲਿਆ

” ਪਹਿਲਾਂ Promise ਕਰੋ ਸ਼ਾਮ ਨੂੰ ਫ਼ੋਨ ਕਰੋਂਗੇ ,ਮੈਂ ਇੰਤਜ਼ਾਰ ਕਰਾਂਗੀ।” ਜਸਮੀਤ ਦਾ ਅਜੇ ਵੀ ਦਿਲ ਨਹੀਂ ਸੀ ਭਰਿਆ ਗੱਲਾਂ ਕਰ ਕਰ ਕੇ

ਸ਼ਾਮ ਹੋਈ ਤਾਂ ਜਦੋਂ ਤਰਸੇਮ ਘਰ ਆਇਆ ਸਰਬਜੀਤ ਨੂੰ ਲੱਗਿਆ ਜਿਵੇਂ ਉਹ ਲੜਖੜਾ ਰਿਹਾ ਹੋਵੇ। ਸਰਬਜੀਤ ਨੇ ਤਰਸੇਮ ਦੇ ਕੋਲ ਨੂੰ ਹੋ ਕੇ ਵਾਸ਼ਨਾ ਲਿੱਤੀ ਤੇ ਹੈਰਾਨ ਹੁੰਦੀ ਨੇ ਪੁੱਛਿਆ,” ਆਹ ਕੀ, ਅੱਜ ਤੁਸੀਂ ਸ਼ਰਾਬ ਪੀਤੀ ਹੈ। ਕਦੇ ਅੱਗੇ ਨਾ ਪਿੱਛੇ ਆ ਕੀ ਨਵਾਂ ਝੱਲ ਖਿਲਾਰ ਦਿੱਤਾ।”

ਤਰਸੇਮ ਬੋਲਿਆ,” ਪਹਿਲਾਂ ਘਰੇ ਆਏ ਨੂੰ ਪਾਣੀ ਪੁੱਛੀਦਾ, ਘਰੇ ਆਉਂਦੇ ਨਾਲ ਥੋੜ੍ਹੀ ਨਾ ਬਹਿਸਣ ਲੱਗ ਜਾਈਦਾ।”

ਸਰਬਜੀਤ ਪਾਣੀ ਦਾ ਗਿਲਾਸ ਫੜਾਉਂਦੀ ਬੋਲੀ,” ਆ ਲੋ ਪਾਣੀ, ਪਰ ਇਹ ਚੰਦ ਕਿਵੇਂ ਚੜ੍ਹਾ ਦਿੱਤਾ।”

” ਮੇਰੇ ਨਾ ਬਚਪਨ ਦਾ ਦੋਸਤ ਗੁਰਜੰਟ ਆਇਆ ਸੀ ਦੋਸਤਾਂ ਨਾਲ । ਪ੍ਰਾਪਰਟੀ ਦਾ ਕੰਮ ਕਰਦਾ ਹੈ। ਬਹੁਤ ਅਮੀਰ ਹੋ ਗਿਆ ਹੈ। ਮੈਨੂੰ ਕਹਿਣ ਲੱਗਿਆ ਆਹ ਕੀ ਪੁਰਾਣੇ ਸਕੂਟਰਾਂ ਨੂੰ ਕਿੱਕਾਂ ਮਾਰ ਮਾਰ ਕੇ ਜੂਨ ਬਰਾਨ ਕਰੀ ਹੈ। ਜੇ ਪੈਸੇ ਕਮਾਉਣੇ ਨੇ ਤਾਂ ਕੋਈ ਚੰਗਾ ਕੰਮ ਕਰ। ਫੇਰ ਉਹ ਮੈਨੂੰ ਹੋਟਲ ਵਿੱਚ ਨਾਲ ਲੈ ਗਏ। ਮੈਂ ਤਾਂ ਬਹੁਤ ਕਿਹਾ ਮੈਂ ਸ਼ਰਾਬ ਨਹੀਂ ਪੀਂਦਾ। ਪਰ ਉਹ ਪਤੰਦਰ ਨਹੀਂ ਮੰਨਿਆ। ਕਹਿੰਦਾ ਵੱਡੇ ਕੰਮ ਦੀ ਸ਼ੁਰੂਆਤ ਵੀ ਵੱਡੀ ਹੋਣੀ ਚਾਹੀਦੀ ਹੈ…ਬਦੋਬਦੀ ਦੋ ਹਾੜੇ ਲਗਵਾ ਦਿੱਤੇ।” ਜੀਭ ਲੜਖੜਾ ਰਹੀ ਹੈ ਤਰਸੇਮ ਦੀ ਗੱਲਾਂ ਕਰਦੇ ਦੀ

” ਪਹਿਲਾਂ ਤਾਂ ਕਦੇ ਜ਼ਿਕਰ ਨਹੀਂ ਕਰਿਆ ਤੁਸੀਂ ਇਸ ਦੋਸਤ ਦਾ। ਸਾਨੂੰ ਨਹੀਂ ਲੋੜ ਬਹੁਤੇ ਪੈਸਿਆਂ ਦੀ। ਤੁਸੀਂ ਦਾਰੂ ਨਹੀਂ ਪੀਣੀ ਬੱਸ ਇਹੋ ਜਿਹੇ ਬੰਦਿਆਂ ਤੋਂ ਆਪਾਂ ਦੂਰ ਹੀ ਚੰਗੇ।” ਸਰਬਜੀਤ ਤਰਸੇਮ ਨੂੰ ਫੜ ਕੇ ਮੰਜੇ ਤੇ ਪਾਉਂਦੀ ਬੋਲੀ

ਜਿਵੇਂ ਹੀ ਤਰਸੇਮ ਨੂੰ ਮੰਜੇ ਤੇ ਪਾ ਕੇ ਸਰਬਜੀਤ ਮੁੜੀ ਤਰਸੇਮ ਨੇ ਉਸ ਨੂੰ ਬਾਂਹ ਤੋਂ ਫੜ ਕੇ ਨਾਲ ਪਾ ਲਿਆ,” ਤੂੰ ਤਾਂ ….ਤੂੰ ਤਾਂ…ਐਵੇਂ ਹੀ ਗ਼ੁੱਸਾ ਕਰ ਗਈ ….ਮੈਂ ਕਿਹੜਾ ਆਪਣੇ ਇਕੱਲੇ ਲਈ ਕਮਾਉਣੇ ਨੇ ਪੈਸੇ…. ਮੈਂ ਜੋ ਵੀ ਕਰਦਾਂ ਤੇਰੇ ਲਈ ਕਰਦਾਂ ….ਚੱਲ ਹੁਣ ਗ਼ੁੱਸਾ ਥੁੱਕ ਦੇ…..ਆਜਾ ਮੇਰੇ ਕੋਲ ਨੂੰ ਆਜਾ ….. ਚੱਲ ਖ਼ੁਸ਼ ਹੋ ਕੇ ਦਿਖਾ…. ਕੇਰਾਂ ਹੱਸ ਕੇ ਦਿਖਾ…… ਆ ਕੀ ਅੱਜ ਹੱਸ ਕੇ ਜੱਫੀ ਨਹੀਂ ਪਾਈ। ਚੱਲ ਮਾਫ਼…..” ਗੱਲਾਂ ਕਰਦਾ ਕਰਦਾ ਬੇਹੋਸ਼ ਹੋ ਗਿਆ ਹੈ ਤਰਸੇਮ।

ਤੜਫ਼ ਉੱਠੀ ਹੈ ਸਰਬਜੀਤ, ਸਾਰੀ ਰਾਤ ਨਹੀਂ ਸੁੱਤੀ, ” ਪਤਾ ਨਹੀਂ ਰੋਟੀ ਖਾਧੀ ਹੋਈ ਹੈ ਕੇ ਭੁੱਖੇ ਹੀ ਸੁੱਤੇ ਪਏ ਨੇ।” ਇਹ ਸੋਚ ਕੇ ਸਰਬਜੀਤ ਨੇ ਵੀ ਰੋਟੀ ਨਹੀਂ ਸੀ ਖਾਧੀ

ਅਗਲੀ ਸਵੇਰੇ ਜਿਵੇਂ ਹੀ ਤਰਸੇਮ ਨੂੰ ਹੋਸ਼ ਆਈ ਸਰਬਜੀਤ ਬੋਲੀ ,” ਦੇਖੋ ਜੀ ਮੈਂ ਤੁਹਾਡੇ ਨਾਲ ਜਿਸ ਹਾਲਤ ਵਿੱਚ ਹਾਂ ਬਹੁਤ ਖ਼ੁਸ਼ ਹਾਂ। ਮੈਨੂੰ ਕੁੱਝ ਨਹੀਂ ਚਾਹੀਦਾ। ਤੁਹਾਨੂੰ ਪਤਾ, ਜਿੱਦਣ ਦੀ ਮੈਂ ਵਿਆਹ ਕੇ ਆਈ ਹਾਂ ਕੱਲ੍ਹ ਰਾਤ ਪਹਿਲੀ ਵਾਰ ਤੁਸੀਂ ਸੁੱਤੇ ਰਹੇ ਤੇ ਮੈਂ ਤੁਹਾਡੇ ਕੋਲ ਬੈਠ ਕੇ ਰੋਂਦੀ ਰਹੀ। ਇਹ ਜਿਹੜਾ ਲਾਲਚ ਹੁੰਦਾ ਨਾ ਇਹੋ ਸਾਰੇ ਪੁਆੜੇ ਦੀ ਜੜ੍ਹ ਹੁੰਦਾ। ਉਹ ਕਹਿੰਦੇ ਹੁੰਦੇ ਨਾ ,” ਜੇ ਠੱਗ ਮਾਰਨਾ ਤਾਂ ਆਪਣੇ ਅੰਦਰ ਦਾ ਲਾਲਚ ਮਾਰ ਦੇਵੋ, ਠੱਗ ਆਪੇ ਮਰ ਜਾਊ। ਇਹ ਜਿਹੜਾ ਬੰਦਾ ਤੁਹਾਨੂੰ ਲਾਲਚ ਵਿੱਚ ਫਸਾ ਰਿਹਾ ਮੈਨੂੰ ਇਹ ਕੁੱਝ ਠੀਕ ਜਿਹਾ ਨਹੀਂ ਲੱਗ ਰਿਹਾ ਕੋਈ ਠੱਗ ਚੋਰ ਲੱਗ ਰਿਹਾ  ।”

” ਤੂੰ ਤਾਂ ਘਰੇ ਬੈਠੀ ਡਰੀ ਜਾਂਦੀ ਹੈ। ਉਹ ਮੇਰਾ ਦੋਸਤ ਹੈ ਕੋਈ ਦੁਸ਼ਮਣ ਥੋੜ੍ਹੀ ਨਾ।” ਤਰਸੇਮ ਸਿਰ ਫੜਦਾ ਬੋਲਿਆ

” ਠੀਕ ਆ, ਜੋ ਜੀਅ ਆਵੇ ਸੋ ਕਰੋ। ਬੱਸ ਸ਼ਰਾਬ ਨਹੀਂ ਪੀਣੀ।” ਸਰਬਜੀਤ ਗ਼ੁੱਸਾ ਕਰਦੀ ਬੋਲੀ

” ਚੰਗਾ ਚੰਗਾ …. ਲਿਆ ਚਾਹ ਲਿਆ ਸਿਰ ਦੁਖਦਾ।” ਤਰਸੇਮ ਸਿਰ ਤੇ ਪਰਨਾ ਬੰਨ੍ਹਦਾ ਬੋਲਿਆ

ਸੂਰਜ ਚੜ੍ਹ ਗਿਆ ਹੈ ਹਰਜੀਤ ਅਜੇ ਵੀ ਸੁੱਤਾ ਪਿਆ ਹੈ, ਸਾਰੀ ਰਾਤ ਗੱਲਾਂ ਕਰੀਆਂ ਨੇ ਜਸਮੀਤ ਨੇ, ਨਾ ਆਪ ਸੁੱਤੀ ਨਾ ਹਰਜੀਤ ਨੂੰ ਸੌਣ ਦਿੱਤਾ।

ਕੋਈ ਵੀ ਨਸ਼ਾ ਹੋਵੇ ਮੱਤ ਹੀ ਮਾਰਦਾ ਹੈ। ਇਸੇ ਕਰਕੇ ਤਰਸੇਮ ਦਾ ਸਰਬਜੀਤ ਨਾਲ ਵਿਵਹਾਰ ਦਿਨ ਪ੍ਰਤੀ ਦਿਨ ਬਦਲਦਾ ਜਾ ਰਿਹਾ ਸੀ। ਤਰਸੇਮ ਝੇਪ ਮੰਨਦਾ ਸੀ ਗੁਰਜੰਟ ਤੋਂ, ਤਰਸੇਮ ਗੁਰਜੰਟ ਨੂੰ ਨਾਂਹ ਨਹੀਂ ਸੀ ਕਰ ਪਾਉਂਦਾ, ਗੁਰਜੰਟ ਵੀ ਦੁਪਹਿਰੇ ਜਿਹੇ ਆ ਕੇ ਤਰਸੇਮ ਨੂੰ ਨਾਲ ਲੈ ਜਾਂਦਾ ਸੀ, ਨਾਂਹ ਨਾਂਹ ਕਰਦੇ ਤਰਸੇਮ ਦੇ ਸਿਰ ਵਿੱਚ ਪਾ ਦਿੰਦਾ ਸੀ ਸ਼ਰਾਬ। ਰੋਜ਼ ਦਾ ਹੀ ਕੰਮ ਹੋ ਗਿਆ ਸੀ ਗੁਰਜੰਟ ਦਾ। ਜਦੋਂ ਤਰਸੇਮ ਪੀ ਕੇ ਘਰ ਆਉਂਦਾ ਸੀ ਤਾਂ ਆਏ ਨਾਲ ਸਰਬਜੀਤ ਕਲੇਸ਼ ਕਰਦੀ ਸੀ। ਕਰੇ ਵੀ ਕਿਉਂ ਨਾ ਉਹ ਵੀ ਸੱਚੀ ਹੈ। ਚੰਗੀ ਭਲੀ ਜ਼ਿੰਦਗੀ ਚੱਲ ਰਹੀ ਸੀ,  ਹੁਣ ਤਾਂ ਦੁਕਾਨ ਤੇ ਨਾ ਬੈਠਣ ਕਾਰਨ ਦੁਕਾਨਦਾਰੀ ਵੀ ਖ਼ਤਮ ਹੋ ਚੱਲੀ ਸੀ। ਘਰ ਵਿੱਚ ਹਰ ਕਾਸੇ ਦੀ ਤੰਗੀ ਹੋ ਚੱਲੀ ਸੀ, ਖ਼ੁਸ਼ੀ, ਪੈਸਾ,  ਹਾਸੇ ਖੇਡੇ, ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਸਨ।

ਦਰਅਸਲ ਗੁਰਜੰਟ ਪ੍ਰਾਪਰਟੀ ਦਾ ਕੰਮ ਕਰਦਾ ਹੈ। ਉਸ ਦੀ ਅੱਖ ਤਰਸੇਮ ਹੁਣਾਂ ਦੀ ਦੁਕਾਨਾਂ ਵਾਲੀ ਜਗ੍ਹਾ ਤੇ ਹੈ। ਗੁਰਜੰਟ ਨੂੰ ਪਤਾ ਹੈ ਸਕੂਟਰ ਮਾਰਕਿਟ ਵਿੱਚ ਤਰਸੇਮ ਦੀ ਕੋਈ ਗੱਲ ਨਹੀਂ ਮੋੜਦਾ। ਇਸ ਕਰਕੇ ਉਹ ਤਰਸੇਮ ਨੂੰ ਪੱਟਣ ਲੱਗਿਆ ਹੋਇਆ ਹੈ।

ਦੁਪਹਿਰ ਦਾ ਸਮਾਂ ਹੈ। ਸਭ ਦੁਕਾਨਾਂ ਵਾਲੇ ਕੰਮ ਲੱਗੇ ਹੋਏ ਹਨ ਤਰਸੇਮ ਵਿਹਲਾ ਬੈਠਾ ਹੈ, ਗੁਰਜੰਟ ਆਇਆ ਨਾਲ ਗੱਡੀ ਵਿੱਚ ਰੋਜ਼ ਵਾਲੀ ਜੁੰਡਲੀ ਹੈ। ਦੁਕਾਨ ਦੇ ਬਾਹਰ ਆ ਕੇ ਉਸ ਨੇ ਹਾਰਨ ਮਾਰਿਆ,” ਤਰਸੇਮ ਆ ਚੱਲੀਏ।” ਅਵਾਜ਼ ਮਾਰੀ ਹੈ ਗੁਰਜੰਟ ਨੇ,  ਤਰਸੇਮ ਵੀ ਝਟਪਟ ਉੱਠ ਕੇ ਗੱਡੀ ਵਿੱਚ ਬਹਿ ਗਿਆ,” ਚਲੋ ਬਾਈ ਕਿੱਥੇ ਜਾਣਾ।”

” ਓਏ ਜੱਟਾਂ ਦੇ ਦੋ ਹੀ ਟਿਕਾਣੇ ਜਾਂ ਠੇਕੇ ਜਾਂ ਠਾਣੇ।” ਗੁਰਜੰਟ ਗੱਡੀ ਦਾ ਗਿਅਰ ਪਾਉਂਦਾ ਬੋਲਿਆ। ” ਪਹਿਲਾਂ ਭੋਰਾ ਭੋਰਾ ਲਾ ਲਈਏ ਫੇਰ ਦਫ਼ਤਰ ਚੱਲਦੇ ਹਾਂ।” ਅਹਾਤੇ ਕੋਲ ਗੱਡੀ ਖੜ੍ਹੀ ਕਰਦਾ ਗੁਰਜੰਟ ਬੋਲਿਆ

ਤਰਸੇਮ ਨੇ ਜਦੋਂ ਦਾਰੂ ਪੀਣ ਤੋਂ ਨਾਂਹ ਨੁੱਕਰ ਕੀਤੀ ਤਾਂ ਗੁਰਜੰਟ ਹੱਸ ਕੇ ਬੋਲਿਆ,” ਓਏ ਤੈਨੂੰ ਐਵੇਂ ਮਿਸਤਰੀਆਂ ਘਰੇ ਸੁੱਟ ਦਿੱਤਾ ਰੱਬ ਨੇ, ਤੈਨੂੰ ਤਾਂ ਜੱਟਾਂ ਘਰੇ ਜੰਮਣਾ ਚਾਹੀਦਾ ਸੀ….. ਵਾਹਵਾ ਪੀ ਜਾਂਦਾ ਤੂੰ ਤਾਂ ਕੋਈ ਕਹਿ ਨਹੀਂ ਸਕਦਾ ਤੇਰੀ ਪੀਤੀ ਹੋਈ ਹੈ। ਚੱਕ ਚੱਕ ….. ਇਹ ਤੇਰ੍ਹਵਾਂ ਰਤਨ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦਾ। ਰੱਬ ਜੀਹਦੇ ਤੇ ਖ਼ਾਸ ਮਿਹਰਬਾਨ ਹੁੰਦਾ ਉਨ੍ਹਾਂ ਨੂੰ ਨਸੀਬ ਹੁੰਦਾ, ਚੱਕ ਦੇ ਸ਼ੇਰ ਬਣੀਦਾ।”

ਨਾਂਹ ਨਾਂਹ ਕਰਦੇ ਤਰਸੇਮ ਨੂੰ ਪਿਲਾ ਹੀ ਦਿੱਤੀ ਗੁਰਜੰਟ ਨੇ। ਦਫ਼ਤਰ ਪਹੁੰਚ ਗਏ ਹਨ। ਬੜੇ ਢੰਗ ਨਾਲ ਗੱਲ ਸ਼ੁਰੂ ਕੀਤੀ ਗੁਰਜੰਟ ਨੇ,” ਤਰਸੇਮ ਮੇਰੇ ਵੀਰ, ਮੈਂ ਚਾਹੁੰਦਾ ਤੇਰਾ ਵੀ ਮੇਰੇ ਵਾਂਗੂੰ ਚੰਗਾ ਜਿਹਾ ਦਫ਼ਤਰ ਹੋਵੇ, ਬਾਹਰ ਵੱਡੀ ਸਾਰੀ ਗੱਡੀ ਖੜ੍ਹੀ ਹੋਵੇ। ਤੂੰ ਵੀ ਟੋਅਰ ਕੱਢ ਕੇ ਆਵੇ ਤੇ ਵੱਡੇ ਵੱਡੇ ਸੌਦੇ ਕਰੇਂ।”

” ਲੈ ਵੀਰ ਦਿਨੇ ਤਾਰੇ ਨਾ ਦਿਖਾਇਆ ਕਰ, ਸਾਲਾ ਜੀਅ ਕਾਹਲਾ ਜਿਹਾ ਪੈਣ ਲੱਗ ਜਾਂਦਾ। ਐਵੇਂ ਝਾੜ ਤੇ ਨਾ ਚੜ੍ਹਾਇਆ ਕਰ ਸਾਡੇ ਨਸੀਬ ਵਿੱਚ ਇਹੋ ਜਿਹੇ ਦਿਨ ਕਿੱਥੇ।” ਤਰਸੇਮ ਆਪਣੇ ਹਾਲਤਾਂ ਦੀ ਗੱਲ ਕਰਦਾ ਬੋਲਿਆ

” ਹਾਰੇ ਹੋਏ ਦਿਲ ਨਾਲ ਦੁਨੀਆ ਵਿੱਚ ਕੋਈ ਜੰਗ ਨਹੀਂ ਜਿੱਤੀ ਜਾਂਦੀ। ਮੇਰੇ ਹੁੰਦੇ ਕਾਹਦਾ ਤੋੜਾ ਤੈਨੂੰ, ਬੋਲ ਕੀ ਚਾਹੀਦਾ, ਜੋ ਕਹੇਂਗਾ ਹੁਣੇ ਹਾਜ਼ਰ ਹੋ ਜਾਊ। ਜੱਟ ਦੀ ਯਾਰੀ ਆ ਕੋਈ ਛੋਲਿਆਂ ਦਾ ਵੱਢ ਥੋੜ੍ਹੀ ਨਾ।” ਗੁਰਜੰਟ ਜੇਬ ਵਿੱਚੋਂ ਪੈਸੇ ਕੱਢਦਾ ਬੋਲਿਆ,” ਓਏ ਜਾ ਜਾ ਕੇ ਬੋਤਲ ਲੈ ਕੇ ਆ, ਬਾਈ ਤਾਂ ਦਿਲ ਛੱਡੀ ਬੈਠਾ।”

” ਤਰਸੇਮ ਵੀਰ ਸਕੀਮ ਲਾਉਣੀ ਪੈਂਦੀ, ਰਾਤੋ ਰਾਤ ਤਕਦੀਰ ਬਦਲ ਜਾਂਦੀ ਆ।” ਗੁਰਜੰਟ ਵਗਲੀ ਜਾਂਦਾ ਗੱਲ

ਤਰਸੇਮ ਹੱਸ ਕੇ ਬੋਲਿਆ,” ਬਾਈ ਸਕੂਟਰ ਮੋਟਰਸਾਈਕਲ ਦਾ ਕੋਈ ਨੁਕਸ ਹੋਵੇ ਮੈਨੂੰ ਝੱਟ ਸਮਝ ਆ ਜਾਂਦਾ, ਪਰ ਆ ਤਕਦੀਰ ਕਿਵੇਂ ਬਦਲੀਦੀ ਇਹ ਤਾਂ ਤੂੰ ਹੀ ਦੱਸ ਸਕਦਾ।”

ਗੁਰਜੰਟ ਅੱਗੇ ਹੋ ਕੇ ਤਰਸੇਮ ਦੇ ਮੋਢੇ ਤੇ ਹੱਥ ਰੱਖਦਾ ਬੋਲਿਆ,” ਜੇ ਇੱਕ ਗੱਲ ਕਹਾਂ ਗ਼ੁੱਸਾ ਤਾਂ ਨਹੀਂ ਕਰੇਂਗਾ।”

” ਕਹਿ ਵੀਰੇ, ਤੇਰੇ ਨਾਲ ਕਾਹਦਾ ਗ਼ੁੱਸਾ।” ਤਰਸੇਮ ਸਮਰਪਿਤ ਹੁੰਦਾ ਬੋਲਿਆ

” ਜਿੱਥੇ ਤੂੰ ਦੁਕਾਨ ਕਰਦਾਂ, ਉਹ ਸਾਰੀ ਜਗ੍ਹਾ ਵਿਕ ਸਕਦੀ ਹੈ, ਤੈਨੂੰ ਮੈਂ ਤੇਰੀ ਦੁਕਾਨ ਦੇ ਸਭ ਨਾਲੋਂ ਵੱਧ ਪੈਸੇ ਦਵਾ ਦੇਊਂ। ਜੇ ਤੂੰ ਬਾਕੀ ਦੁਕਾਨਦਾਰਾਂ ਨੂੰ ਵੀ ਮਨਾ ਲਵੇ ਤਾਂ ਪੰਜ ਲੱਖ ਪ੍ਰਤੀ ਦੁਕਾਨ ਤੈਨੂੰ ਕਮਿਸ਼ਨ ਲੈ ਦਵੂੰ। ਤੀਹ ਦੁਕਾਨਾਂ ਨੇ, ਭੈਣ ਦੇ ਯਾਰ ਦਾ ਡੇਢ ਕਰੋੜ ਤਾਂ ਕਮਿਸ਼ਨ ਦੇ ਹੀ ਬਣ ਜਾਣੇ। ਹੱਸ ਕੇ ਕਰੋੜ ਰੁਪਏ ਤੇਰੀ ਦੁਕਾਨ ਦੇ ਮਿਲ ਜਾਣਗੇ। ਜੋ ਜੀਅ ਆਵੇ ਕਰਦਾ ਫਿਰੀ, ਕਾਟੋ ਫੁੱਲਾਂ ਤੇ ਹੀ ਰਹੂ।” ਗੁਰਜੰਟ ਇੱਕੋ ਸਾਹ ਵਿੱਚ ਗੱਲ ਪੂਰੀ ਕਰਦਾ ਬੋਲਿਆ

ਥੋੜ੍ਹੀ ਦੇਰ ਸੋਚ ਕੇ ਤਰਸੇਮ ਬੋਲਿਆ,” ਸੱਚੀਂ ਬਾਈ ਏਦਾਂ ਹੋ ਸਕਦਾ।”

” ਓਏ ਤੂੰ ਹਾਂ ਤਾਂ ਕਰ ਸਾਲੀ ਅਸਮਾਨ ਨੂੰ ਟਾਕੀ ਲਾ ਦੇਈਏ। ਤੇਰੇ ਲਈ ਤਾਂ ਬੰਦਾ ਵੱਢ ਦੇਈਏ।”
ਪਾ ਓਏ ਪੈੱਗ ਪਾ ਤਰਸੇਮ ਵੀਰ ਨੂੰ, ਵੱਡੇ ਫ਼ੈਸਲੇ ਲੈਣ ਲੱਗਿਆਂ ਹੌਸਲੇ ਦੀ ਲੋੜ ਹੁੰਦੀ ਆ।” ਗੁਰਜੰਟ ਨਾਲ ਦੇ ਸਾਥੀ ਨੂੰ ਅੱਖ ਮਾਰ ਕੇ ਬੋਲਿਆ

ਸ਼ਾਮ ਤੱਕ ਪੀਂਦੇ ਰਹੇ ਗੁਰਜੰਟ, ਤਰਸੇਮ ਅਤੇ ਗੁਰਜੰਟ ਦੇ ਸਾਥੀ। ਓਧਰ ਘਰੇ ਸਰਬਜੀਤ ਚੰਗੇ ਦਿਨਾਂ ਨੂੰ ਯਾਦ ਕਰਦੀ ਆਪਣੇ ਵਿਆਹ ਦੀ ਐਲਬਮ ਕੱਢ ਕੇ ਆਪਣੀਆਂ ਫ਼ੋਟੋਆਂ ਦੇਖਣ ਲੱਗੀ ਹੋਈ ਹੈ।

ਅੱਜ ਬਹੁਤ ਹਨੇਰਾ ਹੋ ਗਿਆ ਹੈ। ਪੀ ਵੀ ਜ਼ਿਆਦਾ ਲਈ ਹੈ। ਗੁਰਜੰਟ ਗੱਡੀ ਵਿੱਚ ਪਾ ਕੇ ਤਰਸੇਮ ਨੂੰ ਘਰ ਛੱਡਣ ਆਇਆ ਹੈ। ਕੁੰਡਾ ਖੜਕਾਇਆ ਤਾਂ ਅੰਦਰੋਂ ਸਰਬਜੀਤ ਨਿਕਲੀ। ਤਰਸੇਮ ਨੂੰ ਦੋ ਜਾਣਿਆਂ ਦੀ ਜੱਫੀ ਪਾਈ ਦੇਖ ਡਰ ਗਈ ਹੈ,” ਹਾਏ ਰੱਬਾ, ਕੀ ਹੋਇਆ ਇਨ੍ਹਾਂ ਨੂੰ।”

ਗੁਰਜੰਟ ਬੋਲਿਆ,” ਨਹੀਂ ਨਹੀਂ ਭਾਬੀ , ਕੁੱਝ ਨਹੀਂ ਹੋਇਆ। ਸਾਰਾ ਦਿਨ ਜ਼ਮੀਨਾਂ ਦੀ ਪੈਮਾਇਸ਼ ਕਰਦੇ ਰਹੇ ਗਰਮੀ ਲੱਗ ਗਈ ਹੈ। ਥੋੜ੍ਹੀ ਦੇਰ ਅਰਾਮ ਕਰੇਗਾ ਠੀਕ ਹੋ ਜਾਉਗੇ।”

ਓਪਰੇ ਬੰਦੇ ਦੇਖ ਸਰਬਜੀਤ ਨੇ ਜਲਦੀ ਦੇਣੀ ਚੁੰਨੀ ਠੀਕ ਕਰੀ। ਨਾਲ ਹੋ ਕੇ ਤਰਸੇਮ ਨੂੰ ਇੱਕ ਪਾਸੇ ਤੋਂ ਫੜ ਕੇ ਅੰਦਰ ਲੈ ਗਈ। ਅੰਦਰ ਬਲਬ ਦੀ ਰੌਸ਼ਨੀ ਵਿੱਚ ਜਿਵੇਂ ਹੀ ਗੁਰਜੰਟ ਨੇ ਸਰਬਜੀਤ ਦਾ ਚਿਹਰਾ ਦੇਖਿਆ ਉਹ ਉਸ ਦਾ ਹੁਸਨ ਦੇਖ ਕੇ ਹੱਕਾ ਬੱਕਾ ਰਹਿ ਗਿਆ,” ਉਹ ਬੋਲਿਆ,” ਭਾਬੀ ਪਾਣੀ ਲਿਆ ਮੈਂ ਬਾਈ ਨੂੰ ਪਿਲਾ ਦੇਵਾਂ।”

ਜਿਵੇਂ ਹੀ ਸਰਬਜੀਤ ਰਸੋਈ ਵਿੱਚੋਂ ਪਾਣੀ ਲੈਣ ਗਈ ਗੁਰਜੰਟ ਨੇ ਨਾਲ ਦੇ ਨੂੰ ਕਿਹਾ,” ਤੂੰ ਚੱਲ , ਚੱਲਕੇ ਗੱਡੀ ਵਿੱਚ ਬੈਠ ਮੈਂ ਹਿਸਾਬ ਲਾ ਕੇ ਆਇਆ।”

” ਭਾਬੀ ਸਹਾਰਾ ਲਾਈਂ ਬਾਈ ਨੂੰ, ਤੂੰ ਫੜ ਕੇ ਰੱਖੀਂ ਇਸ ਨੂੰ, ਮੈਂ ਪਾਣੀ ਪਿਲਾਉਂਦਾ।” ਜਿਵੇਂ ਹੀ ਸਰਬਜੀਤ ਕੋਲ ਨੂੰ ਹੋਈ ਤਰਸੇਮ ਨੂੰ ਸਹਾਰਾ ਦੇਣ ਲਈ ਬਹਾਨੇ ਨਾਲ ਪਹਿਲਾਂ ਤਾਂ ਗੁਰਜੰਟ ਨੇ ਉਸ ਦਾ ਹੱਥ ਫੜ ਲਿਆ, ਫੇਰ ਇੱਕ ਦੋ ਵਾਰ ਇੱਧਰ ਓਧਰ ਹੱਥ ਮਾਰਦੇ ਨੇ ਸਰਬਜੀਤ ਦੇ ਮੂੰਹ ਅਤੇ ਛਾਤੀ ਤੇ ਹੱਥ ਲਾਇਆ। ਸਰਬਜੀਤ ਡਰੀ ਹੋਈ ਸਹਿਮੀ ਹੋਈ ਕੁੱਝ ਨਹੀਂ ਬੋਲੀ।

ਜਿਵੇਂ ਹੀ ਗੁਰਜੰਟ ਗਿਆ,” ਸਰਬਜੀਤ ਨੇ ਰੋਣਾ ਸ਼ੁਰੂ ਕਰ ਦਿੱਤਾ।”

ਰੋਂਦੀ ਸਰਬਜੀਤ ਦੀ ਅਵਾਜ਼ ਸੁਣਕੇ ਹਰਜੀਤ ਭੱਜਿਆ ਆਇਆ,” ਕੀ ਹੋ ਗਿਆ ਸਰਬੀ।”

” ਦਿਉਰਾ ਮੈਂ ਤਾਂ ਬਰਬਾਦ ਹੋ ਗਈ, ਨਵੇਂ ਨਵੇਂ ਯਾਰ ਬਣਾ ਲਏ ਨੇ ਤੇਰੇ ਵੀਰੇ ਨੇ , ਕਈ ਦਿਨਾਂ ਤੋਂ ਰੋਜ਼ ਪੀ ਕੇ ਆਉਣ ਲੱਗ ਪਿਆ ਹੈ। ਪਰ ਅੱਜ ਤਾਂ…..ਅੱਜ ਤਾਂ ਹੱਦ ਹੋ ਗਈ। ਆ ਦੋ ਬੰਦੇ ਚੁੱਕ ਕੇ ਘਰ ਛੱਡ ਕੇ ਗਏ ਹਨ।” ਸਰਬਜੀਤ ਆਪਣਾ ਰੋਣਾ ਰੋਕਦੀ ਬੋਲੀ

” ਦੱਸਿਆ ਕਿਉਂ ਨਹੀਂ ਤੁਸੀਂ ਮੈਨੂੰ। ਮੈਂ ਕਰਦਾ ਸਵੇਰੇ ਬਾਈ ਨਾਲ ਗੱਲ।” ਤਰਸੇਮ ਦੀ ਜੁੱਤੀ ਉਤਾਰਦਾ ਹਰਜੀਤ ਬੋਲਿਆ। ਠੀਕ ਕਰਕੇ ਤਰਸੇਮ ਨੂੰ ਪਾਇਆ ਤੇ ਉਸ ਉੱਤੇ ਚਾਦਰ ਦੇ ਕੇ ਸਰਬਜੀਤ ਨੂੰ ਪੁੱਛਿਆ, ” ਤੁਸੀਂ ਰੋਟੀ ਖਾ ਲਈ।”

ਸਰਬਜੀਤ ਨੇ ਜਦੋਂ ਕੋਈ ਜਵਾਬ ਨਹੀਂ ਦਿੱਤਾ ਤਾਂ ਹਰਜੀਤ ਰਸੋਈ ਵਿੱਚੋਂ ਰੋਟੀ ਚੱਕ ਕੇ ਲਿਆਇਆ ਤੇ ਰੋਂਦੀ ਵਿਲਕਦੀ ਸਰਬਜੀਤ ਨੂੰ ਪਹਿਲਾਂ ਚੁੱਪ ਕਰਵਾਇਆ, ਫੇਰ ਉਸ ਨੂੰ ਆਪ ਹੱਥੀਂ ਰੋਟੀ ਖਵਾਉਂਦਾ ਬੋਲਿਆ,” ਦੁੱਖ ਸੁੱਖ ਵਿੱਚ ਕੰਮ ਆਉਣ ਲਈ ਹੀ ਹੁੰਦੇ ਨੇ ਰਿਸ਼ਤੇ ਨਾਤੇ, ਜਦੋਂ ਕਦੇ ਕੋਈ ਗੱਲ ਹੁੰਦੀ ਹੈ ਜਦੇ ਦੱਸਣੀ ਚਾਹੀਦੀ ਹੈ। ਹੁਣ ਤੁਸੀਂ ਪੈ ਜਾਵੋ ਫ਼ਿਕਰ ਨਾ ਕਰੋ ਸਭ ਠੀਕ ਹੋ ਜਾਊ।”

ਸਰਬਜੀਤ ਗੁਰਜੰਟ ਦੀ ਬੱਤਤਮੀਜ਼ੀ ਵਾਰੇ ਹਰਜੀਤ ਨੂੰ  ਦੱਸਦੀ ਦੱਸਦੀ ਚੁੱਪ ਕਰ ਗਈ।

ਓਧਰ ਗੁਰਜੰਟ ਗੱਡੀ ਵਿੱਚ ਬੈਠਦਾ ਬੋਲਿਆ,” ਆਹ ਸਾਲੇ ਮਰਾਸੀ ਜਿਹੇ ਦੀ ਗੁਲਗੁਲੇ ਵਰਗੀ ਰੰਨ ਆ। ਗਾਜਰ ਵਰਗੀ ਪਈ ਆ ਸਾਲੀ, ਕਹਿਰ ਆ ਕਾਹਨੂੰ ਪੁੱਛਦਾ। ਇਹ ਤਾਂ ਸਾਲਾ ਕੋਲ ਪਿਆ ਐ ਲਗਦਾ ਜਿਵੇਂ ਹੂਰ ਨੂੰ ਲੰਗੂਰ ਮਿਲ ਗਿਆ ਹੋਵੇ। ਹੱਥ ਲਾ ਕੇ ਦੇਖਿਆ ਭੋਰਾ ਗ਼ੁੱਸਾ ਨਹੀਂ ਕਰਿਆ….ਜਮਾਂ ਨਹੀਂ ਤਿੜਕੀ। ਕੱਲ੍ਹ ਨੂੰ ਪੁੱਛ ਲੈਣਾ ਸਾਲੀ ਨੂੰ ….. ਯਾਰਾਂ ਦਾ ਡੰਗ ਸਾਰਦੀ ਹੈ ਕੇ ਨਹੀਂ।”

ਪੂਰੀ ਰਾਤ ਹਰਜੀਤ ਇਹ ਸੋਚ ਕੇ ਨਹੀਂ ਸੁੱਤਾ ਕਿਤੇ ਸਰਬਜੀਤ ਇਕੱਲੀ ਬੈਠੀ ਰੋਂਦੀ ਨਾ ਹੋਵੇ।

ਹਰਜੀਤ ਸਵੇਰ ਹੁੰਦੇ ਸਾਰ ਇੱਕ ਵਾਰ ਦੇਖ ਕੇ ਗਿਆ ਹੈ ਸਰਬਜੀਤ ਨੂੰ। ਸਰਬਜੀਤ ਤਰਸੇਮ ਕੋਲ ਬੈਠੀ ਬੈਠੀ ਕਿਤੇ ਸੌਂ ਗਈ ਸੀ।

” ਦਿਨ ਚੜ੍ਹੇ ਤਾਂ ਗੱਲ ਕਰਦਾ ਤਰਸੇਮ ਬਾਈ ਨਾਲ …… ” ਬੈਠਾ ਇਹੋ ਸੋਚ ਰਿਹਾ ਹੈ ਹਰਜੀਤ।

ਜਿਵੇਂ ਹੀ ਤਰਸੇਮ ਉੱਠਿਆ ਸਰਬਜੀਤ ਖੂੰਜੇ ਵਿੱਚ ਬੈਠੀ ਰੋ ਰਹੀ ਸੀ। ਤਰਸੇਮ ਉੱਠਦੇ ਸਾਰ ਬੋਲਿਆ,” ਓਏ ਕੀ ਹੋਇਆ ਮੈਂ ਮਰ ਥੋੜ੍ਹੀ ਨਾ ਗਿਆ ਜੋ ਤੂੰ ਸਿਆਪਾ ਕਰਨ ਲੱਗੀ ਹੋਈ ਹੈਂ।”

” ਹੋਰ ਹੁਣ ਮਰਨ ਕਿਸ ਨੂੰ ਕਹਿੰਦੇ ਨੇ, ਤੇਰੇ ਸਾਹਮਣੇ, ਤੇਰੇ ਘਰ ਵਿੱਚ ਵੜ ਕੇ, ਤੇਰੀ ਤੀਵੀਂ ਨਾਲ ਸ਼ਰੇਆਮ ਬਦਤਮੀਜ਼ੀ ਕਰ ਕੇ ਗਿਆ ਤੇਰਾ ਯਾਰ ….. ਤੈਨੂੰ ਕੀ ਸੁਰਤ ਸੀ ਓਦੋਂ। ਤੂੰ ਹੋਰ ਪੀ ਸ਼ਰਾਬ…. ਨਾ ਕੰਮ ਦੀ, ਨਾ ਘਰ-ਬਾਰ ਦੀ, ਨਾ ਇੱਜ਼ਤ ਆਬਰੂ ਦੀ ਪ੍ਰਵਾਹ ਰਹੀ ਹੈ ਤੈਨੂੰ।” ਸਰਬਜੀਤ ਗ਼ੁੱਸੇ ਵਿੱਚ ਬੋਲ ਰਹੀ ਹੈ।

” ਐਸਾ ਵੀ ਕੀ ਕਰ ਦਿੱਤਾ…. ਐਵੇਂ ਨਹੀਂ ਅਵਾ ਤਵਾ ਬੋਲੀਦਾ। ਚੰਗੇ ਖ਼ਾਨਦਾਨੀ ਲੋਕ ਨੇ ਉਹ…..।” ਤਰਸੇਮ ਅਜੇ ਵੀ ਆਪਣੇ ਯਾਰ ਦਾ ਪੱਖ ਪੂਰ ਰਿਹਾ ਹੈ

” ਤੈਨੂੰ ਮੰਜੇ ਉੱਤੇ ਪਾਉਣ ਦੇ ਬਹਾਨੇ, ਤੇਰੇ ਯਾਰ ਨੇ ਮੈਨੂੰ ਇੱਥੇ, ਇੱਥੇ, ਇੱਥੇ ਬਗੈਰ ਕਿਸੇ ਭੈਅ ਤੋਂ ਜਿੱਥੇ ਜੀਅ ਕੀਤਾ ਓਥੇ ਹੱਥ ਲਾਇਆ।” ਸਰਬਜੀਤ ਚੁੰਨੀ ਲਾਹ, ਵਗਾਹ ਕੇ ਮਾਰਦੀ ਬੋਲੀ,” ਆਵੇ ਸਹੀ ਦੁਬਾਰਾ, ਹਰਾਮਜ਼ਾਦੇ ਦੇ ਡੱਕਰੇ ਨਾ ਕਰ ਦਿੱਤੇ ਤਾਂ ਕਹੀਂ। ਯਾਰ ਹੋਏਗਾ ਤੇਰਾ ਮੇਰਾ ਕੁੱਝ ਨਹੀਂ ਲਗਦਾ।”

ਰੌਲਾ ਪੈਂਦਾ ਸੁਣ ਕੇ ਹਰਜੀਤ ਦੌੜਿਆ ਆਇਆ। ਹਰਜੀਤ ਨੂੰ ਆਉਂਦਿਆਂ ਦੇਖ ਸਰਬਜੀਤ ਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਚੰਨੀ ਚੁੱਕ ਕੇ ਦੁਆਲੇ ਲਿੱਤੀ।

ਹਰਜੀਤ ਆਉਂਦੇ ਸਾਰ ਬੋਲਿਆ,” ਤਰਸੇਮ ਬਾਈ, ਇਹ ਸਭ ਕੀ ਸ਼ੁਰੂ ਕਰ ਲਿਆ। ਵੀਰ ਮੈਂ ਤਾਂ ਕਦੇ ਨਹੀਂ ਸੀ ਦੇਖਿਆ ਤੈਨੂੰ ਪੀਂਦਿਆਂ, ਆਹ ਕੌਣ ਲੋਕ ਨੇ ਜਿਨ੍ਹਾਂ ਨੇ ਤੈਨੂੰ ਕੁਰਾਹੇ ਪਾ ਦਿੱਤਾ। ਵੀਰ ਅੱਜ ਕੱਲ੍ਹ ਤੂੰ ਦੁਕਾਨ ਤੇ ਵੀ ਨਹੀਂ ਬੈਠਦਾ। ਕੀ ਹੋ ਗਿਆ ਬਾਈ।”

ਤਰਸੇਮ ਗੱਲ ਬਦਲਦਾ ਬੋਲਿਆ,” ਜੇ ਹੁਣ ਤੂੰ ਮੇਰਾ ਸਾਂਢੂ ਬਣ ਗਿਆ ਤਾਂ ਇਸ ਦਾ ਇਹ ਮਤਲਬ ਨਹੀਂ ਹੁਣ ਤੂੰ ਮੈਨੂੰ ਮੱਤਾਂ ਦੇਣ ਲੱਗ ਪੈ। ਮੈਨੂੰ ਸਭ ਪਤਾ ਮੈਂ ਕੀ ਕਰਦਾ ਫਿਰਦਾ।”

” ਬਾਈ ਸਾਂਢੂ ਤਾਂ ਮੈਂ ਤੇਰਾ ਕੱਲ੍ਹ ਬਣਿਆ, ਭਰਾ ਤਾਂ ਆਪਾਂ ਜਨਮ ਤੋਂ ਹਾਂ। ਆਹ ਜਿੰਨੇ ਘਰ ਨੇ ਮਿਸਤਰੀਆਂ ਦੇ ਸਾਰਾ ਇੱਕੋ ਬਾਬੇ ਦਾ ਲਾਣਾ ਹੈ। ਮੈਂ ਭਰਾ ਹੋਣ ਦੇ ਨਾਤੇ ਕਹਿ ਰਿਹਾ ਹਾਂ, ਬਾਈ ਇਨ੍ਹਾਂ ਲੋਕਾਂ ਦਾ ਕੁੱਝ ਨਹੀਂ ਜਾਣਾ ਇਹ ਤਾਂ ਜ਼ਮੀਨਾਂ ਵੇਚ ਕੇ ਬੰਬੇ ਨੋਟ ਵੱਟੀ ਫਿਰਦੇ ਨੇ। ਆਪਣਾ ਇਨ੍ਹਾਂ ਲੋਕਾਂ ਨਾਲ ਕੀ ਮੁਕਾਬਲਾ। ਆਪਾਂ ਤਾਂ ਰੋਜ਼ ਕਮਾ ਕੇ ਖਾਣਾ ਆਪਣੀ ਯਾਰੀ ਨਹੀਂ ਨਿਭ ਸਕਦੀ ਇਨ੍ਹਾਂ ਲੋਕਾਂ ਨਾਲ।” ਹਰਜੀਤ ਆਪਣੀ ਗੱਲ ਕਹਿ ਹੀ ਰਿਹਾ ਸੀ ਕੇ ਤਰਸੇਮ ਵਿੱਚੇ ਬੋਲ ਪਿਆ

” ਜਾ ਤੂੰ ਆਪਣੀ ਫਸੀ ਨਿਬੇੜ ਮੈਨੂੰ ਮੱਤਾਂ ਦੇਣ ਦੀ ਲੋੜ ਨਹੀਂ।” ਤਰਸੇਮ ਹਰਖਿਆ ਹੋਇਆ ਬੋਲਿਆ

” ਬਾਈ ਬੇਸ਼ੱਕ ਤੂੰ ਮੈਨੂੰ ਮਾਰ ਲੈ, ਪਰ ਮੈਂ ਇਸ ਤਰ੍ਹਾਂ ਤੈਨੂੰ ਜ਼ਿੰਦਗੀ ਬਰਬਾਦ ਨਹੀਂ ਕਰਨ ਦੇਣੀ।” ਹਰਜੀਤ ਆਪਣਾ ਹੱਕ ਜਤਾਉਂਦਾ ਬੋਲਿਆ

ਜਿਵੇਂ ਹੀ ਤਰਸੇਮ, ਹਰਜੀਤ ਤੇ ਭੜਕ ਕੇ ਬੋਲਣ ਲੱਗਿਆ ਸਰਬਜੀਤ ਵਿੱਚੇ ਬੋਲ ਪਈ,” ਸ਼ਰਮ ਕਰੋ ਸ਼ਰਮ ਆਪਣੇ ਬੇਗਾਨੇ ਵਿੱਚ ਤਾਂ ਫ਼ਰਕ ਸਮਝ ਲਵੋ, ਆਹ ਹਰਜੀਤ ਹੀ ਸੀ ਜਿਹੜਾ ਰਾਤ ਨੂੰ ਮੈਨੂੰ ਰੋਂਦੀ ਨੂੰ ਸੁਣ ਕੇ ਭੱਜਿਆ ਆਇਆ। ਇਸੇ ਨੇ ਤੁਹਾਡੀਆਂ ਜੁੱਤੀਆਂ ਜੁਰਾਬਾਂ ਖੋਲੀਆਂ ਤੁਹਾਨੂੰ ਸਿੱਧਾ ਕਰਕੇ ਪਾ ਕੇ ਗਿਆ, ਤੁਹਾਡੇ ਯਾਰ ਤਾਂ ਤੁਹਾਨੂੰ ਸੁੱਟ ਕੇ ਚਲੇ ਗਏ ਸੀ।”

ਸਰਬਜੀਤ ਦੀ ਗੱਲ ਸੁਣ ਕੇ ਤਰਸੇਮ ਬੋਲਦਾ ਬੋਲਦਾ ਚੁੱਪ ਕਰ ਗਿਆ।

” ਬਾਈ ਦਿਨੇ ਦੁਕਾਨ ਤੇ ਮਿਲ ਕੇ ਗੱਲ ਕਰਦੇ ਹਾਂ ” ਕਹਿ ਕੇ ਹਰਜੀਤ ਦੁਕਾਨ ਤੇ ਚੱਲਿਆ ਗਿਆ

ਜਦੋਂ ਤਰਸੇਮ ਨੇ ਦੁਕਾਨ ਤੇ ਆ ਕੇ ਸਭ ਦੁਕਾਨਦਾਰਾਂ ਨਾਲ ਆਪੋ ਆਪਣੀ ਦੁਕਾਨ ਵੇਚਣ ਦੀ ਗੱਲ ਕਰੀ ਤਾਂ ਆਸਿਫ਼ ਬੋਲਿਆ,” ਹਰਜੀਤ ਵੀਰ ਜਿਹੜਾ ਮਿਸਤਰੀ ਔਜ਼ਾਰ ਵੇਚ ਕੇ ਰੋਟੀ ਖਾਣ ਲੱਗ ਪਵੇ ਉਹ ਅੱਜ ਵੀ ਮਰਿਆ ਤੇ ਕੱਲ੍ਹ ਵੀ। ਚੰਗਾ ਭਲਾ ਅੱਡਾ ਬਖ਼ਸ਼ਿਆ ਖ਼ੁਦਾ ਨੇ, ਉਸ ਦੇ ਫ਼ਜ਼ਲ ਨਾਲ ਇੱਥੋਂ ਕਿੰਨੇ ਪਰਿਵਾਰਾਂ ਦੀ ਰੋਟੀ ਚੱਲ ਰਹੀ ਹੈ। ਮੇਰੇ ਹਿਸਾਬ ਨਾਲ ਇਸ ਜਗ੍ਹਾ ਨੂੰ ਨਹੀਂ ਵੇਚਣਾ ਚਾਹੀਦਾ। “

ਆਸਿਫ਼ ਅੱਗੇ ਬੋਲਿਆ,” ਆਹ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਵੇਚ ਕੇ ਗਏ ਨੇ, ਤੇਰੇ ਖ਼ਿਆਲ ਨਾਲ ਕੀ ਸਾਰੇ ਸੁਖੀ ਹਨ। ਵਿੱਚੋਂ ਜਿਨ੍ਹਾਂ ਨੂੰ ਪੈਸੇ ਸੰਭਾਲਣੇ ਨਹੀਂ ਆਏ ਉਨ੍ਹਾਂ ਦੀ ਜ਼ਮੀਨ ਵੀ ਗਈ ਤੇ ਪੈਸੇ ਵੀ। ਜਿਨ੍ਹਾਂ ਨੇ ਇੱਕ ਦੋ ਕਿੱਲੇ ਵੇਚ ਕੇ ਅਗਾਂਹ ਵਾਹਵਾ ਜ਼ਮੀਨ ਲੈ ਵੀ ਲਈ, ਉਹ ਲੋਕਾਂ ਨੇ ਜ਼ਮੀਨਾਂ ਠੇਕੇ ਉੱਤੇ ਦੇ ਦਿੱਤੀਆਂ ਨੇ ਤੇ ਆਪ ਹੱਥੀਂ ਕੰਮ ਕਰਨਾ ਹੀ ਛੱਡ ਦਿੱਤਾ। ਅੱਲਾ ਮਾਫ਼ ਕਰੇ, ਅੱਗੇ ਉਨ੍ਹਾਂ ਦੇ ਬੱਚੇ ਸਾਰੇ ਦੇ ਸਾਰੇ ਅੱਯਾਸ਼ ਹੋ ਗਏ ਹਨ। ਸਾਰਾ ਦਿਨ ਗ਼ਲਤ ਕੰਮ ਕਰਦੇ ਫਿਰਦੇ ਨੇ। ਬਗੈਰ ਮੱਤ ਤੋਂ ਪੈਸਾ ਬੰਦੇ ਨੂੰ ਸੂਰ ਬਣਾ ਦਿੰਦਾ ਹੈ। ਵਿਹਲਾ ਦਿਮਾਗ਼ ਸ਼ੈਤਾਨ ਦਾ ਘਰ।”

ਹਰਜੀਤ ਆਸਿਫ਼ ਦੀ ਗੱਲ ਸੁਣ ਕੇ ਬੋਲਿਆ,” ਦੇਖਦੇ ਹਾਂ ਸਾਰੇ ਕੀ ਫ਼ੈਸਲਾ ਲੈਂਦੇ ਹਨ।”

ਓਧਰ ਗੁਰਜੰਟ ਦੇਖਣ ਆਇਆ ਹੈ ਤਰਸੇਮ ਨੂੰ। ਤਰਸੇਮ ਦੂਸਰੇ ਦੁਕਾਨਦਾਰਾਂ ਕੋਲ ਬੈਠਾ ਹੈ ਤਾਂ ਗੁਰਜੰਟ ਬੋਲਿਆ,” ਛੋਟੇ ਗੱਡੀ ਮੋੜ, ਮੋੜ ਕੇ ਤਰਸੇਮ ਦੇ ਘਰੇ ਲੈ ਚੱਲ, ਮੂੰਹ ਮਿੱਠਾ ਕਰ ਕੇ ਆਉਂਦੇ ਹਾਂ।”

ਤਰਸੇਮ ਦੇ ਘਰ ਜਾ ਕੇ ਗੁਰਜੰਟ ਨੇ ਦਰਵਾਜ਼ਾ ਖੜਕਾਇਆ, ਅੰਦਰੋਂ ਸਰਬਜੀਤ ਨਿਕਲੀ ਉਸ ਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕੇ ਗੁਰਜੰਟ ਇਸ ਤਰ੍ਹਾਂ ਦੁਪਹਿਰੇ ਆ ਜਾਵੇਗਾ। ਉਹ ਸਹਿਮੀ ਹੋਈ ਖੜੀ ਹੈ।

ਗੁਰਜੰਟ ਬੋਲਿਆ, ” ਜੀ ਤਰਸੇਮ ਕਿੱਥੇ ਹੈ।”

” ਦੁਕਾਨ ਤੇ ਹੋਣਗੇ, ਤੁਹਾਡੇ ਕੋਲ ਉਨ੍ਹਾਂ ਦਾ ਨੰਬਰ ਹੋਣਾ ਫ਼ੋਨ ਕਰਕੇ ਪੁੱਛ ਲਵੋ।” ਸਰਬਜੀਤ ਤਲਖ਼ ਅਵਾਜ਼ ਵਿੱਚ ਬੋਲੀ ਤੇ ਦਰਵਾਜ਼ਾ ਭੇੜਨ ਲੱਗੀ ਤਾਂ ਗੁਰਜੰਟ ਨੇ ਵਿੱਚ ਬੂਟ ਫਸਾ ਲਿਆ

” ਮੈਂ ਤਾਂ ਆਇਆ ਸੀ ਕੇ ਕੱਲ੍ਹ ਬਾਈ ਦੀ ਜ਼ਿਆਦਾ ਹੋ ਗਈ ਸੀ। ਚਲੋ ਚੱਲ ਕੇ ਖ਼ਬਰ ਲੈ ਆਉਂਦਾ ਹਾਂ ਨਾਲੇ ਇਸੇ ਬਹਾਨੇ ਤੁਹਾਡੇ ਦਰਸ਼ਨ ਵੀ ਹੋ ਜਾਣਗੇ।” ਗੁਰਜੰਟ ਮੁੱਛਾਂ ਤੇ ਹੱਥ ਫੇਰਦਾ ਬੋਲਿਆ

” ਕੀ ਮਤਲਬ ਐ ਤੇਰਾ।” ਸਰਬਜੀਤ ਗ਼ੁੱਸੇ ਵਿੱਚ ਬੋਲੀ

” ਸਭ ਸਮਝਦੇ ਹੋ ਤੁਸੀਂ, ਐਵੇਂ ਭੋਲੇ ਬਣ ਰਹੇ ਹੋ। ਅੰਦਰ ਆਉਣ ਨੂੰ ਨਹੀਂ ਕਹੋਗੇ।” ਗੁਰਜੰਟ ਅੱਖ ਨਾਲ ਅੱਖ ਮਿਲਾਉਂਦਾ ਬੋਲਿਆ

” ਤੇਰੇ ਨਾ ਦਿਮਾਗ ਦਾ ਕੋਈ ਪੇਚ ਢਿੱਲਾ ਲਗਦਾ। ਮਿਸਤਰੀਆਂ ਦੀ ਧੀ ਹਾਂ ਖੜ ਉਰੇ ਹੀ ਖੜ ਤੇਰਾ ਇੰਜਨ ਤਾਂ ਮੈਂ ਕਰਦੀ ਹਾਂ।” ਸਰਬਜੀਤ ਉੱਚੀ ਉੱਚੀ ਬੋਲੀ ਤਾਂ ਸਾਹਮਣੇ ਘਰੋਂ ਪਰਕਾਸ਼ੋ ਬੋਲੀ ,” ਕੀ ਹੋ ਗਿਆ ਸਰਬੀ ਕੋਣ ਆ।”

ਰੋਲਾ ਪੈਂਦਾ ਦੇਖ ਗੁਰਜੰਟ ਦੱਬੇ ਪੈਰੀਂ ਵਾਪਸ ਮੁੜ ਗਿਆ। ਗੱਡੀ ਵਿੱਚ ਬੈਠਦਾ ਬੋਲਿਆ,” ਰਾਤੀਂ ਤਾਂ ਸਾਲੀ ਜਮਾਂ ਸੈੱਟ ਸੀ। ਆਹ ਹੁਣ ਪਤਾ ਨਹੀਂ ਕੀ ਹੋ ਗਿਆ। ਕਹਿੰਦੀ ਤੇਰਾ ਇੰਜਨ ਕਰ ਦੇਣਾ, ਮੈਂ ਤਾਂ ਕਹਿਣ ਲੱਗਿਆ ਸੀ ਕਰ ਦੇਵੋ ਇੰਜਨ, ਕਰ ਦੇਵੋ ਦੇਖਦੇ ਕੀ ਹੋ। ਇੰਜਨ ਹੀ ਤਾਂ ਕਰਵਾਉਣ ਆਇਆ ਸੀ….. ਹਾ ਹਾ ਹਾ। ਜਿਸ ਨੇ ਲੋਟ ਆਉਣਾ ਹੁੰਦਾ ਉਹ ਪਹਿਲਾਂ ਨਖ਼ਰੇ ਤਾਂ ਕਰਦੀ ਹੁੰਦੀ ਆ।”

ਜਿਵੇਂ ਹੀ ਗੁਰਜੰਟ ਗਿਆ ਸਰਬਜੀਤ ਨੇ ਤਰਸੇਮ ਨੂੰ ਫ਼ੋਨ ਮਿਲਾ ਦਿੱਤਾ।

ਤਰਸੇਮ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ,” ਜ਼ਰੂਰੀ ਗੱਲ ਕਰ ਰਿਹਾ ਹਾਂ ਬਾਅਦ ਵਿੱਚ ਫ਼ੋਨ ਕਰਦਾ।”

ਸਰਬਜੀਤ ਨੇ ਫੇਰ ਫ਼ੋਨ ਮਿਲਾ ਦਿੱਤਾ ਜਿਵੇਂ ਹੀ ਤਰਸੇਮ ਨੇ ਫ਼ੋਨ ਚੁੱਕਿਆ ਉਹ ਬੋਲੀ, ” ਸਾਰੇ ਕੰਮ ਛੱਡ ਕੇ ਹੁਣੇ ਘਰ ਆਓ।”

” ਕੀ ਹੋਇਆ।” ਤਰਸੇਮ ਨੇ ਹੈਰਾਨ ਹੁੰਦੇ ਪੁੱਛਿਆ

” ਨਹੀਂ ਮੈਂ ਫ਼ੋਨ ਉੱਤੇ ਨਹੀਂ ਦੱਸ ਸਕਦੀ, ਤੁਸੀਂ ਜਲਦੀ ਘਰੇ ਆਓ।” ਸਰਬਜੀਤ ਨੇ ਐਨਾ ਬੋਲ ਕੇ ਫ਼ੋਨ ਕੱਟ ਦਿੱਤਾ

ਥੋੜ੍ਹੀ ਦੇਰ ਬਾਅਦ ਤਰਸੇਮ ਘਰ ਆ ਗਿਆ, ਆਉਣ ਸਾਰ ਬੋਲਿਆ,” ਕੀ ਹੋਇਆ ਸਰਬਜੀਤ ਹੁਣ ਕੀ ਹੋਇਆ।”

” ਉਹ ਤੇਰਾ ਦੋਸਤ ਘਰੇ ਆਇਆ ਸੀ।” ਸਰਬਜੀਤ ਗ਼ੁੱਸੇ ਦੀ ਭਰੀ ਬੋਲੀ

” ਕੌਣ ਗੁਰਜੰਟ।” ਤਰਸੇਮ ਨੇ ਪੁੱਛਿਆ

” ਆਹੋ ਉਹੀ ਜਿਹੜਾ ਤੈਨੂੰ ਰਾਤੀਂ ਘਰੇ ਛੱਡਣ ਆਇਆ ਸੀ। ਕਹਿੰਦਾ ਬਾਈ ਦੀ ਖ਼ਬਰ ਲੈਣ ਦੇ ਬਹਾਨੇ ਤੇਰੇ ਦਰਸ਼ਨ ਕਰਨ ਆਇਆ ਹਾਂ।” ਸਰਬਜੀਤ ਤੋਂ ਗ਼ੁੱਸੇ ਵਿੱਚ ਪੂਰੀ ਗੱਲ ਨਹੀਂ ਹੋ ਰਹੀ

” ਤੂੰ ਤਾਂ ਐਵੇਂ ਬਾਦ ਪੈ ਗਈ ਹੈਂ ਗੁਰਜੰਟ ਦੇ। ਫੇਰ ਕੀ ਹੋਇਆ ਜੇ ਉਸ ਨੇ ਮਜ਼ਾਕ ਵਿੱਚ ਕੁੱਝ ਕਹਿ ਦਿੱਤਾ, ਆਖ਼ਿਰ ਭਾਬੀ ਲੱਗਦੀ ਹੈਂ ਤੂੰ ਉਸ ਦੀ।” ਤਰਸੇਮ ਪੈਸੇ ਦੇ ਲਾਲਚ ਵਿੱਚ ਅੰਨ੍ਹਾ ਹੋ ਗਿਆ ਹੈ ਉਸ ਨੂੰ ਚੰਗੇ ਮਾੜੇ ਦਾ ਫ਼ਰਕ ਵੀ ਮਹਿਸੂਸ ਨਹੀਂ ਹੋ ਰਿਹਾ

” ਤੂੰ ਨਾ ਆਪਣੇ ਯਾਰ ਨੂੰ ਕਹਿ, ਖ਼ਬਰਦਾਰ ਜੇ ਦੁਬਾਰਾ ਸਾਡੇ ਘਰੇ ਆਇਆ ਤਾਂ। ਹੁਣੇ ਕਹਿ ਮੇਰੇ ਸਾਹਮਣੇ, ਆਪਣੇ ਫ਼ੋਨ ਤੋਂ ਫ਼ੋਨ ਕਰਕੇ ਹੁਣੇ ਕਹਿ।” ਸਰਬਜੀਤ ਜ਼ਿੱਦ ਕਰਦੀ ਬੋਲੀ

” ਪਾਗਲ ਨਹੀਂ ਬਣੀਦਾ, ਪਹਿਲੀ ਵਾਰ ਘਰੇ ਆਏ ਨੂੰ ਕੋਈ ਇਸ ਤਰ੍ਹਾਂ ਕਹਿੰਦਾ ਹੁੰਦਾ।” ਤਰਸੇਮ ਬਾਹਰ ਜਾਂਦਾ ਬੋਲਿਆ

ਗੁਰਜੰਟ ਸ਼ਾਮ ਨੂੰ ਦਫ਼ਤਰ ਵਿੱਚ ਬੈਠਾ ਪੈੱਗ ਲਾ ਰਿਹਾ ਹੈ। ਉਸ ਨੇ ਤਰਸੇਮ ਨੂੰ ਫ਼ੋਨ ਮਿਲਾਇਆ ਤੇ ਬੋਲਿਆ,” ਓਏ ਕੀ ਹਾਲ ਆ ਤੇਰਾ, ਅੱਜ ਕਿੱਥੇ ਰਿਹਾ ਤੂੰ ਸਾਰਾ ਦਿਨ। ਪਹਿਲਾਂ ਮੈਂ ਤੈਨੂੰ ਦੁਕਾਨ ਤੇ ਮਿਲਣ ਆਇਆ, ਤੂੰ ਹੈ ਨਹੀਂ ਸੀ ਦੁਕਾਨ ਤੇ। ਫੇਰ ਸੋਚਿਆ ਸ਼ਾਇਦ ਤੇਰੀ ਰਾਤ ਵਾਲੀ ਹਾਲੇ ਉੱਤਰੀ ਨਹੀਂ ਤੈਨੂੰ ਘਰੇ ਦੇਖਣ ਚਲੇ ਗਏ ….  ਗ਼ਲਤੀ ਕਰ ਲਈ ਭਰਾਵਾ ਤੇਰੇ ਘਰੇ ਜਾ ਕੇ। ਕੁੱਤੇ-ਖਾਣੀ ਕਰਵਾ ਕੇ ਆਇਆ ਹਾਂ ਤੇਰੇ ਘਰੋਂ। ਭਰਾਵਾ ਤੂੰ ਤਾਂ ਦਰਵੇਸ਼ ਬੰਦਾ ਪਰ ਭਰਜਾਈ ਮੈਨੂੰ ਕੁੱਝ ਗ਼ੁੱਸੇ ਖੋਰ ਜਿਹੀ ਲੱਗੀ।”

ਤਰਸੇਮ ਬੋਲਿਆ, ” ਵੀਰ ਸਾਰਾ ਦਿਨ ਦੁਕਾਨਾਂ ਵਾਲੀ ਗੱਲ ਸਿਰੇ ਲਾਉਣ ਲੱਗਿਆ ਹੋਇਆ ਸੀ। ਤੇਰੀ ਭਾਬੀ ਦੀ ਗ਼ਲਤੀ ਲਈ ਮੈਂ ਮਾਫ਼ੀ ਮੰਗਦਾ।”

” ਚੱਲ ਤੂੰ ਵੀ ਕੀ ਕਹੇਂਗਾ ਤੈਨੂੰ ਮਾਫ਼ ਕਰਿਆ।” ਗੁਰਜੰਟ ਫ਼ੋਨ ਕੱਟਦਾ ਬੋਲਿਆ।

” ਮਿਰਚ ਖਾਣ ਦਾ ਵੀ ਆਪਣਾ ਹੀ ਸਵਾਦ ਹੈ, ਸਾਲੀ ਜਿੰਨੀ ਕੌੜੀ ਹੁੰਦੀ ਉਨ੍ਹਾਂ ਹੀ ਸੇਕ ਮਾਰਦਾ ਸਰੀਰ ਵਿੱਚੋਂ, ਰੰਨ ਤਾਂ ਤਰਸੇਮ ਦੀ ਵੀ ਜਮਾਂ ਮਿਰਚ ਹੀ ਆ।” ਪਾ ਪੈੱਗ ਪਾ , ਜਦੋਂ ਦੀ ਦੇਖੀ ਆ ਨਾ ਫੱਟੜ ਕਰ ਦਿੱਤਾ ਸਾਲੀ ਨੇ। ਸਵਾਦ ਤਾਂ ਹੁਣ ਆਉਣਾ, ਦੇਖਦੇ ਹਾਂ ਕਦੋਂ ਪਹਿਲੀ ਦੰਦੀ ਵੱਢ ਹੁੰਦੀ ਮਿਰਚ ਜਿਹੀ ਦੇ।” ਗੁਰਜੰਟ ਹੱਥ ਮਲ਼ਦਾ ਬੋਲਿਆ,” ਅੱਜ ਵਾਲਾ ਨਖ਼ਰਾ ਤਾਂ ਭੁੱਲਦਾ ਹੀ ਨਹੀਂ। ਅੱਗ ਲਾ ਦਿੱਤੀ ਹੈ ਕਾਲਜੇ ਵਿੱਚ।”

” ਬਾਈ ਜੇ ਬਾਹਲ਼ਾ ਤੰਗ ਹੈ ਚੱਕ ਲਿਆਂਦੇ ਹਾਂ ਸਾਲੀ ਨੂੰ ।” ਗੁਰਜੰਟ ਦੇ ਨਾਲ ਮੁਫ਼ਤ ਦੀ ਹੱਡੀ ਖਾਣ ਵਾਲੇ ਕਈ ਹਨ ਉਨ੍ਹਾਂ ਵਿੱਚੋਂ ਇੱਕ ਬੋਲਿਆ

” ਨਹੀਂ ਓਏ, ਧੱਕਾ ਨਹੀਂ ਕਰਨਾ। ਪਿਆਰ ਨਾਲ ਮੜਕ ਭੰਨੀ ਦੀ ਹੈ, ਉਹ ਤਾਂ ਆਖ਼ਰੀ ਹੱਲ ਹੈ।” ਗੁਰਜੰਟ ਹੱਸਦਾ ਹੋਇਆ ਬੋਲਿਆ।”

ਕੁੱਝ ਦਿਨਾਂ ਬਾਅਦ ਸਾਰੇ ਦੁਕਾਨਦਾਰਾਂ ਨੇ ਫ਼ੈਸਲਾ ਕੀਤਾ ਕੇ ਉਹ ਕਿਸੇ ਵੀ ਕੀਮਤ ਤੇ ਦੁਕਾਨਾਂ ਨਹੀਂ ਵੇਚਣਗੇ।

ਜਦੋਂ ਤਰਸੇਮ ਇਹ ਖ਼ਬਰ ਲੈ ਕੇ ਗੁਰਜੰਟ ਕੋਲ ਗਿਆ ਤਾਂ ਉਹ ਬੋਲਿਆ,” ਤੇਰੀ ਕਿਸਮਤ ਹੀ ਫੁੱਦੂ ਹੈ। ਅਗਲੇ ਪੈਸੇ ਚੁੱਕੀ ਖੜੇ ਨੇ ਤੇ ਇਹ ਲੱਕੜ ਦਾ ਥਣ ਹੋ ਗਏ ਨੇ। ਚੱਲ ਕੋਈ ਗੱਲ ਨਹੀਂ ਕੁੱਝ ਹੋਰ ਸੋਚਦੇ ਹਾਂ ਤੇਰਾ। ਬਹਿ ਜਾ ਪੈੱਗ ਲਵਾਉਂਦਾ ਤੈਨੂੰ।”

” ਨਹੀਂ ਨਹੀਂ ਮੈਂ ਪੈੱਗ ਨਹੀਂ ਲਾਉਣਾ। ” ਤਰਸੇਮ ਬੋਲਿਆ

” ਦੇਖ ਤਾਂ ਕਿਵੇਂ ਡਰੀ ਜਾਂਦਾ, ਓਏ ਆਹੋ ਡਰ ਵੀ ਸੱਚਾ ਸਾਡੀ ਤਾਂ ਇੱਕੋ ਵਾਰ ਵਿੱਚ ਪੈਂਟ ਗਿੱਲੀ ਹੋ ਗਈ, ਜਿਸ ਨੇ ਨਾਲ ਰਹਿਣਾ ਉਸ ਦਾ ਕੋਈ ਹੱਜ ਹੈ। ਰੱਬ ਕੁਪੱਤੀ ਤੀਵੀਂ ਵੀ ਨਾ ਦੇਵੇ ਕਿਸੇ ਨੂੰ। ਥੱਲੇ ਨਹੀਂ ਲੱਗੀ ਦਾ ਮਰਦ ਬਣ ਕੇ ਰਹੀਦਾ, ਚੱਕ ਪੈੱਗ ਚੱਕ …. ਯਾਰੀ ਜੱਟਾਂ ਨਾਲ ਰੱਖਣੀ ਤਾਂ….।” ਗੁਰਜੰਟ ਨੇ ਅੱਜ ਫੇਰ ਪਿਲਾ ਦਿੱਤੀ ਹੈ ਤਰਸੇਮ ਨੂੰ

ਅੱਜ ਸਕੂਟਰ ਮਾਰਕਿਟ ਬੰਦ ਹੈ। ਮਹੀਨੇ ਦਾ ਆਖ਼ਰੀ ਸੋਮਵਾਰ ਵੀ ਨਹੀਂ ਤਾਂਂ ਵੀ ਬੰਦ ਹੈ। ਤਰਸੇਮ ਦੇ ਘਰ ਦੇ ਅੱਗੇ ਇਕੱਠ ਹੋਇਆ ਹੋਇਆ ਹੈ। ਕੁੱਝ ਬੰਦੇ ਸੱਥਰ ਵਿਛਾ ਕੇ ਬੈਠੇ ਹਨ ਤੇ ਕੁੱਝ ਖੜੇ ਗੱਲਾਂ ਕਰ ਰਹੇ ਹਨ। ਤੀਵੀਂਆਂ ਵੈਣ ਪਾਉਂਦੀਆਂ ਆਉਂਦੀਆਂ ਨੇ ਤੇ ਆ ਕੇ ਸਰਬਜੀਤ ਕੋਲ ਬੈਠ ਜਾਂਦੀਆਂ ਨੇ। ਸਰਬਜੀਤ ਕਦੇ ਉੱਠ ਕੇ ਬੈਠ ਜਾਂਦੀ ਹੈ ਕਦੇ ਬੋਲਦੀ ਬੋਲਦੀ ਬੇਹੋਸ਼ ਹੋ ਜਾਂਦੀ ਹੈ। ਕਦੇ ਹੱਸ ਪੈਂਦੀ ਹੈ ਕਦੇ ਦੰਦਲ ਪੈ ਜਾਂਦੀ ਹੈ। ਇਹ ਸਭ ਕੀ ਹੋ ਗਿਆ ਹੈ…….

ਕਿਸੇ ਬਜ਼ੁਰਗ ਔਰਤ ਨੇ ਸਰਬਜੀਤ ਦੇ ਕੋਲ ਹੋ ਕੇ ਕਿਹਾ,” ਧੀਏ, ਤੂੰ ਤਾਂ ਬਰਬਾਦ ਹੋ ਗਈ, ਧੀਏ ਤੇਰਾ ਘਰ ਉੱਜੜ ਗਿਆ, ਤੇਰਾ ਤਰਸੇਮ ਮਰ ਗਿਆ ਪੁੱਤ, ਜਾਂਦੀ ਵੇਰ ਨੂੰ ਰੋ ਲੈ, ਦੇਖ ਲੈ ਉੱਠ ਕੇ।”

” ਤੁਸੀਂ ਕੀ ਸਾਰਿਆਂ ਨੇ ਮਰ ਗਿਆ, ਮਰ ਗਿਆ ਲਾਈ ਹੋਈ ਹੈ, ਮੇਰਾ ਤਰਸੇਮ ਇਸ ਤਰ੍ਹਾਂ ਮਰ ਨਹੀਂ ਸਕਦਾ। ਉਹ ਮੈਨੂੰ ਇਕੱਲੀ ਨੂੰ ਛੱਡ ਕੇ ਜਾਣ ਵਾਲਾ ਨਹੀਂ। ਉਸ ਨੇ ਸ਼ਰਾਬ ਪੀਤੀ ਹੋਣੀ। ਸੁੱਤਾ ਪਿਆ ਹੋਣਾ ਉੱਤਰੀ ਤੋਂ ਉੱਠ ਖੜਨਾ…. ਦੇਖ ਲਿਓ ਤੁਸੀਂ ਮੇਰੇ ਤਰਸੇਮ ਨੇ ਉੱਠ ਖੜਨਾ…..ਮਰ ਗਿਆ… ਮਰ ਗਿਆ …
ਐਂ ਕਿਵੇਂ ਮਰ ਗਿਆ।” ਸਰਬਜੀਤ ਬੋਲਦੀ ਬੋਲਦੀ ਬੇਹੋਸ਼ ਹੋ ਗਈ

” ਪੁੱਤ ਇਸ ਨੂੰ ਕਿਵੇਂ ਨਾ ਕਿਵੇਂ ਕਰ ਕੇ ਰਵਾਓ। ਜੇ ਇਹ ਨਾ ਰੋਈ ਤਾਂ ਪਾਗਲ ਹੋ ਸਕਦੀ ਹੈ।” ਵਿੱਚੋਂ ਕਿਸੇ ਨੇ ਕਿਹਾ,” ਡਾਕਟਰ ਬੁਲਾ ਲਵੋ ਭਾਈ, ਟੀਕਾ ਲਾ ਜਾਊ ਜਵਾਕੜੀ ਦੇ। ਵਾਹਿਗੁਰੂ ਆਹ ਕੀ ਭਾਣਾ ਵਰਤ ਗਿਆ ਵਿਚਾਰੀ ਨਾਲ। ਸਭ ਨਾਲ ਹੱਸਦੀ ਖੇਡਦੀ ਸਾਡੇ ਮੁਹੱਲੇ ਦੀ ਰੌਣਕ ਸੀ, ਕਿਸੇ ਭੈੜੇ ਦੀ ਨਜ਼ਰ ਲੱਗ ਗਈ ਲਗਦੀ।”

” ਠੀਕ ਕਹਿੰਦੀ ਹੈਂ ਭੈਣੇ, ਮਾੜੀਆਂ ਨਜ਼ਰਾਂ ਤਾਂ ਪੱਥਰ ਪਾੜ ਦਿੰਦੀਆਂ। ਆਹ ਕੀ ਭਾਣਾ ਵਰਤ ਗਿਆ ਹੱਸਦਾ ਖੇਡਦਾ ਪਰਿਵਾਰ ਖ਼ਤਮ ਹੋ ਗਿਆ।” ਕੋਈ ਵਿੱਚੋਂ ਬੋਲੀ

ਹਰਜੀਤ, ਸਰਬਜੀਤ ਦੇ ਘਰਦਿਆਂ ਨੂੰ ਲੈਣ ਗਿਆ ਹੋਇਆ ਸੀ। ਹੁਣੇ ਮੁੜਿਆ ਹੈ ਸਭ ਨੂੰ ਲੈ ਕੇ। ਸਰਬਜੀਤ ਨੇ ਜਦੋਂ ਆਪਣੇ ਘਰ ਦੇ ਆਉਂਦੇ ਦੇਖੇ ਤਾਂ ਜ਼ੋਰ ਦੀ ਕੂਕ ਮਾਰਦੀ ਬੋਲੀ,” ਓਏ ਤੁਸੀਂ ਵੀ ਆ ਗਏ। ਕੀ ਹੋ ਗਿਆ … ਤਰਸੇਮ ਨੂੰ ਕੀ ਹੋ ਗਿਆ।”

ਜਦੋਂ ਸਰਬਜੀਤ ਨੂੰ ਉਸ ਦੇ ਪਿਓ ਨੇ ਆ ਕੇ ਬਾਂਹਾਂ ਵਿੱਚ ਲਿੱਤਾ ਤੇ ਧਾਹ ਮਾਰ ਕੇ ਕਿਹਾ,” ਹਾਏ ਮੇਰੀਏ ਬੱਚੀਏ, ਆਹ ਕੀ ਹੋ ਗਿਆ। ਓਏ ਰੱਬਾ ਇਸ ਤੋਂ ਚੰਗਾ ਸੀ ਮੈਨੂੰ ਚੱਕ ਲੈਂਦਾ। ਮੇਰੀ ਧੀ ਦੀਆਂ ਖ਼ੁਸ਼ੀਆਂ ਕਿਉਂ ਖੋਹ ਲਈਆਂ ਰੱਬਾ।”
ਤਾਂ ਸਰਬਜੀਤ ਜ਼ੋਰ ਜ਼ੋਰ ਦੀ ਰੋਣ ਲੱਗ ਪਈ ਤੇ ਭੱਜ ਕੇ ਜਾ ਕੇ ਤਰਸੇਮ ਦੀ ਲਾਸ਼ ਉੱਤੇ ਗਿਰ ਗਈ।

ਪਿੰਡ ਦੇ ਪਤਵੰਤੇ ਸੱਜਣਾਂ ਨੇ ਮੂਹਰੇ ਹੋ ਕੇ ਤਰਸੇਮ ਦਾ ਸੰਸਕਾਰ ਕਰ ਦਿੱਤਾ। ਸਰਬਜੀਤ ਦੇ ਮਾਪੇ ਸਰਬਜੀਤ ਕੋਲ ਹੀ ਰੁਕ ਗਏ। ਤਰਸੇਮ ਦਾ ਭਰਾ ਵੀ ਆਇਆ ਹੋਇਆ।

ਪੁਲਿਸ ਆਈ ਹੈ ਉਨ੍ਹਾਂ ਨੇ ਆ ਕੇ ਪੁੱਛਿਆ,” ਤੁਹਾਨੂੰ ਕਿਸੇ ਤੇ ਸ਼ੱਕ ਹੈ ਤਾਂ ਦੱਸੋ।”

ਅੰਦਰੋਂ ਸਰਬਜੀਤ ਬੋਲੀ,” ਤੁਹਾਨੂੰ ਸਭ ਪਤਾ ਹੈ, ਕੀ ਲੁਕਿਆ ਹੋਇਆ ਤੁਹਾਡੇ ਕੋਲੋਂ। ਜਦੋਂ ਤਰਸੇਮ ਜਾ ਜਾ ਕੇ ਤੁਹਾਡੇ ਤਰਲੇ ਕੱਢਦਾ ਸੀ ਕੇ ਉਹ ਬੇਕਸੂਰ ਹੈ ਤੁਸੀਂ ਉਸ ਦੀ ਇੱਕ ਨਹੀਂ ਸੁਣੀ।
ਬਹੁਤ ਰੋਕਿਆ ਸੀ ਮੈਂ ਤਾਂ, ਚੰਗੀ ਭਲੀ ਰੋਟੀ ਖਾਂਦੇ ਹਾਂ। ਸਾਨੂੰ ਨਹੀਂ ਲੋੜ ਬਹੁਤੇ ਪੈਸਿਆਂ ਦੀ। ਸਾਥ ਛੱਡ ਦੇਵੋ ਗੁਰਜੰਟ ਦਾ। ਇੱਕ ਨਹੀਂ ਸੁਣੀ ਮੇਰੀ।
ਦੂਜੇ ਦਾ ਪੱਕਾ ਦੇਖ ਕੇ ਆਪਣਾ ਕੱਚਾ ਢਾਹ ਲਿਆ। ਓਏ ਤੇਰਾ ਕੱਖ ਨਾ ਰਹੇ ਗੁਰਜੰਟ, ਰੱਬ ਦੇਖਦਾ ਤੇਰੇ ਖ਼ਾਨਦਾਨ ਦੇ ਕੀੜੇ ਪੈਣਗੇ।”

ਦਰਅਸਲ ਕੁੱਝ ਦਿਨ ਪਹਿਲਾਂ ਤੋਂ ਕਹਾਣੀ ਅੱਗੇ ਚਲਾਉਂਦੇ ਹਾਂ …….

ਕੁੱਝ ਦਿਨ ਪਹਿਲਾਂ ਗੁਰਜੰਟ ਨੇ ਸਰਬਜੀਤ ਤਰਸੇਮ ਦੇ ਪਿੱਛੇ ਸਕੂਟਰ ਉੱਤੇ ਬੈਠੀ ਜਾਂਦੀ ਦੇਖੀ। ਉਹ ਬੋਲਿਆ,” ਹੁਣ ਇਹਦਾ ਵੀ ਕੰਡਾ ਕੱਢ ਹੀ ਦਿੰਦੇ ਹਾਂ। ਰੜਕੀ ਜਾਂਦੀ ਆ ਸਾਲੀ ਅੱਖ ਵਿੱਚ।”

” ਬਾਈ ਕੀ ਕਰਨਾ ਦੱਸ ਤੇਰੇ ਲਈ ਜਾਨ ਹਾਜ਼ਰ ਹੈ।” ਗੱਡੀ ਵਿੱਚ ਨਾਲ ਬੈਠਾ ਕੌਲੀ ਚੱਟ ਬੋਲਿਆ

“ਕੁੱਝ ਨਹੀਂ ਗ਼ਰੀਬ ਨੂੰ ਮਾਰਨਾ ਕਿਤੇ ਔਖਾ, ਮਾੜੀ ਜਿਹੀ ਚੂੜੀ ਟਾਈਟ ਕਰਨ ਦੀ ਲੋੜ ਹੈ ਦੇਖੀਂ ਕਿਵੇਂ ਪੈਰੀਂ ਗਿਰਦੀ ਇਹ ਸਾਲੀ। ਕੱਲ੍ਹ ਨੂੰ ਤਰਸੇਮ ਨੂੰ ਦਫ਼ਤਰ ਲੈ ਕੇ ਆਵੀਂ ਦੇਖ ਮੈਂ ਕੀ ਕਰਦਾ।” ਗੁਰਜੰਟ ਬੋਲਿਆ

ਅਗਲੇ ਦਿਨ ਜਦੋਂ ਤਰਸੇਮ ਦਫ਼ਤਰ ਪਹੁੰਚਿਆ ਗੁਰਜੰਟ ਬੋਲਿਆ,” ਆ ਤਰਸੇਮ ਬਹਿ ਜਾ। ਮੈਂ ਤਾਂ ਤੈਨੂੰ ਜ਼ਿੰਦਗੀ ਵਿੱਚ ਉੱਪਰ ਚੁੱਕਣਾ ਚਾਹੁੰਦਾ ਹਾਂ । ਦੁਕਾਨਾਂ ਵਾਲੀ ਗੱਲ ਨਹੀਂ ਬਣੀ ਕੋਈ ਨਾ। ਆਹ ਜਿਹੜੀ ਕਾਲੋਨੀ ਆਪਾਂ ਕੱਟੀ ਹੈ ਉਸ ਦਾ ਸਾਰਾ ਕੰਮ ਕਾਰ ਮੈਂ ਤੇਰੇ ਹਵਾਲੇ ਕਰਨਾ ਚਾਹੁੰਦਾ ਹਾਂ। ਨਾਲੇ ਤਾਂ ਤੂੰ ਸਾਰਾ ਕੰਮ ਸਿੱਖ ਜਾਵੇਂਗਾ। ਨਾਲੇ ਇਲਾਕੇ ਵਿੱਚ ਤੇਰਾ ਨਾਮ ਹੋ ਜਾਊ ਲੋਕ ਵੀ ਜਾਣਨ ਲੱਗ ਪੈਣਗੇ ਤੈਨੂੰ। ਮੈਂ ਹਰ ਪਲਾਟ ਦੀ ਰਜਿਸਟਰੀ ਤੇ ਤੈਨੂੰ ਪੰਜ ਹਜ਼ਾਰ ਰੁਪਏ ਦਿਆ ਕਰੂੰ। ਤੂੰ ਤਹਿਸੀਲ ਜਾ ਕੇ ਰਜਿਸਟਰੀ ਕਰਵਾ ਕੇ ਆਇਆ ਕਰਨੀ ਹੈ। ਜਾਹ ਓਏ ਛੋਟੂ ਜਾ ਕੇ ਤਰਸੇਮ ਦੇ ਨਾਮ ਦਾ ਮੁਖ਼ਤਿਆਰ ਨਾਵਾਂ ਬਣਵਾ ਦੇ, ਮਾਲਕ ਬਣਾ ਦੇ ਕਾਲੋਨੀ ਦਾ ਬਾਈ ਨੂੰ ।”

ਖ਼ੁਸ਼ੀ ਵਿੱਚ ਖੀਵਾ ਹੋਇਆ ਤਰਸੇਮ ਘਰ ਪਹੁੰਚਿਆ ਤੇ ਸਰਬਜੀਤ ਨੂੰ ਬੋਲਿਆ,” ਲੈ ਐਵੇਂ ਨਿੰਦਿਆ ਕਰਦੀ ਸੀ ਤੂੰ ਮੇਰੇ ਯਾਰ ਨੂੰ ਦੇਖ ਲੈ ਉਸ ਨੇ ਕਰੋੜਾਂ ਦੀ ਜ਼ਮੀਨ ਮੇਰੇ ਨਾਮ ਕਰ ਦਿੱਤੀ। ਪੂਰੀ ਕਾਲੋਨੀ ਦਾ ਮਾਲਕ ਬਣਾ ਦਿੱਤਾ ਮੈਨੂੰ। ਆਪਣੀ ਕੁਰਸੀ ਦੇ ਨਾਲ ਕੁਰਸੀ ਡਾਹੀ ਹੈ ਮੇਰੀ।”

ਸਰਬਜੀਤ ਨੇ ਬਹੁਤ ਰੋਕਿਆ ਤਰਸੇਮ ਨੂੰ ਪਰ ਉਸ ਨੇ ਇੱਕ ਨਾ ਸੁਣੀ। ਲਾਲਚ ਕਰ ਗਿਆ ਸੀ ਤਰਸੇਮ।
ਉਸ ਦੇ ਇਸੇ ਲਾਲਚ ਦੀ ਆੜ ਵਿੱਚ ਗੁਰਜੰਟ ਪੂਰੀ ਕਾਲੋਨੀ ਦੋ ਵਾਰ ਵੇਚ ਗਿਆ।

ਕੁੱਝ ਦਿਨਾਂ ਬਾਅਦ ਹੀ ਰੌਲਾ ਪੈ ਗਿਆ। ਪਲਾਟਾਂ ਵਾਲਿਆਂ ਦਾ ਕਬਜ਼ੇ ਨੂੰ ਲੈ ਕੇ ਆਪਸੀ ਤਕਰਾਰ ਸ਼ੁਰੂ ਹੋ ਗਿਆ। ਗੁਰਜੰਟ ਪੈਸੇ ਇਕੱਠੇ ਕਰਕੇ ਪਾਸੇ ਹੋ ਗਿਆ। ਕਿਉਂਕਿ ਰਜਿਸਟਰੀਆਂ ਖੜ ਕੇ ਤਰਸੇਮ ਨੇ ਕਰਵਾਈਆਂ ਸਨ, ਫਸ ਗਿਆ ਤਰਸੇਮ।

ਬਹੁਤ ਪਰੇਸ਼ਾਨ ਹੋ ਗਿਆ ਸੀ ਤਰਸੇਮ, ਕਦੇ ਠਾਣੇ , ਕਦੇ ਲੋਕਾਂ ਨਾਲ ਹੱਥੋ ਪਾਈ। ਕਰੋੜਾਂ ਰੁਪਏ ਦੀ ਦੇਣਦਾਰੀ ਸਿਰ ਹੋ ਗਈ ਸੀ। ਉਸ ਨੂੰ ਕੁੱਝ ਸਮਝ ਨਹੀਂ ਆ ਰਹੀ ਸੀ, ਇਹ ਕੀ ਹੋ ਗਿਆ ਉਸ ਨਾਲ।

ਜਦੋਂ ਉਹ ਗੁਰਜੰਟ ਕੋਲ ਗਿਆ, ਤਾਂ ਗੁਰਜੰਟ ਉਸ ਨੂੰ ਦੇਖ ਕੇ ਪਹਿਲਾਂ ਹੀ ਬੋਲ ਪਿਆ,” ਬੜਾ ਚਲਾਕ ਨਿਕਲਿਆ ਬਾਈ ਤੂੰ ਤਾਂ। ਮੇਰੇ ਵਿਸ਼ਵਾਸ ਦਾ, ਮੇਰੀ ਸ਼ਰਾਫ਼ਤ ਦਾ ਨਜਾਇਜ਼ ਫ਼ਾਇਦਾ ਚੁੱਕ ਗਿਆ। ਬੜਾ ਹਿਸਾਬੀ ਨਿਕਲਿਆ ਪੂਰਾ ਥੋੜ੍ਹ ਵੇਚ ਗਿਆ ਸਾਡੇ ਬਰਾਬਰ। ਪਤਾ ਕਿੰਨਾ ਔਖਾ ਨਾਮ ਕਮਾਇਆ ਸੀ। ਸਭ ਖ਼ਰਾਬ ਕਰ ਦਿੱਤਾ ਤੈਂ ਤਾ। ਤਰਸੇਮ ਆਹ ਤੈਂ ਚੰਗਾ ਨਹੀਂ ਕੀਤਾ ਯਾਰਾ।”

ਗੁਰਜੰਟ ਦੀ ਗੱਲ ਸੁਣ ਕੇ ਤਰਸੇਮ ਹੈਰਾਨ ਹੋ ਗਿਆ, ” ਇੱਕ ਤਾਂ ਚੋਰ ਉੱਤੋਂ ਚਤੁਰਾਈਆਂ। ਸਮਝ ਗਿਆ ਸੀ ਤਰਸੇਮ ਕੇ ਉਸ ਨਾਲ ਧੋਖਾ ਹੋ ਗਿਆ ਹੈ।”

ਇੱਕ ਦਿਨ ਪੁਲੀਸ ਨੇ ਸਵੇਰ ਦਾ ਤਰਸੇਮ ਨੂੰ ਫੜਕੇ ਠਾਣੇ ਵਿੱਚ ਬਿਠਾਇਆ ਹੋਇਆ ਸੀ। ਗੁਰਜੰਟ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਗੱਡੀ ਚੁੱਕ ਕੇ ਤਰਸੇਮ ਦੇ ਘਰੇ ਪਹੁੰਚ ਗਿਆ। ਸਰਬਜੀਤ ਨੂੰ ਜਾਂਦਿਆਂ ਬੋਲਿਆ ,” ਆਹ ਕੀ ਕਰ ਲਿਆ ਤਰਸੇਮ ਨੇ ਐਨਾ ਲਾਲਚ ਠੀਕ ਨਹੀਂ ਹੁੰਦਾ। ਛੋਟਾ ਮੋਟਾ ਘਪਲਾ ਹੁੰਦਾ ਬੰਦਾ ਕਹਿੰਦਾ ਚਲੋ ਕੋਈ ਗੱਲ ਨਹੀਂ ਪਰ ਕਰੋੜਾਂ ਦੀ ਹੇਰਾਫੇਰੀ…..”

” ਗੁਰਜੰਟ ਤੈਨੂੰ ਵੀ ਸਭ ਪਤਾ, ਪਤਾ ਸਾਨੂੰ ਵੀ ਸਾਰਾ ਹੈ, ਕਿਸ ਨੇ ਕਿਸ ਦੇ ਨਾਲ ਕੀ ਕੀਤਾ। ਫ਼ਰਕ ਸਿਰਫ਼ ਇਹ ਹੈ, ਸਾਡੀ ਗ਼ਰੀਬਾਂ ਦੀ ਕਹੀ ਕੋਈ ਮੰਨਦਾ ਨਹੀਂ।” ਸਰਬਜੀਤ ਚੁੰਨੀ ਨਾਲ ਸਿਰ ਢਕਦੀ ਬੋਲੀ

” ਲੈ ਤੁਸੀਂ ਮੇਰੇ ਹੁੰਦੇ ਕਿਵੇਂ ਗ਼ਰੀਬ ਹੋ ਗਏ। ਤੁਸੀਂ ਮੈਨੂੰ ਖ਼ੁਸ਼ ਕਰ ਦੇਵੋ ਮੈਂ ਤਰਸੇਮ ਨੂੰ ਇਸ ਮੁਸੀਬਤ ਵਿੱਚੋਂ  ਮੱਖਣ ਵਿੱਚੋਂ ਵਾਲ ਵਾਂਗੂੰ ਬਾਹਰ ਕੱਢ ਦਿੰਦਾ।” ਗੁਰਜੰਟ ਅੱਗੇ ਹੁੰਦਾ ਬੋਲਿਆ

” ਗੁਰਜੰਟ ਉਹ ਤੀਵੀਆਂ ਹੋਰ ਹੁੰਦੀਆਂ ਹੋਣਗੀਆਂ ਜਿਨ੍ਹਾਂ ਨੂੰ ਤੂੰ ਆਪਣੇ ਪੈਸੇ……” ਸਰਬਜੀਤ ਬੋਲ ਹੀ ਰਹੀ ਸੀ ਕੇ ਗੁਰਜੰਟ ਨੇ ਅੱਗੇ ਹੋ ਕੇ ਉਸ ਨੂੰ ਬਾਂਹ ਤੋਂ ਫੜ ਲਿਆ,” ਮੰਨ ਵੀ ਜਾ…. ਅੱਜ ਤੱਕ ਜਿਹੜੀ ਇੱਕ ਵਾਰ ਨਿਗਾਹ ਚੜ ਗਈ ਉਹ ਨਾ ਛੱਡੀ ਫੇਰ ਯਾਰਾਂ ਨੇ। ਤੇਰੇ ਪਿੱਛੇ ਐਨੇ ਪਾਪੜ ਵੇਲੇ ਤੇਰੇ ਸਮਝ ਨਹੀਂ ਆਉਂਦੀ।” ਗੁਰਜੰਟ ਜ਼ਬਰਦਸਤੀ ਸੁੱਟਣਾ ਚਾਹੁੰਦਾ ਸੀ ਮੰਜੇ ਤੇ ਸਰਬਜੀਤ ਨੂੰ

ਗਿਰਦੀ ਗਿਰਦੀ ਸਰਬਜੀਤ ਦੇ ਹੱਥ ਚਰਖੇ ਦਾ ਤੱਕਲ਼ਾ ਆ ਗਿਆ। ਪੂਰੇ ਜ਼ੋਰ ਨਾਲ ਜਦੋਂ ਸਰਬਜੀਤ ਨੇ ਗੁਰਜੰਟ ਦੇ ਤੱਕਲ਼ਾ ਮਾਰਿਆ ਤਾਂ ਉਹ ਉਸ ਦੇ ਮੱਥੇ ਵਿੱਚ ਖੁੱਭ ਗਿਆ। ਧਰਾਲ਼ਾਂ ਪੈ ਗਈਆਂ ਖ਼ੂਨ ਦੀਆਂ। ਮੱਥੇ ਤੇ ਹੱਥ ਧਰ ਕੇ ਜਾਂਦਾ ਜਾਂਦਾ ਗੁਰਜੰਟ ਬੋਲਿਆ,” ਭੁਗਤਣਾ ਪੈਣਾ ਹੁਣ ਭੁਗਤਣਾ ਪੈਣਾ। ਅੱਜ ਨਹੀਂ ਤਾਂ ਕੱਲ੍ਹ ਦੇਖ ਲਵੀ ਤੂੰ ਆਪ ਆਵੇਗੀ ਮੇਰੇ ਕੋਲੇ।”

” ਜਾ ਜਾ ਤੁਰ ਜਾ ਕਿਤੇ ਕੁੱਝ ਹੋਰ ਨਾ ਕਰਵਾ ਲਵੀ ਮੇਰੇ ਕੋਲੋਂ। ਮੈਂ ਤਾਂ ਜਦੋਂ ਤੈਨੂੰ ਪਹਿਲੀ ਵਾਰ ਦੇਖਿਆ ਸੀ ਓਦੋਂ ਹੀ ਸਮਝ ਗਈ ਸੀ ਕੇ ਤੇਰੀ ਮਾਂ ਨੇ ਤੂੰ ਸੰਧਾਰਾ ਜੰਮਿਆ ਵਾ।” ਸਰਬਜੀਤ ਸ਼ੇਰਨੀ ਵਾਂਗੂੰ ਗੱਜਦੀ ਬੋਲੀ

ਉਸ ਦਿਨ ਜਦੋਂ ਸ਼ਾਮ ਨੂੰ ਤਰਸੇਮ ਘਰ ਆਇਆ ਤਾਂ ਸਰਬਜੀਤ ਨੇ ਸਾਰੀ ਗੱਲ ਖੋਲ੍ਹ ਕੇ ਦੱਸੀ । ਪੂਰੀ ਗੱਲ ਸੁਣ ਕੇ ਤਰਸੇਮ ਨੂੰ ਗ਼ੁੱਸਾ ਆ ਗਿਆ। ਜਾ ਪਹੁੰਚਿਆ ਉਹ ਗੁਰਜੰਟ ਦੇ ਦਫ਼ਤਰ ਤੇ ਬੋਲਿਆ,” ਤੈਨੂੰ ਪਤਾ ਗੁਰਜੰਟ ਅਸੀਂ ਮਿਸਤਰੀ ਕੌਮ ਆ। ਜਿਹੜੀ ਢਿੰਬਰੀ ਅਸੀਂ ਖੱਬੇ ਹੱਥ ਨਾਲ ਕਸ ਦੇਈਏ ਉਹ ਤੇਰੇ ਜਿਹੇ ਨਪੁੰਸਕ ਤੋਂ ਸੱਜੇ ਹੱਥ ਨਾਲ ਵੀ ਨਹੀਂ ਖੁੱਲ੍ਹਦੀ। ਤੈਂ ਜਿਹੜੀ ਕਰਤੂਤ ਅੱਜ ਕੀਤੀ ਹੈ ਉਸ ਨਾਲੋਂ ਘਟਿਆ ਹੋਰ ਕੁੱਝ ਨਹੀਂ ਹੋ ਸਕਦਾ। ਮੈਂ ਤਾਂ ਜਿਉਂਦੇ ਜੀਅ ਮਰ ਗਿਆ, ਜੀਣ ਦਾ ਹੱਕ ਹੁਣ ਤੇਰਾ ਵੀ ਨਹੀਂ ਬਣਦਾ।” ਐਨਾ ਕਹਿੰਦੇ ਸਾਰ ਤਰਸੇਮ ਨੇ ਬੋਝੇ ਵਿੱਚੋਂ ਕੱਢ ਕੇ ਗੁਰਜੰਟ ਦੇ ਤਿੰਨ ਚਾਰ ਵਾਰ ਚਾਕੂ ਮਾਰਿਆ ਤੇ ਗੁਰਜੰਟ ਪਾਰ ਬੁਲਾ ਦਿੱਤਾ। ਫੇਰ ਗੁਰਜੰਟ ਦੇ ਗਿਰੇ ਪਏ ਦੇ ਮੂੰਹ ਤੇ ਥੁੱਕ ਕੇ ਬੋਲਿਆ,” ਲਾਹਨਤ ਤੇਰੇ ਵਰਗੇ ਜੱਟ ਤੇ।”

ਤਰਸੇਮ ਨੇ ਜੋਸ਼ ਵਿੱਚ ਆ ਕੇ ਗੁਰਜੰਟ ਦਾ ਕਤਲ ਤਾਂ ਕਰ ਦਿੱਤਾ ਸੀ, ਪਰ ਇਹ ਅਪਰਾਧ ਉਸ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ। ਇਸ ਕਰਕੇ ਬੀਹੜ ਵਿੱਚ ਜਾ ਕੇ ਪੱਗ ਨਾਲ ਫਾਹਾ ਲੈ ਕੇ ਮਰ ਗਿਆ ਸੀ ਤਰਸੇਮ।

ਅੱਜ ਜਦੋਂ ਤਰਸੇਮ ਦਾ ਭੋਗ ਪਿਆ ਤਾਂ ਸਰਬਜੀਤ ਨੂੰ ਚਿੱਟੇ ਸੂਟ ਵਿੱਚ ਦੇਖ ਕੇ ਹਰਜੀਤ ਅੰਦਰੋਂ ਅੰਦਰੀਂ ਪੂਰੀ ਤਰ੍ਹਾਂ ਟੁੱਟ ਗਿਆ। ਉਹ ਸਰਬੀ ਜਿਸ ਨੂੰ ਦੇਖ ਕੇ ਉਸ ਨੂੰ ਖ਼ੁਸ਼ੀ ਮਿਲਦੀ ਸੀ, ਜਿਸ ਦੇ ਸੂਟਾਂ ਚੁੰਨੀਆਂ ਦਾ ਰੰਗ ਹਰਜੀਤ ਨੂੰ ਬਹਾਰਾਂ ਦਾ ਭੁਲੇਖਾ ਪਾਉਂਦੇ ਸਨ, ਜਿਸ ਨੂੰ ਹੱਸਦੀ ਦੇਖਣ ਲਈ ਘੰਟਿਆਂ ਬੱਧੀ ਉਹ ਸਰਬਜੀਤ ਦੇ ਚਿਹਰੇ ਵੱਲ ਦੇਖਦਾ ਰਹਿੰਦਾ ਸੀ,  ਉਹ ਸਭ ਅਹਿਸਾਸ  ਚਿੱਟੇ ਰੰਗ ਨੇ ਖ਼ਤਮ ਕਰ ਦਿੱਤੇ ਸਨ। ਕਿਸੇ ਅੱਥਰੀ ਬਹਾਰ ਤੇ ਇਹ ਕਿਹੜੀ ਰੁੱਤ ਚੜ੍ਹ ਆਈ ਸੀ ਕੇ ਦੂਰ ਦੂਰ ਤੱਕ ਉਜਾੜਾ ਹੀ ਉਜਾੜਾ ਕੱਕਰ ਹੀ ਕੱਕਰ ਨਜ਼ਰ ਆ ਰਿਹਾ ਸੀ। ਭੋਗ ਪੈਣ ਤੋਂ ਬਾਅਦ ਸਰਬਜੀਤ ਦੇ ਮਾਪੇ ਸਰਬਜੀਤ ਨੂੰ ਨਾਲ ਪਿੰਡ ਲੈ ਗਏ।

ਤਾਲਾ ਲੱਗ ਗਿਆ ਹੈ ਉਸ ਘਰ ਨੂੰ, ਜਿਸ ਵਿੱਚ ਕੱਲ੍ਹ ਤੱਕ ਖ਼ੁਸ਼ੀਆਂ ਦੀ ਮਲਿਕਾ ਸਰਬਜੀਤ ਰਹਿੰਦੀ ਸੀ……

ਇੱਕ ਉਹ ਭਾਗਾਂ ਵਾਲਾ ਦਿਨ ਸੀ ਜਦੋਂ ਸਰਬਜੀਤ ਵਹੁਟੀ ਬਣ ਕੇ ਬਣੇ ਚਾਵਾਂ ਨਾਲ ਸਹੁਰੀਂ ਆਈ ਸੀ ਤੇ ਇੱਕ ਇਹ ਕੁਲੇਹਣਾ ਦਿਨ ਹੈ ਕੇ ਸਰਬੀ ਚੁੱਪ ਚੁਪੀਤੇ ਵਾਪਸ ਮੁੜ ਗਈ ਹੈ। ਜਾਂਦੀ ਸਰਬਜੀਤ ਨੂੰ ਹਰਜੀਤ ਖੜ੍ਹਾ ਦੇਖਦਾ ਰਿਹਾ। ਸਰਬਜੀਤ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਖ਼ਾਮੋਸ਼ ਹੋਈ, ਬੋਝਲ ਕਦਮਾਂ ਨਾਲ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਸੀ। ਹਰਜੀਤ ਬਹੁਤ ਬੇਵਸੀ ਮਹਿਸੂਸ ਕਰ ਰਿਹਾ ਹੈ, ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਉਹ ਕੀ ਕਰੇ। ਮੌਤ ਦਾ ਫ਼ਰਮਾਨ ਰੱਬ ਨੇ ਕਿੰਨਾ ਸਖ਼ਤ ਲਿਖਿਆ ਹੈ, ਇੱਥੇ ਆ ਕੇ ਇਨਸਾਨ ਲਾਚਾਰ ਹੋ ਕੇ ਰਹਿ ਜਾਂਦਾ ਹੈ।

ਹਰਜੀਤ ਨੇ ਅਲਮਾਰੀ ਵਿੱਚੋਂ ਉਹ ਕਾਗ਼ਜ਼ ਦਾ ਟੁਕੜਾ ਚੁੱਕ ਲਿਆ ਜੋ ਸਰਬਜੀਤ ਨੇ ਪਹਿਲੀ ਵਾਰ ਲਿਖਿਆ ਸੀ।  ” ਅੱਛਾ ਜੀ  !!!!! ਭਾਬੀ ਨੂੰ ਮਸਕੇ ਲਾਏ ਜਾ ਰਹੇ ਨੇ ਜਾਂ ਫੇਰ ਸੱਚੀਂ ਸਵਾਦ ਲੱਗੀ।” ਹਰਜੀਤ ਨੇ ਕਾਗ਼ਜ਼ ਦਾ ਟੁਕੜਾ ਚੁੰਮ ਕੇ ਗਲ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ। ਓਏ ਰੱਬਾ ਇਹ ਕਿਹੜੇ ਇਮਤਿਹਾਨ ਲੈ ਰਿਹਾ ਤੂੰ ਵਿਚਾਰੀ ਦੇ, ਤੈਨੂੰ ਭੋਰਾ ਵੀ ਤਰਸ ਨਾ ਆਇਆ।”

ਰੋਂਦੇ ਹਰਜੀਤ ਦੀ ਅਵਾਜ਼ ਸੁਣ ਕੇ ਪਰਕਾਸ਼ੋ ਉੱਠ ਕੇ ਕੋਲ ਆਈ ਅਤੇ ਸਿਰ ਤੇ ਹੱਥ ਰੱਖਦੀ ਬੋਲੀ,” ਹੌਸਲਾ ਰੱਖ, ਦਾਤੇ ਦੀਆਂ ਲਿਖੀਆਂ ਕੌਣ ਮੋੜ ਸਕਦਾ ਹਰਜੀਤ।”

ਸੁਖਮਨ ਸਸਕਾਰ ਵਾਲੇ ਦਿਨ ਆਈ ਸੀ। ਉਸ ਦਾ ਸਹੁਰਾ ਕੁੱਝ ਠੀਕ ਨਹੀਂ ਸੀ ਇਸ ਕਰਕੇ ਉਸ ਨੂੰ ਮੁੜਨਾ ਪਿਆ। ਅੱਜ ਹਰਜੀਤ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਹੈ। ਨੀਂਦ ਨਹੀਂ ਆ ਰਹੀ ਉਸ ਨੂੰ। ਅਖੀਰ ਉਹ ਉੱਠ ਕੇ ਆਸਿਫ਼ ਦੇ ਘਰੇ ਚੱਲਿਆ ਗਿਆ। ਜਿਵੇਂ ਹੀ ਉਹ ਸਰਬਜੀਤ ਦੇ ਘਰ ਅੱਗਿਓਂ ਲੰਘਿਆ ਉਸ ਨੂੰ ਲੱਗਿਆ ਜਿਵੇਂ ਸਰਬਜੀਤ ਅੰਦਰ ਰੋ ਰਹੀ ਹੋਵੇ ਅਤੇ ਉਸ ਨੇ ਕਿਹਾ ਹੋਵੇ,” ਅੱਜ ਚੁੱਪ ਕਰਵਾਉਣ ਨਹੀਂ ਆਵੇਂਗਾ ਦਿਉਰਾ, ਭੈੜਿਆ ਬਹੁਤ ਜਲਦੀ ਮੂੰਹ ਮੋੜ ਲਿਆ ਭਾਬੀ ਕੋਲੋਂ।”

ਯਕਲਖ਼ਤ ਉਸ ਨੇ ਮੋਟਰ ਸਾਈਕਲ ਰੋਕ ਲਿਆ ਤੇ ਉੱਤਰ ਕੇ ਜਿਵੇਂ ਹੀ ਸਰਬਜੀਤ ਦੇ ਘਰ ਅੰਦਰ ਜਾਣ ਲੱਗਿਆ ਤਾਂ ਦਰਾਂ ਤੇ ਲੱਗਿਆ ਤਾਲਾ ਦੇਖ ਕੇ ਦੇਹਲ਼ੀ ਵਿੱਚ ਹੀ ਸਿਰ ਫੜਕੇ ਬੈਠ ਗਿਆ ਤੇ ਹੰਝੂ ਕੇਰਦਾ ਬੋਲਿਆ,” ਸੌਂ ਤੇਰੀ ਸਰਬਜੀਤ ਮੇਰਾ ਵੱਸ ਚੱਲੇ ਤਾਂ ਤੇਰੇ ਹੰਝੂਆਂ ਨੂੰ ਹਾਸਿਆਂ ਵਿੱਚ ਬਦਲ ਦੇਵਾਂ, ਮੋੜ ਲਿਆਵਾਂ ਤੇਰੇ ਤਰਸੇਮ ਨੂੰ।”

ਹਰਜੀਤ ਜਾ ਪਹੁੰਚਿਆ ਹੈ ਆਸਿਫ਼ ਦੇ ਘਰੇ। ਆਸਿਫ਼ ਹਰਜੀਤ ਨੂੰ ਰਾਤ ਦੇ ਇਸ ਵੇਲੇ ਆਇਆ ਦੇਖ ਕੇ ਹੈਰਾਨ ਹੁੰਦਾ ਬੋਲਿਆ,” ਖ਼ੈਰੀਅਤ ਹੈ ਮੀਆਂ ਰਾਤ ਦੇ ਇਸ ਵਕਤ ਕੀ ਹੋ ਗਿਆ।”

” ਆਸਿਫ਼ ਯਾਰ ਇਕੱਲੇ ਨੂੰ ਨੀਂਦ ਨਹੀਂ ਸੀ ਆ ਰਹੀ ਸੋਚਿਆ ਤੇਰੇ ਕੋਲ ਜਾ ਕੇ ਪੈ ਜਾਂਦਾ।” ਹਰਜੀਤ ਘਰ ਅੰਦਰ ਦਾਖਿਲ ਹੁੰਦਾ ਬੋਲਿਆ

” ਕਿਉਂ ਨਹੀਂ ਅੱਲਾ ਵਾਲਿਆਂ ਲੰਘ ਆ , ਪਹਿਲਾਂ ਇਹ ਦੱਸ ਤੂੰ ਕੁੱਝ ਖਾਧਾ ਹੈ ਕਿ ਨਹੀਂ।” ਹਰਜੀਤ ਦੀ ਖ਼ਾਮੋਸ਼ੀ ਤੋਂ ਸਮਝ ਗਿਆ ਹੈ ਆਸਿਫ਼ ਕੇ ਉਸ ਨੇ ਕੁੱਝ ਨਹੀਂ ਖਾਧਾ, ਆਸਿਫ਼ ਨੇ ਆਪਣੀ ਭੈਣ ਤਾਜ਼ ਬੀਬੀ ਨੂੰ ਕੁੱਝ ਗਰਮ ਕਰਕੇ ਲਿਆਉਣ ਨੂੰ ਕਿਹਾ। ਜਿਵੇਂ ਹੀ ਭੈਣ ਤਾਜ਼ ਬੀਬੀ ਨੇ ਲਿਆ ਕੇ ਕੁੱਝ ਖਾਣ ਲਈ ਰੱਖਿਆ, ਹਰਜੀਤ ਰੋਟੀ ਦੇਖ ਕੇ ਰੋਣ ਲੱਗ ਪਿਆ,” ਇਹ ਰੋਟੀ ਹੁਣ ਕਦੇ ਵੀ ਪਹਿਲਾਂ ਜਿਹੀ ਸਵਾਦ ਨਹੀਂ ਲੱਗਣੀ…. ਆਸਿਫ਼ ਯਾਰ ਇਹ ਕੀ ਹੋ ਗਿਆ।”

” ਭਾਈ ਜਾਨ ਤੁਸੀਂ ਖ਼ੁਦਾ ਤੇ ਯਕੀਨ ਰੱਖੋ ਉਹੀ ਹੈ ਜੋ ਆਪਣੇ ਬੰਦਿਆਂ ਦੇ ਦਰਦ ਦੀ ਦਵਾ ਕਰਦਾ ਹੈ। ਤੁਹਾਡੇ ਤੇ ਵੀ ਉਹ ਆਪ ਕਰਮ ਕਰੇਗਾ। ਆਮੀਨ ।” ਆਸਿਫ਼ ਦੀ ਭੈਣ ਹਰਜੀਤ ਦੇ ਮੂੰਹ ਵਿੱਚ ਬੁਰਕੀ ਪਾਉਂਦੀ ਬੋਲੀ

ਸਾਰੇ ਪੈ ਗਏ ਨੇ ਪਰ ਹਰਜੀਤ ਦੀ ਨੇਮ ਨੂੰ ਇੱਕ ਪਲ ਲਈ ਅੱਖ ਨਾ ਲੱਗੀ। ਬੇਚੈਨੀ ਦਾ ਆਲਮ ਇਸ ਕਦਰ ਹੈ ਕੇ ਜਦੋਂ ਸਵੇਰੇ ਆਸਿਫ਼ ਦੀ ਅੰਮੀ ਨਮਾਜ਼ ਪੜ੍ਹਨ ਲਈ ਉੱਠੀ ਹਰਜੀਤ ਜਾਗਦਾ ਪਿਆ ਸੀ। ਉਹ ਵੀ ਉੱਠ ਕੇ ਘਰ ਚੱਲਿਆ ਗਿਆ।

ਦੋ ਮਹੀਨੇ ਲੰਘ ਗਏ ਨੇ ਤਰਸੇਮ ਨੂੰ ਗਿਆਂ। ਹੋਰ ਦੋ ਮਹੀਨਿਆਂ ਤੱਕ ਹਰਜੀਤ ਦਾ ਜੀਜਾ ਦੁਬਈ ਤੋਂ ਮੁੜ ਕੇ ਆਉਣ ਵਾਲਾ ਹੈ। ਜਿਵੇਂ ਜਿਵੇਂ ਹਰਜੀਤ ਦੇ ਵਿਆਹ ਦੀ ਤਾਰੀਖ਼ ਨੇੜੇ ਆ ਰਹੀ ਹੈ ਉਸ ਦੀ ਘਬਰਾਹਟ ਵਧਦੀ ਜਾ ਰਹੀ ਹੈ, ਉਹ ਅਕਸਰ ਬੈਠਾ ਸੋਚਦਾ ਹੈ ,” ਬੱਸ ਜਮਾਂ ਸਾਦਾ ਵਿਆਹ ਕਰਵਾਉਣਾ ਹੈ। ਗੁਰਦੁਆਰੇ ਵਿੱਚ ਲਾਵਾਂ ਲੈ ਕੇ ਘਰ ਲੈ ਆਉਣਾ ਜਸਮੀਤ ਨੂੰ। ਸ਼ਗਨ ਮਨਾਉਣ ਨੂੰ ਤਾਂ ਉੱਕਾ ਵੀ ਮਨ ਨਹੀਂ ਹੈ। ਕੀ ਸੋਚੇਗੀ ਸਰਬਜੀਤ ਉਸ ਦਾ ਤਾਂ ਰੱਬ ਨੇ ਸਭ ਕੁੱਝ ਖੋਹ ਲਿਆ ਤੇ ਮੈਂ…. ਮੈਂ ਸਭ ਕੁੱਝ ਭੁੱਲ ਕੇ ਖ਼ੁਸ਼ੀਆਂ ਮਨਾਉਂਦਾ ਫਿਰਦਾ ਹਾਂ।”

ਹਰਜੀਤ ਨੇ ਕਈ ਵਾਰ ਕੋਸ਼ਿਸ਼ ਕਰੀ ਸਰਬਜੀਤ ਕੋਲ ਜਾਣ ਦੀ ਘਰੋਂ ਵੀ ਤੁਰ ਪਿਆ ਪਰ ਰਾਹ ਵਿੱਚੋਂ ਮੁੜ ਆਇਆ ਹੌਸਲਾ ਨਹੀਂ ਪਿਆ ਸਰਬਜੀਤ ਮੂਹਰੇ ਜਾਣ ਦਾ। ਜਸਮੀਤ ਨੂੰ ਹੀ ਅਕਸਰ ਫ਼ੋਨ ਤੇ ਪੁੱਛ ਲੈਂਦਾ ਹੈ ਸਰਬਜੀਤ ਵਾਰੇ,” ਜਸਮੀਤ ਸਰਬਜੀਤ ਕਿਵੇਂ ਹੈ।”

ਜਸਮੀਤ ਭਰੇ ਮਨ ਨਾਲ ਬੋਲੀ,” ਭੈਣ ਤਾਂ ਬੁੱਤ ਬਣ ਗਈ ਹੈ, ਸਾਰੇ ਸਮਝਾਉਂਦੇ ਨੇ, ਕੋਸ਼ਿਸ਼ ਵੀ ਕਰਦੇ ਨੇ ਉਸ ਦਾ ਧਿਆਨ ਹੋਰ ਪਾਸੇ ਪਾਉਣ ਦਾ, ਮੁੜ ਘਿੜ ਕੇ ਗੱਲ ਫੇਰ ਉੱਥੇ ਹੀ ਪਹੁੰਚ ਜਾਂਦੀ ਹੈ…… ਅੱਜ ਪਾਪਾ ਮੰਮੀ ਨਾਲ ਗੱਲ ਕਰ ਰਹੇ ਸੀ ਜੇ ਕੋਈ ਲੋੜਵੰਦ ਮੁੰਡਾ ਮਿਲ ਜਾਵੇ ਤਾਂ ਜਸਮੀਤ ਤੋਂ ਪਹਿਲਾਂ ਸਰਬਜੀਤ ਦਾ ਵਿਆਹ ਕਰ ਦੇਈਏ।”

ਹਰਜੀਤ ਦੇ ਵਿਆਹ ਨੂੰ ਹਫ਼ਤਾ ਹੀ ਰਹਿ ਗਿਆ। ਪਰ ਸਰਬਜੀਤ ਲਈ ਕੋਈ ਨਵਾਂ ਸਾਕ ਨਾ ਮਿਲਿਆ। ਹਰਜੀਤ ਦਾ ਜੀਜਾ ਵੀ ਆ ਗਿਆ ਹੈ ਦੁਬਈ ਤੋਂ। ਅੱਜ ਹੀ ਸਵੇਰੇ ਸੁਖਮਨ ਤੇ ਉਸ ਦਾ ਘਰਵਾਲਾ ਹਰਜੀਤ ਘਰੇ ਆਏ ਨੇ। ਘਰ ਵਿੱਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਦੋਂ ਵੀ ਹਰਜੀਤ ਦੀ ਨਿਗਾਹ ਸਰਬਜੀਤ ਦੇ ਦਰਾਂ ਤੇ ਲੱਗਿਆ ਤਾਲਾ ਪੈਂਦਾ ਉਸ ਦਾ ਦਿਲ ਕੁਰਲਾ ਉੱਠਦਾ,” ਮਾਫ਼ ਕਰ ਦੇ ਮੈਨੂੰ ਸਰਬਜੀਤ, ਮੈਂ ਤੈਨੂੰ ਖ਼ੁਸ਼ੀਆਂ ਬਦਲੇ ਖ਼ੁਸ਼ੀਆਂ ਨਹੀਂ ਮੋੜ ਸਕਿਆ।”

ਸ਼ਾਮ ਪੈ ਗਈ। ਸਾਹਾ ਬੰਨ੍ਹ ਹੋ ਗਿਆ ਹਰਜੀਤ ਦਾ। ਸ਼ਾਮ ਦੀ ਰੋਟੀ ਆਸਿਫ਼ ਦਾ ਪਰਿਵਾਰ ਵੀ ਹਰਜੀਤ ਵੱਲ ਹੀ ਖਾਂਦਾ ਹੈ। ਤੰਦੂਰ ਤੇ ਰੋਟੀਆਂ ਲਹਿ ਰਹੀਆਂ ਨੇ। ਹਰਜੀਤ ਅੰਦਰ ਬੈਠਾ ਉਹ ਦਿਨ ਯਾਦ ਕਰ ਰਿਹਾ ਹੈ  ਜਦੋਂ ਪਹਿਲੀ ਵਾਰ ਉਸ ਨੇ ਸਰਬਜੀਤ ਨੂੰ ਤੰਦੂਰ ਤੇ ਰੋਟੀ ਲਾਹੁਣ ਆਈ ਨੂੰ ਦੇਖਿਆ ਸੀ। ਪਹਿਲੀ ਵਾਰ ਵਿੱਚ ਹੀ ਉਹ ਆਪਣੀ ਜਿਹੀ ਲੱਗੀ ਸੀ। ਹਰਜੀਤ ਬੈਠਾ ਸੋਚ ਹੀ ਰਿਹਾ ਸੀ ਕੇ ਉਸ ਨੇ ਦੇਖਿਆ ਜਿਹੜੀ ਤੰਦੂਰ ਤੇ ਰੋਟੀਆਂ ਲਗਾਉਣ ਲੱਗੀ ਸੀ ਉਸ ਨੇ ਆਪਣੀ ਚੁੰਨੀ ਲਾਹ ਕੇ ਕੋਲ ਖੜੀ ਬੇਬੇ ਨੂੰ ਦੇ ਦਿੱਤੀ। ਉਸ ਬੇਬੇ ਨੇ ਜਿਵੇਂ ਹੀ ਉਹ ਚੰਨੀ ਮੋਢੇ ਤੇ ਰੱਖੀ ਉਸ ਦੀ ਆਪਣੀ ਚਿੱਟੀ ਚੁੰਨੀ ਹੇਠਾਂ ਲੁੱਕ ਗਈ।
ਇਹ ਉਹੀ ਤੰਦੂਰ ਹੈ ਜਿਸ ਨੂੰ ਫੱਫੋ ਬੁੜ੍ਹੀ ਦੱਸਦੀ ਸੀ ਕਈਆਂ ਦੇ ਅੱਖ ਮਟੱਕੇ ਚੱਲਦੇ ਰਹੇ ਇਸ ਤੰਦੂਰ ਬਹਾਨੇ ਤੇ ਕਈਆਂ ਦੀ ਕਹਾਣੀ ਫਿਟ ਕਰੀ ਹੈ ਇਸ ਤੰਦੂਰ ਨੇ। ਸ਼ਾਇਦ ਹਰਜੀਤ ਨੂੰ ਵੀ ਕੋਈ ਨਵਾਂ ਸੰਕੇਤ ਦੇ ਗਿਆ ਹੈ ਤੰਦੂਰ। ਉਹ ਇੱਕ ਦਮ ਉੱਠਿਆ ਤੇ ਆਸਿਫ਼ ਕੋਲ ਗਿਆ। ” ਆਸਿਫ਼ ਸੁਖਮਨ ਨੂੰ ਬੁਲਾ ਕੇ ਲਿਆ, ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ।”

” ਹਾਂ ਵੀਰੇ ਦੱਸ।” ਸੁਖਮਨ ਨੇ ਕੋਲ ਆ ਕੇ ਪੁੱਛਿਆ

” ਸੁਖਮਨ , ਆਸਿਫ਼,  ਮੈਂ ਸਰਬਜੀਤ ਦੀ ਚੁੰਨੀ ਵਿੱਚ ਦੁਬਾਰਾ ਰੰਗ ਭਰਨਾ ਚਾਹੁੰਦਾ ਹਾਂ, ਮੈਂ ਜਸਮੀਤ ਨਾਲ ਨਹੀਂ ਸਰਬਜੀਤ ਨਾਲ ਵਿਆਹ ਕਰਵਾਵਾਂਗਾ। ਜਿਵੇਂ ਸਰਬਜੀਤ ਨੇ ਮੇਰੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਭਰ ਦਿੱਤੀਆਂ ਸਨ ਮੈਂ ਵੀ ਉਸ ਦੀ ਬੀਆਬਾਨ ਬੇਰੰਗ ਜ਼ਿੰਦਗੀ ਵਿੱਚੋਂ ਚਿੱਟਾ ਰੰਗ ਖੋਹ ਲਵਾਂਗਾ ਤੇ ਉਸ ਦੀ ਜ਼ਿੰਦਗੀ ਰੰਗੀਨ ਕਰ ਦੇਵਾਂਗਾ।” ਹਰਜੀਤ ਆਪਣੀ ਖ਼ੁਸ਼ੀ ਜ਼ਾਹਿਰ ਕਰਦਾ ਬੋਲਿਆ,” ਕਦੇ ਜਿਸ ਵੱਲ ਦੋਸਤੀ ਦਾ ਹੱਥ ਵਧਾਇਆ ਸੀ ਉਸ ਨਾਲ ਦੋਸਤੀ ਨਿਭਾਵਾਂਗਾ।”

ਸੁਖਮਨ ਹਰਜੀਤ ਦੀ ਗੱਲ ਸੁਣ ਕੇ ਖ਼ੁਸ਼ ਹੋ ਗਈ ਆਸਿਫ਼ ਨੇ ਵੀ ਖ਼ੁਦਾ ਤੋਂ ਦੁਆ ਮੰਗੀ। ਸੁਖਮਨ ਬੋਲੀ,” ਵੀਰੇ ਕੀ ਜਸਮੀਤ ਮੰਨ ਜਾਵੇਗੀ, ਉਸ ਵਿਚਾਰੀ ਦਾ ਤਾਂ ਦਿਲ ਟੁੱਟ ਜਾਵੇਗਾ। ਇੱਕ ਸਾਲ ਮਸਾਂ ਲੰਘਾਇਆ ਹੋਣਾ ਉਸ ਨੇ ਦਿਨ ਦਿਨ ਕਰਕੇ।”

” ਉਸ ਨੂੰ ਤਾਂ ਮੈਂ ਮਨਾ ਲਵਾਂਗਾ ।” ਹਰਜੀਤ ਵਿਸ਼ਵਾਸ ਨਾਲ ਬੋਲਿਆ

” ਜੇ ਉਹ ਮੰਨ ਵੀ ਗਈ ਕੀ ਸਰਬਜੀਤ ਮੰਨ ਜਾਵੇਗੀ ਇਸ ਵਿਆਹ ਲਈ।” ਸੁਖਮਨ ਅੱਗੇ ਗੱਲ ਕਰਦੀ ਬੋਲੀ

” ਸੁੱਖ ਉਹ ਤੇਰੀ ਪੱਕੀ ਸਹੇਲੀ ਹੈ ਉਸ ਨੂੰ ਮਨਾਉਣਾ ਤੇਰੇ ਜ਼ੁੰਮੇ।” ਹਰਜੀਤ ਖ਼ੁਸ਼ ਹੁੰਦਾ ਬੋਲਿਆ

” ਸਭ ਤੋਂ ਪਹਿਲਾਂ ਮੈਂ ਜਸਮੀਤ ਨਾਲ ਗੱਲ ਕਰਦਾਂ।” ਫ਼ੋਨ ਮਿਲਾਉਂਦਾ ਹਰਜੀਤ ਬੋਲਿਆ।

” ਵੀਰੇ ਕਾਹਲੀ ਨਾ ਕਰ ਫੇਰ ਸੋਚ ਲੈ।” ਸੁਖਮਨ ਹਰਜੀਤ ਨੂੰ ਗਲ ਨਾਲ ਲਾਉਂਦੀ ਬੋਲੀ

” ਸੋਚਣਾ ਕਾਹਤੋਂ, ਕੋਈ ਦੋ ਰਾਏ ਨਹੀਂ, ਹੁਣ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਸਿਰਫ਼਼ ਸਰਬਜੀਤ ਨਾਲ।” ਹਰਜੀਤ ਸੁਖਮਨ ਨੂੰ ਕਲਾਵੇ ਵਿੱਚ ਲੈਂਦਾ ਬੋਲਿਆ

ਜਿਵੇਂ ਹੀ ਜਸਮੀਤ ਨੂੰ ਹਰਜੀਤ ਨੇ ਆਪਣੇ ਦਿਲ ਦੀ ਫ਼ੋਨ ਉੱਤੇ ਦੱਸੀ ਉਹ ਬੋਲੀ,” ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ ਕੇ ਤੁਹਾਡੇ ਵਿਚਾਲੇ ਕੁੱਝ ਹੈ , ਜਿਵੇਂ ਆਪਣੇ ਮੰਗਣੇ ਵਾਲੇ ਦਿਨ ਤੁਸੀਂ ਦੋਵੇਂ ਹੱਥ ਫੜ ਕੇ ਨੱਚ ਰਹੇ ਸੀ ਮੇਰੀ ਤਾਂ ਪਹਿਲਾਂ ਹੀ ਅੱਖ ਫ਼ਰਕ ਗਈ ਸੀ।”

” ਪਾਗਲ ਨਹੀਂ ਬਣੀਦਾ ਜਸਮੀਤ ਜੇ ਸਾਡੇ ਵਿੱਚ ਕੋਈ ਇਹੋ ਜਿਹੀ ਗੱਲ ਹੁੰਦੀ ਤਾਂ ਸਰਬਜੀਤ ਮੈਨੂੰ ਤੇਰਾ ਰਿਸ਼ਤਾ ਕਿਉਂ ਕਰਵਾਉਂਦੀ। ਮੈਂ ਤਾਂ ਸਿਰਫ ਨੇਕੀ ਕਰਨਾ ਚਾਹੁੰਦਾ ਹਾਂ ਉਸ ਨੇਕ ਪਵਿੱਤਰ ਆਤਮਾ ਨਾਲ ਜਿਸ ਦੇ ਪਰਛਾਵੇਂ ਨੇ ਵੀ ਹਰ ਕਿਸੇ ਨੂੰ ਖ਼ੁਸ਼ੀਆਂ ਵੰਡੀਆਂ।” ਹਰਜੀਤ ਬੋਲਿਆ,” ਮੈਨੂੰ ਪਤਾ ਹੈ ਤੇਰੇ ਲਈ ਇਹ ਔਖਾ ਫ਼ੈਸਲਾ ਹੈ ਪਰ ਸੋਚ ਕੇ ਦੇਖ ਜੇ ਆਪਾ ਆਪਣੇ ਪਿਆਰ ਦੀ ਕੁਰਬਾਨੀ ਦੇ ਕੇ ਉਸ ਵਿਚਾਰੀ ਦੀ ਜ਼ਿੰਦਗੀ ਖ਼ੁਸ਼ਹਾਲ ਕਰ ਦੇਈਏ ਤਾਂ ਸਰਬਜੀਤ ਦੀ ਆਤਮਾ ਆਪਾਂ ਨੂੰ ਕਿੰਨੀਆਂ ਅਸੀਸਾਂ ਦੇਵੇਗੀ। ਕੀ ਪਤਾ ਉਸ ਦੀਆ ਅਸੀਸਾਂ ਕਰਕੇ ਤੈਨੂੰ ਮੇਰੇ ਨਾਲੋਂ ਵੀ ਚੰਗਾ ਜੀਵਨ ਸਾਥੀ ਮਿਲ ਜਾਵੇ।” ਹਰਜੀਤ ਜਸਮੀਤ ਦਾ ਤਰਲਾ ਕੱਢਦਾ ਬੋਲਿਆ,” ਸੋਚ ਆਪਣੀ ਭੈਣ ਵਾਰੇ ਸੋਚ ਇਸ ਸਮੇਂ ਉਸ ਨੂੰ ਸਹਾਰੇ ਦੀ ਸਭ ਤੋਂ ਵੱਧ ਲੋੜ ਹੈ। ਮੈਨੂੰ ਯਕੀਨ ਹੈ ਤੂੰ ਮੇਰਾ ਪੂਰਾ ਸਾਥ ਦੇਵੇਂਗੀ।”

” ਗੱਲਾਂ ਵਿੱਚ ਤੇਰੇ ਤੋਂ ਕੋਈ ਨਹੀਂ ਜਿੱਤ ਸਕਦਾ।” ਰੋਂਦੀ ਹੋਈ ਜਸਮੀਤ ਬੋਲੀ

” ਦੇਖ ਤੂੰ ਰੋ ਨਾ, ਮੈਂ ਸਵੇਰੇ ਸੁਖਮਨ ਨੂੰ ਆਸਿਫ਼ ਨਾਲ ਤੁਹਾਡੇ ਘਰੇ ਭੇਜਾਂਗਾ। ਤੁਸੀਂ ਸਾਰਿਆਂ ਨੇ ਮਿਲ ਕੇ ਸਰਬਜੀਤ ਨੂੰ ਮਨਾਉਣਾ ਹੈ। ਜਸਮੀਤ ਅੱਜ ਮੇਰੀ ਨਿਗ੍ਹਾ ਵਿੱਚ ਤੇਰੀ ਬਹੁਤ ਇੱਜ਼ਤ ਵਧ ਗਈ ਹੈ।” ਹਰਜੀਤ ਫ਼ੋਨ ਕੱਟਦਾ ਬੋਲਿਆ।

ਅੰਦਰ ਵੜ ਕੇ ਬਹੁਤ ਰੋਈ ਜਸਮੀਤ ਪਰ ਉਹ ਹਰਜੀਤ ਨਾਲ ਸਹਿਮਤ ਹੋ ਗਈ।

ਜਦੋਂ ਸਰਬਜੀਤ ਨੇ ਜਸਮੀਤ ਦੀਆਂ ਅੱਖਾਂ ਦੇਖੀਆਂ ਉਸ ਨੇ ਜਸਮੀਤ ਨੂੰ ਕੋਲ ਬੁਲਾ ਕੇ ਪੁੱਛਿਆ, ” ਕੀ ਹੋਇਆ, ਤੈਨੂੰ ਹਰਜੀਤ ਨੇ ਕੁੱਝ ਕਿਹਾ। ਮੈਨੂੰ ਤੂੰ ਰੋਈ ਹੋਈ ਲੱਗਦੀ ਹੈਂ। ਦੱਸ ਦੇ ਜੇ ਉਹ ਕੁੱਝ ਵੀ ਬੋਲਿਆ ਮੈਂ ਉਸ ਦੇ ਹੁਣੇ ਕੰਨ ਪੱਟ ਦਿੰਦੀ ਹਾਂ।”

” ਨਹੀਂ ਭੈਣ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਬੈਠੀ ਬੈਠੀ ਦਾ ਮਨ ਭਰ ਆਇਆ ਸੀ।” ਜਸਮੀਤ ਗੱਲ ਲੁਕਾਉਂਦੀ ਬੋਲੀ

” ਆਹੋ ਜਸਮੀਤ, ਬਾਬਲ ਘਰੋਂ ਜਾਣਾ ਕਿਹੜਾ ਸੌਖਾ ਹੁੰਦਾ। ਇਸ ਬੂਟੇ ਦੀ ਛਾਂ ਵਰਗਾ ਦੁਨੀਆ ਵਿੱਚ ਹੋਰ ਕੋਈ ਬੂਟਾ ਨਹੀਂ ਹੁੰਦਾ।
ਮੈਨੂੰ ਦੇਖ ਲੈ ਮੈਂ ਫੇਰ ਆ ਕੇ ਬੈਠ ਗਈ ਹਾਂ ਬਾਬਲ ਦੇ ਦਰ ਤੇ ਦੁੱਖ ਦੇਣ ਨੂੰ ।” ਅੱਖਾਂ ਭਰ ਆਈਆਂ ਸਰਬਜੀਤ ਦੀਆਂ ਤਰਸੇਮ ਨੂੰ ਯਾਦ ਕਰਕੇ।

ਜਸਮੀਤ ਸਰਬਜੀਤ ਦੇ ਹੱਥ ਤੇ ਹੱਥ ਰੱਖ ਕੇ ਬੋਲੀ ,” ਭੈਣ ਦੇਖੀਂ ਸਭ ਠੀਕ ਹੋ ਜਾਣਾ।” ਉਸ ਨੂੰ ਹਰਜੀਤ ਨਾਲ ਲਿੱਤੇ ਫ਼ੈਸਲੇ ਤੇ ਮਾਣ ਹੋ ਰਿਹਾ ਹੈ

ਅਗਲੇ ਦਿਨ ਆਸਿਫ਼ ਤੇ ਸੁਖਮਨ ਆ ਪਹੁੰਚੇ ਹਨ ਸਰਬਜੀਤ ਦੇ ਘਰੇ। ਜਦੋਂ ਸੁਖਮਨ ਨੇ ਹਰਜੀਤ ਦੇ ਦਿਲ ਦੀ ਸਰਬਜੀਤ ਦੇ ਮਾਪਿਆਂ ਨੂੰ ਦੱਸੀ ਉਨ੍ਹਾਂ ਦੇ ਤਾਂ ਹੰਝੂ ਨਹੀਂ ਸਨ ਰੁਕ ਰਹੇ। ਸਰਬਜੀਤ ਦਾ ਪਿਤਾ ਹੰਝੂ ਪੂੰਝਦਾ ਬੋਲਿਆ, ” ਕੋਈ ਮੋਤੀ ਪੁੰਨ ਕਰੇ ਹੋਣੇ ਅਸੀਂ ਪਿਛਲੇ ਜਨਮ ਵਿੱਚ ਜੋ ਤੁਹਾਡੇ ਜਿਹੇ ਰਿਸ਼ਤੇਦਾਰ ਮਿਲੇ ਵਰਨਾ ਅੱਜ ਦੇ ਸਮੇਂ ਵਿੱਚ  ……।”

ਸਭ ਨੇ ਮਿਲ ਕੇ ਸਰਬਜੀਤ ਨੂੰ ਹਰਜੀਤ ਦੇ ਦਿਲ ਦੀ ਦੱਸੀ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ,” ਪਾਗਲ ਹੋ ਗਏ ਹੋ ਤੁਸੀਂ ਮੈਂ ਇਸ ਤਰ੍ਹਾਂ ਕਿਵੇਂ ਕਰ ਸਕਦੀ ਹਾਂ।”

ਜਦੋਂ ਜਸਮੀਤ ਨੇ ਸਰਬਜੀਤ ਦੇ ਵਾਸਤੇ ਪਾਏ , ਮਾਪਿਆਂ ਨੇ ਮਿੰਨਤਾਂ ਕਰੀਆਂ ਤਾਂ ਜਾ ਕੇ ਸਰਬਜੀਤ ਨੇ ਉੱਪਰਲੇ ਮਨੋਂ ਹਾਂ ਕਰ ਦਿੱਤੀ…… ਉਹ ਹੁਣ ਸਮਝ ਗਈ ਸੀ ਕੇ ਕੱਲ੍ਹ ਜਸਮੀਤ ਦੀਆਂ ਰੋ ਰੋ ਕੇ ਅੱਖਾਂ ਕਿਉਂ ਸੁੱਜੀਆਂ ਹੋਈਆਂ ਸਨ…….

ਅਖੀਰ ਉਹ ਦਿਨ ਚੜ ਹੀ ਆਇਆ ਜਦੋਂ ਹਰਜੀਤ ਨੇ ਵਿਹੁਲਾ ਬਣਨਾ ਹੈ,  ਚੀਰੇ ਵਾਲੀ ਪੱਗ ਬੰਨ੍ਹਣੀ ਹੈ ਅਤੇ ਹੱਥ ਵਿੱਚ ਕਿਰਪਾਨ ਫੜ ਕੇ ਆਪਣੇ ਖ਼ਾਬ ਵਿਆਹੁਣ ਜਾਣਾ ਹੈ।

ਸਵੇਰੇ ਸਾਝਰੇ ਉੱਠ ਖੜੇ ਨੇ ਸਾਰੇ। ਪਰਕਾਸ਼ੋ ਹਰਜੀਤ ਦੇ ਕੋਲ ਆ ਕੇ ਬੋਲੀ,” ਮੈਂ ਸੋਚਦੀ ਹੁੰਦੀ ਸੀ ਕੇ ਆਪਣੀ ਕੁੱਖੋਂ ਜਾਏ ਹੀ ਬੰਦੇ ਦਾ ਦੁੱਖ ਦਰਦ ਸਮਝਦੇ ਨੇ ਬਾਕੀ ਸਾਕ ਸਬੰਧੀ ਸਿਰਫ਼ ਨਾਮ ਦੇ ਹੀ ਹੁੰਦੇ ਨੇ। ਪਰ ਹਰਜੀਤ ਜੋ ਤੂੰ ਸਰਬਜੀਤ ਲਈ ਕਰ ਰਿਹਾ ਹੈਂ ਤੈਂ ਨਾ ਮੇਰੀ ਸੋਚ ਝੂਠੀ ਪਾ ਦਿੱਤੀ। ਮਾਣ ਜਿਹਾ ਮਹਿਸੂਸ ਹੋ ਰਿਹਾ ਪੁੱਤ ਤੇਰੀ ਸੋਚ ਤੇ। ਜਸਮੀਤ ਨੂੰ ਤਾਂ ਕਈ ਹੋਰ ਰਿਸ਼ਤੇ ਮਿਲ ਜਾਣਗੇ ਪਰ ਕਰਮਾਂ ਮਾਰੀ ਸਰਬੀ ਨੂੰ ਕਿਸੇ ਨੇ ਨਹੀਂ ਸੀ ਪੁੱਛਣਾ। ਜਿਊਂਦਾ ਰਹਿ ਪੁੱਤ, ਜੇ ਮੈਂ ਕਦੇ ਤੇਰਾ ਦਿਲ ਦੁਖਾਇਆ ਹੋਵੇ ਤਾਂ ਮੈਨੂੰ ਮਾਫ਼ ਕਰੀ। ਤੂੰ ਜੁੱਗ ਜੁੱਗ ਜੀਵੇਂ ਜਵਾਨੀਆਂ ਮਾਣੇਂ। ਰੱਬ ਤੇਰੇ ਘਰ ਵਿੱਚ ਵਾਧਾ ਕਰੇ …. ਪੁੱਤ।”

ਹਰਜੀਤ ਨਹਾ ਲਿਆ ਤਾਂ ਮਾਮੇ ਨੇ ਆ ਕੇ ਗੋਦੀ ਚੁੱਕ ਕੇ ਚੌਂਕੀ ਤੋਂ ਲਾਹਿਆ । ਮਾਮਾ ਹੱਸਦਾ ਬੋਲਿਆ,” ਦੇਖਣ ਨੂੰ ਤਾਂ ਤੇਰਾ ਪੰਜ ਫੁੱਲਾਂ ਜਿੰਨਾ ਭਾਰ ਹੈ ….. ਖ਼ੁਸ਼ੀਆਂ ਨਾਲ ਐਨਾ ਭਾਰ ਵਧਿਆ ਲਗਦਾ। ਸੌ ਦਾ ਨੋਟ ਸ਼ਗਨ ਦਿੰਦਾ ਬੋਲਿਆ,” ਖ਼ੁਸ਼ ਰਹਿ ਪੁੱਤਰਾ।”

ਕੱਪੜੇ ਪਾ ਕੇ ਪੱਗ ਬੰਨ੍ਹ ਕੇ ਤਿਆਰ ਹੋ ਗਿਆ ਹੈ ਹਰਜੀਤ। ਜਾ ਖੜਿਆ ਹੈ ਮਾਂ ਦੀ ਤਸਵੀਰ ਕੋਲੇ,” ਦੇਖ ਤਾਂ ਮਾਂ ਤੇਰਾ ਪੁੱਤ ਅੱਜ ਸੋਹਣਾ ਲੱਗ ਰਿਹਾ। ਤੈਨੂੰ ਪਤਾ ਅੱਜ ਤੇਰੇ ਪੁੱਤ ਦਾ ਵਿਆਹ ਹੈ। ਸਰਬਜੀਤ ਬਹੁਤ ਚੰਗੀ ਹੈ ਮਾਂ, ਮੈਂ ਉਸ ਲਈ ਖ਼ੁਸ਼ੀਆਂ ਦਾ ਨਜ਼ਰਾਨਾ ਲੈ ਕੇ ਚੱਲਿਆ ਹਾਂ। ਤੂੰ ਖ਼ੁਸ਼ ਹੈਂ ਨਾ ਮਾਂ। ਅਸ਼ੀਰਵਾਦ ਦੇ ਮਾਂ। ” ਦੋ ਹੰਝੂ ਮਾਂ ਦੇ ਚਰਨਾਂ ਵਿੱਚ ਅਰਪਿਤ ਕਰਕੇ ਬਾਹਰ ਵਿਹੜੇ ਵਿੱਚ ਬੈਠ ਗਿਆ ਹੈ ਕੁਰਸੀ ਤੇ……

ਸੁਖਮਨ ਆਈ ਹੈ ਸਿਹਰਾ ਲੈ ਕੇ , ਘੋੜੀਆਂ ਗਾਈਆਂ ਜਾ ਰਹੀਆਂ ਹਨ ਤੇ ਹਰਜੀਤ ਦੇ ਸਿਹਰਾ ਬੰਨ੍ਹਿਆ ਜਾ ਰਿਹਾ ਹੈ।

ਲਟਕੇਂ ਦੇ ਵਾਲ ਸੁਹਣੇ ਦੇ
ਜਦੋਂ ਲੱਗਿਆ ਵੀਰਾ ਤੈਨੂੰ ਮਾਈਆਂ ਵੇ,
ਤੇਰੀ ਮਾਂ ਨੂੰ ਮਿਲਣ ਵਧਾਈਆਂ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਜਦ ਚੜ੍ਹਿਆ ਵੀਰਾ ਘੋੜੀ ਵੇ,
ਤੇਰੇ ਨਾਲ ਭਰਾਵਾਂ ਦੀ ਜੋੜੀ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਮੇਰੇ ਚੰਨ ਨਾਲੋਂ ਸੋਹਣਿਆਂ ਵੀਰਾ ਵੇ,
ਤੇਰੇ ਸਿਰ ‘ਤੇ ਸਜੇ ਸੁਹਣਾ ਚੀਰਾ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਜਦ ਚੜ੍ਹਿਆ ਵੀਰਾ ਖਾਰੇ ਵੇ,
ਤੇਰਾ ਬਾਪ ਰੁਪਈਏ ਵਾਰੇ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਜਦ ਲਈਆਂ ਵੀਰਾ ਲਾਵਾਂ ਵੇ,
ਤੇਰੇ ਕੋਲ ਖਲੋਤੀਆਂ ਗਾਵਾਂ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਜਦ ਲਿਆਂਦੀ ਵੀਰਾ ਡੋਲੀ ਵੇ,
ਤੇਰੀ ਡੋਲੀ ਵਿਚ ਮਮੋਲ਼ੀ ਵੇ।
ਲਟਕੇਂ ਦੇ ਵਾਲ ਸੁਹਣੇ ਦੇ!
ਸੋਹਣਿਆਂ ਵੀਰਾ ਵੇ ਤੈਨੂੰ ਘੋੜੀ ਚੜ੍ਹੇਂਨੀ ਆਂ।

ਤਿਆਰ ਹੋ ਕੇ ਚਾਈਂ ਚਾਈਂ ਤੁਰ ਪਏ ਨੇ ਹਰਜੀਤ ਨੂੰ ਵਿਆਹੁਣ …..

ਓਧਰ ਸਰਬਜੀਤ ਕੋਲ ਜਸਮੀਤ ਆਈ ਹੈ,” ਭੈਣ ਜੰਞ ਤਾਂ ਤੁਰ ਪਈ ਹੈ ਸੁਖਮਨ ਦਾ ਫ਼ੋਨ ਆਇਆ ਹੈ। ਤੁਸੀਂ ਅਜੇ ਤੱਕ ਤਿਆਰ ਹੀ ਨਹੀਂ ਹੋਏ।”

ਸਰਬਜੀਤ ਜਸਮੀਤ ਦਾ ਹੱਥ ਫੜਦੀ ਬੋਲੀ,” ਜਸਮੀਤ ਕਿੰਨਾ ਕੂ ਵੱਡਾ ਜੇਰਾ ਹੈ ਤੇਰਾ, ਤੂੰ ਆਪਣੀਆਂ ਸਾਰੀਆਂ ਖ਼ੁਸ਼ੀਆਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ। ਮੈਂ ਬੇਸ਼ੱਕ ਵੱਡੀ ਹਾਂ ਪਰ ਆਪਣੀ ਨਜ਼ਰਾਂ ਵਿੱਚ ਤੇਰੇ ਤੋਂ ਛੋਟੀ ਮਹਿਸੂਸ ਕਰ ਰਹੀ ਹਾਂ ।”

” ਹੈ ਭੈਣ !!!! ਆਹ ਗੱਲਾਂ ਕੋਈ ਕਰਨ ਵਾਲੀਆਂ ਨੇ। ਉਹੀ ਹੁੰਦਾ ਜੋ ਤਕਦੀਰਾਂ ਵਿੱਚ ਲਿਖਿਆ ਹੁੰਦਾ।” ਜਸਮੀਤ ਨੇ ਨਮ ਅੱਖਾਂ ਨਾਲ ਜਵਾਬ ਦਿੱਤਾ ਪਰ ਅੱਖਾਂ ਨੂੰ ਛਲਕਣ ਨਹੀਂ ਦਿੱਤਾ।

ਜਦ ਨੂੰ ਮਾਂ ਅੰਦਰ ਆ ਗਈ, ” ਸਰਬਜੀਤ ਧੀਏ ਤੂੰ ਅਜੇ ਤੱਕ ਤਿਆਰ ਨਹੀਂ ਹੋਈ। ਜਲਦੀ ਜਲਦੀ ਕਰ ਉਹ ਤਾਂ ਪਹੁੰਚਣ ਵਾਲੇ ਨੇ।”

ਸਰਬਜੀਤ ਤਿਆਰ ਹੋਣ ਲੱਗੀ। ਜਦੋਂ ਉਹ ਪਹਿਲੀ ਵਾਰ ਵਿਆਹੀ ਸੀ ਤੇ ਅੱਜ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਮਹਿਸੂਸ ਕਰ ਰਹੀ ਸੀ। ਅੱਜ ਉਸ ਨੂੰ ਲੱਗ ਰਿਹਾ ਉਹ ਆਪਣੀ ਭੈਣ ਦੀ ਗੁਨਾਹਗਾਰ ਹੈ। ਅੱਖਾਂ ਵਿੱਚ ਹੰਝੂ ਲੈ ਔਖੀ ਸੌਖੀ ਵਿਆਹ ਵਾਲਾ ਜੋੜਾ ਪਾ ਲਿਆ ਹੈ ਉਸ ਨੂੰ। ਕੁੱਝ ਕੁੜੀਆਂ ਤਿਆਰ ਕਰ ਰਹੀਆਂ ਨੇ ਉਸ ਨੂੰ। ਜਦ ਨੂੰ ਦਰਾਂ ਉੱਤੇ ਜੰਞ ਆ ਪਹੁੰਚੀ। ਜਸਮੀਤ ਕੁੜੀਆਂ ਨਾਲ ਹਰਜੀਤ ਦਾ ਰਾਹ ਰੋਕੀ ਖੜੀ ਹੈ। ਸਰਬਜੀਤ ਖਿੜਕੀ ਵਿੱਚੋਂ ਦੇਖ ਰਹੀ ਹੈ ਤੇ ਫੁੱਟ ਫੁੱਟ ਕੇ ਰੋ ਰਹੀ ਹੈ,” ਮਾਫ ਕਰਦੇ ਰੱਬਾ ਮੈਨੂੰ ਮਾਫ ਕਰਦੇ।” ਕੋਲ ਖੜੀਆਂ ਕੁੜੀਆਂ ਵੀ ਬਾਹਰ ਜੰਞ ਦੇਖਣ ਚਲੀਆਂ ਗਈਆਂ ਨੇ।

ਲਾਵਾਂ ਦਾ ਸਮਾਂ ਹੋ ਗਿਆ ਹੈ। ਜਸਮੀਤ ਗਈ ਹੈ ਸਰਬਜੀਤ ਨੂੰ ਲੈਣ। ਸਰਬਜੀਤ ਨੇ ਅੰਦਰੋਂ ਕੁੰਡੀ ਲਾ ਲਈ ਹੈ। ਜਸਮੀਤ ਕੁੰਡੀ ਖੜਕਾ ਰਹੀ ਹੈ ਪਰ ਅੰਦਰੋਂ ਕੋਈ ਜਵਾਬ ਨਹੀਂ ਆ ਰਿਹਾ। ਜ਼ੋਰ ਦੀ ਧੱਕਾ ਮਾਰਿਆ ਜਸਮੀਤ ਨੇ ਦਰਵਾਜ਼ਾ ਖੁੱਲ੍ਹ ਗਿਆ,  ਚੀਕ ਮਾਰ ਕੇ ਗ਼ਸ਼ ਖਾ ਕੇ ਜ਼ਮੀਨ ਤੇ ਗਿਰ ਗਈ ਹੈ ਜਸਮੀਤ । ਸਾਰੇ ਭੱਜੇ ਆਏ,” ਕੀ ਹੋਇਆ, ਕੀ ਹੋਇਆ।” ਸਰਬਜੀਤ ਪੱਖੇ ਨਾਲ ਝੂਲ ਰਹੀ ਸੀ। ਹਰਜੀਤ ਵੀ ਭੱਜਿਆ ਆਇਆ। ਉਸ ਨੇ ਜਲਦੀ ਦੇਣੀ ਸਰਬਜੀਤ ਨੂੰ ਖੱਖੇ ਤੋਂ ਉਤਾਰਿਆ। ਮੰਜੇ ਤੇ ਪਾਇਆ ਨਬਜ਼ ਦੇਖੀ ਸਭ ਖ਼ਤਮ ਹੋ ਚੁੱਕਿਆ ਸੀ।

ਸਰਬਜੀਤ ਦੀ ਚੁੰਨੀ ਨਾਲ ਇੱਕ ਕਾਗ਼ਜ਼ ਦਾ ਟੁਕੜਾ ਬੰਨ੍ਹਿਆ ਹੋਇਆ ਸੀ। ਹਰਜੀਤ ਦੀ ਨਿਗਾਹ ਜਿਵੇਂ ਹੀ ਉਹ ਕਾਗ਼ਜ਼ ਦਾ ਟੁਕੜਾ ਪਿਆ ਉਸ ਨੇ ਜਲਦੀ ਦੇਣੀ ਚੁੰਨੀ ਦੀ ਗੰਢ ਖੋਲ੍ਹੀ ਤੇ ਪੜ੍ਹਨ ਲੱਗਿਆ

ਉੱਤੇ ਲਿਖਿਆ ਸੀ,” ਸਿਰਫ ਹਰਜੀਤ ਲਈ।”

ਦਿਉਰਾ ਦੇਖ ਲੈ ਕੀ ਸਬੱਬ ਬਣਿਆ ਹੈ ਜਿਹੜੀ ਦੋਸਤੀ ਤੂੰ ਖ਼ਤ ਲਿਖ ਕੇ ਸ਼ੁਰੂ ਕਰੀ ਸੀ ਉਹ ਅੱਜ ਮੈਂ ਆਖ਼ਰੀ ਖ਼ਤ ਲਿਖ ਕੇ ਖ਼ਤਮ ਕਰਨ ਲੱਗੀ ਹਾਂ। ਮੈਨੂੰ ਮਾਫ ਕਰ ਦੇਵੀਂ ਮੈਂ ਤੇਰਾ ਲਿਖਿਆ ਖ਼ਤ ਜੋ ਤੂੰ ਅਲਮਾਰੀ ਵਿੱਚ ਰੱਖਿਆ ਹੋਇਆ ਸੀ ਪੜ੍ਹ ਲਿਆ ਸੀ। ਉਸ ਵਿੱਚ ਤੂੰ ਲਿਖਿਆ ਸੀ ਕੇ ਤੂੰ ਮੇਰੀ ਰੂਹ ਦਾ ਹਾਣੀ ਬਣਨਾ ਚਾਹੁੰਦਾ ਅਤੇ ਤੇਰੀ ਦੋਸਤੀ ਤਿਆਗ ਦੀ ਦੋਸਤੀ ਹੈ।
ਮੈਂ ਜਿਸ ਦਿਨ ਦੀ ਵਿਧਵਾ ਹੋਈ ਸੀ ਮੈਨੂੰ ਪੂਰਾ ਯਕੀਨ ਸੀ ਕੇ ਤੂੰ ਮੇਰੀ ਲਈ ਜ਼ਰੂਰ ਤੜਫ਼ ਰਿਹਾ ਹੋਵੇਗਾ। ਮੈਨੂੰ ਪੂਰਾ ਵਿਸ਼ਵਾਸ ਸੀ ਕੇ ਇੱਕ ਦਿਨ ਤੂੰ ਮੇਰੇ ਲਈ ਜ਼ਰੂਰ ਰੰਗਲਾ ਦਿਨ ਲੈ ਕੇ ਆਵੇਂਗਾ। ਪਰ ਮੈਨੂੰ ਇਹ ਨਹੀਂ ਸੀ ਪਤਾ ਕੇ ਤੂੰ ਆਪਣੀ ਕੁਰਬਾਨੀ ਦੇ ਕੇ ਹੀ ਮੇਰੀ ਦੁਨੀਆ ਸਜਾਉਣ ਆਵੇਂਗਾ।

ਦਿਉਰਾ, ਜਿਸ ਝਾਕੇ ਨੇ ਤੈਨੂੰ ਕੀਲ ਲਿਆ ਸੀ, ਉਹ ਭਾਬੀ ਦਾ ਝਾਕਾ ਸੀ। ਇਹ ਝਾਕਾ ਦਿਉਰਾਂ ਲਈ ਸਵਰਗ ਦੇ ਝੂਟੇ ਨਾਲੋਂ ਘੁੱਟ ਨਹੀਂ ਹੁੰਦਾ। ਭਾਬੀ ਲਈ ਵੀ ਸਹੁਰੇ ਘਰ ਦਿਉਰ ਸਭ ਨਾਲੋਂ ਮਿੱਠਾ ਖੇਡਣਾ ਹੁੰਦਾ। ਉਹ ਮਿਠਾਸ, ਉਹ ਝਾਕੇ ਦਾ ਲੁਤਫ਼ ਹੁਣ ਹੋਰ ਰਿਸ਼ਤੇ ਵਿੱਚ ਪੈਦਾ ਨਹੀਂ ਸੀ ਹੋ ਸਕਦਾ…….

ਭਾਵੇਂ ਮੈਂ ਭਾਬੀ ਬਣ ਕੇ ਤੈਨੂੰ ਮੋਹ ਲਿਆ, ਪਰ ਤੈਨੂੰ ਯਾਦ  ਹੋਣਾ ਜਦੋਂ ਸੁਖਮਨ ਮੈਨੂੰ ਤੇਰਾ ਧਿਆਨ ਰੱਖਣ ਲਈ ਕਹਿ ਕੇ ਗਈ ਤਾਂ ਮੈਂ ਸੁਖਮਨ ਬਣ ਕੇ ਤੇਰਾ ਧਿਆਨ ਰੱਖਿਆ ਸੀ। ਮੇਰੀ ਬਣਾਈ ਰੋਟੀ ਵਿੱਚੋਂ ਤੈਨੂੰ ਭੈਣ ਦੇ ਪਿਆਰ ਦੀ ਮਹਿਕ ਤਾਂ ਆਉਂਦੀ ਹੋਣੀ। ਬੇਸ਼ੱਕ ਤੇਰੇ ਮੰਗਣੇ ਵਾਲੇ ਦਿਨ ਮੈਂ ਤੇਰੀਆਂ ਅੱਖਾਂ ਵਿੱਚ ਭਾਬੀ ਬਣ ਕੇ ਸੁਰਮਾ ਪਾਇਆ ਸੀ ਪਰ ਜਿਹੜਾ ਮੈਂ ਤੇਰਾ ਸਿਰ ਪਲੋਸਿਆ ਸੀ ਉਹ ਮੈਂ ਤੇਰੀ ਮਾਂ ਬਣ ਕੇ ਪਲੋਸਿਆ ਸੀ। ਅਜੇ ਕੱਲ੍ਹ ਦੀ ਗੱਲ ਹੈ ਜਦੋਂ ਮੈਨੂੰ ਲੱਗਿਆ ਕੇ ਜਸਮੀਤ ਰੋਈ ਹੋਈ ਹੈ ਤਾਂ ਮੈਂ ਉਸ ਨੂੰ ਪੁੱਛਿਆ ਕੇ ਤੈਨੂੰ ਹਰਜੀਤ ਨੇ ਕੁੱਝ ਕਿਹਾ ਤਾਂ ਦੱਸ ਮੈਂ ਉਸ ਦੇ ਕੰਨ ਪੱਟ ਦਿੰਦੀ ਹਾਂ। ਇਹ ਸ਼ਬਦਾਂ ਵਿੱਚੋਂ ਤੈਨੂੰ ਅਹਿਸਾਸ ਹੁੰਦਾ ਹੋਣਾ ਕੇ ਮੈਂ ਤੈਨੂੰ ਆਪਣਾ ਬੱਚਾ ਸਮਝਦੀ ਸੀ।

ਇਹ ਨਹੀਂ ਦਿਉਰਾ ਕੇ ਦੁਨੀਆ ਵਿੱਚ ਦਿਉਰ ਭਾਬੀ ਤੇ ਚਾਦਰ ਨਹੀਂ ਪਾਉਂਦੇ। ਪਰ ਉਨ੍ਹਾਂ ਭਾਬੀਆਂ ਨੂੰ ਪੁੱਛ ਕੇ ਦੇਖੀਂ ਕਿੰਨੇ ਰਿਸ਼ਤਿਆਂ ਦਾ ਕਤਲ ਕਰਨ ਪੈਂਦਾ ਉਨ੍ਹਾਂ ਨੂੰ ਤਾਂ ਜਾ ਕੇ ਨਵਾਂ ਰਿਸ਼ਤਾ ਜੁੜਦਾ।

ਮਾਫ ਕਰੀਂ ਦਿਉਰਾ,ਮੇਰੇ ਲਈ ਇਹ ਸਭ ਕਰਨਾ ਮੁਸ਼ਕਿਲ ਹੋ ਗਿਆ ਸੀ। ਤੈਨੂੰ ਯਾਦ ਹੋਣਾ ਮੈਂ ਆਪਣੇ ਦੂਸਰੇ ਖ਼ਤ ਵਿੱਚ ਲਿਖਿਆ ਸੀ ਕੇ ਮੈਨੂੰ ਰਿਸ਼ਤੇਦਾਰੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਹੁਣ ਤੂੰ ਹੀ ਦੱਸ ਐਨੇ ਰਿਸ਼ਤੇ ਮੈਂ ਇੱਕ ਨਵਾਂ ਰਿਸ਼ਤਾ ਪੈਦਾ ਕਰਨ ਲਈ ਕਿਵੇਂ ਮਾਰਦੀ। ਨਾਲੇ ਸਭ ਤੋਂ ਮਾੜੀ ਗੱਲ ਮੈਂ ਆਪਣੀ ਭੈਣ ਦੀਆਂ ਖ਼ੁਸ਼ੀਆਂ ਖੋਹ ਕੇ ਆਪਣੀ ਜ਼ਿੰਦਗੀ ਕਿਵੇਂ ਸਜਾ ਲੈਂਦੀ। ਵੱਡੀਆਂ ਭੈਣਾਂ ਤਾਂ ਛੋਟੇ ਭੈਣ ਭਰਾਵਾਂ ਤੋਂ ਕੁਰਬਾਨ ਹੁੰਦੀਆਂ ਨੇ……. ਮੈਂ ਵੀ ਹੋ ਚੱਲੀ ਹਾਂ ਕੁਰਬਾਨ।

ਦਿਉਰਾ ਮੇਰਾ ਸਸਕਾਰ ਤੂੰ ਆਪ ਕਰੀਂ। ਸ਼ਾਮ ਨੂੰ ਜਾਂਦਾ ਹੋਇਆ ਜਸਮੀਤ ਨੂੰ ਵਹੁਟੀ ਬਣਾ ਕੇ ਨਾਲ ਲੈ ਕੇ ਜਾਵੀਂ। ਦੇਖੀਂ ਕਿਤੇ ਮੇਰੇ ਧਰਮੀ ਬਾਬਲ ਦੇ ਵਿਹੜਿਓਂ ਖ਼ਾਲੀ ਹੱਥ ਨਾ ਮੁੜ ਜਾਵੀਂ। ਸੁਖੀ ਰਹੋ, ਖ਼ੁਸ਼ ਰਹੋ, ਜਵਾਨੀਆਂ ਮਾਣੋ…….ਆਪਣੀ ਭਾਬੀ ਨੂੰ ਮਾਫ ਕਰ ਦੇਵੀਂ ।

” ਸਰਬੀ ਭਾਬੀ ” ਸੁਭਾਵਿਕ ਹੀ ਹਰਜੀਤ ਦੇ ਮੂੰਹ ਵਿੱਚੋਂ ਨਿਕਲਿਆ ਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ….
ਸਭ ਦੀਆਂ ਅੱਖਾਂ ਨਮ  ਹੋ ਗਈਆਂ…..

ਸ਼ਾਮ ਨੂੰ ਜਦੋਂ ਜਸਮੀਤ ਨੂੰ ਹਰਜੀਤ ਨਾਲ ਲੈ ਕੇ ਤੁਰਿਆ ਤਾਂ ਉਸ ਨੂੰ ਮਹਿਸੂਸ ਹੋ ਰਿਹਾ ਹੈ ਜਿਵੇਂ ਸਰਬਜੀਤ ਨੇ ਕੋਲ ਆ ਕੇ ਕਿਹਾ ਹੋਵੇ,” ਦਿਉਰਾ ਲਿਆ ਮੈਂ ਤੇਰਾ ਮੱਥਾ ਚੁੰਮ ਦੇਵਾਂ ।”

ਤੁਹਾਡਾ ਆਪਣਾ
ਰਘਵੀਰ ਵੜੈਚ
+919914316868

ਰਾਤੀਂ ਕਹਾਣੀ ਦਾ ਇਹ ਭਾਗ ਲਿਖਣ ਤੋਂ ਬਾਅਦ ਮੈਂ ਭਾਵਕ ਹੋ ਗਿਆ ਅਤੇ ਇਕੱਲਾ ਬੈਠ ਕੇ ਬਹੁਤ ਰੋਇਆ। ਹੁਣ ਜਦੋਂ ਸਰਬੀ ਭਾਬੀ ਨਹੀਂ ਰਹੀ, ਮੈਂ ਉਸ ਨੂੰ ਕੋਲ ਬੈਠੀ ਮਹਿਸੂਸ ਕਰ ਰਿਹਾ ਹਾਂ ਜਿਵੇਂ ਉਹ ਕਹਿ ਰਹੀ ਹੋਵੇ ਰਘਬੀਰ ਮੇਰੇ ਪਿਆਰੇ ਦਿਉਰਾ ਲਿਆ ਮੈਂ ਤੇਰੇ ਹੰਝੂ ਪੂੰਝ ਦਿਆਂ ।

Exit mobile version