Pottre

ਜਸਲੀਨ ਹਵਾਈ ਅੱਡੇ ਤੋਂ ਸਿੱਧੇ ਮੁਹਾਲੀ ਐੱਸ ਐੱਸ ਪੀ ਦਫ਼ਤਰ ਪਹੁੰਚੀ ਹੈ। ਉਹ ਜਿਵੇਂ ਹੀ ਐੱਸ ਐੱਸ ਪੀ ਦੇ ਦਫ਼ਤਰ ਅੰਦਰ ਜਾਣ ਲੱਗੀ ਬਾਹਰ ਖੜੇ ਸੰਤਰੀ ਨੇ ਉਸ ਨੂੰ ਰੋਕਦਿਆਂ ਕਿਹਾ,” ਤੁਸੀਂ ਇਸ ਤਰ੍ਹਾਂ ਅੰਦਰ ਨਹੀਂ ਜਾ ਸਕਦੇ, ਪਹਿਲਾਂ ਮੁਨਸ਼ੀ ਕੋਲ ਆਪਣੀ ਸ਼ਿਕਾਇਤ ਦਰਜ਼ ਕਰਵਾਓ। ਫੇਰ ਮੁਨਸ਼ੀ, ਸਾਹਿਬ ਨੂੰ ਆਪ ਜੀ ਦੀ ਸ਼ਿਕਾਇਤ ਤੋਂ ਵਾਕਫ਼ ਕਰਵਾਏਗਾ। ਜੇ ਸਾਹਿਬ ਮੁਨਾਸਬ ਸਮਝਣਗੇ ਤਾਂ ਤੁਹਾਨੂੰ ਮਿਲਣ ਦਾ ਮੌਕਾ ਦਿੱਤਾ ਜਾਵੇਗਾ।”

” What nonsense” ਕਹਿ ਕਿ ਜਸਲੀਨ ਮੁਨਸ਼ੀ ਦੇ ਕਮਰੇ ਵੱਲ ਜਿਵੇਂ ਹੀ ਮੁੜੀ ਸੰਤਰੀ ਉਸ ਦੇ ਪੁੜੇ ਦੇਖਦਾ ਨਾਲ ਦੇ ਕਰਮਚਾਰੀ ਨਾਲ ਬੋਲਿਆ,” ਲੀੜੇ, ਇਤਰ ਫੁਲੇਲ ਤੋਂ ਹੀ ਮੈਂ ਤਾਂ ਸਮਝ ਗਿਆ ਸੀ ਕਿ ਇਹ ਕੋਈ ਵਲੈਤੀ ਘੋੜੀ ਆ , ਮੂੰਹ ਕੀ ਖੋਲ੍ਹਿਆ ਭੈਣ ਦੇਣੀ ਨੇ, ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ।”

ਜਸਲੀਨ ਨੂੰ ਜਿਵੇਂ ਅੱਧ-ਪਚੱਧੀ ਗੱਲ ਸੁਣ ਗਈ ਹੋਵੇ। ਉਸ ਨੇ ਪਿੱਛੇ ਮੁੜ ਕੇ ਸੰਤਰੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਘੂਰ ਕਿ ਦੇਖਿਆ। ਸੰਤਰੀ ਦਾ ਜਿਵੇਂ ਦਮ ਹੀ ਰੁਕ ਗਿਆ ਹੋਵੇ। ਜਸਲੀਨ ਛੇ ਫੁੱਟ ਦੀ ਅਧਖੜ, ਆਤਮ ਵਿਸ਼ਵਾਸ ਦੀ ਭਰੀ ਹੋਈ ਪੜ੍ਹੀ ਲਿਖੀ ਇੰਗਲੈਂਡ ਤੋਂ ਆਈ ਪੰਜਾਬਣ ਹੈ। ਉਹ ਮੁਨਸ਼ੀ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆ ਕੇ ਖ਼ਾਲੀ ਪਈ ਕੁਰਸੀ ਉੱਤੇ ਬੈਠ ਗਈ ਹੈ।

ਸੰਤਰੀ ਜਸਲੀਨ ਤੋਂ ਅੱਖ ਬਚਾ ਕਿ ਉਸ ਦੇ ਸਰੀਰ ਦਾ ਮੁਆਇਨਾ ਕਰ ਰਿਹਾ ਹੈ। ਚੱਡਿਆਂ ਵਿਚ ਖਾਜ ਕਰਦਾ ਨਾਲ ਖੜ੍ਹੇ ਕਰਮਚਾਰੀ ਨੂੰ ਬੋਲਿਆ,” ਬਾਈ ਇਹ ਦੇਸਣਾਂ ਢਾਈ ਦਿਨ ਬਾਹਰਲੇ ਮੁਲਕ ਕੀ ਰਹਿ ਆਉਂਦੀਆਂ ਨੇ ਵਲੈਤੀ ਚੀਕਾਂ ਮਾਰਨ ਲੱਗ ਪੈਂਦੀਆਂ ਨੇ, ਆਪਣੇ ਆਪ ਨੂੰ ਖੋਰੇ ਮੇਮ ਸਮਝਣ ਲੱਗ ਪੈਂਦੀਆਂ ਨੇ।”

ਜਸਲੀਨ ਨੇ ਆਪਣੇ ਮੋਢੇ ਟੰਗੇ ਪਰਸ ਵਿੱਚੋਂ ਪਾਣੀ ਦੀ ਬੋਤਲ ਕੱਢੀ ਅਤੇ ਦੋ ਘੁੱਟ ਪਾਣੀ ਪੀ ਕਿ ਬੋਤਲ ਵਾਪਸ ਪਰਸ ਵਿੱਚ ਰੱਖਦੀ ਬੋਲੀ,” ridiculous ” ਦਰਅਸਲ ਉਹ ਜਦੋਂ ਵੀ ਸੰਤਰੀ ਵੱਲ ਦੇਖਦੀ ਹੈ ਤਾਂ ਉਹ ਲਲਚਾਈਆਂ ਹੋਈ ਨਜ਼ਰਾਂ ਨਾਲ ਉਸ ਵੱਲ ਹੀ ਦੇਖ ਰਿਹਾ ਹੁੰਦਾ ਹੈ।

ਜਸਲੀਨ ਨੇ ਉੱਠ ਕਿ ਪੱਖਾ ਤੇਜ਼ ਕਰਨ ਲਈ ਪੱਖੇ ਦਾ ਰੈਗੂਲੇਟਰ ਘੁਮਾਇਆ, ਪੱਖੇ ਨੂੰ ਕੋਈ ਫ਼ਰਕ ਨਹੀਂ ਪਿਆ। ਉਹ ਫੇਰ ਉਸੇ ਕੁਰਸੀ ਉੱਤੇ ਜਾ ਬੈਠੀ ਅਤੇ ਪਰਸ ਵਿੱਚੋਂ ਕੁੱਝ ਲੱਭਣ ਲੱਗੀ। ਉਸ ਨੇ ਆਪਣੇ ਪਰਸ ਵਿੱਚੋਂ ਕੁੱਝ ਤਸਵੀਰਾਂ ਕੱਢੀਆਂ। ਸਭ ਤੋਂ ਅੱਗੇ ਉਸ ਦੀ ਆਪਣੀ ਵਿਆਹ ਦੀ ਤਸਵੀਰ ਸੀ। ਜਸਲੀਨ ਨੇ ਉਹ ਤਸਵੀਰ ਪਰਸ ਵਿੱਚ ਰੱਖ ਦਿੱਤੀ। ਅਗਲੀ ਤਸਵੀਰ ਉਸ ਦੇ ਘਰਵਾਲ਼ੇ ਦੀ ਹੈ, ਉਹ ਕਾਫ਼ੀ ਦੇਰ ਉਸ ਤਸਵੀਰ ਵੱਲ ਦੇਖਦੀ ਰਹੀ, ਇੱਕ ਹੰਝੂ ਉਸ ਦੀ ਅੱਖ ਦੇ ਕੋਏ ਤੇ ਆ ਕਿ ਵਾਪਸ ਮੁੜ ਗਿਆ। ਉਹ ਆਪਣੇ ਆਪ ਨੂੰ ਸੰਭਾਲਦਿਆਂ ਬੋਲੀ , ਕਿਹਾ ਸੀ, ਰੋਕਿਆ ਸੀ ਕਿ ਇੰਡੀਆ ਨਹੀਂ ਜਾਣਾ …. ਪਰ ਕਿੱਥੇ, ਮੇਰੇ ਪੰਜਾਬ, ਮੇਰੇ ਰਿਸ਼ਤੇਦਾਰ, ਮੇਰਾ ਪਿੰਡ, ਮੇਰੇ ਖੇਤ, ਮੇਰੇ ਦੋਸਤ, ਮੇਰੇ ਮੇਰੇ ਕਰਦਾ ਜਹਾਜ਼ ਚੜ੍ਹ ਗਿਆ।

ਦਰਅਸਲ ਸ਼ਮਸ਼ੇਰ ਸਿੰਘ, ਜਸਲੀਨ ਦਾ ਘਰਵਾਲਾ ਆਪਣੇ ਸਮੇਂ ਦਾ ਕਬੱਡੀ ਦਾ ਸਿਰਕੱਢਵਾਂ ਖਿਡਾਰੀ ਸੀ। ਉਹ ਕਬੱਡੀ ਖੇਡਣ ਇੰਗਲੈਂਡ ਆਇਆ ਤਾਂ ਜਸਲੀਨ ਨਾਲ ਉਸ ਦੀ ਕਿਸੇ ਰੈਸਟੋਰੈਂਟ ਵਿੱਚ ਮੁਲਾਕਾਤ ਹੋਈ ਤੇ ਪਹਿਲੀ ਨਿਗਾਹ ਵਿੱਚ ਹੀ ਦੋਵਾਂ ਨੂੰ ਇਸ਼ਕ ਹੋ ਗਿਆ ਸੀ ਅਤੇ ਫੇਰ ਵਿਆਹ। ਵਿਆਹ ਹੋਇਆ ਤਾਂ ਬੱਚੇ ਵੀ ਜਲਦੀ ਜਲਦੀ ਹੋ ਗਏ। ਸ਼ਮਸ਼ੇਰ ਕੁੱਝ ਇਸ ਤਰ੍ਹਾਂ ਗ੍ਰਹਿਸਤੀ ਦੇ ਬੰਧਨਾਂ ਵਿੱਚ ਬੰਨ੍ਹ ਗਿਆ ਉਸ ਦੀ ਕਬੱਡੀ ਖੇਡਣ ਦੀ ਤਾਂਘ ਖ਼ਤਮ ਹੋ ਗਈ ਸੀ। ਕੰਮ ਕੰਮ ਕੰਮ ਮਸ਼ੀਨ ਬਣ ਕਿ ਰਹਿ ਗਿਆ ਸੀ ਸ਼ਮਸ਼ੇਰ। ਵਿਆਹ ਤੋਂ ਚਾਰ ਸਾਲ ਬਾਅਦ ਸ਼ਮਸ਼ੇਰ, ਜਸਲੀਨ ਅਤੇ ਬੱਚਿਆਂ ਨੂੰ ਨਾਲ ਲੈ ਕਿ ਇੰਡੀਆ ਆਇਆ ਸੀ।

ਜਸਲੀਨ ਨੂੰ ਯਾਦ ਹੈ ਜਦੋਂ ਉਹ ਪਹਿਲੀ ਵਾਰ ਇੰਡੀਆ ਆਏ ਸਨ ਤਾਂ ਸ਼ਮਸ਼ੇਰ ਦੇ ਭਰਾ ਭਰਜਾਈ ਨੇ ਉਨ੍ਹਾਂ ਨੂੰ ਬਹੁਤ ਗ਼ਰੀਬੜੇ ਬਣ ਬਣ ਦਿਖਾਇਆ ਸੀ। ਭਰਜਾਈ ਦੇ ਜਵਾਕ ਨਹੀਂ ਸੀ ਹੋ ਰਿਹਾ ਤਾਂ ਸ਼ਮਸ਼ੇਰ ਨੇ ਇਲਾਜ ਦਾ ਸਾਰਾ ਖਰਚਾ ਚੁੱਕਦਿਆਂ ਕਿਹਾ ਸੀ,” ਬਾਈ ਦਾਰੂ ਘੱਟ ਪਿਆ ਕਰ…. ਤੇਰੀ ਵੇਲ ਹਰੀ ਹੋ ਜਾਵੇ, ਡਾਕਟਰ …. ਵੱਡੇ ਤੋਂ ਵੱਡੇ ਡਾਕਟਰ ਤੋਂ ਇਲਾਜ ਕਰਵਾ…… ਖ਼ਰਚੇ ਦੀ ਫ਼ਿਕਰ ਨਾ ਕਰੀਂ…. ਮੈਂ ਬੈਠਾ….. ਪੈਸੇ ਭੇਜਦਾ ਰਹਾਂਗਾ। ”

ਸ਼ਮਸ਼ੇਰ ਨੂੰ ਆਪਣੇ ਭਰਾ ਨਾਲ ਬਹੁਤ ਪਿਆਰ ਸੀ। ਜ਼ਮੀਨ ਦੀ ਆਮਦਨ ਦਾ ਉਸ ਨੇ ਕਦੇ ਵੀ ਆਪਣੇ ਭਰਾ ਕੋਲੋਂ ਹਿਸਾਬ ਨਹੀਂ ਸੀ ਪੁੱਛਿਆ। ਪੂਰੀ ਜ਼ਮੀਨ, ਸ਼ਮਸ਼ੇਰ ਦੇ ਹਿੱਸੇ ਦੀ ਜ਼ਮੀਨ ਵੀ ਉਸ ਦਾ ਭਰਾ ਹੀ ਵਾਹੁੰਦਾ ਸੀ।

ਫੇਰ ਜਦੋਂ ਸ਼ਮਸ਼ੇਰ ਦੇ ਭਰਾ ਦੇ ਘਰ ਬੱਚਾ ਹੋਇਆ ਤਾਂ ਉਸ ਲਈ ਇੰਗਲੈਂਡ ਤੋਂ ਸ਼ਮਸ਼ੇਰ ਨੇ ਕੱਪੜੇ , ਬੂਟ , ਬੇਬੀ ਸੋਪ ਸੈਂਪੂ, ਸੋਨੇ ਦੀ ਤੜਾਗੀ ਹੋਰ ਬਹੁਤ ਸਮਾਨ ਭੇਜਿਆ ਸੀ ਕਿਸੇ ਦੇ ਹੱਥ। ਕੁੱਝ ਦੇਰ ਬਾਅਦ ਸ਼ਮਸ਼ੇਰ ਦੀ ਭਰਜਾਈ ਦੀ ਚਿੱਠੀ ਆਈ ਸੀ ਜਿਸ ਵਿੱਚ ਉਸ ਨੇ ਨਿਹੋਰਾ ਮਾਰਿਆ ਸੀ,” ਦਿਉਰਾ ਬਾਕੀ ਸਭ ਕੁੱਝ ਤਾਂ ਭੇਜ ਦਿੱਤਾ ਉਹ ਅੰਗਰੇਜ਼ੀ ਪੋਤੜੇ ਭੇਜਣ ਲੱਗੇ ਨੇ ਹੱਥ ਘੁੱਟ ਲਿਆ …. ਚੰਗਾ ਹੁੰਦਾ ਜੇ ਚਾਰ ਪੈਕਟ ਪੋਤੜਿਆਂ ਦੇ ਵੀ ਭੇਜ ਦਿੰਦਾ।”

” ਅੰਗਰੇਜ਼ੀ ਪੋਤੜੇ….! ਜਦੋਂ ਜਸਲੀਨ ਨੇ ਹੈਰਾਨ ਹੋ ਕਿ ਪੁੱਛਿਆ ਸੀ ਤਾਂ ਸ਼ਮਸ਼ੇਰ ਹੱਸਦਾ ਬੋਲਿਆ ਸੀ ,” she is asking for dappers…..”

ਫੇਰ ਕੁੱਝ ਦੇਰ ਬਾਅਦ ਇੰਡੀਆ ਤੋਂ ਆਉਣ ਵਾਲੀਆਂ ਚਿੱਠੀਆਂ ਦੀ ਰਫ਼ਤਾਰ ਤੇਜ਼ ਹੋ ਗਈ ਸੀ ਅਤੇ ਚਿੱਠੀ ਵਿੱਚ ਸਮਾਨ ਦੀ ਲਿਸਟ ਲੰਮੀ ਹੋਰ ਲੰਮੀ ਹੁੰਦੀ ਗਈ। ਇਸ ਸਭ ਨਾਲ ਸ਼ਮਸ਼ੇਰ ਅਤੇ ਜਸਲੀਨ ਦਰਮਿਆਨ ਕੁੜੱਤਣ ਵਧ ਗਈ ਸੀ। ਚਿੱਠੀ ਆਉਣੀ ਤਾਂ ਸ਼ਮਸ਼ੇਰ ਨੇ ਜਸਲੀਨ ਤੋਂ ਚਿੱਠੀ ਲੁਕਾ ਲੈਣੀ ਅਤੇ ਜਸਲੀਨ ਤੋਂ ਚੋਰੀ ਚੋਰੀ ਪਿੰਡ ਸਮਾਨ ਭੇਜ ਦੇਣਾ। ਹੁਣ ਤਾਂ ਮੋਬਾਈਲ ਫ਼ੋਨ ਆ ਗਏ ਹਨ ਚਿੱਠੀਆਂ ਦਾ ਦੌਰ ਖ਼ਤਮ ਹੋ ਗਿਆ ਹੈ ਹੁਣ ਤਾਂ ਸ਼ਮਸ਼ੇਰ ਦਾ ਭਤੀਜਾ ਫ਼ੋਨ ਕਰਕੇ ਨਵੀਆਂ ਨਵੀਆਂ ਕਹਾਣੀਆਂ ਪਾਈ ਰੱਖਦਾ ਸੀ ਕਦੇ ਆਈ ਫ਼ੋਨ, ਕਦੇ ਪੈਸੇ, ਲੈਪਟਾਪ, ਗੋਗਲਸ, ਪ੍ਰਫਿਊਮ, ਸ਼ੂਜ਼ ….. ਪਤਾ ਨਹੀਂ ਕੀ ਕੀ।”
ਜਸਲੀਨ ਲੰਮਾ ਹੌਕਾ ਭਰਦੀ ਬੋਲੀ,” ਰੱਬ ਦੇ ਬੰਦੇ ਨੇ ਕਦੇ ਨਾਂਹ ਨਹੀਂ ਸੀ ਕੀਤੀ, ਆਪ ਭਾਵੇਂ ਟੁੱਟੇ ਹੋਏ ਫ਼ੋਨ ਨਾਲ ਸਾਰਦਾ ਰਿਹਾ ਪਰ ਭਤੀਜੇ ਨੂੰ ਹਰ ਸਾਲ ਨਵਾਂ ਫ਼ੋਨ ਭੇਜਦਾ ਰਿਹਾ ….. ਅੱਜ ਉਹੀ ਭਤੀਜਾ।”

ਮੁਨਸ਼ੀ ਆਇਆ ਅਤੇ ਆ ਕਿ ਜਸਲੀਨ ਨੂੰ ਬੋਲਿਆ,” ਜਸਲੀਨ ਜੀ ਤੁਹਾਨੂੰ ਐੱਸ ਐੱਸ ਪੀ ਸਾਹਿਬ ਨੇ ਅੰਦਰ ਬੁਲਾਇਆ ਹੈ।”

ਜਸਲੀਨ ਐੱਸ ਐੱਸ ਪੀ ਦੇ ਦਫ਼ਤਰ ਅੰਦਰ ਦਾਖ਼ਲ ਹੋਣ ਲੱਗੀ ਸੰਤਰੀ ਦੇ ਪੈਰ ਉੱਤੇ ਜ਼ੋਰ ਦੀ ਪੈਰ ਮਾਰ ਕਿ ਲੰਘੀ। ਸੰਤਰੀ ਹੱਸਦਾ ਹੋਇਆ ਨਾਲ ਦੇ ਕਰਮਚਾਰੀ ਨੂੰ ਬੋਲਿਆ,” ਓਏ ਇਹ ਸਾਲੀ ਦੁਲੱਤੀ ਵੀ ਮਾਰਦੀ ਆ …. ਵਲੈਤੀ ਘੋੜੀ …. ਪੈਰ ਮੇਰੇ ਦੀ ਭੈਣ ਨੂੰ ਦੇ ਗਈ।”

ਜਿਵੇਂ ਹੀ ਜਸਲੀਨ ਅੰਦਰ ਦਾਖਿਲ ਹੋਈ ਕਮਰੇ ਵਿੱਚ ਇੱਕ ਛੋਟੀ ਜਿਹੀ ਉਮਰ ਦਾ ਸਿੱਖ ਨੌਜਵਾਨ ਐੱਸ ਐੱਸ ਪੀ ਦੀ ਕੁਰਸੀ ਉੱਤੇ ਬੈਠਾ ਸੀ। ਸ਼ਾਇਦ ਆਈ ਪੀ ਐੱਸ ਦੇ ਇਮਤਿਹਾਨ ਪਾਸ ਕਰਕੇ ਨਵਾਂ ਨਵਾਂ ਜੁਆਨ ਕੀਤਾ ਸੀ।

ਜਸਲੀਨ ਨੇ ਆਪਣੇ ਵਾਰੇ ਦੱਸਦਿਆਂ ਬੋਲੀ,” ਸਤਿ ਸ੍ਰੀ ਅਕਾਲ ਜੀ I am Sargent Jasleen kaur, from Scotland yards.”

” ਸਤਿ ਸ੍ਰੀ ਅਕਾਲ ਜੀ ਬੈਠੋ।” ਐੱਸ ਐੱਸ ਪੀ ਸਾਹਿਬ ਬੋਲੇ

ਜਸਲੀਨ ਆਪਣੀ ਸ਼ਿਕਾਇਤ ਉੱਤੇ ਐੱਸ ਐੱਸ ਪੀ ਨਾਲ ਗੱਲ ਕਰ ਰਹੀ ਹੈ ….. ਸ਼ਮਸ਼ੇਰ ਨੂੰ ਕਰੋਨਾ ਤੋਂ ਬਾਅਦ ਕਾਰੋਬਾਰ ਵਿੱਚ ਬਹੁਤ ਘਾਟਾ ਪੈ ਗਿਆ ਸੀ। ਸਾਡਾ ਘਰ ਵੀ ਚੱਲਿਆ ਜਾਣਾ ਸੀ, mortgage ਟੁੱਟ ਗਈ ਸੀ …. Now days it was difficult for us to survive. So shamsher decided ਉਹ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਲਈ ਪੰਜਾਬ ਆਇਆ ਸੀ। I remember ten days before ਉਸ ਨੇ ਮੈਨੂੰ ਫ਼ੋਨ ਕੀਤਾ ਸੀ ਅਤੇ ਕਿਹਾ ਸੀ ਕਿ ਅੱਜ ਉਹ ਆਪਣੇ ਭਰਾ ਨਾਲ ਜ਼ਮੀਨ ਵੇਚਣ ਦੀ ਗੱਲ ਕਰੇਗਾ। ਉਸ ਦਿਨ ਤੋਂ ਬਾਅਦ ਸ਼ਮਸ਼ੇਰ ਦਾ ਉਸ ਨੂੰ ਕੋਈ ਫ਼ੋਨ ਨਹੀਂ ਆਇਆ ਨਾ ਹੀ ਉਸ ਦਾ ਫ਼ੋਨ ਲੱਗ ਰਿਹਾ ਹੈ। Please help me to locate my husband, ਜਦੋਂ ਵੀ ਮੈਂ ਉਸ ਦੇ ਭਰਾ ਦੇ ਘਰ ਫ਼ੋਨ ਕਰਕੇ ਸ਼ਮਸ਼ੇਰ ਵਾਰੇ ਪੁੱਛਦੀ ਹਾਂ, they are like, ਚਾਚੀ ਤੈਨੂੰ ਸਮਝ ਨਹੀਂ ਆਉਂਦੀ ਤੈਨੂੰ ਕੱਲ੍ਹ ਵੀ ਦੱਸਿਆ ਸੀ ਕਿ ਚਾਚਾ ਕੱਲ੍ਹ ਆਪਣੇ ਕਿਸੇ ਦੋਸਤ ਨਾਲ ਘਰੇ ਆਇਆ ਸੀ ਤੇ ਦੁਪਹਿਰ ਦੀ ਰੋਟੀ ਖਾ ਕਿ ਉਸੇ ਨਾਲ ਮੁੜ ਗਿਆ ਸੀ। ਹੁਣ ਸਾਨੂੰ ਨਹੀਂ ਪਤਾ ਉਹ ਕਿੱਥੇ ਹੈ। ਜਦੋਂ ਦਾ ਤੇਰਾ ਫ਼ੋਨ ਆਇਆ ਅਸੀਂ ਤਾਂ ਆਪ ਚਾਚੇ ਨੂੰ ਲੱਭਣ ਲੱਗੇ ਹੋਏ ਹਾਂ। ਉਸ ਦੇ ਹੋਟਲ ਵਿੱਚ ਵੀ ਗਏ ਸੀ ਉਹ ਵੀ ਕਹਿੰਦੇ ਚਾਚਾ ਕੱਲ੍ਹ ਸਵੇਰ ਦਾ ਬਾਹਰ ਗਿਆ ਮੁੜ ਕਿ ਨਹੀਂ ਆਇਆ।”
” I think that ਸ਼ਮਸ਼ੇਰ ਕਿਸੇ ਮੁਸੀਬਤ ਵਿੱਚ ਹੈ his life is in danger. Please please….”

ਜਸਲੀਨ ਨੂੰ ਵਿੱਚੇ ਟੋਕਦੇ ਐੱਸ ਐੱਸ ਪੀ ਸਾਹਿਬ ਬੋਲੇ,” please relax, we are here to help you. ਮੈਂ ਤੁਹਾਨੂੰ ਯਕੀਨ ਦੁਆਉਂਦਾ ਹਾਂ ਪੰਜਾਬ ਪੁਲਿਸ ਤੁਹਾਡੀ ਹਰ ਸੰਭਵ ਮਦਦ ਕਰੇਗੀ ਅਤੇ ਜਲਦੀ ਤੋਂ ਜਲਦੀ ਸ਼ਮਸ਼ੇਰ ਨੂੰ ਲੱਭ ਲਿਆ ਜਾਵੇਗਾ।”

ਜਿਵੇਂ ਹੀ ਐੱਸ ਐੱਸ ਪੀ ਸਾਹਿਬ ਨੇ ਜਸਲੀਨ ਨੂੰ ਧਰਵਾਸ ਦਵਾਇਆ ਉਸ ਦੀਆ ਅੱਖਾਂ ਵਿੱਚ ਚਮਕ ਆ ਗਈ। ਸ਼ਮਸ਼ੇਰ ਬਗੈਰ ਉਹ ਆਪਣੇ ਆਪ ਨੂੰ ਅਧੂਰੀ ਮਹਿਸੂਸ ਕਰ ਰਹੀ ਸੀ।

ਐੱਸ ਐੱਸ ਪੀ ਨੇ ਸ਼ਮਸ਼ੇਰ ਦਾ ਕੇਸ ਡੀ ਐੱਸ ਪੀ ਖਰੜ ਨੂੰ ਸੌਂਪ ਦਿੱਤਾ। ਫ਼ੋਨ ਦੇ ਉੱਤੇ ਡੀ ਐੱਸ ਪੀ ਨੂੰ ਇਸ ਕੇਸ ਦੀ ਤਹਿ ਤੱਕ ਤਫ਼ਤੀਸ਼ ਕਰਨ ਲਈ ਹੁਕਮ ਦਿੱਤਾ ਅਤੇ ਕਿਹਾ ,” ਦੋ ਦਿਨਾਂ ਵਿੱਚ ਮੈਨੂੰ ਰਿਪੋਰਟ ਕਰੋ।”

ਜਸਲੀਨ ਐੱਸ ਐੱਸ ਪੀ ਸਾਹਿਬ ਦੇ ਵਿਵਹਾਰ ਤੋਂ ਬਹੁਤ ਖ਼ੁਸ਼ ਹੋਈ ਅਤੇ ਚੱਲਣ ਲੱਗੀ ਬੋਲੀ,” Thanks Mr. Singh ”

ਜਿਵੇਂ ਹੀ ਜਸਲੀਨ ਐੱਸ ਐੱਸ ਪੀ ਦੇ ਕਮਰੇ ਵਿੱਚੋਂ ਬਾਹਰ ਨਿਕਲੀ ਸੰਤਰੀ ਜਸਲੀਨ ਨੂੰ ਦੇਖ ਕੇ ਚੱਡਿਆਂ ਵਿੱਚ ਖਾਜ ਕਰਦਾ ਕਰਦਾ ਰੁਕ ਗਿਆ।

” ਖਰਖਰਾ ਰੱਖ ਕੋਲ ਜਦੋਂ ਖੁਰਕ ਉੱਠੇ ਫੇਰ ਲਿਆ ਕਰ। ” ਜਸਲੀਨ ਤਲਖ਼ ਅਵਾਜ਼ ਵਿਚ ਬੋਲੀ

ਸੁੰਨ ਖੜ੍ਹਾ ਰਹਿ ਗਿਆ ਸੰਤਰੀ।

ਜਸਲੀਨ ਨੇ ਟੈਕਸੀ ਕੀਤੀ ਅਤੇ ਖਰੜ ਡੀ ਐੱਸ ਪੀ ਦਫ਼ਤਰ ਪਹੁੰਚ ਗਈ।

ਡੀ ਐੱਸ ਪੀ ਸਾਹਿਬ ਨੇ ਪੂਰੀ ਗੱਲ ਬਾਤ ਪੁੱਛੀ। ਸ਼ਮਸ਼ੇਰ ਦੀ ਤਸਵੀਰ, ਹੁਲੀਆ, ਮੋਬਾਈਲ ਨੰਬਰ, ਸ਼ਮਸ਼ੇਰ ਦੇ ਭਰਾ ਜਸਮੇਰ ਦਾ ਮੋਬਾਈਲ ਨੰਬਰ ਸਭ ਕੁੱਝ ਲੈ ਲਿਆ ਅਤੇ ਬੋਲੋ,” ਤੁਸੀਂ ਕੱਲ੍ਹ ਤੱਕ ਦਾ ਇੰਤਜ਼ਾਰ ਕਰੋ ਜਿਵੇਂ ਹੀ ਸ਼ਮਸ਼ੇਰ ਦੀ ਕੋਈ ਖ਼ਬਰ ਮਿਲਦੀ ਹੈ ਸਭ ਤੋਂ ਪਹਿਲਾਂ ਆਪ ਜੀ ਨੂੰ ਇਤਲਾਹ ਕਰਿਆ ਜਾਵੇਗਾ। ਤੁਸੀਂ ਇੰਡੀਆ ਆਏ ਹੋ ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ।

ਜਸਲੀਨ ਚੰਡੀਗੜ੍ਹ ਮਾਊਂਟ ਵਿਉ ਹੋਟਲ ਵਿੱਚ ਰੁਕੀ ਹੈ। ਉਹ ਕਮਰੇ ਵਿੱਚ ਪਹੁੰਚੀ ਹੀ ਹੈ ਕਿ, ਨੈਨਸੀ ਜਸਲੀਨ ਦੀ ਬੇਟੀ ਦਾ ਫ਼ੋਨ ਆਇਆ ਹੈ

ਜਸਲੀਨ ਫ਼ੋਨ ਚੁੱਕਦੀ ਹੋਈ : ਹੈਲੋ ਨੈਨਸੀ
How are you betta.

ਨੈਨਸੀ : Mom I am fine …. Papa …. what about papa.

ਜਸਲੀਨ: I was at police station today. FlR submit ਹੋ ਗਈ।

ਨੈਨਸੀ : How you find Indian police.

ਜਸਲੀਨ : Punjab police officer are great , not like in movies really dedicated to job.

ਨੈਨਸੀ : Oh ! Really . That’s great news.

ਜਸਲੀਨ: ਜੈਕ ਕਿਵੇਂ ਹੈ

ਨੈਨਸੀ : ਵੀਰਾ ਪਾਪਾ ਦੀ ਫ਼ੋਟੋ ਦੇਖ ਦੇਖ ਰੋਂਦਾ ਰਹਿੰਦਾ ਹੈ। Not talking with anyone really upset.

Ok mom take care. Love you mom . Best wishes ….. Come home soon along with papa. We both are waiting for you both. Bye.

Bye betta.
ਲੰਮਾ ਸਾਹ ਭਰਦੀ ਜਸਲੀਨ ਨੇ ਫ਼ੋਨ ਕੱਟਿਆ ਹੈ। ਉਸ ਨੇ ਕੋਲ ਮੇਜ਼ ਉੱਤੇ ਪਏ ਪਾਣੀ ਵਾਲੇ ਗਿਲਾਸ ਵਿੱਚੋਂ ਦੋ ਘੁੱਟ ਪਾਣੀ ਦੇ ਪੀਤੇ ਅਤੇ ਗਿਲਾਸ ਵਾਪਸ ਰੱਖਦੀ ਨੇ ਫ਼ੋਨ ਚੁੱਕ ਲਿਆ। ਸ਼ਮਸ਼ੇਰ ਨੂੰ ਫ਼ੋਨ ਮਿਲਾਇਆ ਹੈ ਉਸ ਨੇ, ਫ਼ੋਨ not reachable ਆ ਰਿਹਾ ਹੈ ….. ,” ਰੱਬ ਦਾ ਵਾਸਤਾ ਹੈ, ਸ਼ਮਸ਼ੇਰ ਫ਼ੋਨ on ਕਰ ਲਵੋ। ਅਸੀਂ ਸਾਰੇ ਬਹੁਤ ਡਿਸਟਰਬ ਹਾਂ।” ਕਹਿ ਕਿ ਜਸਲੀਨ ਰੋਣ ਲੱਗ ਪਈ ਕਮਰੇ ਵਿੱਚ ਕੋਈ ਨਹੀਂ ਹੈ ਜੋ ਉਸ ਨੂੰ ਚੁੱਪ ਕਰਵਾ ਦੇਵੇ।
ਰੋਂਦੀ ਰੋਂਦੀ ਜਸਲੀਨ ਬੈੱਡ ਉੱਤੇ ਬੈਠ ਗਈ ਹੈ। ਉਸ ਨੇ ਪਰਸ ਵਿੱਚੋਂ ਉਹ ਤਸਵੀਰ ਕੱਢੀ ਜੋ ਉਸ ਦੇ ਦਿਲ ਦੇ ਬਹੁਤ ਕਰੀਬ ਹੈ , ਸ਼ਮਸ਼ੇਰ ਦੀ ਜਵਾਨੀ ਦੀ ਤਸਵੀਰ। ਤਸਵੀਰ ਨੂੰ ਚੁੰਮ ਕਿ ਹਿੱਕ ਨਾਲ ਲਾਉਂਦੀ ਬੋਲੀ,” ਕੀ ਨਰਾਜ਼ਗੀ ਹੋ ਗਈ ਸ਼ਮਸ਼ੇਰ, ਮਾਫ਼ ਕਰ ਦਿਓ… ਤੁਸੀਂ ਤਾਂ ਬੱਚਿਆਂ ਬਗੈਰ ਬਿੰਦ ਨਹੀਂ ਸੀ ਕੱਟਦੇ …. ਐਸੀ ਸਾਡੇ ਤੋਂ ਕੀ ਗ਼ਲਤੀ ਹੋ ਗਈ ….. ਦੱਸ ਦਿਨ ਹੋ ਗਏ ਤੁਹਾਨੂੰ ਬੱਚਿਆਂ ਨਾਲ ਗੱਲ ਕਰਿਆਂ…. ਰੱਬ ਦਾ ਵਾਸਤਾ ਇੱਕ ਵਾਰ ਸਾਹਮਣੇ ਆ ਜਾਓ …. I and kids really miss you.

ਅੱਖਾਂ ਹੰਝੂਆਂ ਨਾਲ ਇਸ ਕਦਰ ਭਰ ਗਈਆਂ ਜਸਲੀਨ ਨੂੰ ਹੱਥ ਵਿੱਚ ਫੜੀ ਤਸਵੀਰ ਵੀ ਧੁੰਦਲੀ ਨਜ਼ਰ ਆ ਰਹੀ ਹੈ। ਉਸ ਨੇ ਜਲਦੀ ਦੇਣੀ ਅੱਖਾਂ ਸਾਫ਼ ਕਰੀਆਂ ਅਤੇ ਸ਼ਮਸ਼ੇਰ ਦੀ ਤਸਵੀਰ ਨੂੰ ਦੇਖਦੀ ਦੇਖਦੀ ਖ਼ਿਆਲਾਂ ਵਿੱਚ ਖੋ ਗਈ। ਉਹ ਦਿਨ ਵੀ ਕਿੰਨੇ ਵਧੀਆ ਸਨ। ਉਹ ਹਾਈ ਸਕੂਲ ਕਰਕੇ ਪੁਲਿਸ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਹੀ ਸੀ। ਸ਼ਮਸ਼ੇਰ ਕਬੱਡੀ ਖੇਡਣ ਇੰਗਲੈਂਡ ਆਇਆ ਸੀ।

ਜਸਲੀਨ ਉਸੇ ਮੈਦਾਨ ਵਿੱਚ ਪੁਲੀਸ ਦੀ ਭਰਤੀ ਲਈ ਦੌੜ ਲਾਉਣ ਦੀ ਪ੍ਰੈਕਟਿਸ ਕਰਨ ਆਈ ਸੀ ਜਿੱਥੇ ਸ਼ਮਸ਼ੇਰ ਹੋਰਾਂ ਦਾ ਮੈਚ ਹੋਣਾ ਸੀ। ਬਹੁਤ ਇਕੱਠ ਹੋਇਆ ਦੇਖ ਕਿ ਜਸਲੀਨ ਵੀ ਮੈਚ ਦੇਖਣ ਲਈ ਰੁਕ ਗਈ ਸੀ। ਸਵਾ ਛੇ ਫੁੱਟ ਦਾ ਗੱਭਰੂ, ਕਿਸੇ ਮਾਂ ਨੇ ਦੁੱਧ ਘਿਉ ਨਾਲ ਰੀਝਾਂ ਨਾਲ ਪਾਲਿਆ ਹੋਇਆ, ਗੁੰਦਵਾਂ ਸਰੀਰ, ਕਣਕ ਵੰਨਾ ਰੰਗ, ਸ਼ਾਹ ਕਾਲੇ ਵਾਲ ਜਦੋਂ ਧਰਤੀ ਨੂੰ ਨਮਨ ਕਰ ਪੱਟ ਉੱਤੇ ਥਾਪੀ ਮਾਰ ਸ਼ਮਸ਼ੇਰ ਆਪਣੀ ਟੀਮ ਨਾਲ ਸਭ ਤੋਂ ਪਹਿਲਾਂ ਗਰਾਊਂਡ ਵਿੱਚ ਵੜਿਆ ਤਾਂ ਜਸਲੀਨ ਉਸ ਨੂੰ ਦੇਖ ਕਿ ਫੱਟੜ ਹੋ ਗਈ, ਉਹ ਮਨ ਹੀ ਮਨ ਬੋਲੀ ,” O my god so handsome guy.”

ਸ਼ਮਸ਼ੇਰ ਦੀ ਸਿਰ ਕੱਢਵੀਂ ਇੱਕ ਤੋਂ ਇੱਕ ਰੇਡ ਅਤੇ ਪਕੜ ਦੇਖ ਦੇਖ ਜਸਲੀਨ ਬਹੁਤ ਖ਼ੁਸ਼ ਹੋ ਰਹੀ ਸੀ। ਕਮੈਂਟਰੀ ਵਾਲੇ ਨੇ ਕਮੈਂਟਰੀ ਕਰਦੇ ਨੇ ਕਿਹਾ,” ਪੰਜ ਆਬ ਦੀ ਧਰਤੀ ਦਾ ਜਾਇਆ, ਚੋਬਰ ਦੇ ਪਿੰਡ ਦਾ ਨਾਮ ਤਿਉੜ ਦੱਸਦੇ ਨੇ, ਪਿੰਡ ਤਿਉੜ ਦੀ ਸ਼ਾਨ ਸ਼ਮਸ਼ੇਰ ਸਿੰਘ ….. ਇਸ ਚੋਬਰ ਦੀ ਹਰ ਰੇਡ ਉੱਤੇ ਸੋ ਪੌਂਡ ਇਨਾਮ ਰੱਖਿਆ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਦੇ ਪ੍ਰਧਾਨ ਸ. ਕੁਲਦੀਪ ਸਿੰਘ ਮੱਲ੍ਹੀ ਵੱਲੋਂ … ਦੇਖਦੇ ਆਂ ਇਸ ਵਗਦੇ ਦਰਿਆ ਨੂੰ ਕਿਹੜਾ ਬੰਨ੍ਹ ਲਾਉਂਦਾ।

ਰੇਡ ਉੱਤੇ ਗਏ ਸ਼ਮਸ਼ੇਰ ਨੂੰ ਦੂਜੀ ਟੀਮ ਦੇ ਜਾਫੀ ਨੇ ਕੈਂਚੀ ਮਾਰ ਕਿ ਸੁੱਟ ਲਿਆ ਸੀ ਤਾਂ ਜਸਲੀਨ ਮੈਦਾਨ ਦੇ ਬਾਹਰ ਖੜ੍ਹੀ ਰੌਲਾ ਪਾ ਰਹੀ ਸੀ,” come on shamsher you can do it …. Come on.”

ਜਿਵੇਂ ਹੀ ਸ਼ਮਸ਼ੇਰ ਜਾਫੀ ਦੀ ਪਕੜ ਤੋੜ ਪਾਲੇ ਵੱਲ ਭੱਜਿਆ, ਤਾੜੀਆਂ ਮਾਰਦੀ ਜਸਲੀਨ ਉਸ ਦੀ ਨਿਗਾਹ ਪੈ ਗਈ ਸੀ। ਸ਼ਮਸ਼ੇਰ ਨੂੰ ਬਿੰਦ ਭਰ ਇਸ ਤਰ੍ਹਾਂ ਲੱਗਿਆ ਜਿਵੇਂ ਉਸ ਨੇ ਭੱਜੇ ਜਾਂਦੇ ਨੇ ਕੋਈ ਹੂਰ ਪਰੀ ਦੇਖ ਲਈ ਹੋਵੇ। ਉਹ ਪਾਲੇ ਉੱਤੇ ਖੜ੍ਹਾ ਭੀੜ ਵਿੱਚ ਜਸਲੀਨ ਨੂੰ ਹੀ ਲੱਭ ਰਿਹਾ ਸੀ। ਮੈਚ ਖ਼ਤਮ ਹੋਇਆ ਤਾਂ ਦਰਸ਼ਕ ਮੈਦਾਨ ਵਿੱਚ ਭੱਜ ਆਏ। ਜਸਲੀਨ ਅਤੇ ਸ਼ਮਸ਼ੇਰ ਦੀਆਂ ਨਿਗਾਹਾਂ ਇੱਕ ਦੂਜੇ ਨੂੰ ਤਲਾਸ਼ਦੀਆਂ ਰਹੀਆਂ ਪਰ ਉਹ ਮਿਲ ਨਾ ਸਕੇ।

ਅਗਲੇ ਦਿਨ ਸਬੱਬੀਂ ਜਸਲੀਨ ਉਸੇ ਰੈਸਟੋਰੈਂਟ ਵਿੱਚ ਆ ਗਈ, ਜਿੱਥੇ ਸ਼ਮਸ਼ੇਰ ਪਹਿਲਾਂ ਹੀ ਆਪਣੀ ਟੀਮ ਨਾਲ ਰੋਟੀ ਖਾ ਰਿਹਾ ਸੀ। ਜਸਲੀਨ ਸ਼ਮਸ਼ੇਰ ਨੂੰ ਦੇਖ ਕਿ ਬਹੁਤ ਖ਼ੁਸ਼ ਹੋਈ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਸ਼ਮਸ਼ੇਰ ਕੋਲ ਜਾ ਕਿ ਬੋਲੀ,” Shamsher you are awesome …..!”

ਤੁਹਾਡੀ ਖੇਡ ਨੇ ਮੈਨੂੰ ਛੂਹ ਲਿਆ।

ਸ਼ਮਸ਼ੇਰ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ, ਉਹ ਉੱਠ ਕਿ ਜਸਲੀਨ ਕੋਲ ਆ ਕਿ ਬੋਲਿਆ, ਪਿੜ ਭਾਵੇਂ ਕਬੱਡੀ ਦਾ ਹੋਵੇ ਭਾਵੇਂ ਦਿਲ ਦਾ ਜੱਟ ਰੇਡ ਪਾਉਂਦਾ ਤਾਂ ਛੂਹ ਕਿ ਹੀ ਮੁੜਦਾ।”

ਦੋਵੇਂ ਗੱਲ ਕਰਕੇ ਬਹੁਤ ਹੱਸੇ

ਹੱਸਦੀ ਹੱਸਦੀ ਜਸਲੀਨ ਬੋਲੀ,” O! Really.”

ਜਸਲੀਨ ਆਪਣੀ ਜ਼ਿੰਦਗੀ ਦੇ ਸਭ ਤੋਂ ਬਿਹਤਰ ਸਮੇਂ ਨੂੰ ਯਾਦ ਕਰ ਰਹੀ ਹੈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਜਸਲੀਨ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਹ ਖ਼ਿਆਲਾਂ ਵਿੱਚ ਖੋਈ ਬੈੱਡ ਉੱਤੇ ਲੰਮੀ ਪੈ ਗਈ।

ਉਸ ਨੂੰ ਯਾਦ ਹੈ ਇਸ਼ਕ ਮੁਹੱਬਤ ਦਾ ਇਜ਼ਹਾਰ ਤਾਂ ਉਨ੍ਹਾਂ ਪਹਿਲੀਆਂ ਮੁਲਾਕਾਤਾਂ ਵਿੱਚ ਹੀ ਕਰ ਦਿੱਤਾ ਸੀ।ਗੱਲ ਵਿਆਹ ਕਰਵਾਉਣ ਤੱਕ ਪਹੁੰਚ ਗਈ ਸੀ। ਸ਼ਮਸ਼ੇਰ ਨੇ ਜਸਲੀਨ ਦਾ ਹੱਥ ਫੜਦੇ ਨੇ ਪੁੱਛਿਆ ਸੀ,” ਵਿਆਹ ਤੋਂ ਬਾਅਦ ਕੁੜੀਆਂ ਮਾਪਿਆਂ ਦਾ ਘਰ ਛੱਡ ਕਿ ਸਹੁਰੇ ਘਰ ਜਾਂਦੀਆਂ ਨੇ ਆਪਣਾ ਕੀ ਖ਼ਿਆਲ ਹੈ, ਚੱਲੇਂਗੀ ਮੇਰੇ ਨਾਲ ਆਪਣੇ ਸਹੁਰੇ ਪਿੰਡ ਤਿਉੜ।

” ਤਿਉੜ ਇਹ ਕਿਹੋ ਜਿਹਾ ਨਾਮ ਹੈ। ਮੈਨੂੰ ਤਾਂ ਨਾਮ ਹੀ ਅਜੀਬ ਜਿਹਾ ਲੱਗ ਰਿਹਾ ਪਤਾ ਨਹੀਂ ਤੇਰਾ ਪਿੰਡ ਕਿਹੋ ਜਿਹਾ ਹੋਣਾ।” ਜਸਲੀਨ ਟਿੱਚਰ ਕਰਦੀ ਬੋਲੀ ਸੀ

” ਜੇ ਇਹ ਗੱਲ ਹੈ ਫੇਰ ਨਹੀਂ ਹੋ ਸਕਦਾ ਆਪਣਾ ਵਿਆਹ।” ਸ਼ਮਸ਼ੇਰ ਹਰਖਿਆ ਹੋਇਆ ਬੋਲਿਆ ਸੀ

” ਨਹੀਂ ਨਹੀਂ ਬਾਬਾ ਜਿੱਥੇ ਕਹੇਂ ਗਾ ਮੈਂ ਨਾਲ ਚੱਲਾਂਗੀ ਤੇਰੇ।” ਜਸਲੀਨ ਸ਼ਮਸ਼ੇਰ ਨੂੰ ਕਲਾਵੇ ਵਿੱਚ ਲੈਂਦੀ ਬੋਲੀ,” ਦੇਖ ਕਦੇ ਵੀ ਵੱਖ ਹੋਣ ਦੀ ਗੱਲ ਨਾ ਕਰੀਂ ਮੇਰਾ ਮਰੀ ਦਾ ਮੂੰਹ ਦੇਖੇਂਗਾ।”

” ਤੂੰ ਵੀ ਸੋਂਹ ਖਾ ਕਦੇ ਮਰਨ ਦੀ ਗੱਲ ਨਹੀਂ ਕਰੇਂਗੀ।” ਸ਼ਮਸ਼ੇਰ ਜਸਲੀਨ ਨੂੰ ਕਲਾਵੇ ਦੀ ਗ੍ਰਿਫ਼ਤ ਵਿੱਚ ਕੱਸਦਾ ਬੋਲਿਆ।

” ਸ਼ਮਸ਼ੇਰ ਤੂੰ ਮੇਰੇ ਡੈਡ ਨਾਲ ਗੱਲ ਕਰ ਨਾ ਆਪਣੇ ਵਿਆਹ ਦੀ।” ਜਸਲੀਨ ਆਪਣੇ ਮਨ ਦੀ ਕਹਿ ਕਿ ਬਹੁਤ ਖ਼ੁਸ਼ ਹੋਈ ਸੀ

ਸ਼ਮਸ਼ੇਰ ਪੂਰੀ ਰਾਤ ਸੋਚਦਾ ਰਿਹਾ ਕਿ ਉਹ ਜਸਲੀਨ ਦੇ ਪਿਤਾ ਜੀ ਨਾਲ ਕਿਵੇਂ ਗੱਲ ਕਰੇਗਾ। ਅਗਲੇ ਦਿਨ ਉਹ ਹੌਸਲਾ ਕਰਕੇ ਜਸਲੀਨ ਦੇ ਘਰ ਚੱਲਿਆ ਗਿਆ। ਜਿਵੇਂ ਹੀ ਸ਼ਮਸ਼ੇਰ ਨੇ ਜਸਲੀਨ ਦੇ ਘਰ ਦੀ ਬੈੱਲ ਵਜਾਈ ਅੰਦਰੋਂ ਜਸਲੀਨ ਭੱਜੀ ਭੱਜੀ ਆਈ ਉਹ ਆਉਂਦੀ ਹੀ ਬੋਲੀ,” ਐਨੀ ਦੇਰ ਲਾ ਦਿੱਤੀ ਮੈਂ ਕਦੋਂ ਦੀ ਤੇਰਾ ਇੰਤਜ਼ਾਰ ਕਰ ਰਹੀ ਹਾਂ। ਦੇਖ ਅੱਜ ਮੈਂ ਪੰਜਾਬੀ ਸੂਟ ਪਾਇਆ ਹੈ ਦੱਸ ਨਾ ਮੈਂ ਸੋਹਣੀ ਲੱਗ ਰਹੀ ਹਾਂ ਕਿ ਨਹੀਂ।”

” ਬਹੁਤ ਸੋਹਣੀ ” ਸ਼ਮਸ਼ੇਰ ਬੌਖਲਾਹਟ ਵਿਚ ਬੋਲਿਆ

” ਚੱਲ ਝੂਠਾ , ਫੇਰ ਤੂੰ ਆਪੇ ਕਿਉਂ ਨਹੀਂ praise ਕੀਤਾ। ਕਹਿ ਕਿ ਸਿਫ਼ਤ ਕਰਵਾਈ ਕੀ ਕਰਵਾਈ।” ਜਸਲੀਨ ਮੱਥੇ ਤਿਉੜੀ ਪਾਉਂਦੀ ਬੋਲੀ

” ਦੇਖ ਜਸਲੀਨ ਮੈਨੂੰ ਤੇਰੇ ਪਿਤਾ …..” ਸ਼ਮਸ਼ੇਰ ਦੀ ਗੱਲ ਵਿੱਚੇ ਟੋਕਦੀ ਜਸਲੀਨ ਬੋਲੀ,” oh you ਡਰਪੋਕ …. ਮੈਂ ਡੈਡ ਨੂੰ ਆਪਣੇ ਵਾਰੇ ਸਭ ਕੁੱਝ ਦੱਸ ਦਿੱਤਾ ਹੈ ਉਹ ਤੇਰੀ wait ਕਰ ਰਹੇ ਹਨ।”

ਜਸਲੀਨ ਦੇ ਪਿਤਾ ਜੀ ਨੇ ਜਦੋਂ ਸ਼ਮਸ਼ੇਰ ਨੂੰ ਪੁੱਛਿਆ ਕਿ ਉਹ ਕਿੰਨਾ ਪੜ੍ਹਿਆ ਲਿਖਿਆ ਹੈ ਅਤੇ ਉਹ ਕੀ ਕੰਮ ਜਾਣਦਾ ਹੈ ਤਾਂ ਸ਼ਮਸ਼ੇਰ ਨੇ ਜਵਾਬ ਦਿੱਤਾ ਕਿ ਉਸ ਨੇ ਹਾਇਰ ਸੈਕੰਡਰੀ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਆਪਣੇ ਪਿਤਾ ਜੀ ਨਾਲ ਖੇਤੀ ਕਰਦਾ ਹੈ ਅਤੇ ਕਬੱਡੀ ਖੇਡਦਾ ਹੈ।

” ਇਹ ਸਭ ਤਾਂ ਠੀਕ ਹੈ …. ਕੰਮ ਕੀ ਕਰਦਾ ਏ।” ਜਸਲੀਨ ਦੇ ਪਿਤਾ ਜੀ ਨੇ ਫੇਰ ਦੋਹਰਾ ਕਿ ਪੁੱਛਿਆ,” ਜ਼ਿੰਦਗੀ ਜਿਊਣ ਲਈ ਕੀ ਵਸੀਲੇ ਨੇ।”

” ਕਬੱਡੀ ਖੇਡਦਾ ਹੈ।” ਜਸਲੀਨ ਸ਼ਮਸ਼ੇਰ ਨੂੰ ਚੁੱਪ ਬੈਠਾ ਦੇਖ ਕਿ ਬੋਲੀ

” What kabbadi kabbadi it’s not enough for the survival of the life. This is his passion not profession. There is big difference in your and his career.” ਜਸਲੀਨ ਦੇ ਪਿਤਾ ਜੀ ਸ਼ਮਸ਼ੇਰ ਤੋਂ ਖ਼ੁਸ਼ ਨਹੀਂ ਸਨ।

ਪਰ ਉਹ ਕਹਿੰਦੇ ਨੇ ਕਿ ਇਸ਼ਕ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ। ਅਗਲੇ ਦਿਨ ਜਸਲੀਨ ਸ਼ਮਸ਼ੇਰ ਦੇ ਹੋਟਲ ਦੇ ਬਾਹਰ ਖੜ੍ਹੀ ਸੀ ਹੱਥ ਵਿੱਚ ਇੱਕ ਅਟੈਚੀ ਫੜੀ ।

ਜਿਵੇਂ ਹੀ ਸ਼ਮਸ਼ੇਰ ਨੇ ਉਸ ਨੂੰ ਪੁੱਛਿਆ,” ਇਹ ਕੀ।”

ਤਾਂ ਜਸਲੀਨ ਬੋਲੀ,” ਮੈਂ ਤੇਰੇ ਬਗੈਰ ਜਿਊਣ ਦਾ ਸੋਚ ਵੀ ਨਹੀਂ ਸਕਦੀ ਇਸ ਲਈ ਮੈਂ ਘਰ ਛੱਡ ਕਿ ਤੇਰੇ ਕੋਲ ਆ ਗਈ ਹਾਂ ….. ਚੱਲ ਤੇਰੇ ਪਿੰਡ ਤਿਉੜ ਚੱਲੀਏ।”

ਸ਼ਮਸ਼ੇਰ ਜਸਲੀਨ ਨੂੰ ਉਸ ਦੇ ਘਰ ਇਹ ਕਹਿ ਕਿ ਛੱਡ ਆਇਆ ,” ਮੈਂ ਤੈਨੂੰ ਤੇਰੇ ਪਿਤਾ ਜੀ ਦੀ ਪੱਗ ਰੋਲ ਕਿ ਨਹੀਂ ਪਾਉਣਾ ਚਾਹੁੰਦਾ …. ”

ਇਹ ਗੱਲ ਨੇ ਜਸਲੀਨ ਦੇ ਪਿਤਾ ਜੀ ਦਾ ਦਿਲ ਜਿੱਤ ਲਿਆ ਅਤੇ ਉਹ ਸ਼ਮਸ਼ੇਰ ਨਾਲ ਜਸਲੀਨ ਦੇ ਵਿਆਹ ਲਈ ਰਾਜ਼ੀ ਹੋ ਗਏ। ਪਰ ਉਨ੍ਹਾਂ ਨੇ ਨਾਲ ਇੱਕ ਸ਼ਰਤ ਰੱਖ ਦਿੱਤੀ,” ਸ਼ਮਸ਼ੇਰ ਜਸਲੀਨ ਨਾਲ ਵਿਆਹ ਤੋਂ ਬਾਅਦ ਇੱਥੇ ਇੰਗਲੈਂਡ ਵਿੱਚ ਰਹੇਗਾ। ”

ਫੇਰ ਜਸਲੀਨ ਦੇ ਪਿਤਾ ਜੀ ਆਪਣੇ ਮਨ ਦੀ ਪੁੱਛਣ ਲੱਗੇ,” ਸ਼ਮਸ਼ੇਰ ਪੁੱਤ ਇੱਥੋਂ ਦੇ ਬੱਚੇ ਬਹੁਤ ਭੋਲੇ ਹੁੰਦੇ ਹਨ, ਜਸਲੀਨ ਵੀ ਉਨ੍ਹਾਂ ਵਿੱਚੋਂ ਹੀ ਹੈ , ਦਿਲੋਂ ਸੱਚੀ ਤੂੰ ਕਿਤੇ ਪੱਕਾ ਹੋਣ ਬਾਅਦ ਜਸਲੀਨ ਨੂੰ ਛੱਡ ਤਾਂ ਨਹੀਂ ਜਾਵੇਂਗਾ।”

” ਇਹ ਬਹੁਤ ਵਧੀਆ ਸਵਾਲ ਕੀਤਾ ਹੈ ਜੀ ਤੁਸੀਂ, ਅਸੀਂ ਪੰਜਾਬੀ ਸਿਰਫ਼ ਕਬੱਡੀ ਖੇਡਣ ਦੇ ਸ਼ੌਕੀਨ ਹੀ ਨਹੀਂ ਇਹ ਸਾਡੇ ਖ਼ੂਨ ਵਿੱਚ ਵੀ ਹੈ। ਕਬੱਡੀ ਵਿੱਚ ਜਿਹੜਾ ਮੇਰੇ ਜਿਸਮ ਨੂੰ ਛੂਹ ਕਿ ਮੁੜਨਾ ਚਾਹੁੰਦਾ, ਮੈਂ ਤਾਂ ਕਦੇ ਉਹ ਨਹੀਂ ਮੁੜਨ ਦਿੱਤਾ ਗੁੱਟ ਫੜਕੇ ਕੋਲ ਹੀ ਖੜ੍ਹਾ ਲੈਂਦਾ …… ਜਸਲੀਨ ਨੇ ਤਾਂ ਮੇਰੀ ਰੂਹ ਨੂੰ ਛੂਹਿਆ ਹੈ ਇਸ ਨੂੰ ਕਦੇ ਇੱਕ ਪਲ ਲਈ ਵੀ ਪਰਾਂ ਨਹੀਂ ਹੋਣ ਦਿੰਦਾ।” ਸ਼ਮਸ਼ੇਰ ਨੇ ਜਸਲੀਨ ਵੱਲ ਦੇਖਦੇ ਨੇ ਜਵਾਬ ਦਿੱਤਾ

” How sweet ” ਜਸਲੀਨ ਸ਼ਮਸ਼ੇਰ ਦਾ ਹੱਥ ਫੜਦੀ ਬੋਲੀ ਸੀ

ਵਿਆਹ ਤੋਂ ਬਾਅਦ ਪਹਿਲਾਂ ਉਨ੍ਹਾਂ ਦੇ ਘਰੇ ਧੀ ਨੈਨਸੀ ਹੋਈ ਅਤੇ ਫੇਰ ਢਾਈ ਸਾਲਾਂ ਬਾਅਦ ਬੇਟਾ ਜੈਕ। ਜਸਲੀਨ ਪੁਲੀਸ ਵਿੱਚ ਨੌਕਰੀ ਕਰ ਰਹੀ ਸੀ। ਸ਼ਮਸ਼ੇਰ ਪਹਿਲਾਂ ਕਿਸੇ ਦੇ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਪਰ ਹੁਣ ਉਸ ਨੇ ਆਪਣਾ ਰੈਸਟੋਰੈਂਟ ਖੋਲ੍ਹ ਲਿਆ ਹੈ।

ਵਧਿਆ ਸਮਾਂ ਲੰਘ ਰਿਹਾ ਸੀ। ਇੱਕ ਦਿਨ ਸ਼ਮਸ਼ੇਰ ਨੇ ਜਸਲੀਨ ਨੂੰ ਕਿਹਾ,” ਜਸਲੀਨ ਮੇਰਾ ਦਿਲ ਕਰਦਾ ਕਿ ਆਪਾਂ ਇੱਕ ਵਾਰ ਇੰਡੀਆ ਗੇੜਾ ਮਾਰ ਆਈਏ। ਬੇਬੇ ਬਾਪੂ ਜੀ ਨੂੰ ਮਿਲਣ ਲਈ ਬਹੁਤ ਦਿਲ ਕਰਦਾ। ਉਮਰ ਦਰਾਜ਼ ਹੋ ਗਏ ਨੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ।

ਜਸਲੀਨ ਝੱਟ ਰਾਜ਼ੀ ਹੋ ਗਈ। ਬਹੁਤ ਖ਼ਰੀਦੋ ਫ਼ਰੋਖ਼ਤ ਕਰ ਬੱਚਿਆਂ ਨੂੰ ਲੈ ਕੇ ਨਾਲ ਪਹੁੰਚ ਗਏ ਨੇ ਪਿੰਡ ਤਿਊੜ। ਜਿਵੇਂ ਹੀ ਪਿੰਡ ਕੋਲ ਆਇਆ ਸ਼ਮਸ਼ੇਰ ਹੱਸਦਾ ਹੋਇਆ ਬੋਲਿਆ,” ਘੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ।”

ਅੰਬੈਸਡਰ ਕਾਰ ਵਿੱਚ ਬੈਠ ਕਿ ਘਰ ਪਹੁੰਚੇ ਸੀ ਸ਼ਮਸ਼ੇਰ ਅਤੇ ਉਸ ਦਾ ਪਰਿਵਾਰ। ਬੱਚੇ ਬਹੁਤ ਛੋਟੇ ਸਨ ਓਦੋਂ। ਕੱਚੀ ਸੜਕ ਤੋਂ ਉੱਡਦੀ ਧੂੜ ਜਸਲੀਨ ਨੂੰ ਬਹੁਤ ਅਜੀਬ ਲੱਗ ਰਹੀ ਸੀ ਉੱਥੇ ਹੀ ਪਿੰਡ ਦੀ ਮਿੱਟੀ ਦੀ ਧੂੜ ਦੀ ਮਹਿਕ ਸ਼ਮਸ਼ੇਰ ਨੂੰ ਬਹੁਤ ਚੰਗੀ ਲੱਗ ਰਹੀ ਸੀ। ਕੱਚੇ ਪਹੇ ਤੋਂ ਲੰਘਦਿਆਂ ਸ਼ਮਸ਼ੇਰ ਨੇ ਜਸਲੀਨ ਨੂੰ ਕਿਹਾ,” ਜਸਲੀਨ ਇਹ ਆਪਣੀ ਜ਼ਮੀਨ ਹੈ, ਆਪਣੀ ਪਿਤਾ ਪੁਰਖੀ ਜ਼ਮੀਨ।”

ਸਵਖਤੇ ਜਿਵੇਂ ਹੀ ਕਾਰ ਘਰ ਦੇ ਬਾਹਰ ਖੜ੍ਹੀ ਹੋਈ ਪਿੰਡ ਵਾਲੇ ਆਪੋ ਆਪਣੇ ਦਰਾਂ ਵਿੱਚ ਆਨ ਖਲੋਏ। ਜਸਲੀਨ ਜਿਵੇਂ ਹੀ ਗੱਡੀ ਤੋਂ ਹੇਠਾਂ ਉੱਤਰੀ ਕੱਚੀ ਪਹੀ, ਕੱਚੀਆਂ ਨਾਲੀਆਂ, ਗੱਡੇ, ਮੱਝਾਂ, ਕੁੱਪ ਗੁਹਾਰੇ, ਰੂੜੀਆਂ ਦੇਖ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ ਹੋਵੇ।

ਸ਼ਮਸ਼ੇਰ ਜਿਵੇਂ ਹੀ ਘਰ ਅੰਦਰ ਦਾਖਲ ਹੋਣ ਲੱਗਾ, ਉਸ ਦੀ ਮਾਂ ਉਸ ਨੂੰ ਰੁਕਣ ਦਾ ਇਸ਼ਾਰਾ ਕਰਦੀ ਓਟੇ ਵਿੱਚ ਪਈ ਸਰ੍ਹੋਂ ਦੇ ਤੇਲ ਦੀ ਬੋਤਲ ਚੁੱਕ ਲਿਆਈ। ਸਿਰ ਢੱਕ ਦਰਾਂ ਵਿੱਚ ਤੇਲ ਚੋਂਦੀ ਬੋਲੀ,” ਮਸਾਂ ਆਇਆ ਇਹ ਭਾਗਾਂ ਵਾਲਾ ਦਿਨ ਪੁੱਤ, ਅੱਖਾਂ ਪੱਕ ਗਈਆਂ ਤੁਹਾਡਾ ਰਾਹ ਤੱਕਦੀ ਦਿਆਂ। ਜੀ ਆਇਆਂ ਨੂੰ, ਹੁਣ ਆ ਜਾਓ ਅੰਦਰ।” ਬੱਚਿਆਂ ਨੂੰ ਪਿਆਰ ਕਰਦੀ ਉਨ੍ਹਾਂ ਦੀ ਨਜ਼ਰ ਉਤਾਰਦੀ ਮਾਂ ਬੋਲੀ,” ਲਿਆ ਇਹ ਰੂੰ ਦੇ ਫੰਭੇ ਮੈਨੂੰ ਫੜਾ ਦੇ ਧੀਏ।”

ਚੁੱਲ੍ਹੇ ਵਿੱਚ ਕਪਾਹ ਦੀਆਂ ਛੱਟੀਆਂ ਲਾ, ਚਾਹ ਚੜ੍ਹਾਈ ਹੈ ਮਾਂ ਨੇ। ਗੁੜ ਵਾਲੀ ਚਾਹ ਦੀ ਜਿਵੇਂ ਹੀ ਜਸਲੀਨ ਨੇ ਘੁੱਟ ਭਰੀ ਉਹ ਸੁਭਾਵਿਕ ਹੀ ਬੋਲ ਉੱਠੀ,” Oh ! So delicious.”

ਮਾਂ ਅਤੇ ਬਾਪੂ ਜੀ ਪੋਤਾ ਪੋਤੀ ਨਾਲ ਬਹੁਤ ਖ਼ੁਸ਼ ਹਨ। ਥੋੜ੍ਹੀ ਦੇਰ ਬਾਅਦ ਮੁਹੱਲੇ ਵਿੱਚੋਂ ਕੋਈ ਬੱਚਾ ਆਉਂਦਾ ਅਤੇ ਜਸਲੀਨ ਨੂੰ ਦੇਖ ਕਿ ਫੇਰ ਬਾਹਰ ਭੱਜ ਜਾਂਦਾ। ਜਸਲੀਨ ਬਹੁਤ ਹੈਰਾਨ ਬੈਠੀ ਸੀ ਆਖ਼ਿਰ ਉਸ ਨੇ ਪੁੱਛ ਹੀ ਲਿਆ,” ਇਹ ਬੱਚੇ ਕੀ ਦੇਖਣ ਆਉਂਦੇ ਨੇ।”

” ਕਾਹਨੂੰ ਧੀਏ ! ਪਿੰਡ ਵਿੱਚ ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਸੀ ਕਿ ਸ਼ਮਸ਼ੇਰ ਨੇ ਵਲੈਤ ਵਿੱਚ ਮੇਮ ਨਾਲ ਵਿਆਹ ਕਰਵਾ ਲਿਆ ਹੈ, ਇਹ ਦਾਦੇ ਮਘਾਉਣੇ ਮੇਮ ਦੇਖਣ ਆਉਂਦੇ ਨੇ।” ਮਾਂ ਚਾਹ ਵਾਲੇ ਭਾਂਡੇ ਇਕੱਠੇ ਕਰਦੀ ਬੋਲੀ ਸੀ

ਇਹ ਗੱਲ ਸੁਣ ਕੇ ਸ਼ਮਸ਼ੇਰ ਬਹੁਤ ਹੱਸਿਆ ਸੀ।

ਸਰਦੀਆਂ ਖ਼ਤਮ ਹੋ ਰਹੀਆਂ ਸਨ। ਖੇਤਾਂ ਦੇ ਤਾਜ਼ੇ ਸਾਗ ਵਿੱਚ ਪਾਲਕ, ਮੇਥੇ, ਮੇਥੀ, ਬਾਥੂ, ਸੋਏ, ਛੋਲੀਏ ਦੇ ਨਰਮ ਨਰਮ ਪੱਤੇ ਪਾ ਕਿ ਮਾਂ ਨੇ ਸਾਗ ਚੜ੍ਹਾਇਆ, ਰਿੱਝਣ ਤੇ ਉਸ ਵਿੱਚ ਮੱਕੀ ਦੇ ਆਟੇ ਦਾ ਆਲਣ ਪਾ ਕੇ ਪਕਾਇਆ। ਮੱਕੀ ਦੀ ਰੋਟੀ ਉੱਤੇ ਧਰ ਕਿ ਸਾਗ, ਸਾਗ ਵਿੱਚ ਤਾਜ਼ਾ ਘਰ ਦਾ ਕੱਢਿਆ ਮੱਖਣ ਦਾ ਪੇੜਾ ਨਾਲ ਚਾਟੀ ਦੀ ਲੱਸੀ ਦਾ ਛੰਨਾ, ਦਹੀਂ ਦੇਖ ਕਿ ਸ਼ਮਸ਼ੇਰ ਬੋਲਿਆ ,” ਜਿੰਨੇ ਮਰਜ਼ੀ ਪੀਜ਼ੇ ਬਰਗਰ ਖਾ ਲਵੋ ਜੋ ਸਵਾਦ ਮਾਂ ਦੇ ਹੱਥ ਦੀ ਰੋਟੀ ਵਿੱਚ ਹੈ ਉਹ ਕਾਸੇ ਵਿੱਚ ਨਹੀਂ, come on Jasleen try this legacy.” ਬੁਰਕੀ ਮੂੰਹ ਵਿੱਚ ਪਾਉਂਦੀ ਜਸਲੀਨ ਬੋਲੀ,” ommmmmmm magic.”

ਸ਼ਮਸ਼ੇਰ ਦੇ ਭਰਾ ਭਰਜਾਈ ਦੇ ਘਰ ਬੱਚਾ ਨਹੀਂ ਹੋ ਰਿਹਾ ਹੈ ਉਹ ਕੱਲ੍ਹ ਦੇ ਕਿਸੇ ਧਾਗੇ ਤਵੀਤ ਵਾਲੇ ਕੋਲ ਗਏ ਹੋਏ ਸਨ ਉਹ ਵੀ ਵਾਪਸ ਆ ਗਏ ਨੇ। ਸ਼ਮਸ਼ੇਰ ਦੀ ਭਰਜਾਈ ਬੀਰੋ ਆਉਂਦੀ ਬੋਲੀ,” ਲੈ ਤਾਂ ਵਲੈਤੀਆ ਆ ਗਿਆ, ਚਿੱਠੀ ਲਿਖੀ ਹੁੰਦੀ ਆਉਣ ਦੀ ਤਾਂ ਤੁਹਾਨੂੰ ਕੋਈ ਦਿੱਲੀ ਲੈਣ ਆ ਜਾਂਦਾ। ਫੇਰ ਜਸਲੀਨ ਨੂੰ ਮੁਖ਼ਾਤਬ ਹੁੰਦੀ ਬੋਲੀ,” ਕੀ ਜਾਦੂ ਕਰ ਦਿੱਤਾ ਦਰਾਣੀਏ, ਦਿਉਰ ਤਾਂ ਘਰ ਬਾਰ ਹੀ ਭੁੱਲ ਗਿਆ। ਸ਼ਮਸ਼ੇਰ ਦੇ ਬੱਚਿਆਂ ਦਾ ਚਾਅ ਵੀ ਕਰਿਆ ਹੈ ਬੀਰੋ ਨੇ। ਦਿਉਰਾ ਤੈਂ ਆਪੇ ਵਿਆਹ ਕਰਵਾ ਕਿ ਮੇਰੇ ਚਾਵਾਂ ਦਾ ਤਾਂ ਗਲ਼ਾ ਘੋਟ ਦਿੱਤਾ। ਮੈਂ ਤਾਂ ਆਪਣੀ ਮਾਸੀ ਦੀ ਕੁੜੀ ਦਾ ਰਿਸ਼ਤਾ ਕਰਵਾਉਣਾ ਸੀ ਤੈਨੂੰ। ਮੇਰੀ ਵਿਚੋਲਣ ਦੀ ਛਾਂਪ ਵੀ ਮਾਰੀ ਗਈ। ਸੁਰਮਾ ਪਵਾਈ ਅੱਡ ਤੋਂ ਲੈਣੀ ਸੀ। ਤੂੰ ਤਾਂ ਬਹੁਤ ਖਚਰਾ ਨਿਕਲਿਆ …. ਆਪੇ ਲਾਵਾਂ ਲੈ ਲਈਆਂ।”

” ਚੱਲ ਚੁੱਪ ਕਰ ਕਿਵੇਂ ਬਕੜ ਬਕੜ ਕਰੀ ਜਾਂਦੀ ਆ।” ਸ਼ਮਸ਼ੇਰ ਦਾ ਭਰਾ ਜਸਮੇਰ ਬੀਰੋ ਨੂੰ ਟੋਕਦਾ ਬੋਲਿਆ

ਅਗਲੇ ਦਿਨ ਸ਼ਮਸ਼ੇਰ ਜਸਲੀਨ ਨੂੰ ਨਾਲ ਲੈ ਕੇ ਖੇਤ ਘੁੰਮਣ ਗਿਆ ਸੀ। ਖੇਤ ਜਾ ਕੇ ਉਸ ਨੇ ਜਸਲੀਨ ਨੂੰ ਹੋਲ਼ਾਂ ਭੁੰਨ ਕਿ ਖਵਾਈਆਂ। ਖੇਤ ਵਿੱਚੋਂ ਗੰਨੇ ਪੱਟ ਕਿ ਜਸਲੀਨ ਨੂੰ ਪੋਰੀਆਂ ਛਿੱਲ ਛਿੱਲ ਕਿ ਦਿੱਤੀਆਂ। ਦਿਨ ਬਹੁਤ ਸਾਫ਼ ਸੀ ਤਾਂ ਖੇਤਾਂ ਵਿੱਚ ਖੜਿਆਂ ਨੂੰ ਕਸੌਲੀ ਦੀਆਂ ਪਹਾੜੀਆਂ ਨਜ਼ਰ ਆ ਰਹੀਆਂ ਸਨ। ਜਸਲੀਨ ਨੂੰ ਸਭ ਕੁੱਝ ਬਹੁਤ ਚੰਗਾ ਲੱਗਾ ਰਿਹਾ ਸੀ। ਸ਼ਾਮ ਨੂੰ ਗੱਡੇ ਵਿੱਚ ਬੈਠ ਕਿ ਉਹ ਘਰ ਆਏ ਸਨ। ਬੱਚੇ ਦਾਦਾ ਦਾਦੀ ਨਾਲ ਬਹੁਤ ਖ਼ੁਸ਼ ਸਨ।

ਫੇਰ ਇੱਕ ਦਿਨ ਪੂਰੇ ਪਰਿਵਾਰ ਨੂੰ ਨਾਲ ਲੈ ਕਿ ਅੰਮ੍ਰਿਤਸਰ ਹਰਮਿੰਦਰ ਸਾਹਿਬ ਮੱਥਾ ਟੇਕਣ ਗਏ ਸੀ।

ਜਸਮੇਰ ਹਰ ਰੋਜ਼ ਸ਼ਾਮ ਨੂੰ ਪੀ ਲੈਂਦਾ ਸੀ। ਸ਼ਮਸ਼ੇਰ ਉਸ ਨੂੰ ਸਮਝਾਉਂਦਾ ਬੋਲਿਆ ਸੀ,” ਬਾਈ ਵੈਸੇ ਤਾਂ ਤੂੰ ਵੱਡਾ ਹੈਂ ਮੈਂ ਕੀ ਕਹਾਂ ਪਰ ਰੋਜ਼ ਦੀ ਸ਼ਰਾਬ ਮਾੜੀ ਆ। ਦੇਖ ਲੈ ਮੈਂ ਵਲੈਤ ਰਹਿ ਕਿ ਵੀ ਪੀਣੀ ਸ਼ੁਰੂ ਨਹੀਂ ਕੀਤੀ। ਮਨ ਨੂੰ ਸਮਝਾਉਣ ਦੀ ਗੱਲ ਹੈ।”

” ਜਵਾਕ ਜੱਲੇ ਵੱਲੋਂ ਮਨ ਦੁਖੀ ਆ ਦੋ ਘੁੱਟ ਪੀ ਕਿ ਮਨ ਹੌਲਾ ਹੋ ਜਾਂਦਾ। ਜਵਾਕ ਸਾਡੇ ਨਹੀਂ ਹੋ ਰਿਹਾ ਪਿੰਡ ਵਾਲੇ ਸਾਲੇ ਨਵੀਆਂ ਨਵੀਆਂ ਗੱਲਾਂ ਬਣਾਈ ਜਾਂਦੇ ਨੇ।” ਜਸਮੇਰ ਪੈੱਗ ਖ਼ਤਮ ਕਰਦਾ ਬੋਲਿਆ ਸੀ

” ਚੰਡੀਗੜ੍ਹ ਕਿਸੇ ਸਿਆਣੇ ਡਾਕਟਰ ਕੋਲ ਜਾਣਾ ਸੀ। ਟੂਣੇ ਟਮਾਣਿਆਂ ਵਾਲਿਆਂ ਪੱਲੇ ਕੁੱਝ ਨਹੀਂ ਰੱਖਿਆ।” ਸ਼ਮਸ਼ੇਰ ਜਸਮੇਰ ਨੂੰ ਸਲਾਹ ਦਿੰਦਾ ਬੋਲਿਆ ਸੀ

” ਡਾਕਟਰ …. ਖ਼ਰਚੇ ਤੋਂ ਡਰਦੇ ਡਾਕਟਰ ਕੋਲ ਨਹੀਂ ਜਾਂਦੇ। ਇਕੱਲੀ ਖੇਤੀ ਨਾਲ ਤਾਂ ਰੋਟੀ ਮਸਾਂ ਚੱਲਦੀ ਆ ਕਦੇ ਸੋਕਾ ਕਦੇ ਹੜ੍ਹ, ਗੜੇ ਮਾਰ ਵੀ ਹੋ ਜਾਂਦੀ ਆ ਕਦੇ ਕਦੇ। ਜੱਟ ਦੀ ਜੂਨ ਬੁਰੀ ਕੋਈ ਨਾ ਕੋਈ ਆਫ਼ਤ ਆਈ ਰਹਿੰਦੀ ਆ।” ਜਸਮੇਰ ਮੂੰਹ ਸਲੂਣਾ ਕਰਦਾ ਬੋਲਿਆ ਸੀ

” ਤੇਰੀ ਵੇਲ ਹਰੀ ਹੋ ਜਾਵੇ ਖ਼ਰਚੇ ਦੀ ਤੂੰ ਪ੍ਰਵਾਹ ਨਾ ਕਰੀਂ। ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾ ਪੈਸੇ ਮੈਂ ਭੇਜਦਾ ਰਹੂੰ।” ਸ਼ਮਸ਼ੇਰ ਭਰਾ ਨੂੰ ਹੌਸਲਾ ਦਿੰਦਾ ਬੋਲਿਆ ਸੀ

ਪੰਦਰਾਂ ਦਿਨਾਂ ਦੀਆਂ ਛੁੱਟੀਆਂ ਬਹੁਤ ਜਲਦੀ ਖ਼ਤਮ ਹੋ ਗਈਆਂ ਸਨ। ਚੱਲਣ ਲੱਗੀਆਂ ਕੋਲ ਬੀਰੋ ਬੋਲੀ ਸੀ,” ਦਿਉਰਾ ਜੇ ਟਰੈਕਟਰ ਜੋਗੇ ਪੈਸੇ ਹੋ ਜਾਂਦੇ ਤਾਂ ਤੇਰੇ ਵੀਰ ਦੀ ਜੂਨ ਸੁਧਰ ਜਾਂਦੀ, ਬਲਦਾਂ ਨਾਲ ਵਾਹੁਣ ਵਾਹੁਣਾ ਸੌਖਾ ਕਿਤੇ, ਜਾਨ ਕਿਥੇ ਹੈ ਇਸ ਵਿੱਚ ਪੀ ਪੀ ਅੰਦਰ ਫ਼ੂਕ ਲਿਆ ਇਸ ਨੇ।”

ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਮੰਗ ….. ਸਿਲਸਿਲਾ ਅੱਜ ਤੱਕ ਖ਼ਤਮ ਨਹੀਂ ਸੀ ਹੋਇਆ। ਸੋਚਦੀ ਸੋਚਦੀ ਦੀ ਕਿਤੇ ਅੱਖ ਲੱਗ ਗਈ ਸੀ ਜਸਲੀਨ ਦੀ। ਸਵੇਰੇ ਸਵੇਰੇ ਡੀ ਐੱਸ ਪੀ ਖਰੜ ਦਾ ਫ਼ੋਨ ਆਇਆ ਹੈ।
” ਜਸਲੀਨ ਜੀ ਅਸੀਂ ਰਾਤੀਂ ਹੀ ਜਸਮੇਰ ਦਾ ਪਰਿਵਾਰ ਚੁੱਕ ਲਿਆਏ ਸੀ। ਤਫ਼ਤੀਸ਼ ਕੀਤੀ ਤਾਂ ਇਨ੍ਹਾਂ ਦੇ ਬਿਆਨ ਆਪਸ ਵਿੱਚ ਰਲ਼ ਨਹੀਂ ਰਹੇ। ਸਾਨੂੰ ਇਨ੍ਹਾਂ ਉੱਤੇ ਪੂਰਾ ਸ਼ੱਕ ਹੈ …… ਅੱਜ ਥੋੜ੍ਹੀ ਸਖ਼ਤੀ ਨਾਲ ਪੁੱਛਾਂ ਗੇ …. ਉਮੀਦ ਹੈ ਸ਼ਾਮ ਤੱਕ ਅਸੀਂ ਸ਼ਮਸ਼ੇਰ ਤੱਕ ਪਹੁੰਚ ਜਾਵਾਂਗੇ।

ਜਿਵੇਂ ਹੀ ਡੀ ਐੱਸ ਪੀ ਨਾਲ ਫ਼ੋਨ ਉੱਤੇ ਗੱਲਬਾਤ ਖ਼ਤਮ ਹੋਈ ਜਸਲੀਨ ਫੇਰ ਆਪਣੇ ਖ਼ਿਆਲਾਂ ਵਿੱਚ ਖੋ ਗਈ। ਉਸ ਨੂੰ ਅੱਜ ਵੀ ਯਾਦ ਹੈ ਜਦੋਂ ਉਹ ਇੰਡੀਆ ਤੋਂ ਵਾਪਸ ਪਰਤੇ ਸਨ ਤਾਂ ਜਹਾਜ਼ ਵਿੱਚ ਬੈਠੀ ਨੇ ਸ਼ਮਸ਼ੇਰ ਨੂੰ ਕਿਹਾ ਸੀ,” ਮੈਂ ਤੁਹਾਡੇ ਪਰਿਵਾਰ ਨੂੰ ਮਿਲ ਕਿ ਬਹੁਤ ਖ਼ੁਸ਼ ਹਾਂ ਬੀ ਜੀ, ਬਾਪੂ ਜੀ, ਦਰਵੇਸ਼ ਆਤਮਾ ਹਨ। ਆਪਣੀ ਜ਼ਿੰਦਗੀ ਦੀ ਡੋਰ ਜਿਸ ਤਰ੍ਹਾਂ ਉਨ੍ਹਾਂ ਨੇ ਪ੍ਰਮਾਤਮਾ ਦੇ ਹੱਥ ਦਿੱਤੀ ਹੋਈ ਹੈ ਪ੍ਰਮਾਤਮਾ ਵਿੱਚ ਕਿਸ ਕਦਰ ਵਿਸ਼ਵਾਸ ਹੈ ਉਸ ਦੀ ਇੱਕ ਮਿਸਾਲ ਹਨ ਉਹ। ਵੀਰ ਜਸਮੇਰ ਵੀ ਚੰਗੇ ਹਨ ਪਰ ਤੁਹਾਡੀ ਭਾਬੀ ਬੀਰੋ ਮੈਨੂੰ ਕੁੱਝ ਲਾਲਚੀ ਲੱਗੀ। ਸ਼ਾਇਦ ਉਹ ਸੋਚਦੀ ਹੈ ਇੱਥੇ ਇੰਗਲੈਂਡ ਵਿੱਚ ਦਰਖਤਾਂ ਨੂੰ ਪੈਸੇ ਲੱਗਦੇ ਹਨ ….. !”

ਸ਼ਮਸ਼ੇਰ ਵਿੱਚੇ ਟੋਕਦਾ ਬੋਲਿਆ ਸੀ,” ਜਸਲੀਨ ਖ਼ੂਨ ਤਾਂ ਤੇਰੇ ਅੰਦਰ ਵੀ ਪੰਜਾਬੀ ਹੀ ਹੈ ਭਾਵੇਂ ਤੂੰ ਲੱਖ ਇੰਗਲੈਂਡ ਵਿੱਚ ਪੈਦਾ ਹੋਈ ਹੈਂ, ਕੋਈ ਫ਼ਰਕ ਨਹੀਂ ਪੈਂਦਾ ਖ਼ੂਨ ਦੀ ਤਾਸੀਰ ਨੂੰ।”

” ਕੀ ਮਤਲਬ ਮੈਂ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ।” ਜਸਲੀਨ ਨੇ ਹੈਰਾਨ ਹੁੰਦੀ ਨੇ ਪੁੱਛਿਆ ਸੀ

” ਸ਼ਰੀਕਣਾਂ ਨਾਲ ਸਾੜਾ ਸਾਡੇ DNA ਵਿੱਚ ਹੀ ਹੈ। ਦੇਖ ਨਾ ਤੈਨੂੰ ਉਸ ਵਿਚਾਰੀ ਵਿੱਚ ਕੋਈ ਚੰਗਿਆਈ ਨਹੀਂ ਲੱਭੀ ਬੁਰਾਈ ਬਗੈਰ ਲੱਭਿਆਂ ਹੀ ਮਿਲ ਗਈ।”

” ਵਿਚਾਰੀ ! ਕਿੱਥੋਂ ਦੀ ਵਿਚਾਰੀ। ਆਏ ਤਾਂ ਕੀ ਲੈ ਕੇ ਆਏ ਹੋ ਚੱਲੇ ਹੋ ਤਾਂ ਛੱਡ ਕਿ ਕੀ ਜਾਵੋਗੇ, ਇਹ ਰੁਖ਼ ਸੀ ਤੁਹਾਡੀ ਪਿਆਰੀ ਭਾਬੀ ਦਾ।” ਜਸਲੀਨ ਨੇ ਖਿਝੀ ਹੋਈ ਨੇ ਜਵਾਬ ਦਿੱਤਾ ਸੀ

” ਚੱਲ ਛੱਡ, ਬੰਦਾ ਮੰਗਦਾ ਵੀ ਓਥੋਂ ਹੀ ਆ ਜਿੱਥੇ ਆਸ ਹੁੰਦੀ ਆ। ਦਿਲ ਵੱਡਾ ਰੱਖੀਦਾ ਪ੍ਰਮਾਤਮਾ ਆਪਾਂ ਨੂੰ ਹੋਰ ਦੇਵੇਗਾ।” ਸ਼ਮਸ਼ੇਰ ਨੇ ਹੱਸਦੇ ਨੇ ਹਰਖੀ ਹੋਈ ਜਸਲੀਨ ਨੂੰ ਜਵਾਬ ਦਿੱਤਾ ਸੀ

ਮੂੰਹ ਭੁਆਂ ਕੇ ਬੈਠ ਗਈ ਸੀ ਜਸਲੀਨ ਮਨ ਹੀ ਮਨ ਬੋਲੀ ਰਹੀ ਸੀ ,” ਸਾਰਾ ਦਿਨ ਦਿਉਰ ਭਾਬੀ ਦੇ ਗਾਣੇ ਸੁਣਦਾ ਰਹਿੰਦਾ, ਸ਼ੱਕ ਤਾਂ ਮੈਨੂੰ ਪਹਿਲਾਂ ਹੀ ਸੀ ਡੱਕਾ ਭਾਬੀ ਵੱਲ ਹੀ ਸੁੱਟੇਗਾ।”

ਉਸ ਇੰਡੀਆ ਫੇਰੀ ਤੋਂ ਬਾਅਦ ਉਹ ਕਦੇ ਵੀ ਇਕੱਠੇ ਵਾਪਸ ਇੰਡੀਆ ਨਹੀਂ ਸੀ ਗਏ। ਜਦੋਂ ਵੀ ਉਨ੍ਹਾਂ ਨੇ ਸਲਾਹ ਬਣਾਈ ਕੋਈ ਨਾ ਕੋਈ ਝਮੇਲਾ ਬਣ ਗਿਆ ਤੇ ਸਲਾਹ ਬਣੀ ਬਣਾਈ ਰਹਿ ਗਈ। ਹਾਂ ਬੇਜੀ ਪਹਿਲਾਂ ਪੂਰੇ ਹੋ ਗਏ ਅਤੇ ਬਾਪੂ ਜੀ ਕੁੱਝ ਸਮੇਂ ਬਾਅਦ ਦੋਵੇਂ ਵੇਰ ਸ਼ਮਸ਼ੇਰ ਇਕੱਲ੍ਹਾ ਹੀ ਆਇਆ ਸੀ।

ਪਹਿਲਾਂ ਚਿੱਠੀਆਂ ਫੇਰ ਫ਼ੋਨ ਉੱਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

ਇੱਕ ਦਿਨ ਸ਼ਮਸ਼ੇਰ ਦੇ ਦੋਸਤ ਜੱਗੇ ਦਾ ਫ਼ੋਨ ਆਇਆ ਸੀ। ਉਹ ਫ਼ੋਨ ਉੱਤੇ ਕਹਿ ਰਿਹਾ ਸੀ,” ਸ਼ਮਸ਼ੇਰ ਦੇਖ ਵੀਰ ਮੈਨੂੰ ਗ਼ਲਤ ਨਾ ਸਮਝੀਂ ਆਪਾਂ ਬਚਪਨ ਦੇ ਯਾਰ ਹਾਂ। ਆਪਾਂ ਪੜਾਈ ਵੀ ਇਕੱਠਿਆਂ ਕੀਤੀ ਅਤੇ ਦੇਸ਼ ਪ੍ਰਦੇਸ ਕਬੱਡੀ ਵੀ ਇਕੱਠੇ ਖੇਡਦੇ ਰਹੇ ਹਾਂ। ਤੂੰ ਨਾ ਆਪਣੇ ਹਿੱਸੇ ਆਉਂਦੀ ਜ਼ਮੀਨ ਦੀ ਗਰਦਾਵਰੀ ਜਸਮੇਰ ਦੇ ਨਾਮ ਤੋਂ ਤੁੜਵਾ ਕਿ ਆਪਣੇ ਨਾਮ ਚੜ੍ਹਾ ਲੈ। ਆਪਣੇ ਪਿੰਡ ਜ਼ਮੀਨਾਂ ਦਾ ਰੇਟ ਬਹੁਤ ਵਧ ਗਿਆ ਹੈ ਢਾਈ ਤਿੰਨ ਕਰੋੜ ਦਾ ਏਕੜ ਹੋ ਗਿਆ ਹੈ। ਜ਼ਿਆਦਾ ਰਕਮ ਕਿਸੇ ਦੇ ਵੀ ਇਮਾਨ ਨੂੰ ਡੋਲ ਸਕਦੀ ਹੈ। ਬਾਅਦ ਵਿੱਚ ਕੋਰਟ ਕਚਹਿਰੀਆਂ ਵਿੱਚੋਂ ਪਰਦੇਸੀਆਂ ਦੇ ਹੱਥ ਖੱਜਲ ਖ਼ੁਆਰੀ ਬਗੈਰ ਕੁੱਝ ਨਹੀਂ ਲੱਗਦਾ। ਸੋ ਵੀਰ ਮੇਰੀ ਗੱਲ ਉੱਤੇ ਜ਼ਰੂਰ ਗ਼ੌਰ ਕਰੀਂ ….. ਇੱਕ ਗੱਲ ਹੋਰ ਤੇਰੇ ਭਤੀਜੇ ਪ੍ਰਿੰਸ ਦੇ ਲੱਛਣ ਕੁੱਝ ਠੀਕ ਨਹੀਂ ਹਨ। ਨਸ਼ਾ ਪੱਤਾ …. ਬੁਲੇਟ ਉੱਤੇ ਸਾਰਾ ਦਿਨ ਗੇੜੀਆਂ ਮਾਰਨਾ, ਕੁੜੀਆਂ ਛੇੜਨਾ, ਗੁੰਡਾਗਰਦੀ ਵਿੱਚ ਪੂਰਾ ਨਾਮ ਹੈ ਉਸ ਦਾ। ਇਕਲੌਤਾ ਹੋਣ ਕਰਕੇ ਜਸਮੇਰ ਕਿ ਰੋਕਦੇ ਟੋਕਦੇ ਨਹੀਂ ਉਹ ਪੂਰਾ ਅਲੱਥ ਹੋ ਗਿਆ ਹੈ। ਤੂੰ ਐਵੇਂ ਨਾ ਉਸ ਨੂੰ ਪੈਸੇ ਭੇਜੀ ਜਾਈਂ ਕੱਲ ਨੂੰ ਕੋਈ ਉੱਨੀ ਇੱਕੀ ਹੋ ਗਈ ਸਭ ਤੇਰੇ ਗਲ ਪੈ ਜਾਣੀ। ਅਖੇ ਚਾਚੇ ਨੇ ਪੈਸੇ ਭੇਜ ਭੇਜ ਵਿਗਾੜ ਦਿੱਤਾ। ਇਸ ਜੱਗ ਉੱਤੇ ਹਸਾਏ ਦਾ ਨਹੀਂ ਰਵਾਏ ਦਾ ਨਾਮ ਹੋ ਜਾਂਦਾ। ਬਾਕੀ ਪਿੰਡ ਵਿੱਚ ਸਭ ਠੀਕ ਠਾਕ ਏ। ਚੰਗਾ ਬਾਈ ਰੱਬ ਰਾਖਾ ਚੱਲ ਫ਼ੋਨ ਰੱਖਦਾ ਸਤਿ ਸ੍ਰੀ ਅਕਾਲ।”

ਜਦੋਂ ਜਸਲੀਨ ਨੇ ਪੁੱਛਿਆ ਸੀ,” ਜ਼ਮੀਨ ਵਾਰੇ ਕੀ ਕਹਿੰਦੇ ਸੀ ਵੀਰ ਜੀ।” ਤਾਂ ਸ਼ਮਸ਼ੇਰ ਬੋਲਿਆ ਸੀ ,” ਕੁੱਝ ਨਹੀਂ।”

ਜਸਲੀਨ ਨੇ ਜਦੋਂ ਕਿਹਾ ਸੀ ,” ਠੀਕ ਹੀ ਤਾਂ ਕਹਿ ਰਹੇ ਸੀ ਵੀਰ ਜੀ ਜ਼ਿਆਦਾ ਪੈਸਾ ਕਿਸੇ ਦੀ ਵੀ ਮੱਤ ਮਾਰ ਸਕਦਾ। ਤੁਸੀਂ ਉਹ ਕਰਦੇ ਕਿਉਂ ਨਹੀਂ ਜੋ ਉਹ ਕਹਿ ਰਹੇ ਸੀ।”

ਸ਼ਮਸ਼ੇਰ ਗ਼ੁੱਸੇ ਵਿੱਚ ਬੋਲਿਆ ਸੀ,” ਪੁੱਛ ਕਿਉਂ ਰਹੀਂ ਹੈ ਜਦ ਪੂਰੀ ਗੱਲ ਸੁਣ ਲਈ ਹੈ। ਦੁਨੀਆ ਦੀ ਤਾਂ ਮੈਂ ਕਹਿ ਨਹੀਂ ਸਕਦਾ ਪਰ ਮੇਰਾ ਵੀਰ ਜਸਮੇਰ ਮੇਰੇ ਨਾਲ ਕਦੇ ਨਹੀਂ ਬਦਲ ਸਕਦਾ। ਮੈਨੂੰ ਉਸ ਉੱਤੇ ਪੂਰਾ ਯਕੀਨ ਹੈ।”

ਪਰ ਪ੍ਰਿੰਸ ਦੀ ਗੱਲ ਸੁਣ ਕਿ ਸ਼ਮਸ਼ੇਰ ਨੇ ਬਹੁਤ ਦੁੱਖ ਮਨਾਇਆ ਸੀ, ਆਪਣੇ ਬੱਚਿਆਂ ਵੱਲ ਦੇਖਦਾ ਬੋਲਿਆ ਸੀ,” ਬੇਟੀ ਨੈਨਸੀ ਡਾਕਟਰੀ ਕਰ ਰਹੀ ਹੈ ਅਤੇ ਬੇਟਾ ਜੈਕ ਐਮ ਬੀ ਏ, ਇਹ ਪ੍ਰਿੰਸ ਕੀ ਕਰ ਰਿਹਾ ਹੈ …. ਬਾਈ ਗ਼ੌਰ ਕਿਉਂ ਨਹੀਂ ਕਰਦਾ। ” ਜਿਵੇਂ ਹੀ ਸ਼ਮਸ਼ੇਰ ਨੇ ਜਸਮੇਰ ਨੂੰ ਫ਼ੋਨ ਕਰਨ ਲਈ ਫ਼ੋਨ ਚੁੱਕਿਆ ਜਸਲੀਨ ਟੋਕਦੀ ਬੋਲੀ ਸੀ,” ਤੁਸੀਂ ਰਹਿਣ ਦੋ ਕੁੱਝ ਕਹਿਣ ਨੂੰ ….. ।”
ਸ਼ਮਸ਼ੇਰ ਨੇ ਵੀ ਇਹੋ ਬਿਹਤਰ ਸਮਝਿਆ ਤੇ ਉਸ ਨੇ ਫ਼ੋਨ ਕੱਟ ਦਿੱਤਾ।

ਫੇਰ ਉਸੇ ਸਾਲ ਦੁਨੀਆ ਉੱਤੇ ਕਰੋਨਾ ਦਾ ਕਹਿਰ ਆਇਆ ਸੀ। ਇਸ ਮਹਾਂਮਾਰੀ ਵਿੱਚ ਦੁਨੀਆ ਦਾ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਸੀ। ਸ਼ਮਸ਼ੇਰ ਦਾ ਰੈਸਟੋਰੈਂਟ ਦਾ ਕਾਰੋਬਾਰ ਵੀ ਕਰੋਨਾ ਦੀ ਭੇਂਟ ਚੜ੍ਹ ਗਿਆ ਸੀ। ਬਹੁਤ ਨੁਕਸਾਨ ਹੋ ਗਿਆ ਸੀ ਉਨ੍ਹਾਂ ਦਾ। ਕਰਜ਼ਾ ਚੜ੍ਹ ਗਿਆ ਸੀ ਸ਼ਮਸ਼ੇਰ ਸਿਰ। ਨੌਬਤ ਘਰ ਵੇਚਣ ਤੱਕ ਆ ਗਈ ਸੀ।

ਇੱਕ ਦਿਨ ਸ਼ਮਸ਼ੇਰ ਬੋਲਿਆ,” ਆਪਣਾ ਘਰ ਵੇਚਣ ਨਾਲੋਂ ਆਪਣੇ ਹਿੱਸੇ ਆਉਂਦੀ ਇੰਡੀਆ ਵਾਲੀ ਜ਼ਮੀਨ ਵੇਚ ਦਿੰਦਾ ਹਾਂ। ”

ਫੇਰ ਤਾਂ ਉਹ ਤਿਆਰ ਹੋ ਗਿਆ ਇੰਡੀਆ ਆਉਣ ਲਈ। ਤੁਰਨ ਲੱਗੇ ਸ਼ਮਸ਼ੇਰ ਨੂੰ ਜਸਲੀਨ ਬੋਲੀ ਸੀ,” ਚੱਲਣ ਤੋਂ ਪਹਿਲਾਂ ਤੁਸੀਂ ਜਸਮੇਰ ਵੀਰ ਜੀ ਨਾਲ ਫ਼ੋਨ ਉੱਤੇ ਸਲਾਹ ਕਰ ਲੈਣੀ ਸੀ। ”

” ਵੱਡੇ ਫ਼ੈਸਲੇ ਫ਼ੋਨ ਉੱਤੇ ਨਹੀਂ ਆਹਮਣੇ ਸਾਹਮਣੇ ਬੈਠ ਕਿ ਹੁੰਦੇ ਨੇ। ਨਾਲੇ ਮੈਂ ਆਪਣੇ ਹਿੱਸੇ ਆਉਂਦੀ ਜ਼ਮੀਨ ਵੇਚਣਾ ਚਾਹੁੰਦਾ ਹਾਂ ਜੋ ਕਿ ਮੇਰਾ ਹੱਕ ਹੈ। ਜਿੰਨੀ ਦੇਰ ਸਰਦਾ ਸੀ ਉਹੀ ਵਾਹੁੰਦੇ ਰਹੇ ਨੇ ਪਰ ਹੁਣ ਮੈਂ ਮਜਬੂਰ ਹੋ ਗਿਆ ਹਾਂ। ਜਦੋਂ ਮੈਂ ਵੱਡੇ ਬਾਈ ਨੂੰ ਆਪਣੀ ਮਜਬੂਰੀ ਦੱਸਾਂਗਾ ਉਹ ਜ਼ਰੂਰ ਮੇਰੀ ਮਦਦ ਕਰੇਗਾ।”

” ਜ਼ਿਆਦਾ ਪੈਸੇ ਦੇ ਲੈਣ ਦੇਣ ਦਾ ਮਸਲਾ ਹੈ। ਤੁਸੀਂ ਸਭ ਕੁੱਝ ਸੋਚ ਸਮਝ ਕਿ ਕਰਨਾ।” ਜਸਲੀਨ ਫ਼ਿਕਰ ਕਰਦੀ ਬੋਲੀ ਸੀ

ਸ਼ਮਸ਼ੇਰ ਇਹ ਕਹਿ ਕਿ ਘਰੋਂ ਤੁਰਿਆ ਸੀ,” ਮੇਰਾ ਪਿੰਡ, ਮੇਰਾ ਪਰਿਵਾਰ, ਮੇਰੇ ਦੋਸਤ ਸਭ ਹਨ ਉੱਥੇ, ਤੂੰ ਭੋਰਾ ਫ਼ਿਕਰ ਨਾ ਕਰ ਮੈਂ ਐਂ ਗਿਆ ਤੇ ਐਂ ਆਇਆ। ਦੇਖੀਂ ਆਪਣੀ ਸਾਰੀ ਪ੍ਰੇਸ਼ਾਨੀ ਠੀਕ ਹੋ ਜਾਵੇਗੀ।”

” Ok bye darling love you.,” ਹਵਾਈ ਜਹਾਜ਼ ਦੇ ਅੱਡੇ ਵਿੱਚ ਵੜਨ ਲੱਗਿਆਂ ਜਸਲੀਨ ਨੂੰ ਜੱਫੀ ਵਿੱਚ ਲੈ ਕਿ ਇਹ ਸਨ ਸ਼ਮਸ਼ੇਰ ਦੇ ਆਖ਼ਰੀ ਬੋਲ

ਉਸ ਆਖ਼ਰੀ ਮੁਲਾਕਾਤ ਨੂੰ ਯਾਦ ਕਰਦੀ ਜਸਲੀਨ ਦੇ ਮੂੰਹ ਵਿੱਚੋਂ ਸੁਭਾਵਿਕ ਹੀ ਨਿਕਲ ਗਿਆ,” love you too darling miss you.”

ਫੇਰ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਹੰਝੂ ਸਾਫ਼ ਕਰਦੀ ਉਹ ਹੋਟਲ ਦੀ ਖਿੜਕੀ ਵਿੱਚ ਆਨ ਖੜ੍ਹੀ ਹੋਈ ਤਾਂ ਸੜਕ ਉੱਤੇ ਜਾਂਦਾ ਰੱਦੀ ਖ਼ਰੀਦਣ ਵਾਲਾ ਉਸ ਦੀ ਨਿਗਾਹ ਪੈ ਗਿਆ। ਉਹ ਮਨ ਹੀ ਮਨ ਸੋਚ ਰਹੀ ਹੈ ਇਸ ਦੇਸ਼ ਵਿੱਚ ਗ਼ਰੀਬ ਅਤੇ ਅਮੀਰ ਵਿੱਚ ਕਿੱਡਾ ਵੱਡਾ ਪਾੜਾ ਹੈ। ਸ਼ਾਇਦ ਇਹ ਪਾੜਾ ਹੀ ਸਾਰੀ ਸਮੱਸਿਆ ਦਾ ਕਾਰਨ ਹੈ।

ਉੱਧਰ ਜਸਮੇਰ ਅਤੇ ਉਸ ਦੀ ਪਤਨੀ ਪੁਲਿਸ ਸਟੇਸ਼ਨ ਬੈਠੇ ਹਨ। ਪ੍ਰਿੰਸ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਪੁਲੀਸ ਦੀਆਂ ਟੁਕੜੀਆਂ ਥਾਂ ਥਾਂ ਉੱਤੇ ਪ੍ਰਿੰਸ ਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।

ਜਦੋਂ ਦੀ ਪੁਲੀਸ ਜਸਮੇਰ ਕਿਆਂ ਨੂੰ ਚੁੱਕ ਕਿ ਲਿਆਈ ਹੈ ਪਿੰਡ ਵਿੱਚ ਸ਼ਮਸ਼ੇਰ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ। ਕੀ ਸੱਥ ਕੀ ਘਰ ਸਭ ਜਗ੍ਹਾ। ਸੱਥ ਵਿੱਚ ਤਾਸ਼ ਖੇਡਦਿਆਂ ਵਿੱਚ ਅਮਲੀ ਦੀਸ਼ਾ ਬੋਲਿਆ,” ਬਾਈ ਕਮਾਲ ਕਰਤੀ ਮੇਰੇ ਸਾਲ਼ਿਆਂ ਨੇ। ਦੇਖਣ ਨੂੰ ਤਾਂ ਬੜੇ ਸਾਧ ਲੱਗਦੇ ਸੀ ਪਿਓ ਪੁੱਤ, ਪਰ ਕੰਮ ਸਾਲਾ ਮੋਮਨਾਂ ਵਾਲਾ ਕਰ ਦਿੱਤਾ। ਸਵਾ ਛੇ ਫੁੱਟ ਦਾ ਬੰਦਾ ਕਿੱਥੇ ਖੱਪਾ ਦਿੱਤਾ ਭਾਫ਼਼ ਵੀ ਬਾਹਰ ਨਹੀਂ ਨਿਕਲਣ ਦਿੱਤੀ।”

” ਭਾਫ ਕੀ ਬੰਦਾ ਬਾਹਰ ਦੇਖੀਂ ਕਿਵੇਂ ਨਿਕਲਦਾ ਜਦੋਂ ਪੁੜੇ ਸੇਕੇ ਪੁਲੀਸ ਨੇ।” ਅਜਮੇਰ ਪੱਤਾ ਸੁੱਟਦਾ ਬੋਲਿਆ

” ਨਾ ਬਾਈ ਬੰਦਿਆਂ ਦਾ ਤਾਂ ਠੀਕ ਆ, ਭਲਾ ਪੁਲੀਸ ਤੀਵੀਂਆਂ ਦਾ ਵੀ ਇੰਜਨ ਕਰਦੀ ਆ। ਬੀਰੋ ਦੇ ਤਾਂ ਪੁੜੇ ਵੀ ਵਾਹਵਾ ਭਾਰੀ ਨੇ ਪਟੇ ਦੀ ਅਵਾਜ਼ ਤਾਂ ਪੂਰੀ ਭਰ ਕੇ ਆਉਂਦੀ ਹੋਊ।” ਅਮਲੀ ਮਸ਼ਕਰੀ ਕਰਕੇ ਹੱਸਦਾ ਬੋਲਿਆ

” ਵਾਹਿਗੁਰੂ! ਪੁਲੀਸ ਨਾਲੋਂ ਤਾਂ ਰੱਬ ਤੇਰੇ ਤੋਂ ਬਚਾਏ। ਤੂੰ ਨਾ ਟਲੀਂ ਤਵੇ ਲਾਉਣ ਤੋਂ, ਕਿਸੇ ਨੂੰ ਤਾਂ ਬਖ਼ਸ਼ ਦਿਆ ਕਰ।
ਜਸਮੇਰ ਨੇ ਤਾਂ ਅੱਜ ਤੱਕ ਕੁੱਤੇ ਨੂੰ ਸੋਟੀ ਨਹੀਂ ਮਾਰੀ ….. ਇਹ ਕਾਰਾ ਤਾਂ ਪ੍ਰਿੰਸ ਦਾ ਕਰਿਆ ਲਗਦਾ।” ਕਿਸੇ ਨੇ ਅਮਲੀ ਦੀ ਗੱਲ ਵਿੱਚੇ ਟੋਕਦੇ ਨੇ ਕਿਹਾ

ਉੱਧਰ ਜਸਲੀਨ ਡੀ ਐੱਸ ਪੀ ਨਾਲ ਫ਼ੋਨ ਉੱਤੇ ਗੱਲ ਕਰ ਰਹੀ ਹੈ। ” How is that possible from police custody ਕਿਵੇਂ ਭੱਜ ਗਿਆ ਪ੍ਰਿੰਸ ।”

” ਇਹ ਪੰਜਾਬ ਪੁਲੀਸ ਹੈ ਇਸ ਦਾ ਕੰਮ ਕਰਨ ਦਾ ਢੰਗ ਵੀ ਵੱਖਰਾ ਹੈ। ਤੁਸੀਂ, ਜਸਮੇਰ, ਬੀਰੋ ਸਭ ਇਹੋ ਸਮਝਦੇ ਹੋ ਕਿ ਪ੍ਰਿੰਸ ਪੁਲੀਸ ਕੋਲੋਂ ਭੱਜ ਗਿਆ ਦਰਅਸਲ ਉਹ ਭੱਜਿਆ ਨਹੀਂ ਭਜਾਇਆ ਗਿਆ ਹੈ। ਉਸ ਪੁਲੀਸ ਦੀ ਗ੍ਰਿਫ਼ਤ ਵਿੱਚੋਂ ਨਿਕਲ ਕਿ ਸਿੱਧਾ ਸ਼ਮਸ਼ੇਰ ਕੋਲ ਹੀ ਜਾਵੇਗਾ। ਅਸੀਂ ਉਸ ਦਾ ਫ਼ੋਨ surveillance ਉੱਤੇ ਲਗਾਇਆ ਹੋਇਆ ਹੈ। ਉਸ ਨੇ ਰਸਤੇ ਵਿੱਚ ਆਪਣੇ ਜਿਸ ਜਿਸ ਦੋਸਤ ਨੂੰ ਫ਼ੋਨ ਕੀਤਾ, ਉਹ ਵੀ ਸਾਰੇ ਸਾਡੇ radar ਉੱਤੇ ਆ ਗਏ ਨੇ। Civil ਵਿੱਚ ਪੁਲੀਸ ਉਸ ਦਾ ਪਿੱਛਾ ਕਰ ਰਹੀ ਹੈ। ਉਹ ਹੁਣੇ ਹੁਣੇ ਬਿੰਦਰਖ ਪਹੁੰਚਿਆ ਹੈ। ਸਾਨੂੰ ਲੱਗਦਾ ਹੈ ਸ਼ਮਸ਼ੇਰ ਨੂੰ ਇਨ੍ਹਾਂ ਨੇ ਮਿਲ ਕਿ ਬਿੰਦਰਖ ਪਿੰਡ ਵਿੱਚ ਲੁਕਾਇਆ ਹੋਇਆ ਹੈ। ਬੱਸ ਹੁਣ ਅਸੀਂ ਸ਼ਮਸ਼ੇਰ ਤੋਂ ਇੱਕ ਕਦਮ ਹੀ ਦੂਰ ਹਾਂ।” ਡੀ ਐੱਸ ਪੀ ਸਾਹਿਬ ਜਸਲੀਨ ਨਾਲ ਫ਼ੋਨ ਉੱਤੇ ਗੱਲ ਕਰਦੇ ਬੋਲੇ

ਜਸਲੀਨ ਨੂੰ ਵੀ ਹੁਣ ਤਾਂ ਲੱਗਣ ਲੱਗ ਪਿਆ ਸੀ ਕਿ ਜਲਦੀ ਹੀ ਸ਼ਮਸ਼ੇਰ ਉਸ ਕੋਲ ਆ ਜਾਵੇਗਾ। ਉਸ ਨੇ ਸੁੱਖ ਦਾ ਸਾਹ ਲਿੱਤਾ ਅਤੇ ਵੇਟਰ ਕੋਲੋਂ ਕੌਫ਼ੀ ਮੰਗਵਾਈ ਹੈ।

ਆਓ ਦੇਖੀਏ ਇਸ ਤੋਂ ਕੁੱਝ ਦਿਨ ਪਹਿਲਾਂ ਕੀ ਕੀ ਹੋਇਆ ਸੀ।

ਜਿਵੇਂ ਹੀ ਸ਼ਮਸ਼ੇਰ ਜਸਲੀਨ ਨੂੰ bye bye ਕਹਿ ਕਿ check-in, immigration, boarding ਕਰਵਾ ਕਿ ਜਹਾਜ਼ ਵਿੱਚ ਬੈਠਿਆ ਸਭ ਤੋਂ ਪਹਿਲਾਂ ਸ਼ਮਸ਼ੇਰ ਨੇ ਬੱਚਿਆਂ ਨੂੰ ਫ਼ੋਨ ਕੀਤਾ। ਫੇਰ ਕੁੱਝ ਦੇਰ ਚੁੱਪ ਬੈਠਣ ਤੋਂ ਬਾਅਦ ਆਪਣੇ ਮਨ ਵਿੱਚ ਗੱਲਾਂ ਕਰਨ ਲੱਗਿਆਂ,” ਬਾਈ ਜਸਮੇਰ ਮਜਬੂਰ ਹੋ ਕਿ ਇਹ ਕਦਮ ਚੁੱਕਿਆ ਹੈ, ਭੋਏਂ ਵੇਚਣ ਦਾ ਦੁੱਖ ਮਾਂ ਦੇ ਮਰਨ ਜਿੰਨਾ ਹੀ ਹੋ ਰਿਹਾ।” ਅੱਖਾਂ ਭਰਦੇ ਸ਼ਮਸ਼ੇਰ ਨੇ ਮਨ ਹੀ ਮਨ ਕਿਹਾ,” ਗ਼ਲਤ ਨਾ ਸਮਝੀਂ ਵੀਰਿਆ ਮੈਂ ਤੇਰੇ ਹੱਥੋਂ ਰੋਟੀ ਨਹੀਂ ਸੀ ਖੋਹਣਾ ਚਾਹੁੰਦਾ। ਪਤਾ ਨਹੀਂ ਇਹ ਚੰਦਰੀ ਕਰੋਨਾ ਦੀ ਬਿਮਾਰੀ ਕਿੱਥੋਂ ਆਈ ਸਭ ਕੁੱਝ ਹੀ ਨਾਲ ਲੈ ਗਈ। ਚੰਗਾ ਭਲਾ ਗੁਜ਼ਾਰਾ ਹੋਈ ਜਾਂਦਾ ਸੀ। ਜ਼ਮੀਨ ਵੇਚਣ ਵਾਰੇ ਤਾਂ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ।”

ਇੱਕ ਹੰਝੂ ਉਸ ਦੀ ਅੱਖ ਵਿੱਚੋਂ ਟਪਕਿਆ ਤਾਂ ਸ਼ਮਸ਼ੇਰ ਆਪਣੇ ਆਪ ਨੂੰ ਸੰਭਾਲਦਿਆਂ ਬੋਲਿਆ,” ਤੈਨੂੰ ਕੀ ਪਤਾ ਮੈਂ ਦਿਲ ਉੱਤੇ ਕਿਹੜਾ ਪੱਥਰ ਰੱਖ ਕਿ ਤੇਰੇ ਨਾਲ ਗੱਲ ਕਰਨੀ ਹੈ।”

ਜਦ ਨੂੰ airhostess ਨੇ ਜਹਾਜ਼ ਵਿੱਚ ਬੈਠਣ ਦੇ ਕਾਇਦੇ ਕਾਨੂੰਨ ਦੱਸਣੇ ਸ਼ੁਰੂ ਕੀਤੇ। ਕੁੱਝ ਦੇਰ ਬਾਅਦ ਜਹਾਜ਼ ਨੇ ਹਵਾ ਵਿੱਚ ਉਡਾਣ ਭਰ ਦਿੱਤੀ। ਹਵਾ ਵਿੱਚ ਪਰ ਖਿਲਾਰੀ ਜਹਾਜ਼ ਮੀਲਾਂ ਵੱਢਦਾ ਮੰਜ਼ਿਲ ਵੱਲ ਸ਼ੂਕਦਾ ਉੱਡਿਆ ਜਾ ਰਿਹਾ ਸੀ। ਜਿਵੇਂ ਜਿਵੇਂ ਇੰਡੀਆ ਨੇੜੇ ਆ ਰਿਹਾ ਸੀ ਸ਼ਮਸ਼ੇਰ ਦੀ ਬੇਚੈਨੀ ਵਧਦੀ ਜਾ ਰਹੀ ਸੀ।

ਸ਼ਮਸ਼ੇਰ ਨੇ ਪਹਿਲਾਂ ਚੰਡੀਗੜ੍ਹ ਪਹੁੰਚ ਕਿ ਉਹੀ ਹੋਟਲ ਬੁੱਕ ਕੀਤਾ ਸੀ ਜਿਸ ਵਿੱਚ ਹੁਣ ਜਸਲੀਨ ਰਹਿ ਰਹੀ ਹੈ। ਫੇਰ ਉਸ ਨੇ ਆਪਣੇ ਯਾਰ ਜੱਗੇ ਨੂੰ ਮਿਲਣ ਲਈ ਬੁਲਾਇਆ ਸੀ।

ਜਿਵੇਂ ਹੀ ਜੱਗਾ ਉਸ ਕੋਲ ਆਇਆ। ਸ਼ਮਸ਼ੇਰ ਨੇ ਜੱਗੇ ਨੂੰ ਆਪਣੇ ਹਾਲਾਤ ਨਾਲ ਵਾਕਫ਼ ਕਰਵਾਇਆ। ਫੇਰ ਉਸ ਨੇ ਜੱਗੇ ਨੂੰ ਆਪਣੇ ਮਨ ਦੀ ਝਿਜਕ ਵਾਰੇ ਦੱਸਿਆ ਤਾਂ ਜੱਗਾ ਬੋਲਿਆ,” ਬਾਈ ਆਪਣਾ ਹੱਕ ਲੈਣ ਦਾ ਤਾਂ ਤੇਰਾ ਪੂਰਾ ਹੱਕ ਬਣਦਾ। ਭਾਵੇਂ ਤੂੰ ਛੋਟਾ ਹੈਂ ਪਰ ਘਰ ਤਾਂ ਤੂੰ ਵੱਡੇ ਨਾਲੋਂ ਵੀ ਜ਼ਿਆਦਾ ਸਾਂਭਿਆ ਹੈ। ਟਰੈਕਟਰ ਟਰਾਲੀ ਸਾਰਾ ਸੰਦਾ ਪਾ ਕਿ ਦਿੱਤਾ, ਘਰ ਪੱਕਾ ਕਰਵਾਇਆ, ਟੀ ਵੀ, ਫ਼ਰਿਜ, ਏਸੀ, ਮੋਟਰਸਾਈਕਲ, ਕਾਰ ਕੀ ਨਹੀਂ ਲੈ ਕਿ ਦਿੱਤਾ ਤੈਂ। ਸਾਰਾ ਪਿੰਡ ਤੇਰੇ ਗੁਣ ਗਾਉਂਦਾ। ਆ ਜਿਹੜਾ ਕੁੱਝ ਲੋਕ ਜ਼ਮੀਨਾਂ ਵੇਚ ਕਿ ਅੱਜ ਲੈ ਕਿ ਆਏ ਨੇ ਉਹ ਤੂੰ ਕਿੰਨੇ ਸਾਲ ਪਹਿਲਾਂ ਲੈ ਦਿੱਤਾ ਸੀ। ਪ੍ਰਦੇਸ ਤਾਂ ਮੈਂ ਵੀ ਦੇਖਿਆ ਮੈਨੂੰ ਪਤਾ ਉੱਥੇ ਕਿੰਨਾ ਔਖਾ ਪੈਸਾ ਹੱਥ ਲੱਗਦਾ …. ਪਰ ਜਿਹੜਾ ਮੋਹ ਤੈਂ ਦਿਖਾਇਆ ਆਪਣਿਆਂ ਦਾ, ਐਸੇ ਮੋਹ ਵਾਲਾ ਤਾਂ ਕੋਈ ਵਿਰਲਾ ਹੀ ਹੋਣਾ ਦੁਨੀਆ ਉੱਤੇ। ਬਾਈ ਸਲਾਮ ਆ ਤੈਨੂੰ ….. ਤੇਰੇ ਜਿਗਰੇ ਨੂੰ।
ਆਪਣੀ ਵੇਰ ਹੁਣ ਤੂੰ ਝਿਜਕ ਨਾ, ਹੁਣ ਤਾਂ ਜਸਮੇਰ ਦੀ ਵਾਰੀ ਆ ਦੇਖਦੇ ਹਾਂ ਉਹ ਤੇਰੇ ਲਈ ਕੀ ਕਰਦਾ। ਜੇ ਕਿਤੇ ਆਉਣਾ ਜਾਣਾ ਹੋਇਆ ਤਾਂ ਦੱਸੀਂ ਤੇਰੇ ਨਾਲ ਚੱਲਾਂਗੇ।”

ਅਗਲੇ ਦਿਨ ਸਵੇਰੇ ਸਵੇਰੇ ਸ਼ਮਸ਼ੇਰ ਪਿੰਡ ਪਹੁੰਚ ਗਿਆ ਸੀ। ਜਿਵੇਂ ਹੀ ਸ਼ਮਸ਼ੇਰ ਪਿੰਡ ਪਹੁੰਚਿਆ ਤਾਂ ਭਰਾ ਦੇ ਘਰ ਆਉਣ ਉੱਤੇ ਜਸਮੇਰ ਬਹੁਤ ਖ਼ੁਸ਼ ਹੋਇਆ ਸੀ। ਪ੍ਰਿੰਸ ਨੇ ਸ਼ਮਸ਼ੇਰ ਨੂੰ ਬਗੈਰ ਝਿਜਕ ਦੇ ਪੁੱਛਿਆ ਸੀ,” ਚਾਚੂ ਬਾਪੂ ਲਈ ਬੋਤਲ ਨਹੀਂ ਲੈ ਕਿ ਆਏ।”

ਸ਼ਾਮ ਨੂੰ ਬੀਰੋ ਜਸਮੇਰ ਕੋਲ ਆ ਕਿ ਬੋਲੀ ਸੀ ,” ਐਤਕੀਂ ਆ ਤੇਰਾ ਭਰਾ ਆਇਆ ਨਾ ਮੈਨੂੰ ਕੁੱਝ ਬੁੱਝਿਆ ਬੁੱਝਿਆ ਜਿਹਾ ਬੁਝਾਰਤਾਂ ਜਿਹੀਆਂ ਪਾਉਂਦਾ ਲੱਗਦਾ। ਖ਼ਸਮਾਂ ਖਾਣੀ ਅੱਖ ਫਰਕੀ ਜਾਂਦੀ ਆ ਮੇਰੀ ਸਵੇਰੇ ਦੀ , ਮੈਨੂੰ ਕੁੱਝ ਠੀਕ ਜਿਹਾ ਨਹੀਂ ਲੱਗਦਾ।”

” ਤੇਰੀ ਅੱਖ ਨਾਲ ਮੇਰੇ ਭਰਾ ਦਾ ਕੀ ਲੈਣਾ ਦੇਣਾ।” ਜਸਮੇਰ ਹਰਖਿਆ ਹੋਇਆ ਬੋਲਿਆ ਸੀ

ਸ਼ਾਮ ਨੂੰ ਸ਼ਮਸ਼ੇਰ ਵਾਪਸ ਚੱਲਿਆ ਗਿਆ ਸੀ। ਜਸਮੇਰ ਨੇ ਜਾਣ ਲੱਗੇ ਨੂੰ ਰੋਕਿਆ ਸੀ,” ਬਾਈ ਹੋਟਲ ਜਾਣ ਦੀ ਕੀ ਲੋੜ ਆ ਇਹ ਘਰ ਤੇਰਾ ਵੀ ਹੈ। ਇੱਥੇ ਹੀ ਰਹਿ ਜਾ ਰਾਤ ਨੂੰ ਗੱਲਾਂ ਕਰਾਂਗੇ ਬਹਿ ਕਿ।”

” ਆਪ ਤਾਂ ਤੈਂ ਸ਼ਾਮ ਨੂੰ ਡੱਫ ਲੈਣੀ ਆ , ਰੋਟੀ ਮਸਾਂ ਲੰਘਦੀ ਆ ਤੇਰੇ ….. ਗੱਲਾਂ ਕਰਨੀਆਂ ਨੇ ਤੈਂ , ਸੁਰਤ ਤੈਨੂੰ ਆਪਣੀ ਨਹੀਂ ਰਹਿੰਦੀ। ਉਹ ਵਿਚਾਰਾ ਤੇਰੇ ਸਰਹਾਣੇ ਬੈਠ ਕਿ ਤੇਰੀਆਂ ਜੂੰਆਂ ਗਿਣੂ।” ਬੀਰੋ ਜਸਮੇਰ ਨੂੰ ਘੂਰਦੀ ਬੋਲੀ ਸੀ

” ਨਹੀਂ ਬਾਈ ਮੈਂ ਚੱਲਦਾ ਕਿਹੜਾ ਜੂੰਆਂ ਗਿਣੂ, ਕੱਲ੍ਹ ਨੂੰ ਆਵਾਂਗਾ।” ਕਹਿ ਕਿ ਸ਼ਮਸ਼ੇਰ ਵਾਪਸ ਆ ਗਿਆ ਸੀ

” ਦੇਖ ਲਵੀ ਇਹ ਮੀਸਣਾ ਜਿਹਾ ਸਵੇਰੇ ਨੂੰ ਨਵੇਂ ਸਟੇਸ਼ਨ ਤੋਂ ਬੋਲੂ ਗਾ। ਇਹ ਇੰਡੀਆ ਜ਼ਮੀਨ ਵੇਚਣ ਆਇਆ ਲਗਦਾ। ਯਾਦ ਰੱਖੀਂ ਮੇਰੀ ਕਹੀ ਗੱਲ ਦੇਖੀਂ ਕਿਤੇ ਹਾਂ ਕਰ ਦੇਵੇਂ। ਅਗਲਾ ਤਾਂ ਵੇਚ ਕਿ ਤੁਰਦਾ ਬਣੂ ਠੂਠਾ ਆਪਣੇ ਹੱਥਾਂ ਵਿੱਚ ਆ ਜਾਣਾ।” ਬੀਰੋ ਢਾਕ ਉੱਤੇ ਇੱਕ ਹੱਥ ਰੱਖ ਦੂਜੇ ਹੱਥ ਨੂੰ ਹਵਾ ਵਿੱਚ ਜ਼ੋਰ ਜ਼ੋਰ ਹਿਲਾਉਂਦੀ ਬੋਲੀ

” ਲਗਦਾ ਤਾਂ ਮੈਨੂੰ ਵੀ ਇਹੋ ਹੈ। ਜੇ ਵੇਚੂ ਗਾ ਤਾਂ ਆਪਣੇ ਹਿੱਸੇ ਦੀ ਵੇਚੂ ਕਿਹੜਾ ਸਾਰੀ ਜ਼ਮੀਨ ਵੇਚ ਚੱਲਿਆ।” ਜਸਮੇਰ ਜਵਾਬ ਦਿੰਦਾ ਬੋਲਿਆ ,” ਉਸ ਦੇ ਹਿੱਸੇ ਦੀ ਤਾਂ ਉਹ ਕਨੂੰਨ ਵੇਚ ਸਕਦਾ ਮੈਂ ਭਲਾਂ ਕਿਵੇਂ ਰੋਕ ਸਕਦਾ।”

” ਤੂੰ ਕਿਹੜਾ ਪੜਿਆਂ ਲਿਖਿਆਂ …. ਤੈਨੂੰ ਨੰਬਰਾਂ ਦਾ ਕੀ ਪਤਾ ਲੱਗਣਾ। ਖੋਰੇ ਕਿੰਨਾ ਰਕਬਾ ਵੇਚ ਦੇਣਾ ਇਸ ਨੇ। ਜੇ ਸੱਚੀਂ ਜ਼ਮੀਨ ਵੇਚਣ ਦੀ ਗੱਲ ਮੂਹਰੇ ਆ ਗਈ ਤਾਂ ਮੈਂ ਆਪਣੇ ਭਰਾ ਸੱਦ ਲੈਣੇ ਪਿੰਡ ਤੋਂ।” ਭੜਕੀ ਹੋਈ ਬੀਰੋ ਬੋਲੀ

” ਤੂੰ ਕਿਤੇ ਖੌਂਸੜੇ ਨਾ ਖਾ ਲਵੀ ਮੇਰੇ ਤੋਂ ਐਨਾ ਮਾੜਾ ਤਾਂ ਨਹੀਂ ਮੇਰਾ ਭਰਾ। ਕਦੇ ਆ ਭੇਜਦੇ ਕਦੇ ਉਹ ਭੇਜ ਦੇ। ਤੁਸੀਂ ਮਾਂ ਪੁੱਤ ਨੇ ਇੱਕ ਦਿਨ ਵੀ ਨਹੀਂ ਸੁੱਕਾ ਲੰਘਣ ਦਿੱਤਾ ਜਦੋਂ ਉਸ ਤੋਂ ਕੁੱਝ ਨਾ ਕੁੱਝ ਮੰਗਿਆ ਨਾ ਹੋਵੇ। ਅਜੇ ਤਾਂ ਉਸ ਨੇ ਕੋਈ ਗੱਲ ਵੀ ਨਹੀਂ ਕੀਤੀ ਤੂੰ ਭਰਾ ਸੱਦਣ ਲੱਗ ਪਈ। ਖ਼ਬਰਦਾਰ ਜੇ ਸਾਡੇ ਭਰਾਵਾਂ ਵਿੱਚ ਆ ਕਿ ਤੇਰੇ ਭਰਾ ਬੋਲੇ ਫੇਰ ਨਾ ਕਹੀਂ ….।”ਜਸਮੇਰ ਬਾਰੀ ਵਿੱਚੋਂ ਕੱਲ੍ਹ ਦੀ ਬਚੀ ਹੋਈ ਬੋਤਲ ਬਾਹਰ ਕੱਢਦਾ ਬੋਲਿਆ

” ਚਾਰ ਚੀਜ਼ਾਂ ਕੀ ਭੇਜ ਦਿੱਤੀਆਂ ਸਾਨੂੰ ਮੁੱਲ ਤਾਂ ਨਹੀਂ ਲੈ ਲਿਆ। ਜ਼ਮੀਨ ਵੇਚਣ ਆ ਗਿਆ।” ਬੀਰੋ ਜਸਮੇਰ ਦੇ ਹੱਥੋਂ ਬੋਤਲ ਖੋਂਹਦੀ ਬੋਲੀ

” ਦੇਖੀਂ ਤੋੜ ਨਾ ਦੇਈਂ।” ਬੋਤਲ ਵਾਪਸ ਖਿੱਚਦਾ ਜਸਮੇਰ ਬੋਲਿਆ। “ਜਾਹ ਜਾ ਕਿ ਭੋਰਾ ਦਾਲ ਪਾ ਕਿ ਲਿਆ ਬਾਟੀ ਵਿੱਚ ।”

ਅਗਲੇ ਦਿਨ ਸ਼ਮਸ਼ੇਰ ਜਸਲੀਨ ਨਾਲ ਫ਼ੋਨ ਉੱਤੇ ਗੱਲ ਕਰਦਾ ਬੋਲਿਆ,” ਅੱਜ ਮੈਂ ਬਾਈ ਨਾਲ ਗੱਲ ਕਰਾਂਗਾ। ਮੈਂ ਐਵੇਂ ਹੀ ਝਿਜਕੀ ਜਾਂਦਾ ਹਾਂ।”

ਇਹ ਹੈ ਆਖ਼ਰੀ ਗੱਲ ਜੋ ਉਸ ਦੀ ਜਸਲੀਨ ਨਾਲ ਹੋਈ ਸੀ।

ਉਹ ਫੇਰ ਆ ਪਹੁੰਚਿਆ ਹੈ ਪਿੰਡ ਆਪਣੇ ਪਿਤਾ ਪੁਰਖੀ ਘਰ ਵਿੱਚ।’

ਜਸਲੀਨ ਦਾ ਹੋਟਲ ਵਿਚ ਵਕਤ ਨਹੀਂ ਗੁਜ਼ਰ ਰਿਹਾ। ਉਹ ਕਹਿੰਦੇ ਹੁੰਦੇ ਨੇ ਕਿ ਇੰਤਜ਼ਾਰ ਦੀਆਂ ਘੜੀਆਂ ਲੰਬੀਆਂ ਹੋ ਜਾਂਦੀਆਂ ਨੇ। ਬਹੁਤ ਤਣਾਅ ਬਣਿਆ ਹੋਇਆ ਹੈ ਉਸ ਦੇ ਦਿਮਾਗ਼ ਉੱਤੇ ਰੋਟੀ , ਚਾਹ ਪਾਣੀ ਦੀ ਵੀ ਸੁਰਤ ਨਹੀਂ ਹੈ ਉਸ ਨੂੰ। ਹਰ ਵਕਤ ਇੱਕ ਖ਼ੌਫ਼ ਜਿਹਾ ਛਾਇਆ ਰਹਿੰਦਾ ਹੈ ਉਸ ਦੇ ਦਿਮਾਗ਼ ਉੱਤੇ। ਪਤਾ ਨਹੀਂ ਸ਼ਮਸ਼ੇਰ ਦੀ ਕੀ ਖ਼ਬਰ ਆਏਗੀ।

ਜਸਲੀਨ ਆਪਣਾ ਵਕਤ ਪਰਸ ਵਿੱਚ ਪਈਆਂ ਫ਼ੋਟੋਆਂ ਦੇਖ ਦੇਖ ਕਿ ਕੱਢ ਰਹੀ ਹੈ। ਹੁਣੇ ਹੁਣੇ ਉਸ ਦੇ ਹੱਥ ਜੇਕ ਦੀ ਛੋਟੇ ਹੁੰਦੇ ਦੀ ਫ਼ੋਟੋ ਲੱਗੀ ਹੈ, ਜਿਸ ਵਿੱਚ ਜੇਕ ਕੁੜਤਾ ਪਜਾਮਾ ਪਾਈ ਖੜ੍ਹਾ ਹੈ। ਸ਼ਮਸ਼ੇਰ ਜੇਕ ਲਈ ਇੰਡੀਆ ਤੋਂ ਕੁੜਤੇ ਪਜਾਮੇ ਬਣਵਾ ਕਿ ਲੈ ਕਿ ਗਿਆ ਸੀ। ਉਹ ਜੇਕ ਨੂੰ ਤਿਆਰ ਕਰਦਾ ਬੋਲਿਆ ਸੀ,” ਜਸਲੀਨ ਆਪਾਂ ਆਪਣੇ ਬੱਚਿਆਂ ਨੂੰ Punjabi Touch ਜ਼ਰੂਰ ਦੇ ਕਿ ਰੱਖਣੀ ਹੈ। ਤੈਨੂੰ ਪਤਾ ਪੰਜਾਬੀ ਭਾਸ਼ਾ ਦੁਨੀਆ ਦੀ ਸਭ ਤੋਂ ਮਿੱਠੀ ਜ਼ੁਬਾਨ ਹੈ। ਇਸੇ ਕਰਕੇ ਪੰਜਾਬੀ ਲੋਕ ਮਿਠਬੋਲੜੇ ਹੁੰਦੇ ਨੇ। ਸਾਊ, ਹਮਦਰਦ , ਸਬਰ ਸੰਤੋਖ ਵਾਲੇ ਜਮਾਂ ਮੇਰੇ ਵਰਗੇ।”

” ਲੈ ਤਾਂ।” ਜਸਲੀਨ ਮਜ਼ਾਕ ਕਰਦੀ ਬੋਲੀ ਸੀ

” ਸੱਚੀਂ ਜਸਲੀਨ ਮੈਂ ਚਾਹੁੰਦਾ ਆਪਣੇ ਬੱਚੇ ਤਰੱਕੀਆਂ ਕਰਨ ਵੱਡੇ ਇਨਸਾਨ ਬਣਨ ਪਰ ਇਹ ਜਿੱਥੇ ਵੀ ਖੜਨ ਇਨ੍ਹਾਂ ਵਿੱਚੋਂ ਪੰਜਾਬੀਅਤ ਝਲਕਣੀ ਚਾਹੀਦਾ ਹੈ।” ਸ਼ਮਸ਼ੇਰ ਆਪਣੇ ਆਪ ਉੱਤੇ ਮਾਣ ਕਰਦਾ ਬੋਲਿਆ ਸੀ

ਜਸਲੀਨ ਭਰੀਆਂ ਅੱਖਾਂ ਸਾਫ਼ ਕਰਦੀ ਬੋਲੀ,” ਮੇਰਾ ਪੰਜਾਬ , ਪੰਜਾਬੀ ਸਭਿਆਚਾਰ, ਪੰਜਾਬੀ ਭਾਸ਼ਾ, ਪੰਜਾਬੀਅਤ ਸਭ ਦਾ ਕਿੰਨਾ ਮੋਹ ਕਰਿਆ ਕਰਦਾ ਸੀ। ਪਰ ਤੇਰੇ ਆਪਣੀ ਵਾਰ ਸਾਰੇ ਨਿਜ਼ਾਮ ਬਦਲ ਗਏ ਲਗਦੇ ਨੇ ਪੰਜਾਬ ਦੇ।”

ਆਓ ਅਗਲੇ ਦਿਨ ਸ਼ਮਸ਼ੇਰ ਨਾਲ ਚੱਲ ਕਿ ਦੇਖੀਏ ਕੀ ਗੱਲ ਬਾਤ ਹੋਈ ਸੀ।

ਕੱਲ੍ਹ ਰਾਤ ਜਦੋਂ ਸ਼ਮਸ਼ੇਰ ਵਾਪਸ ਹੋਟਲ ਚੱਲਿਆ ਗਿਆ ਸੀ ਅਤੇ ਜਸਮੇਰ ਦਾਰੂ ਪੀ ਰੋਟੀ ਖਾ ਕਿ ਪੈ ਗਿਆ ਸੀ ਤਾਂ ਬੀਰੋ ਆਪਣੇ ਭਰਾ ਨੂੰ ਫ਼ੋਨ ਕਰਦੀ ਬੋਲੀ ਸੀ,” ਵੀਰੇ ਜੈ ਵੱਡੀ ਦਾ ਵਲੈਤੀਆ ਆਇਆ ਹੋਇਆ। ਮੈਨੂੰ ਲਗਦਾ ਉਹ ਆਪਣੇ ਹਿੱਸੇ ਦੀ ਜ਼ਮੀਨ ਵੇਚਣ ਆਇਆ ਹੋਇਆ। ਹੋਰ ਤਾਂ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਉਸ ਦਾ ਇੰਡੀਆ ਆਉਣ ਦਾ।”

ਉਸ ਦੇ ਭਰਾ ਨੇ ਫ਼ੋਨ ਉੱਤੇ ਜਵਾਬ ਦਿੱਤਾ,” ਵੇਚ ਸਕਦਾ ਉਹ ਆਪਣੇ ਹਿੱਸੇ ਦੀ ਜ਼ਮੀਨ ਇਸ ਵਿੱਚ ਐਨੇ ਔਖੇ ਹੋਣ ਵਾਲੀ ਕਿਹੜੀ ਗੱਲ ਹੈ।”

” ਲੈ ਹੈ ਵੀਰ ਹੁਣ ਐਂ ਕਿਵੇਂ ਵੇਚਣ ਦੇ ਦੇਈਏ। ਉਹਦੇ ਜਵਾਕ ਤਾਂ ਪੌਂਡਾਂ ਵਿੱਚ ਖੇਡਦੇ ਨੇ ਤੇ ਸਾਡੇ ਕੋਲ ਤਾਂ ਲੈ ਦੇ ਕਿ ਇਹੋ ਜ਼ਮੀਨ ਹੈ। ਜੇ ਇਸ ਦਾ ਅੱਧ ਸ਼ਮਸ਼ੇਰ ਨੇ ਵੇਚ ਲਿਆ ਫੇਰ ਉਹ ਘਰ ਵਿੱਚੋਂ ਵੀ ਅੱਧ ਮੰਗੂ ਅਸੀਂ ਤਾਂ ਸੜਕ ਉੱਤੇ ਆ ਜਾਵਾਂਗੇ। ਜ਼ਹਿਰ ਨਾ ਦੇਣੀ ਪਵੇ ਭਾਵੇਂ ਮੈਨੂੰ ਇਸ ਖ਼ਸਮਾਂ ਖਾਣੇ ਨੂੰ, ਪਰ ਮੈਂ ਆਪਣੇ ਜਵਾਕ ਦਾ ਅੱਗਾ ਨਹੀਂ ਮਰਨ ਦੇਣਾ।”

” ਇਹੋ ਜਿਹੀ ਗੱਲ ਫ਼ੋਨ ਉੱਤੇ ਨਹੀਂ ਬੋਲੀ ਦੀ ਭੈਣ। ” ਭਰਾ ਬੀਰੋ ਨੂੰ ਸਮਝਾਉਂਦਾ ਬੋਲਿਆ।”

” ਕਰ ਨਾ ਵੀਰੇ ਕੁੱਝ ਤਾਂ ਕਰ ਜਿਸ ਨਾਲ ਜ਼ਮੀਨ ਵੇਚਣ ਦੀ ਗੱਲ ਕੁੱਝ ਦੇਰ ਲਈ ਟਲ ਜਾਵੇ।'” ਬੀਰੋ ਆਪਣੇ ਭਰਾ ਦਾ ਤਰਲਾ ਕੱਢਦੀ ਬੋਲੀ,” ਤਦ ਤੱਕ ਸ਼ਮਸ਼ੇਰ ਦਾ ਕੋਈ ਨਾ ਕੋਈ ਬੰਦੋਬਸਤ ਮੈਂ ਕਰਦੀ ਹਾਂ।”

” ਬੰਦੋਬਸਤ ਤਾਂ ਮੈਂ ਕਰ ਦਿਆਂਗਾ ਪਰ ਮੈਨੂੰ ਵਿੱਚੋਂ ਮਿਲੂੰ ਗਾ ਕੀ। ” ਬੀਰੋ ਦਾ ਭਰਾ ਲਲਚਾਈ ਹੋਈ ਅਵਾਜ਼ ਵਿੱਚ ਬੋਲਿਆ

” ਲੈ ਦੱਸ ਵੀਰ, ਦੱਸ ਨਾ ਤੈਨੂੰ ਕੀ ਚਾਹੀਦਾ ਬੱਸ ਕੁੱਝ ਐਸਾ ਕਰਦੇ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ਸਮਝ ਗਿਆ ਨਾ ਮੈਂ ਕੀ ਕਹਿਣਾ ਚਾਹੁੰਦੀ ਹਾਂ।” ਬੀਰੋ ਖ਼ੁਸ਼ ਹੁੰਦੀ ਬੋਲੀ

” ਸ਼ਮਸ਼ੇਰ ਵਾਲੀ ਜ਼ਮੀਨ ਦਾ ਅੱਧ ਲੱਗੂ ਕੰਮ ਹੋ ਜਾਊ। ਤੂੰ ਭੈਣ ਸ਼ਮਸ਼ੇਰ ਨਾਲ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਰੌਲਾ ਪਾ ਲੈ ਤਦ ਤੱਕ ਮੈਂ ਕੋਈ ਵਿਉਂਤਬੰਦੀ ਕਰਦਾ।” ਭਰਾ ਬੀਰੋ ਨੂੰ ਤਕਸੀਮ ਦਾ ਬਖੇੜਾ ਬਣਾਉਣ ਦੀ ਗੱਲ ਸਮਝਾਉਂਦਾ ਬੋਲਿਆ,” ਦੇਖ ਜੋ ਵੀ ਗੱਲ ਸ਼ਮਸ਼ੇਰ ਨਾਲ ਕਰਨੀ ਹੈ ਮਿੱਠੇ ਹੋ ਕਿ ਕਰਨੀ ਹੈ। ਇਹ ਨਾ ਹੋਵੇ ਕਿਤੇ ਉਹ ਪੁਲੀਸ ਜਾਂ ਕੋਰਟ ਵਿੱਚ ਚੱਲਿਆ ਜਾਵੇ ….. ਫੇਰ ਉਸ ਨੂੰ ਟਿਕਾਣੇ ਲਾਉਣਾ ਔਖਾ ਹੋ ਜੂ।”

” ਜਮਾਂ ਸ਼ੱਕਰ ਹੋ ਜਾਵਾਂਗੀ ਮੈਂ ਤਾਂ।’ ਬੀਰੋ ਤਾੜੀ ਮਾਰ ਕੇ ਹੱਸਦੀ ਬੋਲੀ

ਅਗਲੇ ਦਿਨ ਸ਼ਮਸ਼ੇਰ ਆ ਪਹੁੰਚਿਆ ਹੈ ਤਿਉੜ ਪਿੰਡ। ਪਿੰਡ ਦੀ ਫਿਰਨੀ ਜੋ ਕੱਚੀ ਹੋਇਆ ਕਰਦੀ ਸੀ ਕਾਲੋਨਾਈਜ਼ਰਾਂ ਨੇ ਪੱਕੀ ਕਰ ਦਿੱਤੀ ਹੈ। ਟੋਭਾ ਵੀ ਪੂਰ ਦਿੱਤਾ ਹੈ। ਖੇਤਾਂ ਦੀ ਥਾਂ ਕਨਕਰੀਟ ਦਾ ਜੰਗਲ ਉਸਾਰ ਦਿੱਤਾ ਹੈ। ਪਿੰਡ ਵਿੱਚੋਂ ਬਹੁਤੇ ਘਰਾਂ ਨੇ ਜ਼ਮੀਨ ਵੇਚ ਦਿੱਤੀ ਹੈ। ਚੰਦ ਘਰਾਂ ਦੀ ਜ਼ਮੀਨ ਵਿਕਣ ਨੂੰ ਰਹਿੰਦੀ ਹੈ। ਜਿਨ੍ਹਾਂ ਵਿੱਚ ਸ਼ਮਸ਼ੇਰ ਕਿਆਂ ਦਾ ਵੀ ਨਾਮ ਆਉਂਦਾ ਹੈ।

ਅੱਜ ਸ਼ਮਸ਼ੇਰ ਨੇ ਆਉਂਦੇ ਸਾਰ ਹੀ ਗੱਲ ਖੋਲ੍ਹ ਦਿੱਤੀ ਹੈ। ਸ਼ਮਸ਼ੇਰ ਦੇ ਭਰਾ ਜਸਮੇਰ ਨੇ ਸਹਿਮਤੀ ਜਤਾਈ ਹੈ।

ਕੋਲ ਖੜ੍ਹੀ ਬੀਰੋ ਬੋਲੀ,” ਤੁਸੀਂ ਬੈਠੋ ਵੀਰ ਜੀ ਮੈਂ ਚਾਹ ਲੈ ਕੇ ਆਉਂਦੀ ਹਾਂ। ਵੀਰ ਜੀ ਸ਼ੱਕ ਤਾਂ ਮੈਨੂੰ ਪੂਰਾ ਸੀ ਕਿ ਤੁਸੀਂ ਐਤਕੀਂ ਇੰਡੀਆ ਜ਼ਮੀਨ ਵੇਚਣ ਆਏ ਹੋ। ਦੇਖ ਲੈ ਪ੍ਰਿੰਸ ਦੇ ਭਾਪੇ ਤੈਨੂੰ ਕਿਹਾ ਸੀ ਨਾ …. ਦੇਖ ਲੈ ਜਮਾਂ ਸੋਲ੍ਹਾਂ ਆਨੇ ਸੱਚ ਨਿਕਲੀ ਮੇਰੀ ਗੱਲ। ਸਾਰੇ ਪਿੰਡ ਨੇ ਜ਼ਮੀਨ ਵੇਚ ਲਈ ਇੱਕ ਦਿਨ ਤਾਂ ਹਾਰ ਕਿ ਆਪਾਂ ਨੂੰ ਵੀ ਵੇਚਣੀ ਪੈਣੀ ਸੀ। ਵਸੋਂ ਬਹੁਤੀ ਹੋ ਗਈ ਉਜਾੜਾ ਵੱਧ ਗਿਆ।
ਚੰਗਾ ਹੋ ਗਿਆ ਵੀਰ ਜੀ ਤੁਸੀਂ ਪਹਿਲ ਕਰ ਲਈ। ਸਾਡੇ ਤੋਂ ਤਾਂ ਤੁਹਾਨੂੰ ਕਹਿ ਨਹੀਂ ਸੀ ਹੋਣਾ।”

ਬੀਰੋ ਦੀ ਗੱਲਾਂ ਸੁਣ ਕਿ ਜਸਮੇਰ ਹੈਰਾਨ ਬੈਠਾ ਹੈ।

ਥੋੜ੍ਹੀ ਦੇਰ ਬਾਹਰ ਰਸੋਈ ਵਿੱਚੋਂ ਚਾਹ ਬਣਾ ਕਿ ਲੈ ਆਈ ਹੈ ਬੀਰੋ। ਚਾਹ ਮੇਜ਼ ਉੱਤੇ ਰੱਖਦੀ ਬੋਲੀ,” ਜਸਲੀਨ ਭੈਣ ਨੂੰ ਬਹੁਤ ਸਵਾਦ ਲੱਗਦੀ ਸੀ ਗੁੜ ਵਾਲੀ ਚਾਹ। ਲੋ ਵੀਰ ਜੀ ਤੁਹਾਡੇ ਲਈ ਵੀ ਮੈਂ ਗੁੜ ਵਾਲੀ ਚਾਹ ਹੀ ਬਣਾ ਕਿ ਲਿਆਈ ਹਾਂ। ਵੀਰ ਜੀ ਤੁਸੀਂ ਆਪਣਾ ਹਿੱਸਾ ਵਿਕਾਊ ਕਰ ਦੋ, ਅਸੀਂ ਤਾਂ ਅਜੇ ਕੁੱਝ ਦੇਰ ਰੁਕ ਕਿ ਵੇਖਾਂਗਾ। ਥੋੜ੍ਹਾ ਮੁੱਲ ਹੋਰ ਵੱਧ ਜਾਵੇ ਫੇਰ ਵੇਚਾਂਗਾ। ਵੀਰ ਜੀ ਤੁਸੀਂ ਜਸਮੇਰ ਨਾਲ ਬੈਠ ਕਿ ਤਕਸੀਮ ਦੀ ਗੱਲ ਨਬੇੜ ਲਵੋ। ਚੰਗਾ ਹੋਵੇ ਜੇ ਆਪੋ ਆਪਣੀ ਫ਼ਰਦ ਹੋ ਜਾਵੇ ਮੁਸ਼ਤਰਕਾ ਖਾਤਾ ਖ਼ਤਮ ਹੋ ਜਾਵੇ।”

ਕੋਲ ਹੀ ਮੰਜੇ ਉੱਤੇ ਪ੍ਰਿੰਸ ਪਿਆ ਹੈ। ਉਸ ਨੇ ਕੋਈ ਨਸ਼ਾ ਕਰਿਆ ਹੋਇਆ ਹੈ ਪਰ ਉਹ ਸਾਰੀ ਗੱਲ ਬਾਤ ਸੁਣ ਰਿਹਾ ਹੈ।

ਸ਼ਮਸ਼ੇਰ ਚਾਹ ਦਾ ਕੱਪ ਚੁੱਕਦਾ ਬੋਲਿਆ,” ਮੇਰੇ ਕੋਲ ਐਨਾ ਸਮਾਂ ਨਹੀਂ ਹੈ। ਆਪਣੀ ਕੁੱਲ ਪੈਲੀ ਬਾਰਾਂ ਕਿੱਲੇ ਹੈ। ਤੁਸੀਂ ਜਿਹੜੇ ਮਰਜ਼ੀ ਛੇ ਕਿੱਲੇ ਰੱਖ ਲਵੋ। ਮੈਂ ਆਪਣੀ ਜ਼ਮੀਨ ਵੇਚ ਕਿ ਜਲਦੀ ਮੁੜਨਾ ਚਾਹੁੰਦਾ ਹਾਂ। ਮੈਂ ਤਕਸੀਮ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦਾ। ਉਹ ਮੈਂ ਕਿਸੇ ਨਾਲ ਗੱਲ ਚਲਾਈ ਸੀ ਜ਼ਮੀਨ ਦੇ ਸੌਦੇ ਦੀ ਉਹ ਤਾਂ ਸਾਈ ਤਿਆਰ ਕਰੀਂ ਬੈਠੇ ਨੇ।”

” ਮਰ ਜਾਵੇ ਤੂੰ ਰੱਬ ਕਰਕੇ।” ਮਨ ਹੀ ਮਨ ਬੀਰੋ ਬੋਲੀ

ਉੱਧਰ ਜ਼ਮੀਨ ਵੇਚਣ ਦੀ ਗੱਲ ਸੁਣ ਕਿ ਪ੍ਰਿੰਸ ਦੇ ਹੋਸ਼ ਉੱਡ ਗਏ ਨੇ। ਉਸ ਨੇ ਸ਼ਹਿਰ ਵਿੱਚ ਕਈਆਂ ਕੋਲੋਂ ਜ਼ਮੀਨ ਦੇ ਝੂਠੇ ਬਿਆਨੇ ਕਰਕੇ ਨਸ਼ੇ ਪੱਤੇ ਪੂਰੇ ਕਰਨ ਲਈ ਪੈਸੇ ਫੜੇ ਹੋਏ ਨੇ। ਉਹ ਸਹਿਮਿਆ ਪਿਆ ਹੈ ਜੇ ਇਨ੍ਹਾਂ ਦੀ ਜ਼ਮੀਨ ਵੇਚਣ ਦੀ ਗੱਲ ਪਿੰਡ ਵਿੱਚ ਫੈਲ ਗਈ ਤਾਂ ਉਸ ਦਾ ਭਾਂਡਾ ਫੁੱਟ ਜਾਣਾ।

ਪ੍ਰਿੰਸ ਜਲਦੀ ਦੇਣੀ ਉੱਠਿਆ ਅਤੇ ਉਸ ਨੇ ਆਪਣੇ ਕਿਸੇ ਦੋਸਤ ਨੂੰ ਫ਼ੋਨ ਕੀਤਾ,” ਬਾਈ ਕਰਨ ਹੋਰਾਂ ਨੂੰ ਨਾਲ ਲੈ ਕਿ ਤੂੰ ਗੱਡੀ ਵਿੱਚ ਪਿੰਡ ਦੇ ਬਾਹਰ ਫਿਰਨੀ ਉੱਤੇ ਮੇਰਾ ਇੰਤਜ਼ਾਰ ਕਰੀਂ। ਮੈਂ ਕਿਸੇ ਨੂੰ ਆਪਣੇ ਨਾਲ ਲੈ ਕਿ ਆਵਾਂਗਾ। ਤੁਸੀਂ ਲੁੱਟ ਖੋਹ ਦੇ ਹਿਸਾਬ ਨਾਲ ਸਾਨੂੰ ਘੇਰ ਲਿਓ। ਜਿਹੜਾ ਬੰਦਾ ਮੇਰੇ ਨਾਲ ਹੋਊ ਉਸ ਨੂੰ ਤੁਸੀਂ ਗੱਡੀ ਵਿੱਚ ਸੁੱਟ ਕਿ ਤੁਹਾਡੀ ਪਿੰਡ ਬਿੰਦਰਖ ਵਾਲੀ ਮੋਟਰ ਉੱਤੇ ਲੈ ਜਾਓ। ਮੈਂ ਸਵੇਰ ਨੂੰ ਆਪੇ ਉਸ ਦਾ ਹਿਸਾਬ ਲਾਊਂ। ਇਹ ਸਾਰੇ ਕੰਮ ਲਈ ਮੋਟੀ ਰਕਮ ਨਾਲੇ ਮਾਲ ਪੱਤਾ ਮਿਲੂ ਆਪਾਂ ਨੂੰ।”

ਜਸਮੇਰ ਨਾਲ ਗੱਲ ਕਰਕੇ ਜਿਵੇਂ ਹੀ ਸ਼ਮਸ਼ੇਰ ਜਾਣ ਲੱਗਿਆ ਪ੍ਰਿੰਸ ਬੁਲਟ ਮੋਟਰਸਾਈਕਲ ਉੱਤੇ ਸਵਾਰ ਹੋ ਕਿ ਦਰਾਂ ਵਿੱਚ ਆਨ ਬੋਲਿਆ,” ਚਾਚਾ ਮੈਂ ਸ਼ਹਿਰ ਵੱਲ ਹੀ ਚੱਲਿਆ ਹਾਂ ,ਮੋਹਾਲੀ ਤੱਕ ਤੁਸੀਂ ਮੇਰੇ ਨਾਲ ਚੱਲੋ ਅੱਗੇ ਮੈਂ ਤੁਹਾਨੂੰ ਟੈਕਸੀ ਕਰ ਦਿਆਂਗਾ।”

” ਚੰਗਾ ਫੇਰ ਬਾਈ ਤਿਆਰ ਰਹੀਂ ਕੱਲ੍ਹ ਨੂੰ ਤੂੰ ਸੌਦੇ ਉੱਤੇ ਮੇਰੇ ਨਾਲ ਚੱਲੀਂ।” ਕਹਿ ਕਿ ਸ਼ਮਸ਼ੇਰ ਪ੍ਰਿੰਸ ਪਿੱਛੇ ਬੈਠ ਗਿਆ

ਮੂੰਹ ਹਨੇਰਾ ਹੋਇਆ ਹੈ। ਕਰਨ ਹੋਰੀਂ ਕਾਰ ਰਾਹ ਵਿੱਚ ਖੜੀ ਕਰ ਘਾਤ ਲਗਾ ਕਿ ਖੜ੍ਹੇ ਹਨ। ਜਿਵੇਂ ਹੀ ਪ੍ਰਿੰਸ ਅਤੇ ਸ਼ਮਸ਼ੇਰ ਕੋਲ ਪਹੁੰਚ ਉਨ੍ਹਾਂ ਨੇ ਹੱਥ ਦੇ ਕਿ ਉਨ੍ਹਾਂ ਨੂੰ ਰੋਕ ਲਿਆ ਹੈ। ਲੁੱਟ ਖੋਹ ਦਾ ਪੂਰਾ ਡਰਾਮਾ ਕਰ ਰਹੇ ਹਨ ਕਰਨ ਹੋਰੀਂ। ਸ਼ਮਸ਼ੇਰ ਇਸ ਵਾਰਦਾਤ ਨੂੰ ਸੱਚ ਸਮਝ ਕਿ ਵਿਰੋਧ ਕਰ ਰਿਹਾ ਹੈ। ਅਮਲੀਆਂ ਦੇ ਕਾਬੂ ਵਿੱਚ ਉਹ ਆ ਨਹੀਂ ਰਿਹਾ। ਵਿੱਚੋਂ ਕਿਸੇ ਨੇ ਸ਼ਮਸ਼ੇਰ ਦੇ ਸਿਰ ਵਿੱਚ ਰਾਡ ਕੱਢ ਮਾਰੀ। ਸ਼ਮਸ਼ੇਰ ਬੇਹੋਸ਼ ਹੋ ਕਿ ਕਿਸੇ ਵੱਡੇ ਹੋਏ ਦਰੱਖਤ ਵਾਂਗ ਗਿਰਿਆ ਹੈ। ਉਸ ਨੂੰ ਚੁੱਕ ਕਿ ਕਰਨ ਹੋਰਾਂ ਨੇ ਕਾਰ ਵਿੱਚ ਸੁੱਟਿਆ ਅਤੇ ਖ਼ਿਜ਼ਰਾਬਾਦ ਲੈ ਗਏ ਹਨ। ਸ਼ਮਸ਼ੇਰ ਦਾ ਫ਼ੋਨ ਘੜੀ ਉਹ ਵੇਚ ਆਏ ਹਨ। ਪੈਸਿਆਂ ਨਾਲ ਉਨ੍ਹਾਂ ਨਸ਼ਾ ਪੱਤਾ ਕਰ ਲਿਆ ਹੈ। ਸ਼ਮਸ਼ੇਰ ਨੂੰ ਹੋਸ਼ ਨਹੀਂ ਆ ਰਹੀ।

ਸਵੇਰੇ ਪ੍ਰਿੰਸ ਦੇਖਣ ਆਇਆ ਬੋਲਿਆ,” ਮਾਰ ਤਾਂ ਨਹੀਂ ਦਿੱਤਾ ਕਿਤੇ ਦੇਖ ਤਾਂ ਇਸ ਦੀ ਨਬਜ਼ ਚੱਲਦੀ ਹੈ ਕਿ ਨਹੀਂ।”

” ਚੱਲਦੀ ਆ ਬਾਈ।” ਵਿਚੋਂ ਕੋਈ ਨਬਜ਼ ਟੋਹ ਕਿ ਬੋਲਿਆ

” ਮਾਰਨਾ ਨਹੀਂ ਬੱਸ ਜ਼ਮੀਨ ਖੋਹਣੀ ਆ ਇਸ ਤੋਂ।” ਪ੍ਰਿੰਸ ਸਿਗਰਟ ਦਾ ਕਸ਼ ਖਿੱਚਦਾ ਬੋਲਿਆ

” ਕੇਰਾਂ ਜ਼ਮੀਨ ਆਪਣੇ ਨਾਮ ਹੋ ਜਾਵੇ ਡਰਾ ਧਮਕਾ ਕਿ ਜਹਾਜ਼ ਚੜ੍ਹਾ ਦਿਆਂਗੇ।”

ਕੁੱਝ ਵਰ੍ਹੇ ਪਿੱਛੇ ਘੁੰਮ ਕਿ ਦੇਖਿਆ ਜਾਵੇ ਤਾਂ ਮਹਿਸੂਸ ਕਰੋਂਗੇ ਭਾਵੇਂ ਓਦੋਂ ਜ਼ਿੰਦਗੀ ਜਿਊਣ ਦੇ ਵਸੀਲੇ ਘੱਟ ਸਨ, ਤੰਗੀ ਤੁਰਸ਼ੀ ਵੀ ਰਹਿੰਦੀ ਸੀ ਪਰ ਫੇਰ ਵੀ ਇਨਸਾਨ ਦੀ ਤਮ੍ਹਾ ਉਸ ਦੇ ਕਾਬੂ ਵਿੱਚ ਸੀ। ਸ਼ਾਇਦ ਇਸੇ ਕਰਕੇ ਘਰਾਂ ਵਿੱਚ ਗ਼ਰੀਬੀ ਵਿੱਚ ਵੀ ਖ਼ੁਸ਼ੀ ਸੀ, ਇਤਫ਼ਾਕ ਸੀ। ਪਦਾਰਥਵਾਦ ਦੀ ਦੋੜ ਨੇ ਸਾਨੂੰ ਕਿਸ ਮੋੜ ਉੱਤੇ ਲਿਆ ਕਿ ਖੜ੍ਹੇ ਕਰ ਦਿੱਤਾ ਜਿਸ ਦੀ ਜਿਊਂਦੀ ਜਾਗਦੀ ਤਸਵੀਰ ਹੈ ਪ੍ਰਿੰਸ ਅਤੇ ਉਸ ਦੀ ਮਾਂ ਦਾ ਕਿਰਦਾਰ, ਆਪਣੇ ਵੀ ਆਪਣੇ ਨਾ ਰਹੇ।

ਪ੍ਰਿੰਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸ਼ਮਸ਼ੇਰ ਨੂੰ ਬਿੰਦਰਖ ਪਿੰਡ ਪਹੁੰਚਾ ਦਿੱਤਾ ਸੀ। ਕਿਸੇ ਯਾਰ ਮਿੱਤਰ ਦੀ ਮੋਟਰ ਉੱਤੇ। ਪਿਛਲੇ ਚੰਦ ਦਿਨਾਂ ਤੋਂ ਸ਼ਮਸ਼ੇਰ ਨੂੰ ਹੋਸ਼ ਨਹੀਂ ਸੀ ਆ ਰਹੀ ਸ਼ਾਇਦ ਸੱਟ ਕਸੂਤੀ ਥਾਂ ਉੱਤੇ ਵੱਜ ਗਈ ਸੀ। ਪ੍ਰਿੰਸ ਰੋਜ਼ ਜਾਂਦਾ ਸੀ ਉਸ ਮੋਟਰ ਉੱਤੇ ਇਹ ਸੋਚ ਕਿ ਜੇ ਸ਼ਮਸ਼ੇਰ ਨੂੰ ਹੋਸ਼ ਆ ਜਾਵੇ ਤਾਂ ਉਸ ਨਾਲ ਉਹ ਸੌਦੇਬਾਜ਼ੀ ਕਰੇਗਾ ,” ਜ਼ਿੰਦਗੀ ਬਦਲੇ ਜ਼ਮੀਨ।”

ਉਹ ਕੱਲ੍ਹ ਰਾਤ ਵੀ ਗਿਆ ਸੀ ਉਸੇ ਮੋਟਰ ਉੱਤੇ। ਜਿਸ ਦੀ ਮੋਟਰ ਸੀ ਪ੍ਰਿੰਸ ਦਾ ਉਹ ਦੋਸਤ ਬੋਲਿਆ,” ਬਾਈ ਇਹ ਡਰਾਮਾ ਕਦੋਂ ਖ਼ਤਮ ਹੋਣਾ। ਜੇ ਇਸ ਨੂੰ ਹੋਸ਼ ਨਾ ਆਈ ਤਾਂ ਇਹ ਤਾਂ ਭੁੱਖ ਨਾਲ ਹੀ ਮਰ ਜਾਓ। ਇਸ ਤੋਂ ਪਹਿਲਾਂ ਇਹ ਇੱਥੇ ਮਰ ਜਾਵੇ ਕਿਉਂ ਨਾ ਰਾਤ ਬਰਾਤੇ ਇਸ ਨੂੰ ਰੋਪੜ ਵਾਲੀ ਨਹਿਰ ਵਿੱਚ ਸੁੱਟ ਆਈਏ। ਲੈਣੇ ਦੇ ਕਿਤੇ ਦੇਣੇ ਨਾ ਪੈ ਜਾਣ।”

” ਆਪਾਂ ਇੱਕ ਅੱਧਾ ਦਿਨ ਹੋਰ ਦੇਖ ਲਈਏ …… ਦੇਖ ਕਿਵੇਂ ਮਚਲਾ ਹੋਇਆ ਪਿਆ….. ਚੱਲ ਚਾਚਾ ਉੱਠ।” ਸ਼ਮਸ਼ੇਰ ਦੀ ਗਲ਼ ਉੱਤੇ ਹਲਕੇ ਹਲਕੇ ਥੱਪੜ ਮਾਰਦਾ ਪ੍ਰਿੰਸ ਬੋਲਿਆ

” ਬਾਈ ਇੱਕ ਅੱਧਾ ਦਿਨ ਬੱਸ ….. ਜੇ ਘਰੇ ਪਤਾ ਲੱਗ ਗਿਆ ਸਿਆਪਾ ਖੜ੍ਹਾ ਹੋ ਜਾਣਾ। ” ਦੋਸਤ ਮੋਟਰ ਦਾ ਦਰਵਾਜ਼ਾ ਭੇੜ ਕਿ ਤਾਲਾ ਲਾਉਂਦਾ ਬੋਲਿਆ

ਜਿਵੇਂ ਹੀ ਪ੍ਰਿੰਸ ਘਰੇ ਵੜਿਆ ਪਿੱਛੇ ਹੀ ਪੁਲੀਸ ਨੇ ਦਸਤਕ ਦੇ ਦਿੱਤੀ। ਪੁਲੀਸ ਆਈ ਦੇਖ ਕਿ ਬੀਰੋ ਬੋਲੀ,” ਹੁਣ ਕੀ ਖੇਹ ਖਿਲਾਰ ਆਇਆ ਆਹ ਤੇਰੀ ਪੈੜ ਨੱਪੀ ਆਉਂਦੇ ਨੇ।”

” ਮੈਂ ਕੀ ਕੀਤਾ।” ਪ੍ਰਿੰਸ ਬੋਲਿਆ

” ਕੀ ਕੀਤਾ, ਜਦੋਂ ਚੱਡੇ ਪਾੜੇ ਨਾ ਥਾਣੇ ਲਿਜਾ ਕੇ ਸਭ ਯਾਦ ਆ ਜਾਣਾ ….. ਕੀ ਕੀਤਾ। ਚਲੋ ਡੀ ਐੱਸ ਪੀ ਸਾਹਿਬ ਨੇ ਹੁਣੇ ਬੁਲਾਇਆ ਤੁਹਾਨੂੰ।” ਹੌਲਦਾਰ ਪ੍ਰਿੰਸ ਦੇ ਮੋਟਰਸਾਈਕਲ ਦੀ ਤਹਿਕੀਕਾਤ ਕਰਦਾ ਬੋਲਿਆ

” ਕੀ, ਕਸੂਰ ਕੀ ਆ ਸਾਡਾ। ” ਬੀਰੋ ਬੋਲੀ

” ਕਸੂਰ ਭੈਣ ਦੇਣੀ ਦਾ ਕਸੂਰ ਪੁੱਛਦੀ ਹੈ , ਬੰਦਾ ਮਾਰ ਦਿੱਤਾ ਤੁਸੀਂ ਮਿਲ ਕਿ ਅਖੇ ਕਸੂਰ ਕੀ ਆ। ਸ਼ਮਸ਼ੇਰ ਕਿੱਥੇ ਆ ।” ਹੌਲਦਾਰ ਬੀਰੋ ਵੱਲ ਘੂਰ ਕਿ ਦੇਖਦਾ ਬੋਲਿਆ

” ਲੈ ਫੋਟ ਉਹ ਕੋਈ ਦੁੱਧ ਚੁੰਘਦਾ ਜਵਾਕ ਆ ਜਿਹੜਾ ਕੁੱਛੜ ਵਿੱਚੋਂ ਲੱਭੇਗਾ। ਅਗਲਾ ਮਰਜ਼ੀ ਦਾ ਮਾਲਕ ਏ ਨਾ ਸਾਨੂੰ ਪੁੱਛ ਕਿ ਆਇਆ ਸੀ ਨਾ ਦੱਸ ਕਿ ਗਿਆ ਏ। ਉਸ ਦੀ ਤੀਵੀਂ ਦਾ ਵੀ ਫ਼ੋਨ ਆਇਆ ਸੀ ਵਲੈਤ ਤੋਂ ਉਹ ਵੀ ਇਹੋ ਪੁੱਛਦੀ ਸੀ ਅਖੇ ਸ਼ਮਸ਼ੇਰ ਕਿੱਥੇ ਆ।” ਬੀਰੋ ਜਸਮੇਰ ਨਾਲੋਂ ਅਗਾਂਹ ਹੋ ਕਿ ਸਫ਼ਾਈ ਦਿੰਦੀ ਬੋਲੀ “ਨਾਲੇ ਆ ਕੋਈ ਟਾਇਮ ਆ ਤੁਸੀਂ ਜਾਓ ਅਸੀਂ ਸਵੇਰੇ ਆਪੇ ਆ ਜਾਵਾਂਗੇ ਥਾਣੇ। ਥਾਣਾ ਕਿਹੜਾ ਸਾਨੂੰ ਭੁੱਲਿਆ।”

” ਥਾਣੇ ਚੱਲਣਾ, ਨਾਨਕੇ ਨਹੀਂ ਜਾਣਾ ਤੇਰੀ ਮਰਜ਼ੀ ਚੱਲੇਗੀ । ਸਿੱਧੀ ਹੋ ਕਿ ਚੱਲਦੀ ਹੈਂ ਕਿ ਚੁੱਕ ਕਿ ਗੱਡੀ ਵਿੱਚ ਸੁੱਟਾਂ।” ਹੌਲਦਾਰ ਹਰਖ ਦਾ ਹੋਇਆ ਬੋਲਿਆ

” ਦੱਸ ਭਲਾ ਕੀ ਸਮਾਂ ਆ ਗਿਆ, ਸ਼ਰੀਫ਼ ਬੰਦੇ ਦਾ ਤਾਂ ਕੋਈ ਜਿਊਣ ਦਾ ਹੱਜ ਨਹੀਂ ਰਹਿ ਗਿਆ।” ਗੱਡੀ ਵਿੱਚ ਬੈਠਦੀ ਬੀਰੋ ਬੋਲੀ।

ਗੱਡੀ ਵਿੱਚੋਂ ਉੱਤਰ ਕਿ ਜਿਵੇਂ ਹੀ ਬੀਰੋ ਅਤੇ ਜਸਮੇਰ ਥਾਣੇ ਅੰਦਰ ਜਾਣ ਲੱਗੇ ਪ੍ਰਿੰਸ ਅੱਖ ਬਚਾ ਕਿ ਉੱਥੋਂ ਖਿਸਕ ਗਿਆ।

ਉਹ ਥਾਣੇ ਤੋਂ ਭੱਜਿਆ ਅਤੇ ਰਸਤੇ ਵਿੱਚ ਰੁਕ ਕਿ ਫ਼ੋਨ ਕਰਨ ਲੱਗਾ। ਉਸ ਨੇ ਆਪਣੇ ਮੋਟਰ ਵਾਲੇ ਯਾਰ ਨੂੰ ਫ਼ੋਨ ਕੀਤਾ,” ਬਾਈ ਪੰਗਾ ਵਧ ਗਿਆ। ਪੁਲੀਸ ਲੱਭਦੀ ਫਿਰਦੀ ਆ ਸ਼ਮਸ਼ੇਰ ਨੂੰ।”

” ਪੁਲੀਸ ਤੱਕ ਗੱਲ ਕਿਵੇਂ ਪਹੁੰਚ ਗਈ। ਪ੍ਰਿੰਸ ਹੁਣ ਕੀ ਕਰਨਾ, ਮੈਂ ਤਾਂ ਤੈਨੂੰ ਕਿੱਦਣ ਦਾ ਕਹੀਂ ਜਾਂਦਾ ਸੀ ਇਸ ਬਿਮਾਰੀ ਨੂੰ ਗੱਲੋਂ ਲਾਹ ਦਿੰਦੇ ਆ ਨਹਿਰ ਵਿੱਚ ਸੁੱਟ ਦਿੰਦੇ ਆ…. ਤੂੰ ਹੀ ਨਹੀਂ ਮੰਨਿਆ ।”

” ਮੈਂ ਪਹੁੰਚ ਰਿਹਾ ਹਾਂ ਮੋਟਰ ਉੱਤੇ ਤੂੰ ਵੀ ਆ ਜਾ ਮਿਲ ਕਿ ਸਲਾਹ ਕਰਦੇ ਹਾਂ। ਬੇਬੇ ਬਾਪੂ ਨੂੰ ਤਾਂ ਥਾਣੇ ਵਿੱਚ ਬਿਠਾ ਲਿਆ ਹੈ। ਮੈਂ ਅੱਖ ਬਚਾ ਕਿ ਭੱਜ ਆਇਆ ਹਾਂ।” ਪ੍ਰਿੰਸ ਫ਼ੋਨ ਕੱਟਦਾ ਹੋਇਆ ਬੋਲਿਆ

ਪ੍ਰਿੰਸ ਦਾ ਦੋਸਤ ਸਮਝ ਗਿਆ ਹੈ ਕਿ ਪ੍ਰਿੰਸ ਭੱਜਿਆ ਨਹੀਂ ਭਜਾਇਆ ਗਿਆ ਹੈ। ਉਹ ਪ੍ਰਿੰਸ ਦੇ ਮੋਟਰ ਉੱਤੇ ਪਹੁੰਚਣ ਤੋਂ ਪਹਿਲਾਂ ਸ਼ਮਸ਼ੇਰ ਨੂੰ ਕਿਸੇ ਸੁੰਨ ਸਾਨ ਥਾਂ ਉੱਤੇ ਸੁੱਟ ਆਇਆ ਹੈ। ਮੋਟਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਹੈ ਤੇ ਉਸ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਹੈ।

ਜਿਵੇਂ ਹੀ ਪ੍ਰਿੰਸ ਮੋਟਰ ਉੱਤੇ ਪਹੁੰਚਿਆ। ਉਹ ਮੋਟਰ ਦਾ ਦਰਵਾਜ਼ਾ ਖੁੱਲ੍ਹਾ ਦੇਖ ਕਿ ਮੋਟਰ ਅੰਦਰ ਵੜ ਗਿਆ। ਮੋਟਰ ਸੁੰਨੀ ਪਈ ਹੈ ਅੰਦਰ ਤਾਂ ਸ਼ਮਸ਼ੇਰ ਹੈ ਨਹੀਂ। ਪ੍ਰਿੰਸ ਘਬਰਾ ਗਿਆ ਹੈ ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਿੰਸ ਨੇ ਕੰਬਦੇ ਹੱਥਾਂ ਨਾਲ ਆਪਣੇ ਦੋਸਤ ਨੂੰ ਫ਼ੋਨ ਮਿਲਾਇਆ। ਫ਼ੋਨ ਬੰਦ ਆ ਰਿਹਾ ਹੈ। ਜਦ ਨੂੰ ਸਿਵਲ ਵਿੱਚ ਜਿਹੜੇ ਪੁਲੀਸ ਵਾਲੇ ਪਿੱਛੇ ਲੱਗੇ ਹੋਏ ਸੀ ਉਹ ਆ ਪਹੁੰਚੇ ਹਨ। ਉਨ੍ਹਾਂ ਨੇ ਆਉਂਦਿਆਂ ਹੀ ਪ੍ਰਿੰਸ ਨੂੰ ਦਬੋਚ ਲਿਆ ਹੈ ਅਤੇ ਡੀ ਐੱਸ ਪੀ ਨੂੰ ਫ਼ੋਨ ਕਰਦੇ ਬੋਲੇ,” ਜਨਾਬ ਇਹ ਭੱਜ ਕਿ ਬਿੰਦਰਖ ਪਿੰਡ ਪਹੁੰਚ ਗਿਆ ਹੈ। ਕਿਸੇ ਦੀ ਮੋਟਰ ਉੱਤੇ। ਪਰ ਇੱਥੋਂ ਸ਼ਮਸ਼ੇਰ ਨਹੀਂ ਮਿਲਿਆ ਜਨਾਬ ਮੋਟਰ ਖ਼ਾਲੀ ਹੈ।”

” ਲੈ ਆਓ ਇਸ ਨੂੰ ਵਾਪਸ ਥਾਣੇ ਲੈ ਆਓ।” ਡੀ ਐੱਸ ਪੀ ਸਾਹਿਬ ਬੋਲੇ

” ਬਾਈ ਇਹ ਮੇਰੇ ਕੋਲ ਪੰਜ ਹਜ਼ਾਰ ਰੁਪਏ ਹਨ ਇਹ ਤੁਸੀਂ ਰੱਖ ਲਵੋ। ਮੈਨੂੰ ਜਾ ਲੈਣ ਦਿਓ …… ਹੋਰ ਹੋਰ ਵੀ ਕਰ ਦੇਵਾਂਗਾ। ….. ਬਾਈ ਬਣ ਕੇ।” ਪ੍ਰਿੰਸ ਤਰਲੇ ਕੱਢਦਾ ਬੋਲਿਆ

” ਰਿਸ਼ਵਤ ਦਿੰਦਾ ਸਰਕਾਰ ਨੂੰ।” ਪੰਜ ਹਜ਼ਾਰ ਫੜ ਕਿ ਜੇਬ ਵਿੱਚ ਪਾਉਂਦਾ ਇੱਕ ਸਿਪਾਹੀ ਬੋਲਿਆ। ਖਿੱਚ ਕਿ ਮੋਟਰ ਸਾਈਕਲ ਦੇ ਵਿਚਕਾਰ ਬਿਠਾ ਲਿਆ ਹੈ ਪ੍ਰਿੰਸ ਨੂੰ ਅਤੇ ਥਾਣੇ ਲੈ ਆਏ ਹਨ।

ਉੱਧਰ ਪਿੰਡ ਦਾ ਬਾਜ਼ੀਗਰ ਸਾਈਕਲ ਉੱਤੇ ਪਿੰਡ ਨੂੰ ਆ ਰਿਹਾ ਹੈ। ਅਚਾਨਕ ਉਸ ਦੀ ਨਿਗਾਹ ਸ਼ਮਸ਼ੇਰ ਪੈ ਗਿਆ ਹੈ। ਉਸ ਨੇ ਸ਼ਮਸ਼ੇਰ ਨੂੰ ਜਗਾਉਣ ਦੀ ਕੋਸ਼ਿਸ਼ ਕਰੀ ਪਰ ਉਹ ਨਾ ਉੱਠਿਆ ਤਾਂ ਬਾਜ਼ੀਗਰ ਨੇ ਪਿੰਡ ਜਾ ਕਿ ਰੋਲਾ ਪਾ ਦਿੱਤਾ। ” ਪਿੰਡ ਦੇ ਬਾਹਰ ਵਾਰ ਖੇਤਾਂ ਵਿੱਚ ਕਿਸੇ ਦੀ ਲਾਸ਼ ਪਈ ਹੈ।”

ਝੱਟ ਪਿੰਡ ਵਾਲੇ ਮੌਕੇ ਉੱਤੇ ਪਹੁੰਚ ਗਏ। ਵਿੱਚੋਂ ਕੋਈ ਨਬਜ਼ ਟੋਂਹਦਾ ਬੋਲਿਆ,” ਬਾਈ ਮਰਿਆ ਨਹੀਂ ਹੈਗਾ ਚੱਕੋਂਂ ਚੱਕੋ ਹਸਪਤਾਲ ਲੈ ਚੱਲੋ।”

ਜਿਵੇਂ ਹੀ ਪ੍ਰਿੰਸ ਨੂੰ ਸਿਪਾਹੀ ਥਾਣੇ ਲੈ ਆਏ ਪ੍ਰਿੰਸ, ਜਸਮੇਰ ਅਤੇ ਬੀਰੋ ਨੂੰ ਡੀ ਐੱਸ ਪੀ ਸਾਹਮਣੇ ਪੇਸ਼ ਕੀਤਾ ਗਿਆ।

ਡੀ ਐੱਸ ਪੀ ਸਾਹਿਬ ਬੋਲੇ,” ਸਰਦਾਰ ਸਾਹਿਬ ਸ਼ਮਸ਼ੇਰ ਤੁਹਾਡਾ ਭਰਾ ਹੈ।”

ਜਸਮੇਰ,” ਜੀ ਜਨਾਬ।”

ਡਿਪਟੀ :- ” ਕਿੱਥੇ ਹੈ ਉਹ ?”

ਜਸਮੇਰ,” ਪ੍ਰਮਾਤਮਾ ਕਸਮ ਮੈਨੂੰ ਨਹੀਂ ਪਤਾ, ਕੁੱਝ ਦਿਨ ਪਹਿਲਾਂ ਉਹ ਆਇਆ ਸੀ ਘਰੇ ਉਸ ਦਿਨ ਤੋਂ ਉਸ ਦਾ ਕੁੱਝ ਅਤਾ ਪਤਾ ਨਹੀਂ।”

ਡਿਪਟੀ : – ਪ੍ਰਮਾਤਮਾ ਦੀ ਕਸਮ ਖਾਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ। ਜੇ ਤਾਂ ਸੌਖੇ ਰਹਿਣਾ ਤਾਂ ਸੱਚ ਸੱਚ ਦੱਸ ਦੇਵੋ, ਸਾਨੂੰ ਸਖ਼ਤੀ ਕਰਨ ਲਈ ਮਜਬੂਰ ਨਾ ਕਰੋ। ਤੁਸੀਂ ਇਹ ਪਤਾ ਕਰਨ ਦੀ ਕੌਸ਼ਿਸ਼ ਨਹੀਂ ਕੀਤੀ ਬਈ ਸ਼ਮਸ਼ੇਰ ਕਿੱਥੇ ਹੈ।

ਬੀਰੋ :- ਭੇਜਿਆ ਸੀ ਮੰਡਾ ਚੰਡੀਗੜ੍ਹ ਹੋਟਲ ਵਿੱਚ ਦੇਖਣ ਲਈ ਸ਼ਮਸ਼ੇਰ ਨੂੰ । ਜਦੋਂ ਉਹ ਹੋਟਲ ਵਿੱਚ ਨਹੀਂ ਮਿਲਿਆ ਅਸਾਂ ਸੋਚਿਆ ਕਿਸੇ ਸੱਜਣ ਬੇਲੀ ਕੋਲ ਚਲਿਆ ਗਿਆ ਹੋਣਾ।

ਡਿਪਟੀ ਪ੍ਰਿੰਸ ਵੱਲ ਗੌਰ ਨਾਲ ਤੱਕਦਾ ਹੋਇਆ:- ਹਾਂ ਵੀ ਕਾਕਾ ਤੇਰਾ ਕੀ ਕਹਿਣਾ ਹੈ।

ਪ੍ਰਿੰਸ :- ਸਰ ਜੀ ਮੈਨੂੰ ਕੁੱਝ ਨਹੀਂ ਪਤਾ।

ਡਿਪਟੀ :- ਪਤਾ ਤੈਨੂੰ ਸਭ ਕੁੱਝ ਹੈ। ਫਰਕ ਐਨਾ ਹੈ ਕੱਲ੍ਹ ਤੱਕ ਤੈਨੂੰ ਪਤਾ ਸੀ ਸ਼ਮਸ਼ੇਰ ਕਿੱਥੇ ਹੈ, ਸੱਚ ਇਹ ਹੈ ਅੱਜ ਤੈਨੂੰ ਖ਼ਬਰ ਨਹੀਂ ਸ਼ਮਸ਼ੇਰ ਕਿੱਥੇ ਕਿਸ ਹਾਲਾਤ ਵਿੱਚ ਹੈ।

ਡਿਪਟੀ:- ਬੈਠੋ ਤੁਸੀਂ ਬਾਹਰ ਬੈਠੋ। ਪੁਲੀਸ ਤੇਰੇ ਯਾਰ ਨੂੰ ਲਿਆਉਂਦੀ ਹੈ ਜਿਸ ਦੀ ਮੋਟਰ ਵਿੱਚ ਤੁਸੀਂ ਸ਼ਮਸ਼ੇਰ ਨੂੰ ਤਾੜ ਕਿ ਰੱਖਿਆ ਹੋਇਆ ਸੀ। ਸਾਨੂੰ ਸਭ ਖ਼ਬਰ ਲੱਗ ਗਈ ਹੈ। ਬੱਸ ਇਹ ਪਤਾ ਕਰਨਾ ਬਾਕੀ ਹੈ ਕਿ ਸ਼ਮਸ਼ੇਰ ਜਿਉਂਦਾ ਹੈ ਕਿ ਮਾਰ ਦਿੱਤਾ।

ਡੀ ਐੱਸ ਪੀ ਦੀ ਗੱਲ਼ ਸੁਣ ਕਿ ਜਸਮੇਰ ਧਾਹਾਂ ਮਾਰ ਕਿ ਰੋਂਦਾ ਬੋਲਿਆ,” ਓਏ ਸਾਹਿਬ ਕੀ ਕਹਿ ਰਹੇ ਨੇ ਕੀ ਉਹ ਸੱਚ ਹੈ। ਓਏ ਮੇਰਾ ਰੱਬ ਵਰਗਾ ਛੋਟਾ ਵੀਰ ….. ਤੁਸੀਂ ਕੀ ਕਰਿਆ ਓਸ ਭੋਲੇ ਪੰਛੀ ਨਾਲ ….. ਜਿਹੜਾ ਤੇਰੀ ਪੈਦਾਇਸ਼ ਲਈ ਸੁੱਖਾਂ ਸੁੱਖਦਾ ਰਿਹਾ ….. ਤੇਰੀ ਖ਼ੈਰਾਂ ਮੰਗਦਾ ਰਿਹਾ …. ਜਿਹੜਾ ਤੈਨੂੰ ਪੋਤੜੇ ਤੱਕ ਘੱਲਦਾ ਰਿਹਾ ਓਏ ਤੈਂ ਉਸੇ ਨਾਲ ਐਡਾ ਜ਼ੁਲਮ ਕਰ ਦਿੱਤਾ …. ਕਿਉਂ ਕਰਿਆ ਤੈਂ ਇਹ ਕਾਰਾ ….. ਓਏ ਤੇਰੀ ਰੂਹ ਨਹੀਂ ਕੰਬੀ । ਤੂੰ ਮੇਰੀ ਔਲਾਦ ਨਹੀਂ ਹੋ ਸਕਦਾ ਤੂੰ ਕੋਈ ਖਬੀਜ਼ ਹੈਂ ਖਬੀਜ਼।

ਐਨਾ ਕਹਿ ਕਿ ਜਸਮੇਰ ਬੇਹੋਸ਼ ਹੋ ਕਿ ਗਿਰ ਗਿਆ। ਦੋ ਸਿਪਾਹੀ ਆਏ ਤੇ ਜਸਮੇਰ ਨੂੰ ਚੁੱਕ ਕਿ ਬਾਹਰ ਮੇਜ਼ ਉੱਤੇ ਪਾ ਗਏ।

ਪਿੰਡ ਵਿੱਚ ਸ਼ਮਸ਼ੇਰ ਦੀ ਖ਼ਬਰ ਅੱਗ ਵਾਂਗ ਫੈਲ ਗਈ। ਪਿੰਡ ਤੋਂ ਲੋਕ ਥਾਣੇ ਦੇ ਬਾਹਰ ਇਕੱਠੇ ਹੋਣ ਲੱਗ ਪਏ। ਸ਼ਮਸ਼ੇਰ ਦੇ ਪਿਓ ਦਾ ਦੋਸਤ ਦਿਦਾਰ ਸਿੰਘ ਵੀ ਖੜ੍ਹਾ ਹੈ ਭੀੜ ਵਿੱਚ। ਉਸ ਨੇ ਅੱਖਾਂ ਭਰਦੇ ਨੇ ਕਿਹਾ, ” ਦੁਨੀਆਂ ਜਮਾਂ ਨਿੱਘਰ ਗਈ ਹੈ।”

ਉਧਰ ਬਿੰਦਰਖ ਪਿੰਡ ਦੇ ਬਾਸ਼ਿੰਦੇ ਸ਼ਮਸ਼ੇਰ ਨੂੰ ਚੁੱਕ ਕਿ ਕੁਰਾਲੀ ਹਸਪਤਾਲ ਲੈ ਆਏ ਹਨ। ਡਾਕਟਰ ਸਾਹਿਬ ਨੇ ਮਰੀਜ਼ ਦੀ ਹਾਲਤ ਦੇਖ ਕਿ ਉਸ ਨੂੰ ਚੰਡੀਗੜ੍ਹ ਪੀ ਜੀ ਆਈ ਰੈਫਰ ਕਰ ਦਿੱਤਾ ਹੈ।

ਡੀ ਐੱਸ ਪੀ ਸਾਹਿਬ ਨੇ ਜਸਲੀਨ ਨੂੰ ਥਾਣੇ ਬੁਲਾ ਲਿਆ ਹੈ। ਉਹ ਕੁੱਝ ਸਮੇਂ ਵਿੱਚ ਪਹੁੰਚਣ ਵਾਲੀ ਹੈ ਖਰੜ।

ਪ੍ਰਿੰਸ ਦਾ ਮੋਟਰ ਵਾਲਾ ਦੋਸਤ ਵੀ ਫੜ ਲਿਆਈ ਹੈ ਪੁਲੀਸ।

ਡੀ ਐੱਸ ਪੀ : – ਹਾਂ ਕਾਕਾ ਸ਼ਮਸ਼ੇਰ ਕਿੱਥੇ ਹੈ।

ਦੋਸਤ :- ਕੌਣ ਸ਼ਮਸ਼ੇਰ ਜੀ ਮੈਂ ਕਿਸੇ ਸ਼ਮਸ਼ੇਰ ਨੂੰ ਨਹੀਂ ਜਾਣਦਾ।

ਡਿਪਟੀ :- ਤੂੰ ਪੁਲੀਸ ਨੂੰ ਬੇਵਕੂਫ ਸਮਝਦਾ ਹੈ। ਤੈਨੂੰ ਪੁਲੀਸ ਐਵੇਂ ਥੋੜੀ ਨਾ ਚੁੱਕ ਲਿਆਈ।

ਆਪਣੇ ਫੋਨ ਉੱਤੇ ਪ੍ਰਿੰਸ ਦੀ ਰਿਕਾਰਡ ਕਰੀ ਹੋਈ ਕਾਲ ਸੁਣਾਉਂਦੇ ਹੋਏ ਡੀ ਐੱਸ ਪੀ ਸਾਹਿਬ ਬੋਲੇ, ” ਸੱਚੋ ਸੱਚ ਦੱਸ ਸ਼ਮਸ਼ੇਰ ਕਿੱਥੇ ਹੈ ਨਹੀਂ ਤਾਂ ਸਾਨੂੰ ਪੁੱਛਣਾ ਆਉਂਦਾ। ਤੇਰੇ ਤਾਂ ਫ਼ਰਿਸ਼ਤੇ ਵੀ ਦੱਸਣਗੇ।”

ਡਰਦੇ ਨੇ ਸਭ ਕੁੱਝ ਦੱਸ ਦਿੱਤਾ ਪ੍ਰਿੰਸ ਦੇ ਦੋਸਤ ਨੇ।

ਕਿਡਨੈਪਿੰਗ, ਇਰਾਦਾ ਕ਼ਤਲ ਦਾ ਪਰਚਾ ਪੈ ਗਿਆ ਹੈ ਪ੍ਰਿੰਸ ਅਤੇ ਉਸ ਦੇ ਪੰਜ ਦੋਸਤਾਂ ਉੱਤੇ।

ਤਦ ਤੱਕ ਜੱਗਾ ਵੀ ਆ ਪਹੁੰਚਿਆ ਹੈ ਥਾਣੇ ਵਿੱਚ। ਉਸ ਨੇ ਆ ਕਿ ਦੱਸਿਆ ਕਿ ਸ਼ਮਸ਼ੇਰ ਮਿਲ ਗਿਆ ਹੈ ਲੇਕਿਨ ਉਸ ਦੀ ਹਾਲਤ ਨਾਜ਼ੁਕ ਹੈ। ਪੀ ਜੀ ਆਈ ਭੇਜ ਦਿੱਤਾ ਕੁਰਾਲੀ ਵਾਲੇ ਸਰਕਾਰੀ ਡਾਕਟਰਾਂ ਨੇ।

ਜਸਲੀਨ ਪਹੁੰਚ ਗਈ ਹੈ ਥਾਣੇ ਅੰਦਰ, ਬੀਰੋ ਉਸ ਦੇ ਪੈਰੀਂ ਗਿਰਦੀ ਬੋਲੀ,” ਭੈਣ ਬੱਚੇ ਤੋਂ ਗਲ਼ਤੀ ਹੋ ਗਈ ਬਚਾਅ ਲੈ ਭੈਣ ਸਾਨੂੰ ਬਚਾਅ ਲੈ।”

” ਠੀਕ ਹੈ ਠੀਕ ਹੈ।” ਕਹਿ ਕਿ ਜਸਲੀਨ ਡੀ ਐੱਸ ਪੀ ਦਫ਼ਤਰ ਦਾਖਲ ਹੋ ਗਈ। ਉਸ ਨੇ ਅੰਦਰ ਵੜਦੇ ਸਾਰ ਪੁੱਛਿਆ,” any news of shamsher singh, ਕੀ ਖਬਰ ਹੈ।”

ਡੀ ਐੱਸ ਪੀ ਸਾਹਿਬ ਬੋਲੋ,” he was kidnapped by his nephew and his friend. Brutally tortured….. Still alive , under treatment in pgi Chandigarh.”

” ਕਿਉਂ ਕੀ motive ਸੀ ਕਿਡਨੈਪਿੰਗ ਦਾ।” ਜਸਲੀਨ ਨੇ ਪੁੱਛਿਆ

” Still investigating ” dsp ਸਾਹਿਬ ਬੋਲੇ

ਜਸਲੀਨ ਨੂੰ ਜੱਗਾ ਆਪਣੇ ਨਾਲ ਪੀ ਜੀ ਆਈ ਲੈ ਆਇਆ ਹੈ। ਡਾਕਟਰ ਸ਼ਮਸ਼ੇਰ ਨੂੰ ਬਚਾਉਣ ਦੀ ਕੌਸ਼ਿਸ਼ ਕਰ ਰਹੇ ਹਨ। ਡਾਕਟਰਾਂ ਨੇ ਜਸਲੀਨ ਨੂੰ ਦੱਸਿਆ ਕਿ dehydration ਹੋਣ ਨਾਲ ਸ਼ਮਸ਼ੇਰ ਦਾ ਅੰਦਰ ਸੁੱਕ ਗਿਆ ਹੈ। ਸਿਰ ਵਿੱਚ ਸੱਟ ਲੱਗੀ ਹੋਈ ਹੈ ਜਿਸ ਨਾਲ ਦਿਮਾਗ ਵਿੱਚ ਸੋਜ਼ਿਸ਼ ਆਈ ਹੋਈ ਹੈ। We are trying our best let’s us hope for best …… ”

ਕੁੱਝ ਦਿਨ ਇਲਾਜ ਚੱਲਿਆ ਤੇ ਸ਼ਮਸ਼ੇਰ ਦੀ ਸੇਹਿਤ ਵਿੱਚ ਸੁਧਾਰ ਹੋਣ ਲੱਗਾ। ਅੱਜ ਸ਼ਮਸ਼ੇਰ ਨੂੰ ਹੋਸ਼ ਆ ਗਈ ਹੈ। ਉਸ ਨੂੰ ਕੋਈ ਖ਼ਬਰ ਨਹੀਂ ਉਹ ਕਿੰਨੇ ਦਿਨਾਂ ਤੋਂ ਬੇਹੋਸ਼ ਪਿਆ ਸੀ। ਉਸ ਨੂੰ ਲੱਗ ਰਿਹਾ ਹੈ ਜਿਵੇਂ ਕੱਲ੍ਹ ਦੀ ਗੱਲ ਹੋਵੇ ਕਿ ਲੁੱਟ ਖੋਹ ਕਰਨ ਵਾਲਿਆਂ ਨੇ ਉਸ ਉੱਤੇ ਹਮਲਾ ਕਰਿਆ ਹੋਵੇ। ਡਾਕਟਰਾਂ ਨੇ ਜਸਲੀਨ ਨੂੰ ਇੱਕ ਦਮ ਸ਼ਮਸ਼ੇਰ ਅੱਗੇ ਜਾਣ ਤੋਂ ਮਨਾ ਕਰਿਆ ਹੋਇਆ ਹੈ।
ਸ਼ਮਸ਼ੇਰ ਨੇ ਆਪਣੇ ਇੱਧਰ ਉੱਧਰ ਦੇਖਿਆ ਅਤੇ ਜੱਗੇ ਨੂੰ ਪੁੱਛਿਆ,” ਜੱਗੇ ਵੀਰ ਪ੍ਰਿੰਸ ਨਹੀਂ ਦਿਖ ਰਿਹਾ, ਉਹ ਠੀਕ ਤਾਂ ਹੈ ਕਿੱਥੇ ਹੈ ਉਹ, ਜਸਮੇਰ ਵੀਰ ਕਿੱਥੇ ਹੈ।”

ਜੱਗੇ ਦਿਆਂ ਅੱਖਾਂ ਭਰ ਆਈਆਂ ਉਹ ਬੋਲਿਆ,” ਕਬੱਡੀ ਖੇਡਦੇ ਦੀ ਤੇਰੀ ਅੱਖ ਤਾਂ ਝੱਟ ਪਹਿਚਾਣ ਲੈਂਦੀ ਸੀ ਜਾਫੀਆਂ ਚੋਂ ਚੰਗੇ ਮਾੜੇ ਨੂੰ ਜ਼ਿੰਦਗੀ ਦੀ ਕਬੱਡੀ ਵਿੱਚ ਤੂੰ ਕਿਵੇਂ ਧੋਖਾ ਖਾ ਗਿਆ। ਕੁੱਛੜ ਬੇਠਾ ਸੱਪ ਤੇਰੀ ਅੱਖ ਤੋਂ ਕਿਵੇਂ ਬਚ ਗਿਆ।”

” ਮੈਂ ਕੁੱਝ ਸਮਝਿਆ ਨਹੀਂ ।” ਸ਼ਮਸ਼ੇਰ ਹੈਰਾਨ ਹੁੰਦਾ ਬੋਲਿਆ

” ਮੈਂ ਸਮਝਾਉਂਦੀ ਹਾਂ ਤੁਹਾਨੂੰ।” ਕਹਿ ਕਿ ਜਸਲੀਨ ਵੀ ਕਮਰੇ ਅੰਦਰ ਆ ਗਈ

” ਜਸਲੀਨ ਤੂੰ ਇੱਥੇ ….. ਤੂੰ ਕਦੋਂ ਆਈ।” ਸ਼ਮਸ਼ੇਰ ਨੇ ਹੈਰਾਨ ਹੁੰਦੇ ਨੇ ਪੁੱਛਿਆ

” ਜਿਨ੍ਹਾਂ ਦੇ ਘਰ ਦਾ ਤੂੰ ਇੱਕ ਤੋਂ ਬਾਅਦ ਇੱਕ ਮੋਘਾ ਬੰਦ ਕਰਦਾ ਰਿਹਾ ….. ਜਿਨ੍ਹਾਂ ਦਾ ਘਰ ਤੂੰ ਪ੍ਰਦੇਸਾਂ ਵਿੱਚ ਬੈਠ ਕਿ ਸੰਵਾਰਦਾ ਰਿਹਾ, ਸਜਾਉਂਦਾ ਰਿਹਾ ਅੱਜ ਉਹੀ ਤੇਰੀ ਜਾਨ ਦੇ ਦੁਸ਼ਮਣ ਬਣੇ ਬੈਠੇ ਨੇ । ਤੈਂ ਉਹ ਕਹਾਵਤ ਤਾਂ ਸੁਣੀ ਹੋਣੀ ,” ਅੱਖੋਂ ਓਹਲੇ ਜੱਗੋਂ ਓਹਲੇ। ਜਿਨ੍ਹਾਂ ਦਾ ਤੂੰ ਐਨਾ ਮੋਹ ਕਰਿਆ ਕਰਦਾ ਸੀ ਉਨ੍ਹਾਂ ਨੂੰ ਤੇਰਾ ਐਨਾ ਕੂ ਪਿਆਰ ਆਉਂਦਾ। ਆਪਣਾ, ਆਪਣੇ ਬੱਚਿਆਂ ਦੇ ਹਿੱਸੇ ਦਾ ਸੁਖ ਤੂੰ ਜਿਨ੍ਹਾਂ ਉੱਤੇ ਲੁਟਾਉਂਦਾ ਰਿਹਾ ਤੇਰਾ ਇਹ ਹਾਲ ਉਨ੍ਹਾਂ ਨੇ ਹੀ ਕੀਤਾ ਹੈ।”

” ਪਰ ਕਿਉਂ …… ਨਹੀਂ ਨਹੀਂ ਜਸਲੀਨ ਹੋਰ ਕਿਸੇ ਵਾਰੇ ਤਾਂ ਮੈਂ ਕਹਿ ਨਹੀਂ ਸਕਦਾ ਮੇਰਾ ਵੀਰ ਜਸਮੇਰ ਇਹੋ ਜਿਹਾ ਨਹੀਂ ਹੋ ਸਕਦਾ ।” ਸ਼ਮਸ਼ੇਰ ਖੰਘਦਾ ਹੋਇਆ ਬੋਲਿਆ

” Please all of you wait outside.” ਡਾਕਟਰ ਸਾਹਿਬ ਸਭ ਨੂੰ ਬਾਹਰ ਜਾਣ ਲਈ ਬੋਲੇ

ਪਿਛਲੇ ਕੁੱਝ ਦਿਨਾਂ ਵਿਚ ……. ਜਸਮੇਰ ਨੇ ਸ਼ਰਮਿੰਦਾ ਹੋ ਕਿ ਫਾਹਾ ਲੈ ਲਿਆ। ਪ੍ਰਿੰਸ ਅਤੇ ਉਸ ਦੇ ਦੋਸਤਾਂ ਨੂੰ ਜੇਲ੍ਹ ਹੋ ਗਈ। ਸ਼ਮਸ਼ੇਰ ਆਪਣੇ ਹਿੱਸੇ ਦੀ ਜ਼ਮੀਨ ਵੇਚ ਕਿ ਵਾਪਸ ਮੁੜ ਗਿਆ।

ਵਾਪਸ ਜਾਂਦੀ ਜਸਲੀਨ ਬੋਲੀ ,” ਇਹੋ ਹੈ ਤੇਰਾ ਪੰਜਾਬ, ਪੰਜਾਬੀਅਤ, ਜਿਸ ਦੇ ਤੂੰ ਬੜੇ ਚਰਚੇ ਕਰਿਆ ਕਰਦਾ ਸੀ।”

” ਜਸਲੀਨ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਮਰਿਆ ਨਹੀਂ ਉਹ ਅੱਜ ਵੀ ਕਿਸੇ ਨਾ ਕਿਸੇ ਭੇਸ ਵਿੱਚ ਫੇਰ ਆ ਜਾਂਦਾ। ਇਹ ਲਾਲਚ ਦਾ ਕੀੜਾ ਬਹੁਤ ਉਜਾੜਾ ਕਰ ਗਿਆ। ਜਿਸ ਘਰ ਨੂੰ ਮੈਂ ਆਪਣੀ ਖ਼ੂਨ ਪਸੀਨੇ ਦੀ ਕਮਾਈ ਨਾਲ ਖੜ੍ਹਾ ਕਰਿਆ ਸੀ ਦੇਖ ਅੱਜ ਉਸ ਦਾ ਕੀ ਹਸ਼ਰ ਹੋ ਗਿਆ।”

ਜਿਵੇਂ ਹੀ ਜਹਾਜ਼ ਨੇ ਹਵਾ ਵਿੱਚ ਉੱਚਾਈ ਫੜੀ ਸ਼ਮਸ਼ੇਰ ਹੇਠਾਂ ਦੇਖਦਾ ਬੋਲਿਆ,” ਇਹ ਦੁਨੀਆਂ ਖਲਾ ਵਿੱਚ ਐਵੇਂ ਨਹੀਂ ਟਿਕੀ ਹੋਈ ਇਹ ਚੰਗਿਆਂ ਅਤੇ ਚੰਗਿਆਈ ਕਰਕੇ ਟਿਕੀ ਹੋਈ ਹੈ। ਰੱਬ ਸਭ ਦਾ ਭਲਾ ਕਰੇ।”

ਅੱਜ ਬੀਰੋ ਇਕੱਲੀ ਰਹਿੰਦੀ ਹੈ ਸੁੰਨੇ ਘਰ ਅਤੇ ਬਿਆ ਬਾਨ ਪਈ ਜ਼ਮੀਨ ਦੇ ਵਿੱਚ।

ਧੰਨਵਾਦ ਸਹਿਤ
ਤੁਹਾਡਾ ਆਪਣਾ
ਰਘਵੀਰ ਵੜੈਚ
+919914316868

Sarbhi Bhabi

ਇਹ ਕਹਾਣੀ ਪੰਜਾਬ ਦੇ ਸ਼ਹਿਰਾਂ ਕੋਲ ਵੱਸਦੇ ਪਿੰਡਾਂ ਦੀ ਹੈ। ਨਾ ਇਹ ਪਿੰਡ ਹੁਣ ਪਿੰਡ ਹੀ ਰਹੇ ਨਾ ਪੂਰੀ ਤਰ੍ਹਾਂ …

Read more